ਦਕਸ਼ੀਨਾ ਕੰਨੜ ਜ਼ਿਲ੍ਹੇ ਦੀ ਇਸ ਬੇਲਤਾਂਗੜੀ ਤਾਲੁਕਾ ਦੀਆਂ ਇਨ੍ਹਾਂ ਹਰੀਆਂ-ਭਰੀਆਂ ਪਹਾੜੀਆਂ ਵਿੱਚ ਹੁਣ ਗਾਵਾਂ ਦੇ ਗਲ਼ੇ ਦੀਆਂ ਟੱਲੀਆਂ ਦੀ ਅਵਾਜ਼ ਘੱਟ ਹੀ ਸੁਣਨ ਨੂੰ ਮਿਲ਼ਦੀ ਹੈ। ''ਹੁਣ ਇਹ ਟੱਲੀਆਂ ਕੋਈ ਵੀ ਨਹੀਂ ਬਣਾਉਂਦਾ,'' ਹੁਕਰੱਪਾ ਕਹਿੰਦੇ ਹਨ। ਪਰ ਜਿਸ ਟੱਲੀ ਬਾਰੇ ਉਹ ਗੱਲ ਕਰ ਰਹੇ ਹਨ ਉਹ ਟੱਲੀ ਕੋਈ ਸਧਾਰਣ ਘੰਟੀ ਨਹੀਂ ਹੈ। ਉਨ੍ਹਾਂ ਦੇ ਪਿੰਡ ਸ਼ਿਬਾਜੇ ਵਿਖੇ ਡੰਗਰਾਂ ਦੇ ਗਲ਼ੇ ਵਿੱਚ ਬੱਝੀਆਂ ਟੱਲੀਆਂ ਧਾਤੂ ਦੀਆਂ ਨਹੀਂ ਹੁੰਦੀਆਂ- ਸਗੋਂ ਬਾਂਸ ਤੋਂ ਬਣਾਈਆਂ ਗਈਆਂ ਹੁੰਦੀਆਂ ਹਨ ਅਤੇ ਪਿਛਲੇ ਕੁਝ ਸਾਲਾਂ ਤੋਂ ਸੁਪਾਰੀ ਦੇ ਕਿਸਾਨ, ਹੁਕਰੱਪਾ ਜੋ ਆਪਣੀ ਉਮਰ ਦੇ 70ਵਿਆਂ ਵਿੱਚ ਹਨ, ਅਨੋਖੀ ਕਿਸਮ ਦੀਆਂ ਟੱਲੀਆਂ ਬਣਾਉਂਦੇ ਆ ਰਹੇ ਹਨ।
''ਪਹਿਲਾਂ ਮੈਂ ਡੰਗਰ ਚਾਰਿਆ ਕਰਦਾ ਸਾਂ,'' ਹੁਕਰੱਪਾ ਕਹਿੰਦੇ ਹਨ। ''ਕਦੇ ਕਦੇ ਅਸੀਂ ਚਰਨ ਗਈਆਂ ਗਾਵਾਂ ਨੂੰ ਲੱਭ ਨਾ ਪਾਉਂਦੇ ਅਤੇ ਉਦੋਂ ਹੀ ਸਾਨੂੰ ਉਨ੍ਹਾਂ ਦੇ ਗਲ਼ੇ ਵਿੱਚ ਬਾਂਸ ਦੀਆਂ ਟੱਲੀਆਂ ਬੰਨ੍ਹਣ ਦਾ ਵਿਚਾਰ ਆਇਆ।'' ਟੱਲੀਆਂ ਦੀ ਅਵਾਜ਼ ਨਾਲ਼ ਗਾਵਾਂ ਨੂੰ ਲੱਭਣਾ ਸੁਖ਼ਾਲਾ ਹੋ ਜਾਂਦਾ ਅਤੇ ਜੋ ਗਾਵਾਂ ਪਹਾੜੀਆਂ ਵਿੱਚ ਗੁਆਚ ਗਈਆਂ ਹੁੰਦੀਆਂ ਜਾਂ ਹੋਰਨਾਂ ਦੇ ਖੇਤਾਂ ਵਿੱਚ ਵੜ੍ਹ ਗਈਆਂ ਹੁੰਦੀਆਂ, ਉਨ੍ਹਾਂ ਤੱਕ ਪਹੁੰਚਣਾ ਸੌਖ਼ਾ ਹੋ ਜਾਂਦਾ। ਉਦੋਂ ਹੀ ਪਿੰਡ ਦੇ ਇੱਕ ਬਜ਼ੁਰਗ ਵਿਅਕਤੀ ਨੇ ਉਨ੍ਹਾਂ ਨੂੰ ਟੱਲੀਆਂ ਬਣਾਉਣ ਦੀ ਕਲ਼ਾ ਸਿਖਾਈ ਅਤੇ ਉਨ੍ਹਾਂ ਨੇ ਖ਼ੁਦ ਕੁਝ ਟੱਲੀਆਂ ਬਣਾ ਕੇ ਦਿਖਾਈਆਂ। ਸਮੇਂ ਦੇ ਨਾਲ਼ ਹੁਕਰੱਪਾ ਵੰਨ-ਸੁਵੰਨੀਆਂ ਟੱਲੀਆਂ ਬਣਾਉਣੀਆਂ ਸਿੱਖ ਗਏ। ਕੰਮ ਮਦਦਗਾਰ ਤਾਂ ਬਣਿਆਂ ਕਿਉਂਕਿ ਉਦੋਂ ਬਾਂਸ ਮਿਲ਼ਣੇ ਸੁਖ਼ਾਲ਼ੇ ਸਨ ਇਸਲਈ ਕੋਈ ਸਮੱਸਿਆ ਨਹੀਂ ਹੋਈ। ਉਨ੍ਹਾਂ ਦਾ ਪਿੰਡ ਬੇਲਤਾਂਗੜੀ ਕੁਦ੍ਰੇਮੁਖ ਨੈਸ਼ਨਲ ਪਾਰਕ ਵਿੱਚ ਪੈਂਦਾ ਹੈ ਜੋ ਕਰਨਾਟਕ ਦਾ ਪੱਛਮੀ ਭਾਗ ਹੈ ਅਤੇ ਉੱਥੇ ਤਿੰਨ ਕਿਸਮਾਂ ਦੇ ਬਾਂਸ ਪਾਏ ਜਾਂਦੇ ਹਨ।
ਹੁਕਰੱਪਾ ਤੁਲੁ ਭਾਸ਼ਾ ਬੋਲਦੇ ਹਨ। ਇਸ ਭਾਸ਼ਾ ਵਿੱਚ ਬਾਂਸ ਦੀ ਇਸ ਘੰਟੀ ਨੂੰ ‘ਮੋਂਟੇ’ ਕਿਹਾ ਜਾਂਦਾ ਹੈ। ਇਸ ਘੰਟੀ ਦਾ ਸ਼ਿਬਾਜ਼ੇ ਵਿਖੇ ਵਿਸ਼ੇਸ਼ ਥਾਂ ਹੈ। ਇੱਥੇ ਦੇਵੀ ਦੁਰਗਾ ਦੇ ਮੰਦਰ ਵਿਖੇ ਇਸ ਘੰਟੀ ਨੂੰ ਦੇਵੀ ਨੂੰ ਚੜ੍ਹਾਉਣ ਦੀ ਪਰੰਪਰਾ ਹੈ। ਮੰਦਰ ਦੇ ਅੰਦਰ ‘ਮੋਂਟੇਟਾਡਕਾ’ ਕਿਹਾ ਜਾਂਦਾ ਹੈ। ਭਗਤ ਆਪਣੇ ਡੰਗਰਾਂ ਦੀ ਰੱਖਿਆ ਵਾਸਤੇ ਅਰਦਾਸ ਕਰਦੇ ਹਨ ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਪਾਉਂਦੇ ਹਨ। ਕੁਝ ਲੋਕ ਆਪਣੀਆਂ ਟੱਲੀਆਂ ਹੁਕਰੱਪਾ ਹੱਥੋਂ ਬਣਵਾਉਂਦੇ ਹਨ। “ਲੋਕ ਇਹਨੂੰ ਹਰਕੇ ਵਾਸਤੇ ਖਰੀਦਦੇ ਹਨ। ਜਦੋਂ ਗਾਂ ਸੂਵੇ ਨਾ ਤਾਂ ਉਹ ਦੇਵੀ ਨੂ ਚੜ੍ਹਾਵਾ ਚੜ੍ਹਾਉਂਦੇ ਹਨ,” ਉਹ ਕਹਿੰਦੇ ਹਨ। “ਉਹ ਇੱਕ ਘੰਟੀ ਬਦਲੇ 50 ਰੁਪਏ ਤੱਕ ਦਿੰਦੇ ਹਨ। ਵੱਡੀ ਘੰਟੀ 70 ਰੁਪਏ ਵਿੱਚ ਵਿਕਦੀ ਹੈ।”


