''ਬਿਊਟੀ ਪਾਰਲਰ ਜਾਣ ਦੀ ਲੋੜ ਕਿਉਂ ਹੈ? ਬਜ਼ਾਰਾਂ ਵਿੱਚ ਘੁੰਮਣ-ਫਿਰਨ ਤੇ ਪੈਸੇ ਬਰਬਾਦ ਕਰਨ ਦਾ ਇੱਕ ਬਹਾਨਾ ਹੈ ਸਿਰਫ਼।''
ਮੋਨਿਕਾ ਕੁਮਾਰੀ ਕਹਿੰਦੀ ਹਨ ਕਿ ਬਿਊਟੀ ਪਾਰਲਰ ਜਾਣ ਦੇ ਨਾਮ ਤੋਂ ਸਹੁਰਾ ਪਰਿਵਾਰ ਉਨ੍ਹਾਂ ਵੱਲ ਸ਼ੱਕ ਦੀ ਨਜ਼ਰ ਨਾਲ਼ ਦੇਖਦਾ ਹੈ। ਚਾਰ ਮੈਂਬਰੀ ਉਨ੍ਹਾਂ ਦਾ ਪਰਿਵਾਰ ਪੂਰਬੀ ਬਿਹਾਰ ਦੇ ਇੱਕ ਛੋਟੇ ਜਿਹੇ ਸ਼ਹਿਰ ਜਮੁਈ ਤੋਂ ਮਹਿਜ ਤਿੰਨ ਕਿਲੋਮੀਟਰ ਦੂਰ ਰਹਿੰਦਾ ਹੈ। ਸਹੁਰੇ ਪਰਿਵਾਰ ਦੇ ਤਾਅਨਿਆਂ ਦੇ ਬਾਵਜੂਦ, 25 ਸਾਲਾ ਮੋਨਿਕਾ ਲੋੜ ਮੁਤਾਬਕ ਆਪਣੇ ਆਈਬਰ੍ਰੋ (ਭਰਵੱਟੇ) ਬਣਵਾਉਣ , ਬੁੱਲ੍ਹਾਂ ਦੇ ਉਪਰਲੇ ਰੂੰਏ ਕਢਵਾਉਣ ਤੇ ਫੈਸ਼ੀਅਲ ਕਰਾਉਣ ਲਈ ਬਿਊਟੀ ਪਾਰਲਰ ਦੇ ਗੇੜ੍ਹੇ ਮਾਰਦੀ ਰਹਿੰਦੀ ਹਨ। ਉਨ੍ਹਾਂ ਦੇ ਪਤੀ, ਜੋ ਪੰਚਾਇਤੀ ਦਫ਼ਤਰ ਵਿੱਚ ਕੰਮ ਕਰਦੇ ਹਨ, ਵੀ ਪੁਰਾਣੀ ਪੀੜ੍ਹੀ ਦੀ ਇਸ ਬੇਯਕੀਨੀ ਨੂੰ ਬਹੁਤਾ ਮਹੱਤਵ ਨਹੀਂ ਦਿੰਦੇ, ਸਗੋਂ ਉਹ ਤਾਂ ਆਪਣੀ ਪਤਨੀ ਨੂੰ ਪਾਰਲਰ ਛੱਡ ਵੀ ਆਉਂਦੇ ਹਨ।
ਸਿਰਫ਼ ਮੋਨਿਕਾ ਹੀ ਨਹੀਂ, ਸਗੋਂ ਜਮੁਈ ਜ਼ਿਲ੍ਹੇ ਦੇ ਸ਼ਹਿਰਾਂ ਤੇ ਨੇੜਲੇ ਪਿੰਡਾਂ ਦੀਆਂ ਕਈ ਮੁਟਿਆਰਾਂ ਤੇ ਔਰਤਾਂ ਦਾ ਆਪਣੇ ਸੁਹੱਪਣ ਨੂੰ ਬਰਕਰਾਰ ਰੱਖਣ ਲਈ ਨੇੜਲੇ ਪਾਰਲਰਾਂ ਵਿੱਚ ਜਾਣਾ ਹੁਣ ਇੱਕ ਸਧਾਰਣ ਗੱਲ ਹੈ।
''ਜਦੋਂ ਮੈਂ ਪਾਰਲਰ ਖੋਲ੍ਹਿਆ ਤਾਂ ਇੱਥੇ ਤਕਰੀਬਨ 10 ਪਾਰਲਰ ਪਹਿਲਾਂ ਹੀ ਮੌਜੂਦ ਸਨ। ਹੁਣ ਤਾਂ ਇੰਝ ਜਾਪਦਾ ਜਿਵੇਂ ਉਨ੍ਹਾਂ ਦੀ ਗਿਣਤੀ ਕੋਈ ਹਜ਼ਾਰ ਹੋ ਗਈ ਹੋਵੇ,'' ਪੰਦਰ੍ਹਾਂ ਸਾਲ ਪਹਿਲਾਂ ਦੇ ਵੇਲ਼ੇ ਦਾ ਹਵਾਲਾ ਦਿੰਦਿਆਂ ਪ੍ਰਮਿਲਾ ਸ਼ਰਮਾ ਕਹਿੰਦੀ ਹਨ। ਉਹ ਦੱਸਦੀ ਹਨ ਕਿ ਇੰਨੇ ਵਕਫ਼ੇ ਵਿੱਚ ਉਨ੍ਹਾਂ ਨੇ ਸੁਹੱਪਣ ਕਾਰੋਬਾਰ ਨੂੰ ਛਲਾਂਗ ਮਾਰਦੇ ਦੇਖਿਆ ਹੈ।
ਪ੍ਰਮਿਲਾ, ਵਿਵਾਹ ਲੇਡੀਜ਼ ਬਿਊਟੀ ਪਾਰਲਰ ਚਲਾਉਂਦੀ ਹਨ, ਇਹ ਪਾਰਲਰ 87,357 ਦੀ ਅਬਾਦੀ ਵਾਲ਼ੇ ਜਮੁਈ ਸ਼ਹਿਰ ਦੇ ਮੇਨ ਰੇਡ 'ਤੇ ਸਥਿਤ ਹੈ। ਜਮੁਈ ਦੇ ਬਹੁਤੇਰੇ ਲੋਕਾਂ ਦੀ ਰੋਜ਼ੀ-ਰੋਟੀ ਖੇਤੀ ਅਤੇ ਖੇਤੀ ਨਾਲ਼ ਜੁੜੇ ਦੂਸਰੇ ਕਾਰੋਬਾਰਾਂ ਸਿਰ ਚੱਲਦੀ ਹੈ।
ਪਾਰਲਰ ਦੇ ਨਾਲ਼ ਕਰਕੇ ਸਾਈਕਲ ਦੀ, ਨਾਈ ਦੀ ਤੇ ਦਰਜ਼ੀ ਦੀਆਂ ਦੁਕਾਨਾਂ ਲੱਗਦੀਆਂ ਹਨ। ਪਾਰਲਰ ਵਿੱਚ ਹੇਅਰਕਟ, ਥ੍ਰੈਡਿੰਗ, ਮਹਿੰਦੀ ਲਾਉਣ, ਵੈਕਸਿੰਗ ਕਰਨ, ਫੇਸ਼ੀਅਲ ਤੇ ਮੇਕਅਪ ਜਿਹੀਆਂ ਸਾਰੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਜਿਹਦੇ ਕਰਕੇ ਅਲੀਗੰਜ ਬਲਾਕ ਦੇ ਲਕਸ਼ਮੀਪੁਰ ਤੇ ਇਸਲਾਮਨਗਰ ਜਿਹੇ ਪਿੰਡ ਤੋਂ ਗਾਹਕ ਇੱਥੇ ਖਿੱਚੇ ਆਉਂਦੇ ਹਨ।
ਪ੍ਰਮਿਲਾ ਦੱਸਦੀ ਹਨ ਕਿ ਉਨ੍ਹਾਂ ਦੀ ਸ਼ਹਿਰ ਤੇ ਨੇੜਲੇ ਇਲਾਕਿਆਂ ਦੀਆਂ ਬੋਲੀਆਂ ਜਾਣ ਵਾਲ਼ੀਆਂ ਅੰਗਿਕਾ, ਮੈਥਿਲੀ ਤੇ ਮਗਹੀ ਜਿਹੀਆਂ ਬੋਲੀਆਂ 'ਤੇ ਪਕੜ ਹੋਣ ਕਾਰਨ ਆਉਣ ਵਾਲ਼ੇ ਗਾਹਕ ਉਨ੍ਹਾਂ ਨਾਲ਼ ਗੱਲਬਾਤ ਵਿੱਚ ਸਹਿਜ ਮਹਿਸੂਸ ਕਰਦੇ ਹਨ।
ਬਿਹਾਰ ਦੇ ਇਸ ਇਲਾਕੇ ਵਿੱਚ ਬਿਊਟੀ ਪਾਰਲਰ ਚਲਾਉਣ ਲਈ ਪਿਤਾਪੁਰਖੀ ਮਾਨਤਾਵਾਂ ਨਾਲ਼ ਦੋ ਹੱਥ ਹੋਣਾ ਪੈਂਦਾ ਹੈ। ''ਵਿਆਹ ਤੋਂ ਪਹਿਲਾਂ ਕੁੜੀਆਂ ਨੂੰ ਆਪਣੇ ਮਾਪਿਆਂ ਦੀ ਮਨ-ਮਰਜ਼ੀ ਮੁਤਾਬਕ ਰਹਿਣਾ ਪੈਂਦਾ ਹੈ ਤੇ ਵਿਆਹ ਤੋਂ ਮਗਰੋਂ ਪਤੀ ਦੀਆਂ ਇੱਛਾਵਾਂ ਮੁਤਾਬਕ,'' ਪ੍ਰਮਿਲਾ ਕਹਿੰਦੀ ਹਨ। ਇਸਲਈ, ਉਨ੍ਹਾਂ ਦੇ ਪਾਰਲਰ ਵਿੱਚ ਕਿਸੇ ਵੀ ਸੂਰਤੇ-ਹਾਲ ਪੁਰਸ਼ਾਂ ਦੇ ਆਉਣ 'ਤੇ ਸਖ਼ਤ ਪਾਬੰਦੀ ਹੈ। ਬਾਹਰ 'ਸਿਰਫ਼ ਔਰਤਾਂ ਲਈ' ਦਾ ਪੋਸਟਰ ਵੀ ਇਸੇ ਕਾਰਨ ਲਾਇਆ ਗਿਆ ਹੈ। ਜਦੋਂ ਕੋਈ ਔਰਤ ਪਾਰਲਰ ਅੰਦਰ ਦਾਖ਼ਲ ਹੁੰਦੀ ਹੈ ਤਾਂ ਉਹ ਇੱਥੇ ਸਿਰਫ਼ ਔਰਤਾਂ ਹੀ ਔਰਤਾਂ ਦੇਖ ਕੇ ਬੇਫ਼ਿਕਰੀ ਹੋ ਜਾਂਦੀ ਹੈ। ਇੱਥੇ ਬੈਠੀਆਂ ਔਰਤਾਂ ਦਰਮਿਆਨ ਬੱਚਿਆਂ ਅਤੇ ਖਾਣ-ਪੀਣ ਜਿਹੀਆਂ ਰੋਜ਼ਮੱਰਾਂ ਦੀਆਂ ਗੱਲਾਂ-ਬਾਤਾਂ ਹੁੰਦੀਆਂ ਹਨ, ਵਿਆਹ ਜਿਹੇ ਮਸਲਿਆਂ ਪ੍ਰਤੀ ਸਹਿਮਤੀ/ਅਸਹਿਮਤੀ ਨੂੰ ਲੈ ਕੇ ਬਹਿਸ ਹੁੰਦੀ ਹੈ ਤੇ ਪਤੀ-ਪਤਨੀ ਦੀ ਅਣਬਣ ਨੂੰ ਲੈ ਕੇ ਵੀ ਖਾਸੀਆਂ ਗੱਲਾਂ ਹੁੰਦੀਆਂ ਹਨ। ''ਔਰਤਾਂ ਜੋ ਮਹਿਸੂਸ ਕਰਦੀਆਂ ਹਨ, ਉਨ੍ਹਾਂ ਜਜ਼ਬਾਤਾਂ ਨੂੰ ਆਪਣੇ ਘਰੇ ਸਾਂਝਿਆਂ ਨਹੀਂ ਕਰ ਪਾਉਂਦੀਆਂ, ਇੱਥੇ ਉਨ੍ਹਾਂ ਨੂੰ ਖੁੱਲ੍ਹ ਕੇ ਆਪਣੀ ਗੱਲ ਕਰਨ ਵਿੱਚ ਮਾਸਾ ਵੀ ਝਿਜਕ ਨਹੀਂ ਹੁੰਦੀ,'' ਗੱਲ ਜਾਰੀ ਰੱਖਦਿਆਂ ਪ੍ਰਮਿਲਾ ਕਹਿੰਦੀ ਹਨ।
ਪਾਰਲਰ ਦੇ ਇਸ ਮਾਹੌਲ ਕਾਰਨ ਗਾਹਕ ਕਿਤੇ ਹੋਰ ਨਹੀਂ ਜਾਂਦੇ। ''ਜਦੋਂ ਵੀ ਜਮੁਈ ਵਿਖੇ ਅਸੀਂ ਕਿਸੇ ਪਾਰਲਰ ਦੋਬਾਰਾ ਜਾਣਾ ਹੋਵੇ ਤਾਂ ਅਸੀਂ ਉਸੇ ਪਾਰਲਰ ਜਾਣਾ ਪਸੰਦ ਕਰਦੀਆਂ ਹਾਂ,'' ਪ੍ਰਿਯਾ ਕੁਮਾਰੀ ਦੱਸਦੀ ਹਨ, ਕਾਰਨ- ਪੁਰਾਣੇ ਪਾਰਲਰ ਦਾ ਜਾਣਿਆ-ਪਛਾਣਿਆ ਮਾਹੌਲ ਹੁੰਦਾ ਹੈ। ਜਦੋਂ ਪਾਰਲਰ ਮਾਲਕਨ ਕਿਸੇ ਗੱਲੋਂ ਹਲਕੀ ਜਿਹੀ ਡਾਂਟ ਲਾਵੇ ਜਾਂ ਥੋੜ੍ਹੀ ਦੇਰ ਨਰਾਜ਼ਗੀ ਦਿਖਾਵੇ ਤਾਂ ਇਸ ਨਾਲ਼ ਇੱਕ ਆਪਣੇਪਣ ਦੀ ਭਾਵਨਾ ਦਾ ਸੰਚਾਰ ਹੁੰਦਾ ਹੈ। ਜਮੁਈ ਬਲਾਕ ਦੇ ਖੈਰਮਾ ਪਿੰਡ ਦੀ 22 ਸਾਲਾ ਨਿਵਾਸੀ ਪ੍ਰਿਯਾ ਅੱਗੇ ਦੱਸਦੀ ਹਨ,''ਉਨ੍ਹਾਂ ਨੂੰ ਸਾਡੀ ਕਹਾਣੀ ਪਤਾ ਹੁੰਦੀ ਹੈ, ਇਸਲਈ ਸਾਡਾ ਹਾਸਾ-ਮਜ਼ਾਕ ਚੱਲਦਾ ਹੀ ਰਹਿੰਦਾ ਹੈ।''
ਪ੍ਰਮਿਲਾ ਦਾ ਪਾਰਲਰ ਮਹਾਰਾਜਗੰਜ ਮੇਨ ਰੋਡ ਦੇ ਕਾਰੋਬਾਰੀ ਪੱਖੋਂ ਬੇਹੱਦ ਰੁਝੇਵੇਂ ਭਰੇ ਕੰਪਲੈਕਸ ਦੀ ਹੇਠਲੀ ਮੰਜ਼ਲ 'ਤੇ ਹੈ। ਉਹ ਇਸ ਛੋਟੇ ਜਿਹੇ ਤੇ ਬਗ਼ੈਰ ਕਿਸੇ ਖਿੜਕੀ ਵਾਲ਼ੇ ਕਮਰੇ ਲਈ ਹਰ ਮਹੀਨੇ 3,500 ਰੁਪਏ ਕਿਰਾਇਆ ਦਿੰਦੀ ਹਨ। ਪਾਰਲਰ ਦੀਆਂ ਕੰਧਾਂ ਦੇ ਤਿੰਨੇ ਪਾਸੇ ਸ਼ੀਸ਼ੇ ਲੱਗੇ ਹਨ। ਪਿਗੀ ਬੈਂਕ, ਟੈਡੀ ਬੀਅਰ, ਸੈਨਿਟਰੀ ਪੈਡ ਦੇ ਪੈਕਟ ਅਤੇ ਵੱਖ-ਵੱਖ ਤਰ੍ਹਾਂ ਦੀ ਸੁਹੱਪਣ ਸਮੱਗਰੀ ਨੂੰ ਬੜੇ ਕਰੀਨੇ ਨਾਲ਼ ਸ਼ੀਸ਼ਿਆਂ ਦੇ ਉੱਪਰ ਕਰਕੇ ਬਣੇ ਕੱਚ ਦੇ ਕੈਬੀਨੇਟਾਂ ਵਿੱਚ ਸਜਾਇਆ ਹੋਇਆ ਹੈ। ਛੱਤ 'ਤੇ ਲੱਗੇ ਹੋਏ ਪਲਾਸਟਿਕ ਦੇ ਫੁੱਲ ਲਮਕ ਰਹੇ ਹਨ ਤੇ ਬਿਸਕੁਟੀ ਤੇ ਸੰਤਰੀ ਰੰਗੀਆਂ ਕੰਧਾਂ 'ਤੇ ਫਰੇਮਾਂ ਵਿੱਚ ਜੜੇ ਸਰਟੀਫ਼ਿਕੇਟ ਟੰਗੇ ਹੋਏ ਹਨ ਜੋ ਪ੍ਰਮਿਲਾ ਦੁਆਰਾ ਸੁਹੱਪਣ ਦੇ ਵੱਖ-ਵੱਖ ਕੋਰਸਾਂ ਨੂੰ ਸਫ਼ਲਤਾਪੂਰਵਕ ਕਰਨ ਦੇ ਪ੍ਰਮਾਣ ਹਨ।
ਇੰਨੇ ਨੂੰ ਸਾਹਮਣੇ ਵਾਲ਼ੇ ਬੂਹੇ 'ਤੇ ਟੰਗਿਆ ਪੀਲ਼ਾ ਪਰਦਾ ਪਿਛਾਂਹ ਹਟਦਾ ਹੈ ਤੇ ਇੱਕ ਔਰਤ ਦੁਕਾਨ ਅੰਦਰ ਦਾਖ਼ਲ ਹੁੰਦੀ ਹੈ। ਸੋਹਣੀ ਪੁਸ਼ਾਕ ਵਿੱਚ ਮਲਬੂਸ ਇਸ 30 ਸਾਲਾ ਔਰਤ ਨੇ ਕਿਤੇ ਡਿਨਰ ਲਈ ਬਾਹਰ ਜਾਣਾ ਸੀ ਤੇ ਉਹ ਆਪਣੇ ਬੁੱਲ੍ਹਾਂ ਦੇ ਉਪਰਲੇ ਰੂੰਏ ਕਢਵਾਉਣ ਤੇ ਭਰਵੱਟੇ ਬਣਵਾਉਣ ਦੇ ਇਰਾਦੇ ਨਾਲ਼ ਇੱਥੇ ਆਈ ਹੈ। ਹਾਲਾਂਕਿ, ਪਾਰਲਰ ਬੰਦ ਹੋਣ ਵਾਲ਼ਾ ਹੈ, ਪਰ ਸੁੰਦਰਤਾ ਦੇ ਇਸ ਕਾਰੋਬਾਰ ਵਿੱਚ ਕੋਈ ਵੀ ਨਹੀਂ ਹੈ ਜੋ ਸਮੇਂ ਦੀ ਪਾਬੰਦੀ ਨੂੰ ਲੈ ਕੇ ਸਖ਼ਤ ਹੋ ਸਕੇ, ਨਹੀਂ ਤਾਂ ਗਾਹਕ ਕਿਸੇ ਦੂਸਰੀ ਥਾਵੇਂ ਚਲੇ ਜਾਣਗੇ। ਜਦੋਂ ਉਹ ਔਰਤ ਕੁਰਸੀ 'ਤੇ ਬਹਿ ਜਾਂਦੀ ਹੈ ਤਾਂ ਪ੍ਰਮਿਲਾ ਉਸ ਕੋਲ਼ੋਂ ਫੰਕਸ਼ਨ ਬਾਰੇ ਪੁੱਛਦੀ ਹਨ। ਇੰਝ ਦੋਵਾਂ ਵਿੱਚ ਦੋਸਤਾਨਾ ਗੱਲਬਾਤ ਸ਼ੁਰੂ ਹੋ ਜਾਂਦੀ ਹੈ। '' ਹਮ ਥੋੜਾ ਹੰਸੀ-ਮਜ਼ਾਕ ਕਰੇਂਗੇ ਕਿ ਸਕਿਨ ਮੇਂ ਅੰਦਰ ਸੇ ਨਿਖਾਰ ਆਏ, '' ਉਹ ਬਾਅਦ ਵਿੱਚ ਸਾਨੂੰ ਦੱਸਦੀ ਹਨ।
ਇਸ ਕਾਰੋਬਾਰ ਦੀ ਬੇਯਕੀਨੀ ਬਾਰੇ ਧਿਆਨ ਦਵਾਉਂਦਿਆਂ ਪ੍ਰਮਿਲਾ ਕਹਿੰਦੀ ਹਨ,''ਆਮ ਦਿਨੀਂ ਮੈਂ ਦਿਹਾੜੀ ਵਿੱਚ 25 ਤੋਂ ਵੀ ਵੱਧ ਔਰਤਾਂ ਦੇ ਆਈਬ੍ਰੋ ਬਣਾਉਂਦੀ ਹਾਂ, ਪਰ ਕਈ ਦਿਨ ਅਜਿਹੇ ਵੀ ਹੁੰਦੇ ਹਨ ਜਦੋਂ ਬਾਮੁਸ਼ਕਲ ਪੰਜ ਗਾਹਕ ਹੀ ਆਉਂਦੇ ਹਨ।'' ਜਿਸ ਦਿਨ ਕਿਸੇ ਦੁਲਹਨ ਨੂੰ ਤਿਆਰ ਕਰਨ ਜਾਣਾ ਹੁੰਦਾ ਹੈ ਤਾਂ ਉਸ ਦਿਨ ਉਨ੍ਹਾਂ ਦੀ ਕਮਾਈ 5,000 ਰੁਪਏ ਤੀਕਰ ਪਹੁੰਚ ਜਾਂਦੀ ਹੈ। ''ਪਹਿਲਾਂ-ਪਹਿਲ ਸਾਨੂੰ ਕਈ ਦੁਲਹਨਾਂ ਤਿਆਰ ਕਰਨ ਦਾ ਮੌਕਾ ਮਿਲ਼ ਜਾਂਦਾ, ਪਰ ਹੁਣ ਕੁੜੀਆਂ ਵੀਡਿਓ ਦੇਖ ਦੇਖ ਕੇ ਖ਼ੁਦ ਹੀ ਤਿਆਰ ਹੋ ਜਾਂਦੀਆਂ ਹਨ। ਇਸਲਈ ਆਪਣੀਆਂ ਸੇਵਾਵਾਂ ਨੂੰ ਵੱਧ ਆਕਰਸ਼ਕ ਬਣਾਉਣ ਲਈ ਉਨ੍ਹਾਂ ਕੋਲ਼ ਕਈ ਆਫ਼ਰ ਵੀ ਹੁੰਦੇ ਹਨ ਜਿਵੇਂ, 30 ਰੁਪਏ ਵਿੱਚ ਆਈਬ੍ਰੋ ਬਣਾਉਣ ਦੇ ਨਾਲ਼ ਨਾਲ਼ ਉਹ ਬੁੱਲ੍ਹਾਂ ਦੇ ਉਪਰਲੇ ਰੂੰਏ ਵੀ ਹਟਾਉਂਦੀ ਹਨ।
ਪਾਰਲਰ ਵਿਖੇ ਵਡੇਰੀ ਉਮਰ ਦੀਆਂ ਔਰਤਾਂ ਨੂੰ ਲਿਆਉਣਾ ਹਾਲੇ ਵੀ ਇੱਕ ਚੁਣੌਤੀ ਹੈ। ਪ੍ਰਿਯਾ ਕਹਿੰਦੀ ਹਨ ਕਿ ਉਨ੍ਹਾਂ ਨੇ ਆਪਣੀ ਮਾਂ ਦੀ ਪੀੜ੍ਹੀ ਦੀ ਕਿਸੇ ਵੀ ਔਰਤ ਨੂੰ ਹੀ ਵਿਰਲੇ ਹੀ ਕਦੇ ਪਾਰਲਰ ਆਉਂਦੇ ਦੇਖਿਆ ਹੋਣਾ: ''ਮੇਰੀ ਮਾਂ ਨੇ ਨਾ ਕਦੇ ਆਪਣੇ ਆਈਬ੍ਰੋ ਬਣਵਾਏ ਤੇ ਨਾ ਹੀ ਕਦੇ ਵਾਲ਼ ਹੀ ਕਟਵਾਏ। ਉਹ ਕਦੇ ਨਹੀਂ ਸਮਝਦੀ ਕਿ ਅਸੀਂ ਆਪਣੀਆਂ ਕੱਛਾਂ ਦੇ ਵਾਲ਼ ਕਿਉਂ ਕਢਵਾਉਂਦੀਆਂ ਹਾਂ, ਬੱਸ ਇੰਨਾ ਕਹਿ ਛੱਡਦੀ ਹਨ,'ਕੁਦਰਤ ਨੇ ਮੈਨੂੰ ਇੰਝ ਦਾ ਹੀ ਬਣਾਇਆ ਹੈ, ਫਿਰ ਖ਼ੁਦ ਨੂੰ ਬਦਲਣ ਵਾਲ਼ੀ ਮੈਂ ਕੌਣ ਹੁੰਦੀ ਹਾਂ'?''
ਤਿਰਕਾਲਾਂ ਦੇ ਕੋਈ 5 ਵੱਜੇ ਹਨ ਤੇ ਇੱਕ ਔਰਤ ਆਪਣੀਆਂ ਦੋ ਗਭਰੇਟ ਧੀਆਂ ਦੇ ਨਾਲ਼ ਪਾਰਲਰ ਦੇ ਅੰਦਰ ਦਾਖ਼ਲ ਹੁੰਦੀ ਹੈ। ਤਬੱਸੁਮ ਮਲਿਕ, ਪ੍ਰਮਿਲਾ ਦੇ ਨਾਲ਼ ਕਰਕੇ ਬਹਿ ਜਾਂਦੀ ਹਨ, ਜਦੋਂਕਿ ਉਨ੍ਹਾਂ ਦੀਆਂ ਧੀਆਂ ਨੇ ਆਪੋ-ਆਪਣੇ ਬੁਰਕੇ ਲਾਹੇ ਤੇ ਕਾਲ਼ੀ ਵਿਨਾਇਲ ਦੀਆਂ ਕੁਰਸੀਆਂ 'ਤੇ ਜਾ ਬੈਠਦੀਆਂ ਹਨ। ਸੰਤਰੀ ਰੰਗੇ ਇੱਕ ਮੇਜ਼ 'ਤੇ ਲੋੜਵੰਦਾ ਸਮਾਨ ਪਿਆ ਹੈ। ਬੜੇ ਕਰੀਨੇ ਨਾਲ਼ ਕੈਂਚੀਆਂ, ਕੰਘੀਆਂ, ਵੈਕਸ ਹੀਟਰ, ਵਿਜ਼ੀਟਿੰਗ ਕਾਰਡ ਦੇ ਦੋ ਬੰਡਲ, ਆਈਬ੍ਰੋ ਥ੍ਰੈਡ ਦੀਆਂ ਰੀਲ੍ਹਾਂ, ਪਾਊਡਰ ਅਤੇ ਕਈ ਵੰਨ-ਸੁਵੰਨੇ ਲੋਸ਼ਨਾਂ ਦੀਆਂ ਸ਼ੀਸ਼ੀਆਂ ਮੇਜ਼ 'ਤੇ ਸਜਾਈਆਂ ਪਈਆਂ ਹਨ।
''ਤੁਹਾਡੀਆਂ ਤਿੰਨ ਕੁੜੀਆਂ ਨਹੀਂ? ਕੀ ਇੱਕ ਵਿਆਹੀ ਗਈ ਹੈ?'' ਪ੍ਰਮਿਲਾ ਪੁੱਛਦੀ ਹਨ, ਸ਼ਾਇਦ ਇਹ ਜਤਾਉਣ ਲਈ ਕਿ ਉਨ੍ਹਾਂ ਨੂੰ ਆਪਣੇ ਗਾਹਕਾਂ ਦੇ ਜੀਵਨ ਬਾਰੇ ਕਿੰਨਾ ਕੁਝ ਚੇਤੇ ਹੈ।
''ਉਹ ਪੜ੍ਹ ਰਹੀ ਹੈ,'' ਜਵਾਬ 'ਚ ਤਬੱਸੁਮ ਕਹਿੰਦੀ ਹਨ,''ਇੱਕ ਵਾਰ ਸਕੂਲ ਮੁੱਕੇ ਤਾਂ ਅਸੀਂ ਵਿਆਹ ਬਾਰੇ ਸੋਚਾਂਗੇ।''
ਸੋਫ਼ੇ 'ਤੇ ਆਪਣੀ ਥਾਵੇਂ ਬੈਠੀ ਪ੍ਰਮਿਲਾ ਵੀ ਸਹਿਮਤੀ ਵਿੱਚ ਆਪਣਾ ਸਿਰ ਹਿਲਾਉਂਦੀ ਹਨ। ਤਬੱਸੁਮ ਦੇ ਨਾਲ਼ ਗਪਸ਼ਪ ਕਰਦੀ ਹੋਈ ਪ੍ਰਮਿਲਾ ਨੇ ਆਪਣੇ ਕੋਲ਼ ਟ੍ਰੇਨਿੰਗ ਲੈ ਰਹੀਆਂ ਕੁੜੀਆਂ-ਟੁਨੀ ਤੇ ਰਾਣੀ ਦੇ ਕੰਮ 'ਤੇ ਘੋਖਵੀਂ ਨਜ਼ਰ ਬਣਾਈ ਹੋਈ ਹੈ, ਜੋ ਵਾਲ਼ ਕਟਵਾਉਣ ਆਈਆਂ ਕੁੜੀਆਂ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤਿਆਰੀ ਕੱਸ ਰਹੀਆਂ ਹਨ। ਦੋਵੇਂ ਸਟਾਈਲਿਸਟ 12 ਸਾਲ ਦੀ ਜੈਸਮੀਨ ਦੇ ਦੁਆਲ਼ੇ ਖੜ੍ਹੀਆਂ ਹਨ, ਜੋ ਆਪਣੇ ਵਾਲ਼ਾਂ ਦੀ 'ਯੂ' ਕਟਿੰਗ ਕਰਾਉਣ ਨੂੰ ਲੈ ਕੇ ਬੜੀ ਉਤਸਾਹਤ ਹੈ। ਇਸ ਸਟਾਇਲ ਵਿੱਚ ਵਾਲ਼ ਕੱਟਣ ਲਈ 80 ਰੁਪਏ ਲੱਗਦੇ ਹਨ। ਪ੍ਰਮਿਲਾ, ਟੁਨੀ ਨੂੰ ਕਹਿੰਦੀ ਹਨ,''ਧਿਆਨ ਰੱਖੀਂ, 'ਯੂ-ਸ਼ੇਪ' ਕੱਟਦਿਆਂ ਇੱਕ ਵਾਰ ਵੀ ਕੈਂਚੀ ਚੁੱਕੀ ਨਾ।'' ਟੁਨੀ ਗਹੁ ਨਾਲ਼ ਗੱਲ ਸੁਣਦੀ ਤੇ ਫ਼ੁਰਤੀ ਨਾਲ਼ ਕੰਮੇ ਲੱਗ ਜਾਂਦੀ ਹਨ।
ਟ੍ਰੇਨਿੰਗ ਲੈਣ ਵਾਲ਼ੀਆਂ ਕੁੜੀਆਂ ਇੱਕ ਕੁੜੀ ਦੇ ਵਾਲ਼ ਕੱਟਦੀਆਂ ਹਨ, ਪਰ ਦੂਸਰੀ ਕੁੜੀ ਦੇ ਵਾਲ਼ ਖ਼ੁਦ ਪ੍ਰਮਿਲਾ ਕੱਟਦੀ ਹਨ। ਉਹ ਆਪਣੀ ਨੌਜਵਾਨ ਸਹਾਇਕਾ ਪਾਸੋਂ ਲੋਹੇ ਦੀ ਵਜ਼ਨਦਾਰ ਕੈਂਚੀ ਫੜ੍ਹਦੀ ਤੇ ਵਾਲ਼ ਕੱਟਣੇ ਸ਼ੁਰੂ ਕਰਦੀ ਹਨ, ਫਿਰ ਟ੍ਰੇਨਿੰਗ ਵਾਲ਼ੀਆਂ ਕੁੜੀਆਂ ਦੇ ਵਾਲ਼ਾਂ ਨੂੰ ਕੱਟ ਕੇ ਇੱਕ ਨਵਾਂ ਸਟਾਇਲ ਦਿੰਦੀ ਹਨ।
15 ਮਿੰਟਾਂ ਵਿੱਚ ਵਾਲ਼ ਕੱਟਣ ਦਾ ਕੰਮ ਪੂਰਾ ਹੁੰਦਾ ਹੈ ਤੇ ਰਾਣੀ ਝੁਕ ਕੇ ਭੁੰਜੇ ਪਈਆਂ ਲਟਾਂ ਨੂੰ ਇਕੱਠਾ ਕਰਨ ਲੱਗਦੀ ਹਨ। ਉਹ ਉਨ੍ਹਾਂ ਨੂੰ ਬੜੀ ਸਾਵਧਾਨੀ ਨਾਲ਼ ਰਬੜ ਚੜ੍ਹਾਉਂਦੀ ਹਨ। ਬਾਅਦ ਵਿੱਚ ਇਹੀ ਵਾਲ਼ ਕੋਲਕਾਤਾ ਦੇ ਇੱਕ ਵਿਗ ਨਿਰਮਾਤਾ ਨੂੰ ਵੇਚ ਦਿੱਤੇ ਜਾਣਗੇ, ਕੋਲਕਾਤਾ ਦਾ ਇੱਥੋਂ ਟ੍ਰੇਨ ਰਾਹੀਂ ਅੱਧੇ ਦਿਨ ਦਾ ਸਫ਼ਰ ਹੈ।
''ਹੁਣ ਸਾਡੀ ਮੁਲਾਕਾਤ ਅਗਲੇ ਸਾਲ ਹੀ ਹੋਵੇਗੀ,'' ਜਿਓਂ ਮਾਵਾਂ-ਧੀਆਂ ਪਾਰਲਰ 'ਚੋਂ ਬਾਹਰ ਨਿਕਲ਼ਦੀਆਂ ਹਨ ਤਾਂ ਪ੍ਰਮਿਲਾ ਕਹਿੰਦੀ ਹਨ। ''ਉਹ ਸਾਲ ਵਿੱਚ ਸਿਰਫ਼ ਇੱਕੋ ਵਾਰੀ ਈਦ ਤੋਂ ਪਹਿਲਾਂ ਵਾਲ਼ ਕਟਵਾਉਣ ਆਉਂਦੀਆਂ ਹਨ।'' ਆਪਣੇ ਗਾਹਕਾਂ ਨੂੰ ਜਾਣਨਾ, ਉਨ੍ਹਾਂ ਦੀਆਂ ਇੱਛਾਵਾਂ ਦਾ ਖਿਆਲ ਰੱਖਣਾ ਤੇ ਮਿਲਣਸਾਰ ਸੁਭਾਅ ਹੀ ਹੈ ਜੋ ਪ੍ਰਮਿਲਾ ਨੂੰ ਲੋਕਪ੍ਰਿਯ ਬਣਾਉਂਦਾ ਹੈ।
ਹਾਲਾਂਕਿ, ਇਸ ਔਰਤ ਉੱਦਮੀ ਦੇ ਜੀਵਨ ਵਿੱਚ ਸਿਰਫ਼ ਮਸਕਾਰਾ ਤੇ ਬਲੱਸ਼ ਹੀ ਨਹੀਂ ਹਨ। ਉਨ੍ਹਾਂ ਨੂੰ ਰੋਜ਼ ਸਵੇਰੇ ਚਾਰ ਵਜੇ ਉੱਠਣਾ ਪੈਂਦਾ ਹੈ ਤਾਂਕਿ ਉਹ ਆਪਣੇ ਘਰ ਦਾ ਪੂਰਾ ਕੰਮ ਨਬੇੜ ਕੇ ਆਪਣੇ ਬੱਚਿਆਂ- ਪ੍ਰਿਯਾ ਤੇ ਪ੍ਰਿਯਾਂਸ਼ੂ ਨੂੰ ਸਕੂਲ ਭੇਜ ਸਕਣ। ਘਰੋਂ ਨਿਕਲ਼ਣ ਤੋਂ ਪਹਿਲਾਂ ਉਨ੍ਹਾਂ ਨੂੰ 10 ਲੀਟਰ ਪਾਣੀ ਆਪਣੇ ਨਾਲ਼ ਚੁੱਕਣਾ ਪੈਂਦਾ ਹੈ ਕਿਉਂਕਿ ਜਿਹੜੇ ਸ਼ਾਪਿੰਗ ਕੰਪਲੈਕਸ ਵਿੱਚ ਉਨ੍ਹਾਂ ਦਾ ਪਾਰਲਰ ਹੈ, ਉੱਥੇ ਪਾਣੀ ਦੀ ਸਪਲਾਈ ਦਾ ਕੋਈ ਬੰਦੋਬਸਤ ਨਹੀਂ ਹੈ। ਉਹ ਸਵਾਲ ਪੁੱਛਦੀ ਹਨ,''ਪਾਣੀ ਦੀ ਸਪਲਾਈ ਬਗ਼ੈਰ ਦੱਸੋ ਤੁਸੀਂ ਇੱਕ ਪਾਰਲਰ ਕਿਵੇਂ ਚਲਾ ਸਕਦੀ ਹੋ?''
ਵਿਵਾਹ ਲੇਡੀਜ਼ ਬਿਊਟੀ ਪਾਰਲਰ ਸਵੇਰੇ 10 ਵਜੇ ਖੁੱਲ੍ਹ ਜਾਂਦਾ ਹੈ ਅਤੇ 11 ਘੰਟਿਆਂ ਬਾਅਦ ਰਾਤੀਂ 9 ਵਜੇ ਬੰਦ ਹੁੰਦਾ ਹੈ। ਜਦੋਂ ਪ੍ਰਮਿਲਾ ਬੀਮਾਰ ਪੈਂਦੀ ਹਨ ਜਾਂ ਘਰੇ ਕੋਈ ਮਹਿਮਾਨ ਆਇਆ ਹੁੰਦਾ ਹੈ ਤਾਂ ਹੀ ਉਨ੍ਹਾਂ ਨੂੰ ਛੁੱਟੀ ਮਿਲ਼ਦੀ ਹੈ। ਹਰ ਰੋਜ਼ ਸਵੇਰੇ 10 ਵਜੇ ਆਪਣੇ ਪਤੀ ਦੇ ਨਾਲ਼ ਉਹ ਪਾਰਲਰ ਅਪੜਦੀ ਹਨ। ਫਿਰ ਰਾਜੇਸ਼ ਆਪਣੀ ਦੁਕਾਨ 'ਤੇ ਚਲੇ ਜਾਂਦੇ ਹਨ, ਜੋ ਬਾਮੁਸ਼ਕਲ ਇੱਕ ਕਿਲੋਮੀਟਰ ਦੂਰ ਹੈ। ਪ੍ਰਮਿਲਾ ਫ਼ਖਰ ਨਾਲ਼ ਦੱਸਦੀ ਹਨ,''ਮੇਰੇ ਪਤੀ ਇੱਕ ਕਲਾਕਾਰ ਹਨ। ਉਹ ਸਾਈਨਬੋਰਡ ਅਤੇ ਪੁਲਾਂ ਨੂੰ ਪੇਂਟ ਕਰਦੇ ਹਨ, ਗ੍ਰੇਨਾਇਟ ਵਿੱਚ ਖ਼ੁਦਾਈ ਦੀ ਕੰਮ ਕਰਦੇ ਹਨ ਤੇ ਡੀਜੇ ਅਤੇ ਵਿਆਹ ਸਮਾਰੋਹਾਂ ਵਿੱਚ ਸਟੇਜਾਂ ਤੇ ਮੰਡਪਾਂ ਨੂੰ ਸਜਾਉਣ ਦਾ ਕੰਮ ਕਰਦੇ ਹਨ,'' ਉਹ ਖੁੱਲ੍ਹ ਕੇ ਦੱਸਣ ਲੱਗਦੀ ਹਨ।
ਜਿਸ ਦਿਨ ਪ੍ਰਮਿਲਾ ਨੂੰ ਪਾਰਲਰ 'ਚ ਥੋੜ੍ਹੀ ਦੇਰ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਪਤੀ ਆਪਣੀ ਦੁਕਾਨ ਦੇ ਬਾਹਰ ਖੜ੍ਹੇ ਹੋ ਉਡੀਕ ਕਰਦੇ ਹਨ ਤੇ ਓਨਾ ਚਿਰ ਤੱਕ ਆਪਣੇ ਦੋਸਤਾਂ ਨਾਲ਼ ਗੱਪਾਂ ਮਾਰਦੇ ਹਨ।
''ਇਸ ਕਾਰੋਬਾਰ ਵਿੱਚ ਕੋਈ ਐਤਵਾਰ ਨਹੀਂ ਆਉਂਦਾ। ਜਦੋਂ ਮੇਰੇ ਗੁਆਂਢੀ ਘਰ ਆ ਕੇ ਕੋਈ ਸੇਵਾ ਲੈਂਦੇ ਹਨ ਤਦ ਮੈਂ ਉਨ੍ਹਾਂ ਕੋਲ਼ੋਂ ਵੀ ਪੈਸੇ ਲੈਂਦੀ ਹਾਂ!'' ਪੈਸੇ ਦੇਣ ਵਿੱਚ ਬਹਾਨੇ ਬਣਾਉਣ ਤੇ ਸੌਦੇਬਾਜ਼ੀ ਕਰਨ ਵਾਲ਼ੇ ਗਾਹਕਾਂ ਨਾਲ਼ ਸਖ਼ਤੀ ਨਾਲ਼ ਨਜਿੱਠਿਆ ਜਾਂਦਾ ਹੈ। ''ਜੇ ਕੋਈ ਗਾਹਕ ਆਕੜ ਦਿਖਾਉਂਦਾ ਹੈ ਤਾਂ ਅਸੀਂ ਉਹਨੂੰ ਸਬਕ ਸਿਖਾਉਣਾ ਵੀ ਜਾਣਦੇ ਹਾਂ।''
ਵਿਵਾਹ ਲੇਡੀਜ਼ ਬਿਊਟੀ ਪਾਰਲਰ ਦੀ ਮਾਲਕਨ ਪ੍ਰਮਿਲਾ ਦਾ ਪਾਲਣ-ਪੋਸ਼ਣ ਪੱਛਮੀ ਬੰਗਾਲ ਦੇ ਕੋਇਲਾ ਕਸਬੇ ਵਿੱਚ ਹੋਇਆ, ਜਿੱਥੇ ਉਨ੍ਹਾਂ ਦੇ ਪਿਤਾ ਇਸਟਰਨ ਕੋਲਫੀਲਡ ਲਿਮਿ. ਵਿੱਚ ਇੱਕ ਫੋਰਮੈਨ ਵਜੋਂ ਕੰਮ ਕਰਦੇ ਸਨ। ਉਨ੍ਹਾਂ ਦੀ ਮਾਂ ਅੱਠ ਮੈਂਬਰੀ ਟੱਬਰ ਨੂੰ ਸਾਂਭਦੀ ਸਨ। ਹਰੇਕ ਸਾਲ ਪ੍ਰਮਿਲਾ ਤੇ ਉਨ੍ਹਾਂ ਦੇ ਬਾਕੀ ਦੇ ਪੰਜੋ ਭੈਣ-ਭਰਾ ਆਪਣੇ ਨਾਨਕੇ ਘਰ ਘੁੰਮਣ ਜਾਂਦੇ।
ਸਾਲ 2000 ਵਿੱਚ 12ਵੀਂ ਪਾਸ ਕਰਨ ਤੋਂ ਬਾਅਦ ਹੀ ਪ੍ਰਮਿਲਾ ਤੇ ਰਾਜੇਸ਼ ਦਾ ਵਿਆਹ ਹੋ ਗਿਆ ਤੇ ਉਹ ਜਮੁਈ ਵੱਸ ਗਏ। ਉਹ ਦੱਸਦੀ ਹਨ ਕਿ ਵਿਆਹ ਦੇ ਸੱਤ ਸਾਲਾਂ ਤੀਕਰ ਇੰਝ ਹੀ ਚੱਲਦਾ ਰਿਹਾ ਕਿ ਪਤੀ ਕੰਮ 'ਤੇ ਚਲੇ ਜਾਂਦੇ ਤੇ ਬੱਚੇ ਸਕੂਲ। ਆਖ਼ਰਕਾਰ ਘਰੇ ਵਿਹਲੇ ਬੈਠਣ ਤੋਂ ਅਕੇਵਾਂ ਮਹਿਸੂਸ ਕਰਦਿਆਂ ਪ੍ਰਮਿਲਾ ਨੇ ਬਿਊਟੀ ਪਾਰਲਰ ਖੋਲ੍ਹਣ ਬਾਰੇ ਸੋਚਿਆ। ਇਹ ਬੜੀ ਸੁਖਾਵੀਂ ਗੱਲ ਰਹੀ ਕਿ ਉਨ੍ਹਾਂ ਦੇ ਪਤੀ ਨੂੰ ਕੋਈ ਇਤਰਾਜ਼ ਨਹੀਂ ਸੀ। ਉਹ ਦੱਸਦੀ ਹਨ,''ਜਦੋਂ ਮੇਰੇ ਗਾਹਕ ਆਉਂਦੇ ਹਨ ਤੇ ਅਸੀਂ ਆਪਸ ਵਿੱਚ ਹਾਸਾ-ਮਜ਼ਾਕ ਕਰਦੇ ਹਾਂ ਤਾਂ ਸੱਚ ਪੁੱਛੋ ਮੇਰੇ ਸਾਰੇ ਤਣਾਓ ਦੂਰ ਹੋ ਜਾਂਦੇ ਹਨ।''
ਸਾਲ 2007 ਵਿੱਚ ਜਦੋਂ ਪ੍ਰਮਿਲਾ ਨੇ ਬਿਊਟੀ ਪਾਰਲਰ ਟ੍ਰੇਨਿੰਗ ਲੈਣ ਦੀ ਖਵਾਇਸ਼ ਜਤਾਈ ਤਾਂ ਜਮੁਈ ਵਿੱਚ ਕਈ ਕੋਰਸ ਮੌਜੂਦ ਸਨ। ਪ੍ਰਮਿਲਾ ਨੂੰ ਉਨ੍ਹਾਂ ਵਿੱਚੋਂ ਦੋ ਕੋਰਸ ਸਹੀ ਜਾਪੇ। ਉਨ੍ਹਾਂ ਦੇ ਪਰਿਵਾਰ ਨੇ ਦੋਵਾਂ ਕੋਰਸਾਂ ਦੇ ਖਰਚੇ ਚੁੱਕੇ। ਪਹਿਲਾ ਕੋਰਸ ਆਕਰਸ਼ਕ ਪਾਰਲਰ ਦਾ ਸੀ, ਜੋ ਛੇ ਮਹੀਨਿਆਂ ਦਾ ਸੀ ਤੇ ਉਹਦੀ ਫੀਸ 6,000 ਰੁਪਏ ਸੀ ਤੇ ਦੂਸਰਾ ਕੋਰਸ ਫੇਸ ਲੁਕ ਦਾ ਸੀ, ਜਿਹਦੀ ਫੀਸ ਕੋਈ 2,000 ਰੁਪਏ ਸੀ।
ਪ੍ਰਮਿਲਾ ਨੂੰ ਇਸ ਪੇਸ਼ੇ ਵਿੱਚ ਆਇਆਂ ਕੋਈ 15 ਸਾਲ ਬੀਤ ਚੁੱਕੇ ਹਨ ਤੇ ਉਹ ਪੂਰੇ ਬਿਹਾਰ ਅੰਦਰ ਅੱਡ-ਅੱਡ ਸੁਹੱਪਣ ਬਰਾਂਡਾਂ ਵੱਲੋਂ ਅਯੋਜਿਤ ਟ੍ਰੇਨਿੰਗ ਵਰਕਸ਼ਾਪ ਵਿੱਚ ਨਿਯਮਤ ਰੂਪ ਵਿੱਚ ਜਾਂਦੀ ਰਹਿੰਦੀ ਹਨ। ਫ਼ਲਸਰੂਪ, ਜਿਵੇਂ ਉਹ ਦੱਸਦੀ ਹਨ,''ਮੈਂ 50 ਤੋਂ ਵੱਧ ਔਰਤਾਂ ਨੂੰ ਕੰਮ ਸਿਖਾਇਆ ਹੈ, ਜਿਨ੍ਹਾਂ ਵਿੱਚੋਂ ਕਈਆਂ ਨੇ ਤਾਂ ਆਪਣਾ ਬਿਊਟੀ ਪਾਰਲਰ ਵੀ ਖੋਲ੍ਹ ਲਿਆ ਹੈ। ਜ਼ਿਆਦਾਤਰ ਔਰਤਾਂ ਤਾਂ ਨੇੜਲੇ ਪਿੰਡਾਂ ਤੋਂ ਹਨ।''
ਜਿਵੇਂ ਹੀ ਅਸੀਂ ਇੰਟਰਵਿਊ ਖ਼ਤਮ ਕਰਨ ਲੱਗਦੇ ਹਾਂ, ਪ੍ਰਮਿਲਾ ਸ਼ਰਮਾ ਆਪਣੇ ਬੁੱਲ੍ਹਾਂ 'ਤੇ ਲਾਲ ਲਿਪਸਟਿਕ ਲਾਉਂਦੀ ਹਨ। ਉਹ ਕੋਹਲ ਦਾ ਕ੍ਰੇਯੋਨ ਚੁੱਕਦੀ ਹਨ ਤੇ ਆਪਣੀਆਂ ਅੱਖਾਂ ਨੂੰ ਗੂੜ੍ਹਾ ਰੰਗ ਦੇਣ ਤੋਂ ਬਾਅਦ ਦੋਬਾਰਾ ਆਪਣੇ ਸਿੰਦੂਰੀ ਰੰਗੇ ਸੋਫ਼ੇ 'ਤੇ ਬਹਿ ਜਾਂਦੀ ਹਨ।
''ਮੈਂ ਖ਼ੂਬਸੂਰਤ ਤਾਂ ਨਹੀਂ, ਪਰ ਤੁਸੀਂ ਮੇਰੀ ਤਸਵੀਰ ਲੈ ਸਕਦੀ ਹੋ,'' ਉਹ ਕਹਿੰਦੀ ਹਨ।
ਤਰਜਮਾ: ਕਮਲਜੀਤ ਕੌਰ