ਦਿਲਾਵਰ ਸ਼ਿਕਲਗਰ 1960 ਦੇ ਦਹਾਕੇ ਦੇ ਮੱਧ ਦੀ ਇਕ ਘਟਨਾ ਨੂੰ ਯਾਦ ਕਰਦਿਆਂ ਮੁਸਕਰਾਉਂਦੇ ਹਨ। ਉਨ੍ਹਾਂ ਦੀ ਵਰਕਸ਼ਾਪ ਵਿਚ ਕੋਈ ਵਿਅਕਤੀ ਹਥੌੜੇ ਨਾਲ ਲੋਹਾ ਕੁੱਟ ਰਿਹਾ ਸੀ ਕਿ ਲੋਹੇ ਦੀ ਇਕ ਫਾਕੜ (ਟੁਕੜਾ) ਉੱਡਦੀ ਹੋਈ ਆਈ ਤੇ ਉਨ੍ਹਾਂ ਦੀ ਖੱਬੀ (ਖੱਬੇ ਹੱਥ ਦੀ) ਅਗਲੀ ਉਂਗਲ ਜ਼ਖ਼ਮੀ ਕਰ ਦਿੱਤੀ। ਪੰਜ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ, ਕਾਫ਼ੀ ਸਮਾਂ ਪਹਿਲਾਂ ਭਰ ਚੁੱਕੇ ਜ਼ਖ਼ਮ ਦਾ ਨਿਸ਼ਾਨ ਅਜੇ ਵੀ ਦਿਸਦਾ ਹੈ। ਉਹ ਮੁਸਕਰਾਉਂਦੇ ਹੋਏ ਕਹਿੰਦੇ ਹਨ, “ਮੇਰੀਆਂ ਹਥੇਲੀਆਂ ਵੱਲ ਦੇਖੋ। ਇਹ ਕਿਸੇ ਧਾਤੂ ਵਾਂਗ ਪੱਕ ਚੁੱਕੀਆਂ ਹਨ।”
ਇਨ੍ਹਾਂ ਪੰਜ ਤੋਂ ਵੱਧ ਦਹਾਕਿਆਂ ਦੌਰਾਨ, 68 ਵਰ੍ਹਿਆਂ ਦੇ ਦਿਲਾਵਰ ਨੇ ਹਰ ਰੋਜ਼ 500 ਵਾਰ ਤਪਦੇ ਲੋਹੇ ਅਤੇ ਕਾਰਬਨ ਸਟੀਲ (ਲੋਹੇ-ਕਾਰਬਨ ਦੀ ਮਿਸ਼ਰਤ ਧਾਤ) ਨੂੰ ਹਥੌੜਾ ਮਾਰਿਆ ਹੈ। ਇਸ ਹਿਸਾਬ ਨਾਲ ਉਹ ਆਪਣੀ ਉਮਰ ਦੇ 55 ਸਾਲਾਂ ਦੌਰਾਨ ਆਪਣਾ ਰਵਾਇਤੀ ਪੰਜ ਕਿਲੋ ਦਾ ਘਣ ਕਰੀਬ 80 ਲੱਖ ਵਾਰ ਧਾਤੂ ਉੱਤੇ ਮਾਰ ਚੁੱਕੇ ਹਨ।
ਲੁਹਾਰਾਂ ਦਾ ਇਹ ਸ਼ਿਕਲਗਰ ਪਰਿਵਾਰ ਸਾਂਗਲੀ ਜ਼ਿਲ੍ਹੇ ਦੇ ਵਾਲਵਾ ਤਾਲੁਕਾ ਵਿਚ ਸਥਿਤ ਪਿੰਡ ਬਾਗਾਨੀ ਵਿਚ ਰਹਿੰਦਾ ਹੈ। ਇਹ ਲੁਹਾਰ ਇਕ ਸਦੀ ਤੋਂ ਵੀ ਵੱਧ ਸਮੇਂ ਤੋਂ ਇਹੀ ਕੰਮ ਕਰ ਰਹੇ ਹਨ। ਉਹ ਵੱਖ-ਵੱਖ ਤਰ੍ਹਾਂ ਦੇ ਔਜ਼ਾਰ ਹੱਥੀਂ ਬਣਾਉਂਦੇ ਹਨ ਜਿਨ੍ਹਾਂ ਦੀ ਵਰਤੋਂ ਘਰਾਂ ਅਤੇ ਖੇਤਾਂ ਵਿਚ ਕੀਤੀ ਜਾਂਦੀ ਹੈ। ਪਰ ਉਹ ਵਿਸ਼ੇਸ਼ ਤੌਰ ’ਤੇ ਵਧੀਆ ਕਿਸਮ ਦੇ ਕੈਂਚ (ਨਟ-ਕੱਟਰ) ਜਾਂ ਅਡਕਿੱਤਾ (ਮਰਾਠੀ ਵਿਚ) ਹੱਥੀਂ ਬਣਾਉਣ ਲਈ ਜਾਣੇ ਜਾਂਦੇ ਹਨ। ਇਹ ਕੈਂਚ ਨਮੂਨੇ, ਹੰਢਣਸਾਰਤਾ ਤੇ ਨੁਕੀਲੇਪਣ ਵਿਚ ਨਿਵੇਕਲੇ ਮੰਨੇ ਜਾਂਦੇ ਹਨ।
ਇਹ ਕੈਂਚ ਆਕਾਰ ਵਿਚ ਚਾਰ ਇੰਚ ਤੋਂ ਲੈ ਕੇ ਦੋ ਫੁੱਟ ਤੱਕ ਹੁੰਦੇ ਹਨ। ਛੋਟੇ ਅਡਕਿੱਤੇ ਦੀ ਵਰਤੋਂ ਸੁਪਾਰੀ, ਕੱਥਾ (ਕਿੱਕਰ ਦੀ ਇਕ ਕਿਸਮ), ਖੋਬਰਾ (ਸੁੱਕਾ ਨਾਰੀਅਲ) ਅਤੇ ਸੁਤਲੀ (ਨਾਰੀਅਲ ਦੇ ਰੇਸ਼ੇ) ਵੱਢਣ ਲਈ ਕੀਤੀ ਜਾਂਦੀ ਹੈ। ਵੱਡੇ ਕੈਂਚਾਂ ਦੀ ਵਰਤੋਂ ਸੋਨੇ-ਚਾਂਦੀ ਦੇ ਕੰਮ ਵਿਚ ਸੁਨਿਆਰਿਆਂ ਤੇ ਜੌਹਰੀਆਂ ਦੁਆਰਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਦੀ ਵਰਤੋਂ ਵੱਡੀ ਸੁਪਾਰੀ ਨੂੰ ਵੱਢਣ ਲਈ ਵੀ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਛੋਟੇ ਟੁਕੜਿਆਂ ਵਿਚ ਬਜ਼ਾਰ ’ਚ ਵੇਚਿਆ ਜਾਂਦਾ ਹੈ।
ਸ਼ਿਕਲਗਰ ਪਰਿਵਾਰ ਦੁਆਰਾ ਬਣਾਏ ਗਏ ਇਹ ਕੈਂਚ ਏਨੇ ਪ੍ਰਸਿੱਧ ਹਨ ਕਿ ਇਨ੍ਹਾਂ ਨੂੰ ਖ਼ਰੀਦਣ ਲਈ ਦੂਰੋਂ-ਨੇੜਿਉਂ ਲੋਕ ਬਾਗਾਨੀ ਪਿੰਡ ਆਉਂਦੇ ਹਨ। ਇਹ ਲੋਕ ਮਹਾਰਾਸ਼ਟਰ ਦੇ ਅਕਲੁਜ, ਕੋਲ੍ਹਾਪੁਰ, ਉਸਮਾਨਾਬਾਦ, ਸੰਗੋਲੇ ਅਤੇ ਸਾਂਗਲੀ ਤੋਂ ਇਲਾਵਾ ਕਰਨਾਟਕ ਦੇ ਅਥਨੀ, ਬੀਜਾਪੁਰ, ਰਾਇਬਾਗ ਸਮੇਤ ਹੋਰ ਕਈ ਥਾਂਵਾਂ ਤੋਂ ਆਉਂਦੇ ਹਨ।










