"ਮੈਂ ਉਹਦੀ ਮੌਤ ਦਾ ਮੁੱਖ ਕਾਰਨ ਨਹੀਂ ਜਾਣਦਾ ਪਰ ਮੈਂ ਇੰਨਾ ਜ਼ਰੂਰ ਜਾਣਦਾ ਹਾਂ ਕਿ ਉਹਨੂੰ ਓਨੀ ਤਵੱਜੋ ਨਹੀਂ ਮਿਲ਼ੀ ਜਿੰਨੀ ਮਿਲ਼ਣੀ ਚਾਹੀਦੀ ਸੀ।" ਸੁਭਾਸ਼ ਕਬਾੜੇ ਆਪਣੀ ਭੈਣ ਦੀ ਮੌਤ ਬਾਬਤ ਦੱਸਦਿਆਂ ਕਹਿੰਦੇ ਹਨ।
ਮਹਾਰਾਸ਼ਟਰ ਦੇ ਬੀਡ ਸ਼ਹਿਰ ਦੇ ਸਰਕਾਰੀ ਹਸਪਤਾਲ ਅੰਦਰ ਉਨ੍ਹਾਂ ਦੀ ਭੈਣ, ਲਤਾ ਸੁਰਵਾਸੇ ਦੀ ਮੌਤ ਤੋਂ ਇੱਕ ਰਾਤ ਪਹਿਲਾਂ, ਇੱਕ ਡਾਕਟਰ ਨੇ ਲਤਾ ਨੂੰ ਦੇਣ ਲਈ ਕਾਗਜ਼ 'ਤੇ ਦੋ ਟੀਕੇ ਝਰੀਟੇ ਸਨ। ਸੋ ਸੁਭਾਸ਼ ਬਾਹਰ ਸਥਿਤ ਮੈਡੀਕਲ ਸਟੋਰ ਵੱਲ ਸ਼ੂਟ ਵੱਟ ਗਏ ਅਤੇ ਮਿੰਟਾਂ ਵਿੱਚ ਹੀ ਇੰਜੈਕਸ਼ਨ ਲੈ ਕੇ ਮੁੜ ਆਏ। ਪਰ ਉਦੋਂ ਤੱਕ ਡਾਕਟਰ ਜਾ ਚੁੱਕਿਆ ਸੀ।
"ਉਨ੍ਹਾਂ ਕੋਲ਼ ਦੇਖਣ ਲਈ ਬਹੁਤ ਸਾਰੇ ਮਰੀਜ਼ ਸਨ ਇਸਲਈ ਉਹ ਅਗਲੇ ਵਾਰਡ ਵਿੱਚ ਚਲੇ ਗਏ," 25 ਸਾਲਾ ਸੁਭਾਸ਼ ਕਹਿੰਦੇ ਹਨ। "ਮੈਂ ਨਰਸ ਨੂੰ ਦੱਸਿਆ ਕਿ ਮੇਰੀ ਭੈਣ ਨੂੰ ਇਹ ਟੀਕੇ ਲਾ ਦੇਵੇ ਪਰ ਜਿਓਂ ਹੀ ਉਹਨੇ ਲਤਾ ਦੀ ਫਾਈਲ ਦੇਖੀ ਤਾਂ ਉਹਨੂੰ ਉਸ ਵਿੱਚ ਟੀਕਿਆਂ ਦਾ ਕੋਈ ਉਲੇਖ ਨਹੀਂ ਮਿਲ਼ਿਆ। ਮੈਂ ਨਰਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਟੀਕੇ ਅਜੇ ਕੁਝ ਮਿੰਟ ਪਹਿਲਾਂ ਹੀ ਦੱਸੇ ਗਏ ਅਤੇ ਇਸੇ ਲਈ ਫਾਈਲ ਨਹੀਂ ਲਿਖੇ ਗਏ ਹੋਣੇ।"
ਪਰ ਨਰਸ ਨੇ ਮੇਰੀ ਇੱਕ ਨਾ ਮੰਨੀ। ਜਦੋਂ ਸੁਭਾਸ਼ ਨੇ ਕੁਰਲਾ ਕੇ ਟੀਕਾ ਲਾਉਣ ਦੀ ਭੀਖ ਮੰਗੀ, ''ਤਾਂ ਵਾਰਡ ਵਿੱਚ ਡਿਊਟੀ 'ਤੇ ਤੈਨਾਤ ਵਿਅਕਤੀ ਨੇ ਸਕਿਊਰਿਟੀ ਬੁਲਾਉਣ ਦੀ ਧਮਕੀ ਦਿੱਤੀ,'' ਸੁਭਾਸ਼ ਦੱਸਦੇ ਹਨ। ਮਰੀਜ਼ ਨੂੰ ਟੀਕਾ ਲਾਏ ਜਾਣ ਤੋਂ ਪਹਿਲਾਂ ਮਾਮਲੇ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਵਿੱਚ ਹੀ ਇੱਕ ਘੰਟਾ ਬਰਬਾਰ ਹੋ ਗਿਆ।
ਅਗਲੀ ਸਵੇਰ, 14 ਮਈ ਨੂੰ ਲਤਾ ਦੀ ਮੌਤ ਹੋ ਗਈ। ਉਹ 23 ਅਪ੍ਰੈਲ ਨੂੰ ਕੋਵਿਡ-19 ਦੀ ਜਾਂਚ ਪੌਜੀਟਿਵ ਆਉਣ ਦੇ ਦਿਨ ਤੋਂ ਹੀ ਹਸਪਤਾਲ ਵਿੱਚ ਭਰਤੀ ਸਨ। ''ਉਸ ਵਿੱਚ ਸੁਧਾਰ ਦੇ ਲੱਛਣ ਦਿੱਸਣ ਲੱਗੇ ਸਨ,'' ਸੁਭਾਸ਼ ਦੱਸਦੇ ਹਨ, ਜੋ ਬੀਡ ਸ਼ਹਿਰ ਵਿੱਚ ਇੱਕ ਵਕੀਲ ਹਨ। ਉਨ੍ਹਾਂ ਨੂੰ ਪੱਕਾ ਨਹੀਂ ਪਤਾ ਕਿ ਜੇਕਰ ਉਹ ਲਤਾ ਨੂੰ ਸਮੇਂ-ਸਿਰ ਉਹ ਟੀਕੇ ਲਾ ਦਿੰਦੇ ਤਾਂ ਉਹਦੀ ਜਾਨ ਬਚਾਈ ਜਾ ਸਕਦੀ ਸੀ ਜਾਂ ਨਹੀਂ। ਪਰ ਉਹ ਇੰਨਾ ਜ਼ਰੂਰ ਜਾਣਦੇ ਹਨ ਕਿ ਹਸਪਤਾਲ ਵਿੱਚ ਸਟਾਫ਼ ਦੀ ਬਹੁਤ ਕਿੱਲਤ ਹੈ। ''ਇਸ ਘਾਟ ਨਾਲ਼ ਮਰੀਜਾਂ 'ਤੇ ਮਾੜਾ ਅਸਰ ਪੈ ਰਿਹਾ ਹੈ,'' ਉਹ ਕਹਿੰਦੇ ਹਨ।
ਇਸ ਸਾਲ ਮਾਰਚ ਮਹੀਨੇ ਵਿੱਚ ਕੋਵਿਡ-19 ਦੀ ਦੂਸਰੀ ਲਹਿਰ ਦੇ ਤੀਬਰ ਫੈਲਾਅ ਨੇ ਭਾਰਤ ਅੰਦਰ ਗ੍ਰਾਮੀਣ ਜਨਤਕ ਸਿਹਤ ਢਾਂਚੇ ਦੇ ਨਿਕਲੇ ਕਚੂਮਰ ਨੂੰ ਨੰਗਿਆ ਕਰ ਦਿੱਤਾ ਹੈ। ਸਟਾਫ਼ ਦੀ ਘਾਟ ਨਾਲ਼ ਜੂਝਦੇ ਹਸਪਤਾਲ, ਥੱਕੇ-ਟੁੱਟੇ ਸਿਹਤ ਕਰਮੀ ਅਤੇ ਚੰਗੇ ਇਲਾਜ ਤੋਂ ਸੱਖਣੇ ਮਰੀਜ਼ ਗ੍ਰਾਮੀਣ ਇਲਾਕਿਆਂ ਵਿੱਚ ਕਈ ਲੱਖ ਲੋਕਾਂ ਨੂੰ ਉਪਲਬਧ ਮੈਡੀਕਲ ਸਿਹਤ-ਸੰਭਾਲ ਦੀ ਹਾਲਤ ਦਾ ਸਾਰ ਦੱਸਦੇ ਹਨ।
ਕੋਵਿਡ ਦੀ ਦੂਸਰੀ ਲਹਿਰ ਨੇ ਬੀਡ 'ਤੇ ਗੰਭੀਰ ਅਸਰ ਪਾਇਆ, ਜੋ ਕਿ ਮਰਾਠਵਾੜਾ ਵਿੱਚ ਸਥਿਤ ਇੱਕ ਅਜਿਹਾ ਇਲਾਕਾ ਹੈ ਜੋ ਪਹਿਲਾਂ ਤੋਂ ਜਲਵਾਯੂ ਬਦਲਾਅ, ਪਾਣੀ ਦੀ ਕਿੱਲਤ ਅਤੇ ਖੇਤੀ ਸੰਕਟ ਨਾਲ਼ ਜੂਝਦਾ ਰਿਹਾ ਹੈ। 25 ਜੂਨ ਤੱਕ ਜਿਲ੍ਹੇ ਅੰਦਰ 92,400 ਪੌਜੀਟਿਵ ਮਾਮਲੇ ਆਏ ਅਤੇ 2,500 ਮੌਤਾਂ ਦਰਜ ਕੀਤੀਆਂ ਗਈਆਂ। ਜਦੋਂ ਦੂਜੀ ਲਹਿਰ ਆਪਣੇ ਸਿਖਰ 'ਤੇ ਆਈ ਤਾਂ ਇਹ ਮਾਮਲੇ ਹੋਰ ਤੇਜੀ ਨਾਲ਼ ਵਧਣ ਲੱਗੇ- 1 ਅਪ੍ਰੈਲ ਨੂੰ ਦਰਜ਼ ਕਰੀਬ 26,400 ਮਾਮਲੇ ਮਈ 31 ਆਉਂਦੇ ਆਉਂਦੇ 87400 ਤੋਂ ਪਾਰ ਹੋ ਗਏ। ਕੇਸਾਂ ਦੇ ਬੋਝ ਹੇਠ ਬੀਡ ਦਾ ਸਿਹਤ ਢਾਂਚਾ ਤਿੜਕਨ ਲੱਗਿਆ।
ਬੀਡ ਦੇ ਬਹੁਤੇਰੇ ਲੋਕ ਮੁਫ਼ਤ ਇਲਾਜ ਵਾਸਤੇ ਜਨਤਕ (ਸਰਕਾਰੀ) ਸਿਹਤ ਕੇਂਦਰਾਂ 'ਤੇ ਇਲਾਜ ਕਰਾਉਣਾ ਚੁਣਦੇ ਹਨ। ਖਾਸਕਰਕੇ ਇੰਝ ਇਸਲਈ ਹੁੰਦਾ ਹੈ ਕਿਉਂਕਿ ਇਸ ਖੇਤੀ ਪ੍ਰਧਾਨ ਜਿਲ੍ਹੇ ਵਿੱਚ ਖੇਤੀ ਸੰਕਟ ਦੀ ਮਾਰ ਝੱਲ ਰਹੇ 26 ਲੱਖ ਦੇ ਕਰੀਬ ਲੋਕ ਕਰਜੇ ਦੇ ਬੋਝ ਹੇਠ ਦੱਬੇ ਪਏ ਹਨ, ਪੂਰਾ ਇਲਾਕਾ ਗ਼ਰੀਬੀ ਅਤੇ ਸੰਕਟ ਦੇ ਮਾਰ ਹੇਠ ਹੈ।
ਜਿਲ੍ਹੇ ਦੇ 81 ਕੋਵਿਡ ਕੇਅਰ ਸੈਂਟਰਾਂ ਵਿੱਚੋਂ, ਜਿੱਥੇ ਪਹਿਲਾਂ ਹਲਕੇ ਲੱਛਣਾਂ ਵਾਲੇ ਮਰੀਜ ਭੇਜੇ ਜਾਂਦੇ ਹਨ, ਤਿੰਨ ਨੂੰ ਛੱਡ ਕੇ ਬਾਕੀ ਸਾਰੇ ਕੇਂਦਰ ਰਾਜ ਸਰਕਾਰ ਦੁਆਰਾ ਚਲਾਏ ਜਾਂਦੇ ਹਨ। ਜੋ ਮਰੀਜ਼ ਇੱਥੇ ਠੀਕ ਨਹੀਂ ਹੁੰਦੇ ਉਨ੍ਹਾਂ ਨੂੰ ਡੈਡੀਕੇਟਡ (ਸਮਰਥਤ) ਕੋਵਿਡ ਹੈਲਥ ਸੈਂਟਰ (DCHCs) ਭੇਜ ਦਿੱਤਾ ਜਾਂਦਾ ਹੈ। ਪੂਰੇ ਬੀਡ ਅੰਦਰ ਮੌਜੂਦ 45 DCHCs ਵਿੱਚੋਂ ਸਿਰਫ਼ 10 ਹੀ ਸੂਬਾ ਸਰਕਾਰ ਦੁਆਰਾ ਚਲਾਏ ਜਾਂਦੇ ਹਨ। ਪ੍ਰਸ਼ਾਸਨ ਉਨ੍ਹਾਂ 48 DCHCs ਵਿੱਚੋਂ ਪੰਜ ਦਾ ਹੀ ਪ੍ਰਬੰਧਨ ਕਰਦਾ ਹੈ ਜਿੱਥੇ ਗੰਭੀਰ ਮਾਮਲਿਆਂ ਦਾ ਇਲਾਜ ਕੀਤਾ ਜਾਂਦਾ ਹੈ।
ਬਾਵਜੂਦ ਇਹਦੇ ਸਰਕਾਰੀ ਸੁਵਿਧਾਵਾਂ ਵਿਖੇ ਸਟਾਫ਼ ਦੀ ਕਿਲੱਤ ਹੈ।
ਇੱਥੋਂ ਤੱਕ ਕਿ ਕੋਵਿਡ ਦੀ ਦੂਸਰੀ ਲਹਿਰ ਵੇਲ਼ੇ ਵੀ ਬੀਡ ਵਿੱਚ ਸਰਕਾਰੀ ਕੋਵਿਡ ਕੇਂਦਰਾਂ ਵਿੱਚ ਲੋੜੀਂਦੇ ਸਿਹਤ ਕਰਮੀ ਤੈਨਾਤ ਨਹੀਂ ਰਹੇ। ਜਿਲ੍ਹਾ ਪ੍ਰਸ਼ਾਸਨ ਨੇ ਆਰਜੀ ਸਟਾਫ਼ ਦੀ ਨਿਯੁਕਤੀ ਨੂੰ ਮਨਜੂਰੀ ਦਿੱਤੀ ਹੈ ਪਰ ਫਿਰ ਵੀ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ।
ਜਿਲ੍ਹਾ ਸਿਹਤ ਅਫ਼ਸਰ (DHO), ਰਾਧਾਕ੍ਰਿਸ਼ਨਾ ਪਵਾਰ ਅਨੁਸਾਰ, ਡਾਕਟਰਾਂ ਦੀਆਂ 33 ਪ੍ਰਵਾਨਤ ਅਸਾਮੀਆਂ ਵਿੱਚੋਂ ਸਿਰਫ਼ 9 ਦੀ ਹੀ ਭਰਤੀ ਹੋਈ ਹੈ। ਅਨੈਸਥੀਸਿਸਟਾਂ ਦੀਆਂ ਸਾਰੀਆਂ 21 ਅਸਾਮੀਆਂ ਖਾਲੀ ਪਈਆਂ ਹਨ। ਸਟਾਫ਼ ਨਰਸਾਂ ਦੀਆਂ 1,322 ਅਤੇ 'ਵਾਰਡ ਬੁਆਏ' (ਵਾਰਡ ਸਹਾਇਕਾਂ) ਦੀਆਂ 1,004 ਅਸਾਮੀਆਂ ਵਿੱਚੋਂ ਕ੍ਰਮਵਾਰ ਸਿਰਫ਼ 448 ਅਤੇ 301 ਹੀ ਭਰੀਆਂ ਗਈਆਂ ਹਨ।
ਕੁੱਲ ਮਿਲਾ ਕੇ 16 ਸ਼੍ਰੇਣੀਆਂ ਵਿੱਚ 3,194 ਮਨਜੂਰਸ਼ੁਦਾ ਅਹੁਦਿਆਂ ਵਿੱਚੋਂ, 34 ਫੀਸਦ-1,085 ਅਸਾਮੀਆਂ ਖਾਲੀ ਪਈਆਂ ਸਨ, ਇਨ੍ਹਾਂ ਖਾਲੀ ਥਾਵਾਂ ਕਰਕੇ ਮੌਜੂਦਾ ਸਟਾਫ਼ ਬਹੁਤ ਦਬਾਅ ਹੇਠ ਰਿਹਾ।
ਜਦੋਂ ਦੂਜੀ ਲਹਿਰ ਆਪਣੇ ਸਿਖਰ 'ਤੇ ਆਈ ਤਾਂ ਇਹ ਮਾਮਲੇ ਹੋਰ ਤੇਜੀ ਨਾਲ਼ ਵਧਣ ਲੱਗੇ- 1 ਅਪ੍ਰੈਲ ਨੂੰ ਦਰਜ਼ ਕਰੀਬ 26,400 ਮਾਮਲੇ ਮਈ 31 ਆਉਂਦੇ ਆਉਂਦੇ 87400 ਤੋਂ ਪਾਰ ਹੋ ਗਏ। ਕੇਸਾਂ ਦੇ ਬੋਝ ਹੇਠ ਬੀਡ ਦਾ ਸਿਹਤ ਢਾਂਚਾ ਤਿੜਕਨ ਲੱਗਿਆ।
ਸੋ ਜਦੋਂ 38 ਸਾਲਾ ਬਾਲਾਸਾਹੇਬ ਕਦਮ ਨੂੰ ਬੀਡ ਦੇ ਸਰਕਾਰੀ ਹਸਪਤਾਲ ਵਿੱਚ ਵੈਂਟੀਲੇਟਰ ਦਾ ਬੈੱਡ ਮਿਲ਼ਿਆ ਤਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸਰਕਾਰੀ ਹਸਪਤਾਲ ਦੇ ਸਟੋਰੇਜ ਰੂਮ ਤੋਂ ਵਾਰਡ ਤੱਕ ਆਕਸੀਜਨ ਦੇ ਸਿਲੰਡਰ ਲਿਆਉਣੇ ਪਏ। ''ਉਨ੍ਹਾਂ ਦੇ ਆਸ-ਪਾਸ ਕੋਈ ਸਟਾਫ਼ ਮੈਂਬਰ ਨਹੀਂ ਸੀ ਅਤੇ ਉਨ੍ਹਾਂ ਦਾ ਆਕਸੀਜਨ ਪੱਧਰ ਡਿੱਗਣ ਲੱਗਿਆ,'' ਉਨ੍ਹਾਂ ਦੀ ਪਤਨੀ, 33 ਸਾਲਾ ਜੋਯਤੀ ਕਹਿੰਦੀ ਹਨ। ''ਉਨ੍ਹਾਂ ਦੇ ਭਰਾ ਨੇ ਆਪਣੇ ਮੋਢੇ 'ਤੇ ਆਕਸੀਜਨ ਸਿਲੰਡਰ ਚੁੱਕਿਆ ਅਤੇ ਵਾਰਡ ਸਹਾਇਕ ਨੂੰ ਲਗਾਉਣ ਲਈ ਕਿਹਾ।''
ਪਰ ਬਾਲਾਸਾਹੇਬ ਬਚ ਨਹੀਂ ਸਕੇ। ਸ਼ਹਿਰ ਤੋਂ 30 ਕਿਲੋਮੀਟਰ ਦੂਰ, ਯੇਲੰਬਘਾਟ ਪਿੰਡ ਦੇ ਡਿਪਟੀ ਸਰਪੰਚ ਬਾਬਾਸਾਹੇਬ, ''ਕੰਮ ਦੇ ਸਿਲਸਿਲੇ ਵਿੱਚ ਹਰ ਸਮੇਂ ਬਾਹਰ ਹੀ ਰਿਹਾ ਕਰਦੇ ਸਨ,'' ਜਯੋਤੀ ਕਹਿੰਦੀ ਹਨ। ''ਲੋਕ ਆਪਣੀਆਂ ਸਮੱਸਿਆਂ ਲੈ ਕੇ ਉਨ੍ਹਾਂ ਕੋਲ਼ ਆਉਂਦੇ।''
ਬਾਬਾਸਾਹੇਬ ਯੇਲੰਬਘਾਟ ਪਿੰਡ ਵਿੱਚ ਵੈਕਸੀਨ ਬਾਰੇ ਜਾਗਰੂਕਤਾ ਫੈਲਾ ਰਹੇ ਸਨ, ਜਯੋਤੀ ਦੱਸਦੀ ਹਨ ਜੋ ਕਿ ਪਿੰਡ ਵਿੱਚ ਸਕੂਲੀ ਅਧਿਆਪਕਾ ਹਨ। ''ਉਹ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਲੋਕਾਂ ਨੂੰ ਵੈਕਸੀਨ ਬਾਰੇ ਕੋਈ ਖ਼ਦਸ਼ੇ ਨਾ ਹੋਣ। ਇਸਲਈ ਉਹ ਘਰੋ-ਘਰੀ ਜਾ ਕੇ ਇਹਦਾ ਪ੍ਰਚਾਰ ਕਰਦੇ ਰਹੇ।'' ਜਯੋਤੀ ਮੰਨਦੀ ਹਨ ਕਿ ਇਸੇ ਹੀ ਸਮੇਂ ਦੌਰਾਨ ਹੀ ਉਨ੍ਹਾਂ ਨੂੰ ਕਰੋਨਾਵਾਇਰਸ ਦਾ ਸੰਕ੍ਰਮਣ ਹੋਇਆ ਸੀ। ਹੁਣ ਉਨ੍ਹਾਂ ਨੂੰ ਖੁਦ ਆਪਣੀਆਂ ਦੋ ਧੀਆਂ ਉਮਰ 14 ਅਤੇ 9 ਸਾਲ, ਦਾ ਪਾਲਣ-ਪੋਸ਼ਣ ਕਰਨਾ ਪਵੇਗਾ।
25 ਅਪ੍ਰੈਲ ਨੂੰ, ਬਾਬਾਸਾਹੇਬ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਲੱਗੀ ਜੋ ਕਿ ਸੰਕ੍ਰਮਣ ਦਾ ਸੰਕੇਤ ਸੀ। ''ਉਸ ਤੋਂ ਇੱਕ ਦਿਨ ਪਹਿਲਾਂ, ਉਹ ਸਾਡੇ ਖੇਤ ਵਿੱਚ ਕੰਮ ਕਰ ਰਹੇ ਸਨ। ਉਨ੍ਹਾਂ ਨੂੰ ਹੋਰ ਕੋਈ ਬੀਮਾਰੀ ਨਹੀਂ ਸੀ ਪਰ ਫਿਰ ਵੀ ਹਸਪਤਾਲ ਭਰਤੀ ਹੋਣ ਤੋਂ ਅਗਲੇ ਹੀ ਦਿਨ (26 ਅਪ੍ਰੈਲ ਨੂੰ) ਉਨ੍ਹਾਂ ਦੀ ਮੌਤ ਹੋ ਗਈ,'' ਉਨ੍ਹਾਂ ਦੇ ਪਿਤਾ 65 ਸਾਲਾ ਭਗਵਤ ਕਦਮ ਕਹਿੰਦੇ ਹਨ। ''ਉਹ ਡਰਿਆ ਹੋਇਆ ਸੀ। ਅਜਿਹੇ ਮੌਕੇ ਮਰੀਜਾਂ ਨੂੰ ਲੋੜ ਮਹਿਸੂਸ ਹੁੰਦੀ ਹੈ ਕਿ ਡਾਕਟਰ ਉਨ੍ਹਾਂ ਨੂੰ ਕਹਿਣ ਤੂੰ ਡਰ ਨਾ ਸਭ ਠੀਕ ਹੋਵੇਗਾ। ਪਰ ਹੁਣ ਡਾਕਟਰਾਂ ਕੋਲ਼ ਇਸ ਸਭ ਵਾਸਤੇ ਸਮਾਂ ਹੀ ਕਿੱਥੇ ਹੈ।''
ਭਾਵੇਂ ਸੰਕ੍ਰਮਣ ਦਾ ਖ਼ਤਰਾ ਹੋਵੇ, ਫਿਰ ਵੀ ਕੋਵਿਡ ਮਰੀਜਾਂ ਦੇ ਪਰਿਵਾਰਕ ਮੈਂਬਰ ਵਾਰਡ ਵਿੱਚ ਰਹਿ ਕੇ ਆਪਣੇ ਮਰੀਜ਼ਾਂ ਦੀ ਦੇਖਭਾਲ਼ ਕਰਨ ਦੀ ਜਿੱਦ ਕਰਦੇ ਹਨ, ਖਾਸ ਕਰਕੇ ਹਸਪਤਾਲ ਵਿੱਚ ਸਟਾਫ਼ ਦੀ ਕਿੱਲਤ ਨੂੰ ਦੇਖਦੇ ਹੋਏ। ਬੀਡ ਦੇ ਸਰਕਾਰੀ ਹਸਪਤਾਲ ਵਿੱਚ, ਜਿੱਥੇ ਅਧਿਕਾਰੀ ਰਿਸ਼ਤੇਦਾਰਾਂ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਨ, ਅਜਿਹੇ ਮੌਕੇ ਮਰੀਜ਼ਾਂ ਦੇ ਰਿਸ਼ਤੇਦਾਰਾਂ, ਹਸਤਪਾਲ ਦੇ ਸਟਾਫ਼ ਅਤੇ ਪੁਲਿਸ ਦਰਮਿਆਨ ਬਹਿਸਬਾਜੀ ਨਿਰੰਤਰ ਚੱਲਦੀ ਰਹਿੰਦੀ ਹੈ।
ਦੂਰ ਭਜਾਏ ਜਾਣ ਦੇ ਬਾਵਜੂਦ ਵੀ ਪਰਿਵਾਰਕ ਮੈਂਬਰ ਨੇੜੇ ਹੀ ਖੜ੍ਹੇ ਰਹਿੰਦੇ ਹਨ ਅਤੇ ਆਪਣੇ ਪਿਆਰੇ ਨੂੰ ਇੱਕ ਝਾਤ ਦੇਖ ਲੈਣ ਦੇ ਮੌਕੇ ਦੀ ਉਡੀਕ ਕਰਦੇ ਰਹਿੰਦੇ ਹਨ। ''ਅਸੀਂ ਇੰਝ ਨਾ ਕਰੀਏ ਜੇਕਰ ਸਾਨੂੰ ਯਕੀਨ ਹੋਵੇ ਕਿ ਸਾਡੇ ਰੋਗੀ ਦਾ ਖਿਆਲ ਰੱਖਿਆ ਜਾ ਰਿਹਾ ਹੈ,'' 32 ਸਾਲਾ ਨਿਤਿਨ ਸਾਠੇ ਕਹਿੰਦੇ ਹਨ, ਜੋ ਹਸਪਤਾਲ ਦੇ ਬਾਹਰ ਆਪਣੀ ਮੋਟਰਸਾਈਕਲ 'ਤੇ ਬੈਠੇ ਹਨ। ''ਮੇਰੇ ਦੋਵੇਂ ਮਾਤਾ-ਪਿਤਾ 60 ਸਾਲ ਤੋਂ ਉੱਪਰ ਹਨ ਅਤੇ ਦੋਵੇਂ ਹੀ ਹਸਪਤਾਲ ਵਿੱਚ ਹਨ। ਉਨ੍ਹਾਂ ਨੂੰ ਪਾਣੀ ਚਾਹੀਦਾ ਹੈ ਜਾਂ ਉਹ ਭੁੱਖੇ ਹਨ ਇਹ ਪੁੱਛਣ ਵਾਲ਼ਾ ਕੋਈ ਨਹੀਂ।
ਸਹਿਮੇ ਹੋਏ ਮਰੀਜ਼ ਦੀ ਦਿਮਾਗੀ ਹਾਲਤ ਨੂੰ ਬਚਾਉਣਾ ਅਹਿਮ ਹੈ, ਸਾਠੇ ਕਹਿੰਦੇ ਹਨ, ਜੋ ਸ਼ਹਿਰ ਵਿੱਚ ਬੈਂਕ ਕਲਰਕ ਵਜੋਂ ਕੰਮ ਕਰਦੇ ਹਨ। ''ਜੇਕਰ ਮੈਂ ਆਸ-ਪਾਸ ਹੋਵਾਂ, ਮੈਂ ਉਨ੍ਹਾਂ ਦਾ ਧਿਆਨ ਰੱਖ ਸਕਦਾ ਹਾਂ, ਮੈਂ ਉਨ੍ਹਾਂ ਨੂੰ ਹਿੰਮਤ ਦੇ ਸਕਦਾ ਹਾਂ। ਇੰਝ ਕਰਨ ਨਾਲ਼ ਉਨ੍ਹਾਂ ਨੂੰ ਮਾਨਸਿਕ ਮਜ਼ਬੂਤੀ ਮਿਲੇਗੀ। ਜਦੋਂ ਤੁਸੀਂ ਹਿੰਮਤ ਦੇ ਹਥਿਆਰ ਸੁੱਟ ਦਿੰਦੇ ਹੋ ਤਾਂ ਹਰ ਮਾੜੀ ਚੀਜ਼ ਦੇ ਵਾਪਰਨ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹੋ। ਇਹ ਗੱਲ ਤੁਹਾਨੂੰ ਰਾਜ਼ੀ ਨਹੀਂ ਹੋਣ ਦਿੰਦੀ।''
ਸਾਠੇ ਵਿਅੰਗ ਕਰਦੇ ਹੋਏ ਕਹਿੰਦੇ ਹਨ: ''ਇੱਕ ਪਾਸੇ ਤਾਂ ਸਾਨੂੰ ਹਸਪਤਾਲ ਤੋਂ ਬਾਹਰ ਰਹਿਣ ਨੂੰ ਮਜ਼ਬੂਰ ਕੀਤਾ ਜਾਂਦਾ ਹੈ। ਦੂਸਰੇ ਪਾਸੇ ਤੁਹਾਡੇ ਕੋਲ਼ ਮਰੀਜ਼ਾਂ ਦਾ ਧਿਆਨ ਰੱਖਣ ਲਈ ਲੋੜੀਂਦਾ ਸਟਾਫ਼ ਤੱਕ ਨਹੀਂ।''
ਮਈ ਦੇ ਦੂਸਰੇ ਹਫ਼ਤੇ, ਸਟਾਫ਼ ਦੀ ਘਾਟ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਇੱਕ ਸ਼ਰਮਨਾਕ ਹਾਲਤ ਵਿੱਚ ਲਿਆ ਦਿੱਤਾ ਜਦੋਂ ਇੱਕ ਸਥਾਨਕ ਪੱਤਰਕਾਰ ਨੇ ਦੇਖਿਆ ਕਿ ਕੋਵਿਡ-19 ਨਾਲ਼ ਹੋਈਆਂ ਮੌਤਾਂ ਦੀ ਇੱਕ ਵੱਡੀ ਗਿਣਤੀ ਸਰਕਾਰੀ ਖਾਤਿਆਂ ਵਿੱਚੋਂ ਗਾਇਬ ਸੀ।
ਲੋਕਮਤ ਅਖ਼ਬਾਰ ਜੇ 29 ਸਾਲਾ ਪੱਤਰਕਾਰ ਸੋਮਨਾਥ ਖਟਾਲ ਨੇ ਸ਼ਮਸ਼ਾਨਘਾਟ ਵਿਖੇ ਦਾਹ-ਸਸਕਾਰ ਹੋਏ ਲੋਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਅਤੇ ਇਹਦੀ ਸਰਕਾਰੀ ਅੰਕੜਿਆਂ ਨਾਲ਼ ਤੁਲਨਾ ਕੀਤੀ। ਉਨ੍ਹਾਂ ਨੇ 105 ਮੌਤਾਂ ਦਾ ਫ਼ਰਕ ਦੇਖਿਆ। ''ਖਬਰ ਦੇ ਬਾਹਰ ਆਉਣ ਤੋਂ ਇੱਕ ਹਫ਼ਤੇ ਦੇ ਅੰਦਰ-ਅੰਦਰ, ਜਿਲ੍ਹਾ ਪ੍ਰਸ਼ਾਸਨ ਨੂੰ 200 ਮੌਤਾਂ ਨੂੰ ਅਧਿਕਾਰਤ ਅੰਕੜਾ ਸੂਚੀ ਵਿੱਚ ਐਡਜੈਸਟ ਕਰਨਾ ਪਿਆ। ਉਨ੍ਹਾਂ ਵਿੱਚੋਂ ਕੁਝ ਅੰਕੜੇ 2020 ਦੇ ਸਨ,'' ਉਹ ਕਹਿੰਦੇ ਹਨ।
ਜਿਲ੍ਹਾ ਸਿਹਤ ਅਧਿਕਾਰੀ, ਪਵਾਰ ਗਲਤੀ ਸਵੀਕਾਰ ਕਰਦੇ ਹੋਏ ਇਹਦਾ ਠੀਕਰਾ ਸਟਾਫ ਦੀ ਕਿੱਲਤ ਦੇ ਸਿਰ ਭੰਨ੍ਹਦੇ ਹਨ। ਇਹਦਾ ਕਾਰਨ ਮਾਮਲਿਆਂ ਦੀ ਗਿਣਤੀ ਨੂੰ ਘੱਟ ਦਿਖਾਉਣ ਦੀ ਕੋਸ਼ਿਸ਼ ਕਰਨਾ ਨਹੀਂ ਸੀ, ਉਹ ਅੱਗੇ ਕਹਿੰਦੇ ਹਨ। ''ਸਾਡੇ ਕੰਮ ਕਰਨ ਦੀ ਇੱਕ ਪ੍ਰਣਾਲੀ ਹੈ। ਕਿਸੇ ਵਿਅਕਤੀ ਦੇ ਇੱਕ ਵਾਰ ਕੋਵਿਡ-19 ਪੌਜੀਟਿਵ ਆਉਣ 'ਤੇ, ਸਾਨੂੰ ਕੋਵਿਡ ਪੋਰਟਲ ਦੇ ਬੈਂਕਅੰਡ 'ਤੇ ਇੱਕ ਸੂਚਨਾ ਪ੍ਰਾਪਤ ਹੁੰਦੀ ਹੈ। ਜਿਸ ਥਾਵੇਂ ਮਰੀਜ਼ ਨੂੰ ਭਰਤੀ ਕੀਤਾ ਗਿਆ ਹੈ ਉੱਥੇ ਹੀ ਉਹਦੇ ਇਲਾਜ ਨਾਲ਼ ਜੁੜੀ ਹਰ ਖ਼ਬਰ ਸਬੰਧੀ ਸੂਚਨਾ ਨੂੰ ਅਪਡੇਟ ਕੀਤਾ ਮੰਨ ਲਿਆ ਜਾਂਦਾ ਹੈ,'' ਪਵਾਰ ਦੱਸਦੇ ਹਨ।
ਪਰ ਜਿਵੇਂ ਹੀ ਅਪ੍ਰੈਲ ਮਹੀਨੇ ਵਿੱਚ ਰੋਜ਼ ਦੇ ਜੋ ਮਾਮਲੇ 25-30 ਸਨ ਅਚਾਨਕ ਵੱਧ ਕੇ 1,500 ਹੋ ਗਏ, ''ਬੋਝ ਹੇਠ ਮਾਰੇ ਸਟਾਫ਼ ਵੱਲੋਂ ਕਿਸੇ ਨੇ ਵੀ ਨਵੇਂ ਆਉਣ ਵਾਲ਼ੇ ਮਰੀਜਾਂ ਵੱਲ਼ ਕੋਈ ਧਿਆਨ ਨਾ ਦਿੱਤਾ,'' ਪਵਾਰ ਕਹਿੰਦੇ ਹਨ। ''ਉਨ੍ਹਾਂ ਨਾਲ਼ ਕੋਵਿਡ-19 ਮਰੀਜਾਂ ਵਾਂਗ ਵਿਵਹਾਰ ਜਰੂਰ ਕੀਤਾ ਗਿਆ ਪਰ ਪੋਰਟਲ 'ਤੇ ਕੁਝ ਮੌਤਾਂ ਦਾ ਰਿਕਾਰਡ ਅਪਡੇਟ ਨਹੀਂ ਕੀਤਾ ਗਿਆ। ਨਿਊਜ ਰਿਪੋਰਟ (ਪ੍ਰਕਾਸ਼ਤ ਹੋਈ) ਆਉਂਦੇ ਹੀ ਅਸੀਂ ਆਪਣੀ ਗਲਤੀ ਸਵੀਕਾਰ ਕੀਤੀ ਅਤੇ ਜਿਲ੍ਹੇ ਅੰਦਰ ਹੋਈਆਂ ਮੌਤਾਂ ਦੀ ਗਿਣਤੀ ਅਪਡੇਟ ਕੀਤੀ।''
ਭਾਵੇਂ ਕਿ ਜਿਲ੍ਹਾ ਪ੍ਰਸ਼ਾਸਨ ਨੇ ਆਪਣੀ ਗਲਤੀ ਪ੍ਰਵਾਨ ਕਰ ਲਈ ਪਰ ਇਹਨੇ ਸੁਭਾਸ਼ ਦੇ ਖਿਲਾਫ਼ ਕਥਿਤ ਤੌਰ 'ਤੇ ਕੋਵਿਡ ਪ੍ਰੋਟੋਕਾਲ ਤੋੜਨ ਅਤੇ ਲਤਾ ਦੀ ''ਲਾਸ਼ ਦੀ ਬੇਕਦਰੀ'' ਕਰਨ ਲਈ ਕਾਰਵਾਈ ਸ਼ੁਰੂ ਕਰਨ ਦਾ ਕਦਮ ਚੁੱਕਿਆ।
''ਹਸਪਤਾਲ ਸਟਾਫ਼ ਨੇ ਐਂਟੀਜਨ ਟੈਸਟ ਕੀਤਾ (ਲਾਸ਼ ਦਾ) ਜੋ ਨੈਗੇਟਿਵ ਆਇਆ,'' ਸੁਭਾਸ਼ ਕਹਿੰਦੇ ਹਨ। ''ਇਸਲਈ ਉਨ੍ਹਾਂ ਨੇ ਮੈਨੂੰ ਲਾਸ਼ ਘਰ ਲਿਜਾਣ ਦੀ ਆਗਿਆ ਦੇ ਦਿੱਤੀ।''
ਸੁਭਾਸ਼ ਨੇ ਹਸਪਤਾਲ ਤੋਂ ਆਪਣੀ ਭੈਣ ਦੀ ਲਾਸ਼ ਨੂੰ ਉਨ੍ਹਾਂ ਦੇ ਪਿੰਡ ਕੁੰਭਰਵਾੜੀ, ਜੋ ਬੀਡ ਦੇ ਜਿਓਰਾਈ ਤਾਲੁਕਾ, ਜੋ ਸ਼ਹਿਰ ਤੋਂ ਕਰੀਬ 3 ਕਿਲੋਮੀਟਰ ਦੂਰ ਹੈ, ਲਿਜਾ ਸਕਣ ਬਾਰੇ ਪੁੱਛਿਆ। ਲਤਾ ਉੱਥੇ ਆਪਣੇ ਪਤੀ, ਰੁਸਤੁਮ ਅਤੇ ਆਪਣੇ ਚਾਰਾ ਸਾਲਾ ਬੇਟੇ ਸ਼੍ਰੇਯਾਸ ਨਾਲ਼ ਰਹਿੰਦੀ ਸਨ। ''ਇਹ ਪਰਿਵਾਰ ਦੀ ਇੱਛਾ ਸੀ। ਅਸੀਂ ਉਨ੍ਹਾਂ ਨੂੰ ਸਤਿਕਾਰਭਰੀ ਅੰਤਮ ਵਿਦਾਈ ਦੇਣਾ ਚਾਹੁੰਦੇ ਸਾਂ।''
ਪਰ ਜਦੋਂ ਉਹ ਕੁੰਭਰਵਾੜੀ ਦੇ ਅੱਧੇ ਰਾਹ ਹੀ ਪਹੁੰਚੇ ਤਾਂ ਹਸਪਤਾਲ ਵੱਲੋਂ ਸੁਭਾਸ਼ ਨੂੰ ਇਹ ਕਹਿਣ ਲਈ ਫੋਨ ਆਇਆ ਕਿ ਲਾਸ਼ ਵਾਪਸ ਲਿਆਂਦੀ ਜਾਵੇ। ''ਮੈਂ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਸਾਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਇਹ ਔਖੀ ਘੜੀ ਹੈ। ਅਸੀਂ ਯੂ-ਟਰਨ ਲਿਆ ਅਤੇ ਲਾਸ਼ ਲੈ ਕੇ ਵਾਪਸ ਮੁੜ ਆਏ।''
ਪਰ ਸਰਕਾਰੀ ਹਸਪਤਾਲ ਨੇ ਸੁਭਾਸ਼ ਖਿਲਾਫ਼ ਐਪੀਡੈਮਿਕ ਡਿਸੀਜ ਐਕਟ, 1897 ਤਹਿਤ ਦੋਸ਼ ਲਾਉਂਦੀ ਐੱਫਆਈਆਰ ਦਾਇਰ ਕਰ ਦਿੱਤੀ। ''ਜੇਕਰ ਕੋਵਿਡ ਮਰੀਜ਼ ਹਸਪਤਾਲ ਵਿੱਚ ਮਰਦਾ ਹੈ ਤਾਂ ਕੁਝ ਪ੍ਰੋਟੋਕਾਲਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਅਤੇ ਇਸ ਮਾਮਲੇ ਵਿੱਚ ਰਿਸ਼ਤੇਦਾਰਾਂ ਨੇ ਇਨ੍ਹਾਂ ਪ੍ਰੋਟੋਕਾਲਾਂ ਨੂੰ ਤੋੜਿਆ ਹੈ,'' ਬੀਡ ਦੇ ਜਿਲ੍ਹਾ ਮੈਜਿਸਟ੍ਰੇਟ ਰਵਿੰਦਰਾ ਜਗਤਾਪ ਨੇ ਇਹ ਜੋੜਦਿਆਂ ਕਿਹਾ ਕਿ ਐਂਟੀਜਨ ਦਾ ਮਤਲਬ ਕੁਝ ਨਹੀਂ ਹੁੰਦਾ।
ਕੋਵਿਡ ਪ੍ਰੋਟੋਕਾਲ ਮੁਤਾਬਕ ਇੱਕ ਕੋਵਿਡ ਰੋਗੀ ਦੀ ਲਾਸ਼ ਨੂੰ ਲੀਕ-ਪਰੂਫ਼ ਬਾਡੀ ਬੈਗ ਵਿੱਚ ਵਲ੍ਹਟੇਣਾ ਅਤੇ ਦਾਹ ਸਸਕਾਰ ਲਈ ਹਸਪਤਾਲ ਤੋਂ ਸਿੱਧਿਆਂ ਸ਼ਮਸ਼ਾਨ ਘਾਟ ਲਿਜਾਣਾ ਸ਼ਾਮਲ ਹੁੰਦਾ ਹੈ।
ਸੁਭਾਸ਼ ਕਹਿੰਦੇ ਹਨ ਕਿ ਉਨ੍ਹਾਂ ਨੇ ਲਤਾ ਦੀ ਲਾਸ਼ ਸਿਰਫ਼ ਇਸਲਈ ਲਈ ਕਿਉਂਕਿ ਹਸਪਤਾਲ ਨੇ ਉਹਨੂੰ ਇਜਾਜ਼ਤ ਦਿੱਤੀ ਸੀ। ''ਮੈਂ ਵਕੀਲ ਹਾਂ। ਮੈਨੂੰ ਪ੍ਰੋਟੋਕਾਲ ਦੇ ਪਾਲਣ ਬਾਰੇ ਪਤਾ ਹੈ। ਦੱਸੋ ਭਲਾ, ਮੈਂ ਹਸਪਤਾਲ ਦੇ ਖਿਲਾਫ਼ ਜਾ ਕੇ ਆਪਣੇ ਪਰਿਵਾਰ ਦੀ ਸਿਹਤ ਖਤਰੇ ਵਿੱਚ ਕਿਉਂ ਪਾਵਾਂਗਾ?''
ਸੁਭਾਸ਼ ਇਸ ਗੱਲੋਂ ਨਿਰਾਸ਼ ਹਨ ਕਿ ਹਸਪਤਾਲ ਨੇ ਉਸ ਦੁਆਰਾ ਆਪਣੇ ਰੋਗੀਆਂ ਅਤੇ ਕਰਮਾਚੀਆਂ ਨੂੰ ਅਤੀਤ ਵਿੱਚ ਪ੍ਰਦਾਨ ਕੀਤੀ ਗਈ ਮਦਦ 'ਤੇ ਵਿਚਾਰ ਨਹੀਂ ਕੀਤਾ। ''ਮੈਂ ਹਸਪਤਾਲ ਵਿੱਚ ਭਰਤੀ ਕਰਾਉਣ ਵਿੱਚ ਘੱਟੋਘੱਟ 150 ਮਰੀਜਾਂ ਦੀ ਮਦਦ ਹੋਣੀ ਹੈ। ਕੁਝ ਮਰੀਜ਼ ਤਾਂ ਇਹ ਤੱਕ ਨਹੀਂ ਜਾਣਦੇ ਸਨ ਕਿ ਪੜ੍ਹਨਾ ਜਾਂ ਲਿਖਣਾ ਕਿਵੇਂ ਹੈ ਅਤੇ ਉਹ ਸਹਿਮੇ ਹੋਏ ਸਨ। ਮੈਂ ਫਾਰਮ ਭਰਨ ਅਤੇ ਹਸਪਤਾਲ ਦੇ ਆਸਪਾਸ ਦੇ ਰਾਹ ਲੱਭਣ ਵਿੱਚ ਉਨ੍ਹਾਂ ਦੀ ਮਦਦ ਕੀਤੀ। ਮੈਂ ਉਹੀ ਕੁਝ ਕੀਤਾ ਜੋ ਹਸਪਤਾਲ ਦਾ ਸਟਾਫ਼ ਚਾਹੁੰਦਾ ਸੀ,'' ਸੁਭਾਸ਼ ਕਹਿੰਦੇ ਹਨ।
ਇੱਥੋਂ ਤੱਕ ਕਿ ਲਤਾ ਦੇ ਬੀਮਾਰ ਹੋਣ ਤੋਂ ਪਹਿਲਾਂ, ਸੁਭਾਸ਼ ਮਰੀਜਾਂ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਹੋਣ ਦੀ ਪ੍ਰਕਿਰਿਆ ਪੂਰੀ ਕਰਨ ਵਿੱਚ ਮਦਦ ਕਰਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਦੇ ਹਸਪਤਾਲ ਵਿੱਚ ਭਰਤੀ ਰਹਿਣ ਦੇ ਦਿਨਾਂ ਸਣੇ ਪੂਰਾ ਡੇਢ ਮਹੀਨਾ ਇਸੇ ਤਰ੍ਹਾਂ ਹੀ ਬੀਤਿਆ।
ਹਸਪਤਾਲ ਵਿੱਚ ਆਪਣੀ ਭੈਣ ਦੀ ਦੇਖਭਾਲ਼ ਦੇ ਸਮੇਂ ਦੌਰਾਨ, ਉਨ੍ਹਾਂ ਨੇ ਇੱਕ ਵਾਰ ਕੋਵਿਡ ਮਹਿਲਾ ਮਰੀਜ਼ ਨੂੰ ਫਰਸ਼ ਤੋਂ ਚੁੱਕਿਆ ਅਤੇ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਬਿਸਤਰੇ 'ਤੇ ਲਿਟਾਇਆ, ਉਹ ਦੱਸਦੇ ਹਨ। ''ਉਹ ਸੀਨੀਅਰ ਸਿਟੀਜ਼ਨ ਸਨ। ਉਹ ਆਪਣੇ ਬਿਸਤਰੇ ਤੋਂ ਹੇਠਾਂ ਡਿੱਗ ਗਈ ਅਤੇ ਹੇਠਾਂ ਹੀ ਲੇਟੀ ਰਹੇ ਪਰ ਕਿਸੇ ਨੇ ਵੀ ਉਨ੍ਹਾਂ ਵੱਲ਼ ਕੋਈ ਧਿਆਨ ਨਾ ਦਿੱਤਾ। ਹਸਪਤਾਲ ਵਿੱਚ ਮਰੀਜ਼ਾਂ ਦੀ ਇਹ ਹਾਲਤ ਹੈ।''
ਨਿਰਾਸ਼ ਅਤੇ ਗੁੱਸੇ ਵਿੱਚ ਆਏ ਸੁਭਾਸ਼ ਮੈਨੂੰ ਬੀਡ ਦੇ ਇੱਕ ਹੋਟਲ ਦੀ ਲਾਬੀ ਵਿੱਚ ਮਿਲ਼ੇ ਕਿਉਂਕਿ ਉਹ ਮੈਨੂੰਘਰ ਨਹੀਂ ਬੁਲਾ ਸਕਦੇ ਸਨ। ''ਮੇਰੀ ਭੈਣ ਦੀ ਮੌਤ ਤੋਂ ਬਾਅਦ ਮੇਰੇ ਮਾਪੇ ਸਦਮੇ ਵਿੱਚ ਹਨ,'' ਉਹ ਦੱਸਦੇ ਹਨ। ''ਉਹ ਕਿਸੇ ਨਾਲ਼ ਵੀ ਗੱਲ ਕਰਨ ਦੀ ਹਾਲਤ ਵਿੱਚ ਨਹੀਂ। ਇੱਥੋਂ ਤੱਕ ਕਿ ਮੈਂ ਵੀ ਆਪਣੇ ਹੋਸ਼ ਵਿੱਚ ਨਹੀਂ ਹਾਂ। ਲਤਾ ਦਾ ਬੇਟਾ ਲਗਾਤਾਰ ਮੈਨੂੰ ਫੋਨ ਕਰਦਾ ਹੈ ਅਤੇ ਪੁੱਛਦਾ ਕਿ ' ਆਈ ਘਰ ਕਦੋਂ ਆਵੇਗੀ?' 'ਮੈਨੂੰ ਕੁਝ ਸੁਝਦਾ ਹੀ ਨਹੀਂ ਕਿ ਮੈਂ ਉਹਨੂੰ ਕੀ ਕਹਾਂ?'
ਤਰਜਮਾ: ਕਮਲਜੀਤ ਕੌਰ