"ਅਸੀਂ ਦਸ਼ਰਾਨਾਚ ਪੇਸ਼ ਕਰਨ ਜਾ ਰਹੇ ਹਾਂ,'' ਨਾਚੇ ਇਤਵਾਰੀ ਰਾਮ ਮਾਛੀਆ ਬੈਗਾ ਕਹਿੰਦੇ ਹਨ। ''ਇਹ ਨਾਚ ਦਸ਼ਰਾ (ਦੁਸਹਿਰੇ) ਵੇਲ਼ੇ ਸ਼ੁਰੂ ਹੁੰਦਾ ਹੈ ਅਤੇ ਤਿੰਨ-ਚਾਰ ਮਹੀਨਿਆਂ ਭਾਵ ਫ਼ਰਵਰੀ ਅਤੇ ਮਾਰਚ ਤੱਕ ਚੱਲਦਾ ਹੀ ਰਹਿੰਦਾ ਹੈ। ਦਸ਼ਰਾ ਮਨਾਉਣ ਤੋਂ ਬਾਅਦ, ਅਸੀਂ ਆਪਣੇ ਨਾਲ਼ ਦੇ ਬੈਗਾ ਪਿੰਡਾਂ ਵਿੱਚ ਜਾਂਦੇ ਹਾਂ ਅਤੇ ਸਾਰੀ ਰਾਤ ਨੱਚਦੇ ਹਾਂ,'' ਛੱਤੀਸਗੜ੍ਹ ਬੈਗਾ ਸਮਾਜ ਦੇ ਪ੍ਰਧਾਨ ਕਹਿੰਦੇ ਹਨ।
ਉਮਰ ਦੇ ਸੱਠਵਿਆਂ ਨੂੰ ਢੁੱਕਣ ਵਾਲ਼ਾ ਇਹ ਨਾਚਾ ਤੇ ਕਿਸਾਨ ਕਬੀਰਧਾਮ ਜ਼ਿਲ੍ਹੇ ਦੇ ਪਾਂਡਰੀਆ ਬਲਾਕ ਦੇ ਅਮਾਨੀਆ ਪਿੰਡ ਵਿਖੇ ਰਹਿੰਦਾ ਹੈ। ਮੰਡਲੀ ਦੇ ਹੋਰਨਾਂ ਮੈਂਬਰਾਂ ਨਾਲ਼ ਇਤਵਾਰੀ ਜੀ ਰਾਏਪੁਰ ਵਿਖੇ ਰਾਜ ਵੱਲੋਂ ਅਯੋਜਿਤ ਹੋਣ ਵਾਲ਼ੇ ਰਾਸ਼ਟਰੀ ਕਬਾਇਲੀ ਨਾਚ ਉਤਸਵ ਵਿੱਚ ਹਿੱਸਾ ਲੈਣ ਪਹੁੰਚੇ ਹਨ।
ਬੈਗਾ ਭਾਈਚਾਰਾ ਵਿਸ਼ੇਸ਼ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹ (ਪੀਵੀਟੀਜੀ) ਹੈ ਜੋ ਛੱਤੀਸਗੜ ਦੇ ਅਜਿਹੇ ਸੱਤ ਸਮੂਹਾਂ ਵਿੱਚੋਂ ਇੱਕ ਹੈ। ਇਸ ਭਾਈਚਾਰੇ ਦੇ ਕਈ ਲੋਕੀਂ ਮੱਧ ਪ੍ਰਦੇਸ਼ ਵੀ ਰਹਿੰਦੇ ਹਨ।


