ਕ੍ਰਿਸ਼ਨਾ ਗਾਵੜੇ ਬੜੀ ਛੇਤੀ ਵੱਡੇ ਹੋ ਗਏ। ਇੱਕ ਪਾਸੇ ਜਿੱਥੇ ਉਨ੍ਹਾਂ ਦੇ ਹਮਉਮਰ ਬਾਕੀ ਬੱਚੇ (ਪਿੰਡ ਦੇ) ਸਕੂਲ ਜਾਂਦੇ ਸਨ ਦੂਜੇ ਪਾਸੇ ਉਹ 200 ਰੁਪਏ ਦਿਹਾੜੀ ਬਦਲੇ ਖੇਤਾਂ ਵਿੱਚ ਮਜ਼ਦੂਰੀ ਕਰਦੇ। ਜਦੋਂ ਪਿੰਡ ਵਿੱਚ ਉਨ੍ਹਾਂ ਦੇ ਦੋਸਤ ਕ੍ਰਿਕੇਟ ਖੇਡਦੇ ਹੁੰਦੇ, ਉਹ ਨਿਰਮਾਣ-ਸਥਲਾਂ ਵਿਖੇ ਦਿਹਾੜੀ ਲੱਗਣ ਦੀ ਉਡੀਕ ਕਰਦੇ ਰਹਿੰਦੇ। ਪੰਜ ਸਾਲ ਪਹਿਲਾਂ, ਜਦੋਂ ਉਨ੍ਹਾਂ ਦੀ ਉਮਰ ਮਹਿਜ 13 ਸਾਲ ਸੀ, ਤਾਂ ਉਨ੍ਹਾਂ ਅਤੇ ਮਹੇਸ਼ (ਉਨ੍ਹਾਂ ਤੋਂ ਤਿੰਨ ਸਾਲ ਵੱਡਾ ਭਰਾ) ਸਿਰ ਪੂਰੇ ਛੇ ਮੈਂਬਰੀ ਟੱਬਰ ਨੂੰ ਪਾਲਣ ਦੀ ਜ਼ਿੰਮੇਦਾਰੀ ਆਣ ਪਈ।
ਉਨ੍ਹਾਂ ਦੇ ਪਿਤਾ, ਪ੍ਰਭਾਕਰ ਆਪਣੀ ਦਿਮਾਗ਼ੀ ਹਾਲਤ ਕਾਰਨ ਕੰਮ ਨਹੀਂ ਕਰ ਸਕਦੇ ਅਤੇ ਉਨ੍ਹਾਂ ਦੀ ਮਾਂ ਅਕਸਰ ਬੀਮਾਰ ਰਹਿੰਦੀ ਹਨ, ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੇ ਨਵਗਣ ਰਾਜੁਰੀ ਪਿੰਡ ਵਿੱਚ ਪੈਂਦੇ ਆਪਣੇ ਘਰ ਦੇ ਬਾਹਰ ਪੱਥਰ ਦੀ ਸਿਲ੍ਹ 'ਤੇ ਕ੍ਰਿਸ਼ਨਾ ਦੇ 80 ਸਾਲਾ ਦਾਦਾ ਰਘੁਨਾਥ ਗਾਵੜੇ ਦੱਸਦੇ ਹਨ। ''ਮੇਰੀ ਅਤੇ ਮੇਰੀ ਪਤਨੀ ਦੀ ਉਮਰ ਹੁਣ ਕੰਮ ਕਰਨ ਦੀ ਨਹੀਂ ਰਹੀ। ਇਸਲਈ ਮੇਰੇ ਪੋਤਿਆਂ ਸਿਰ ਇੰਨੀ ਛੋਟੀ ਉਮਰੇ ਹੀ ਪੂਰੇ ਦੀ ਪੂਰੀ ਜ਼ਿੰਮੇਦਾਰੀ ਆਣ ਪਈ ਹੈ। ਪਿਛਲੇ 4-5 ਸਾਲਾਂ ਤੋਂ ਉਨ੍ਹਾਂ ਦੋਵਾਂ ਦੀ ਕਮਾਈ ਦੇ ਸਿਰ ਹੀ ਘਰ ਚੱਲ ਰਿਹਾ ਹੈ।''
ਗਾਵੜੇ ਪਰਿਵਾਰ ਧਾਂਗਰ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਹੈ ਜੋ ਰਵਾਇਤੀ ਤੌਰ 'ਤੇ ਖ਼ਾਨਾਬਦੋਸ਼ ਹੁੰਦੇ ਹਨ ਅਤੇ ਮਹਾਰਾਸ਼ਟਰ ਵਿੱਚ ਇਨ੍ਹਾਂ ਨੂੰ ਵਿਮੁਕਤ ਜਾਤੀ ਅਤੇ ਖ਼ਾਨਾਬਦੋਸ਼ ਕਬੀਲੇ ਵਜੋਂ ਸੂਚੀਬੱਧ ਕੀਤਾ ਗਿਆ ਹੈ। ਇਸ ਪਰਿਵਾਰ ਦੇ ਕੋਲ਼ ਨਵਗਣ ਰਾਜੁਰੀ ਵਿੱਚ (ਇੱਕ ਏਕੜ ਤੋਂ ਘੱਟ) ਪੈਲ਼ੀ ਦਾ ਛੋਟਾ ਜਿਹਾ ਟੁਕੜਾ ਹੈ, ਜਿਸ 'ਤੇ ਜਵਾਰ ਅਤੇ ਬਾਜਰੇ ਦੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਹਨ। ਇਸ ਹੀਲੇ ਨਾਲ਼ ਘੱਟੋ-ਘੱਟ ਪਰਿਵਾਰ ਜੋਗਾ ਝਾੜ ਤਾਂ ਨਿਕਲ਼ ਹੀ ਆਉਂਦਾ ਹੈ।
ਕ੍ਰਿਸ਼ਨ ਅਤੇ ਮਹੇਸ਼ ਰਲ਼ ਕੇ ਮਹੀਨੇ ਦਾ 6,000-8,000 ਰੁਪਿਆ ਕਮਾ ਲੈਂਦੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲ ਜਾਂਦਾ ਸੀ। ਪਰ, ਕੋਵਿਡ-19 ਨਾਲ਼ ਮੱਚੇ ਕਹਿਰ ਨੇ ਉਨ੍ਹਾਂ ਦੇ ਘਰ ਦੀ ਮਾਲੀ ਹਾਲਤ ਹੋਰ ਵਿਗਾੜ ਛੱਡੀ ਹੈ। ਮਾਰਚ 2020 ਨੂੰ ਦੇਸ਼-ਵਿਆਪੀ ਤਾਲਾਬੰਦੀ ਦੇ ਐਲਾਨ ਤੋਂ ਬਾਅਦ ਦੋਵਾਂ ਭਰਾਵਾਂ ਨੇ ਆਪਣੇ ਕੰਮ ਅਤੇ ਹੁੰਦੀ ਕਮਾਈ ਤੋਂ ਹੱਥ ਧੋ ਲਏ।
ਕ੍ਰਿਸ਼ਨਾ ਅਤੇ ਮਹੇਸ਼ ਦੀ 65 ਸਾਲਾ ਦਾਦੀ ਸੁੰਦਰਬਾਈ ਕਹਿੰਦੀ ਹਨ,''ਅਸੀਂ ਕਾਰਕੁੰਨਾਂ ਅਤੇ ਸਰਕਾਰ ਦੁਆਰਾ ਦਿੱਤੇ ਗਏ ਰਾਸ਼ਨ ਸਿਰ ਹੀ ਜਿਊਂਦੇ ਬਚੇ ਰਹੇ। ਪਰ ਸਾਡੇ ਕੋਲ਼ ਪੈਸੇ ਨਹੀਂ ਸਨ। ਅਸੀਂ ਤੇਲ ਜਾਂ ਸਬਜ਼ੀ ਤੱਕ ਨਾ ਖਰੀਦ ਪਾਉਂਦੇ। ਤਾਲਾਬੰਦੀ ਤੋਂ ਬਾਅਦ ਦੇ ਤਿੰਨ ਮਹੀਨੇ ਹੋਰ ਬਿਪਤਾਵਾਂ ਭਰੇ ਹੋ ਨਿਬੜੇ।''
ਜੂਨ 2020 ਵਿੱਚ ਭਾਵੇਂ ਕਿ ਤਾਲਾਬੰਦੀ ਵਿੱਚ ਢਿੱਲ ਦਿੱਤੀ ਜਾਣ ਲੱਗੀ ਅਤੇ ਆਰਥਿਕ ਗਤੀਵਿਧੀਆਂ ਹੌਲ਼ੀ-ਹੌਲ਼ੀ ਸ਼ੁਰੂ ਹੋਣ ਲੱਗੀਆਂ ਪਰ ਬੀਡ ਅੰਦਰ ਦਿਹਾੜੀ ਮਜ਼ਦੂਰੀ ਦਾ ਮਿਲ਼ਣਾ ਫਿਰ ਵੀ ਮੁਸ਼ਕਲ ਹੀ ਬਣਿਆ ਰਿਹਾ। ''ਇਸਲਈ ਮਹੇਸ਼ ਕੰਮ ਦੀ ਭਾਲ਼ ਵਿੱਚ ਪੂਨੇ ਚਲਾ ਗਿਆ,'' ਰਘੁਨਾਥ ਕਹਿੰਦੇ ਹਨ। ਪਰ ਉੱਥੇ ਵੀ ਉਹਨੂੰ ਕੋਈ ਅਜਿਹਾ ਕੰਮ ਨਾ ਮਿਲ਼ਿਆ ਕਿ ਉਹ ਮਗਰ ਪੈਸੇ ਭੇਜ ਪਾਉਂਦਾ। ''ਕ੍ਰਿਸ਼ਨਾ, ਪਿਛਾਂਹ ਬੀਡ ਵਿੱਚ ਹੀ ਰਹਿ ਕੇ ਪਰਿਵਾਰ ਦਾ ਢਿੱਡ ਪਾਲਣ ਵਾਸਤੇ ਹੱਥ-ਪੈਰ ਮਾਰਦਾ ਰਿਹਾ।''
'ਪਿੱਛਲਝਾਤ ਮਾਰਨ 'ਤੇ ਇਹ ਫ਼ੈਸਲਾ ਕਾਫ਼ੀ ਮਾਰੂ ਜਾਪਦਾ।''
ਕ੍ਰਿਸ਼ਨਾ ਜ਼ਿੰਮੇਦਾਰੀਆਂ ਨਾਲ਼ ਸਦਾ ਦੋ ਹੱਥ ਹੁੰਦੇ ਆਏ ਹਨ। 17 ਸਾਲਾ ਕ੍ਰਿਸ਼ਨਾ ਦੀ ਮਾਨਸਿਕ ਸਿਹਤ 'ਤੇ ਇੰਨਾ ਮਾੜਾ ਅਸਰ ਪਿਆ ਅਤੇ ਉਨ੍ਹਾਂ ਦੀ ਤਸ਼ਵੀਸ਼ ਦੀ ਸਮੱਸਿਆ ਅਤੇ ਸੰਤਾਪ ਉਨ੍ਹਾਂ ਦੇ ਪਰਿਵਾਰ ਨੂੰ ਵੀ ਸਾਫ਼ ਦਿੱਸ ਰਿਹਾ ਸੀ। ਰਘੁਨਾਥ ਕਹਿੰਦੇ ਹਨ,''ਉਸ ਸਮੇਂ ਕੋਈ ਕੰਮ ਨਹੀਂ ਸੀ। ਉਹ ਕਾਫ਼ੀ ਚਿੜਚਿੜਾ ਹੋ ਗਿਆ ਸੀ। ਇੱਥੋਂ ਤੱਕ ਕਿ ਅਸੀਂ ਉਸ ਤੋਂ ਖਾਣੇ ਬਾਰੇ ਪੁੱਛਦੇ ਤਾਂ ਉਹ ਸਾਡੇ 'ਤੇ ਚੀਕਣ ਲੱਗਦਾ। ਉਹਨੇ ਲੋਕਾਂ ਨਾਲ਼ ਗੱਲ ਕਰਨੀ ਛੱਡ ਦਿੱਤੀ ਅਤੇ ਕੰਮ ਨਾ ਹੋਣ ਦੀ ਹਾਲਤ ਵਿੱਚ ਪੂਰਾ ਪੂਰਾ ਦਿਨ ਸੁੱਤਾ ਰਹਿੰਦਾ ਸੀ।''
ਪਰਿਵਾਰ ਨੇ ਕਦੀ ਕਲਪਨਾ ਵੀ ਨਹੀਂ ਕੀਤੀ ਸੀ ਕਿ ਇਸ ਸਭ ਦਾ ਅੰਤ ਇੰਝ ਹੋਵੇਗਾ: ਪਿਛਲੇ ਸਾਲ ਜੁਲਾਈ ਦੇ ਤੀਜੇ ਹਫ਼ਤੇ ਦੀ ਇੱਕ ਦੁਪਹਿਰ ਜਦੋਂ ਸੁੰਦਰਬਾਈ ਕ੍ਰਿਸ਼ਨਾ ਦੇ ਕਮਰੇ ਅੰਦਰ ਗਈ ਤਾਂ ਉਨ੍ਹਾਂ ਨੇ ਕ੍ਰਿਸ਼ਨਾ ਦੀ ਲਾਸ਼ ਨੂੰ ਪੱਖੇ ਨਾਲ਼ ਲਮਕਦੇ ਦੇਖਿਆ।
ਸੁੰਦਰਬਾਈ ਕਹਿੰਦੀ ਹਨ,''ਜਦੋਂ ਮਹੇਸ਼ ਇੱਥੇ ਸੀ, ਉਹਨੂੰ ਥੋੜ੍ਹਾ ਬਹੁਤ ਢਾਰਸ ਦਿੰਦਾ ਰਹਿੰਦਾ ਸੀ। ਉਹਨੂੰ ਮਹਿਸੂਸ ਹੁੰਦਾ ਸੀ ਕਿ ਕੋਈ ਹੈ ਜੋ ਉਹਦੀ ਗੱਲ ਸੁਣਦਾ ਹੈ ਉਹਨੂੰ ਸਮਝਦਾ ਹੈ। ਮਹੇਸ਼ ਦੇ ਪੂਨੇ ਜਾਣ ਤੋਂ ਬਾਅਦ, ਮੈਨੂੰ ਜਾਪਦਾ ਹੈ ਜਿਵੇਂ ਉਹਦੇ ਇਕੱਲੇ ਸਿਰ ਟੱਬਰ ਪਾਲਣ ਦੀ ਜ਼ਿੰਮੇਦਾਰੀ ਆਣ ਪਈ ਅਤੇ ਕਦੇ-ਕਦਾਈਂ ਹੋਣ ਵਾਲ਼ੀ ਕਮਾਈ ਕਾਰਨ ਉਹਨੂੰ ਲੱਗਦਾ ਹੋਣਾ ਕਿ ਉਹ ਆਪਣੀ ਜ਼ਿੰਮੇਦਾਰੀ ਨਹੀਂ ਨਿਭਾ ਸਕਿਆ।''
ਕ੍ਰਿਸ਼ਨਾ ਦੀ ਮੌਤ ਤੋਂ ਬਾਅਦ ਮਹੇਸ਼ (ਉਮਰ 21 ਸਾਲ) ਵਾਪਸ ਘਰ ਆ ਗਏ। ਉਹ ਫਿਰ ਤੋਂ ਬੀਡ ਵਿੱਚ ਦਿਹਾੜੀ ਮਜਦੂਰੀ ਕਰਨ ਲੱਗੇ ਹਨ ਅਤੇ ਉਹ ਵੀ ਜਦੋਂ ਕਦੇ ਕੰਮ ਮਿਲ਼ਦਾ ਹੋਵੇ ਤਾਂ। ਹੁਣ ਪੂਰੇ ਪਰਿਵਾਰ ਦੀ ਜ਼ਿੰਮੇਦਾਰੀ ਸਿਰਫ਼ ਉਨ੍ਹਾਂ ਸਿਰ ਹੀ ਹੈ।
ਮਹਾਂਮਾਰੀ ਨੇ ਕ੍ਰਿਸ਼ਨਾ ਦੇ ਪਰਿਵਾਰ ਵਾਂਗਰ ਹੋਰਨਾਂ ਪਰਿਵਾਰਾਂ ਨੂੰ ਵੀ ਪ੍ਰਭਾਵਤ ਕੀਤਾ ਹੈ, ਜਿਹਦੇ ਕਾਰਨ ਮਾਰਚ 2020 ਦੇ ਬਾਅਦ ਤੋਂ ਸਾਰੇ ਪਰਿਵਾਰ ਗ਼ਰੀਬੀ ਨਾਲ਼ ਜੂਝ ਰਹੇ ਹਨ। ਅਮੇਰੀਕਾ ਸਥਿਤ ਪਯੂ ਰਿਸਰਚ ਸੈਂਟਰ ਦੀ ਰਿਪੋਰਟ (ਮਾਰਚ 2021) ਮੁਤਾਬਕ: ''ਕਰੋਨਾ ਮਹਾਂਮਾਰੀ ਨਾਲ਼ ਆਈ ਮੰਦੀ ਦੇ ਕਾਰਨ ਭਾਰਤ ਵਿੱਚ ਇੱਕ ਦਿਨ ਅੰਦਰ 2 ਡਾਲਰ ਜਾਂ ਉਸ ਤੋਂ ਘੱਟ ਕਮਾਉਣ ਵਾਲ਼ੇ ਗਰੀਬਾਂ ਦੀ ਗਿਣਤੀ ਵਿੱਚ 7.5 ਕਰੋੜ ਦਾ ਇਜਾਫ਼ਾ ਹੋਇਆ ਹੈ।'' ਬੀਡ ਵਿੱਚ ਮਹਾਂਮਾਰੀ ਦੇ ਕਾਰਨ ਆਈ ਮੰਦੀ ਨੇ ਲੋਕਾਂ ਦੀ ਰੋਜ਼ੀਰੋਟੀ 'ਤੇ ਲੱਤ ਮਾਰੀ ਹੈ। ਬੀਡ ਇੱਕ ਖੇਤੀ ਪ੍ਰਧਾਨ ਜ਼ਿਲ੍ਹਾ ਹੈ ਜਿਹਦਾ ਗ੍ਰਾਮੀਣ ਅਰਥਚਾਰਾ ਬੀਤੇ ਕਈ ਸਾਲਾਂ ਤੋਂ ਸੋਕੇ ਅਤੇ ਕਰਜ਼ੇ ਦੀ ਮਾਰ ਹੇਠ ਹੈ।
ਆਪਣੇ ਆਸ ਪਾਸ ਦੇ ਬਾਲਗ਼ਾਂ ਸਿਰ ਪੈਣ ਵਾਲ਼ਾ ਆਰਥਿਕ ਬੋਝ ਕਿਤੇ ਨਾ ਕਿਤੇ ਬੱਚਿਆਂ ਅਤੇ ਜੁਆਨਾਂ ਨੂੰ ਪ੍ਰਭਾਵਤ ਕਰ ਰਿਹਾ ਹੈ। ਸੰਤੋਸ਼ ਸ਼ਿੰਦੇ, ਜੋ ਇੱਕ ਬਾਲ ਅਧਿਕਾਰ ਕਾਰਕੁੰਨ ਹਨ ਅਤੇ ਮਹਾਰਾਸ਼ਟਰ ਵਿੱਚ ਬਾਲ ਅਧਿਕਾਰਾਂ ਦੇ ਸੰਰਖਣ ਲਈ ਰਾਜ ਕਮਿਸ਼ਨ ਦੇ ਸਾਬਕਾ ਮੈਂਬਰ ਰਹਿ ਚੁੱਕੇ ਹਨ, ਕਹਿੰਦੇ ਹਨ ਕਿ ਇਸ ਸੰਕਟ ਨੇ ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਨੂੰ ਡੂੰਘੀ ਸੱਟ ਮਾਰੀ ਹੈ। ''ਖ਼ਾਸ ਕਰਕੇ ਕਮਜ਼ੋਰ ਵਰਗਾਂ ਵਿੱਚੋਂ ਆਉਣ ਵਾਲ਼ੇ ਬੱਚਿਆਂ ਨੂੰ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਨੀ ਪੈਂਦੀ ਹੈ। ਛੋਟੀ ਜਿਹੀ ਉਮਰ ਵਿੱਚ ਇਸ ਤਰ੍ਹਾਂ ਦੀਆਂ ਜ਼ਿੰਮੇਦਾਰੀ ਦਾ ਬੋਝ ਚੁੱਕਣਾ ਬੱਚਿਆਂ ਲਈ ਅਕਸਰ ਬਹੁਤ ਔਖਾ ਹੋ ਜਾਂਦਾ ਹੈ। ਜਦੋਂ ਤੁਹਾਡੇ ਆਸਪਾਸ ਹਰ ਕੋਈ ਦੋ ਵੇਲ਼ੇ ਦੇ ਭੋਜਨ ਲਈ ਵੀ ਸੰਘਰਸ਼ ਕਰ ਰਿਹਾ ਹੋਵੇ ਤਾਂ ਮਾਨਸਿਕ ਸਿਹਤ 'ਤੇ ਚਰਚਾ ਕਰਨ ਲਈ ਸਮਾਂ ਨਹੀਂ ਮਿਲ਼ਦਾ।''
ਇੱਥੋਂ ਤੱਕ ਕਿ ਜਦੋਂ ਬੱਚਿਆਂ ਨੂੰ ਕੰਮ ਨਹੀਂ ਕਰਨਾ ਪੈਂਦਾ ਹੈ ਤਦ ਵੀ ਉਹ ਆਰਥਿਕ ਤੰਗੀ ਅਤੇ ਤਣਾਅ ਭਰੇ ਮਾਹੌਲ ਕਰਕੇ ਪਰੇਸ਼ਾਨ ਹੁੰਦੇ ਹਨ, ਜੋ ਮਾਹੌਲ ਅਕਸਰ ਪਰਿਵਾਰਕ ਮੈਂਬਰਾਂ (ਬਾਲਗ਼) ਦੀ ਲੜਾਈ ਤੋਂ ਪੈਦਾ ਹੁੰਦਾ ਹੈ। ਸ਼ਿੰਦੇ ਕਹਿੰਦੇ ਹਨ,''ਇਹਦਾ ਵੀ ਬੱਚਿਆਂ ਦੀ ਮਾਨਸਿਕ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਕੋਵਿਡ ਤੋਂ ਪਹਿਲਾਂ, ਬੱਚੇ ਬਾਹਰ ਜਾ ਕੇ ਖੇਡ ਸਕਦੇ ਸਨ, ਉਹ ਦੂਸਰੇ ਪਿੰਡ ਜਾ ਸਕਦੇ ਸਨ। ਹੁਣ ਸਕੂਲ ਬੰਦ ਹਨ, ਇਸਲਈ ਘਰ ਦੇ ਮਾਹੌਲ ਤੋਂ ਨਿਕਲ਼ਣ ਦਾ ਕੋਈ ਰਾਹ ਬਾਕੀ ਨਹੀਂ ਰਿਹਾ।''
ਪਰ 14 ਸਾਲਾ ਸੰਜਨਾ ਬਿਰਾਜਦਾਰ ਉਸ ਮਾਹੌਲ ਤੋਂ ਨਿਕਲ਼ ਗਈ। ਜੂਨ 2021 ਵਿੱਚ ਉਹ ਬੀਡ ਦੇ ਪਰਲੀ ਨਗਰ ਵਿੱਚ ਇੱਕ ਕਮਰੇ ਦੇ ਆਪਣੇ ਘਰ ਵਿੱਚੋਂ ਭੱਜ ਕੇ ਉੱਥੋਂ 220 ਕਿ.ਮੀ ਦੂਰ ਸਥਿਤ ਔਰੰਗਾਬਾਦ ਚਲੀ ਗਈ। ਸੰਜਨਾ ਆਪਣੇ ਨਾਲ਼ ਆਪਣੇ ਛੋਟੇ ਭੈਣ-ਭਰਾਵਾਂ, ਸਮਰਥ (11 ਸਾਲ) ਅਤੇ ਸਪਨਾ (9 ਸਾਲ) ਨੂੰ ਵੀ ਲੈ ਕੇ ਗਈ। ਉਹ ਮਸਾਂ-ਸੁਣੀਂਦੀ ਅਵਾਜ਼ ਵਿੱਚ ਕਹਿੰਦੀ ਹੈ,''ਮੈਂ ਹੋਰ ਨਹੀਂ ਝੱਲ ਸਕੀ, ਮੈਂ ਬੱਸ ਉਸ ਘਰੋਂ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਨਿਕਲ਼ਣਾ ਚਾਹੁੰਦੀ ਸਾਂ।''
ਸੰਜਨਾ ਦੀ ਮਾਂ, ਮੰਗਲ, ਘਰਾਂ ਵਿੱਚ ਕੰਮ ਕਰਦੀ ਹਨ ਅਤੇ ਪੰਜ ਘਰਾਂ ਦਾ ਕੰਮ ਕਰਨ ਬਦਲੇ 2,500 ਰੁਪਏ ਕਮਾਉਂਦੀ ਹਨ। ਉਹਦੇ ਪਿਤਾ, ਰਾਮ, ਇੱਕ ਟੈਂਪੂ ਡਰਾਈਵਰ ਸਨ। ''ਤਾਲਾਬੰਦੀ ਤੋਂ ਬਾਅਦ ਉਨ੍ਹਾਂ ਦੀ ਨੌਕਰੀ ਚਲੀ ਗਈ,'' ਮੰਗਲ ਦੱਸਦੀ ਹਨ। ਉਹ ਅੱਗੇ ਦੱਸਦੀ ਹਨ ਕਿ ਉਨ੍ਹਾਂ ਦੇ ਪਰਿਵਾਰ ਦੇ ਕੋਲ਼ ਖੇਤੀ ਵਾਸਤੇ ਜ਼ਮੀਨ ਦਾ ਟੋਟਾ ਤੱਕ ਨਹੀਂ ਹੈ। ''ਮੇਰਾ ਭਰਾ ਵੀ ਸਾਡੇ ਨਾਲ਼ ਹੀ ਰਹਿੰਦਾ ਹੈ। ਉਹਦੇ ਕੋਲ਼ ਵੀ ਕੋਈ ਕੰਮ ਨਹੀਂ ਹੈ। ਅਸੀਂ ਜਿਊਣ ਲਈ ਸੰਘਰਸ਼ ਕਰ ਰਹੇ ਹਾਂ,'' ਉਹ ਕਹਿੰਦੀ ਹਨ।
ਸੰਜਨਾ ਨੇ ਰੋਜ਼ ਰੋਜ਼ ਦੀ ਹੁੰਦੀ ਕਲੇਸ਼ ਕਾਰਨ ਘਰ ਛੱਡਣ ਦਾ ਫ਼ੈਸਲਾ ਲਿਆ ਤਾਂ 35 ਸਾਲਾ ਮੰਗਲ (ਮਾਂ) ਅਤੇ 40 ਸਾਲਾ ਰਾਮ (ਪਿਤਾ) ਦਰਮਿਆਨ ਪੈਸੇ ਨੂੰ ਲੈ ਕੇ ਲੜਾਈ ਹੁੰਦੀ ਸੀ। ਉਨ੍ਹਾਂ ਦੀ ਲੜਾਈ ਅਕਸਰ ਬੜਾ ਮਾੜਾ ਰੂਪ ਧਾਰ ਲਿਆ ਕਰਦੀ ਸੀ। ਮੰਗਲ ਕਹਿੰਦੀ ਹਨ,''ਕਦੇ ਕਦੇ ਤਾਂ ਘਰ ਵਿੱਚ ਖਾਣ ਲਈ ਇੱਕ ਦਾਣਾ ਵੀ ਨਾ ਹੁੰਦਾ ਅਤੇ ਅਸੀਂ ਪਾਣੀ ਪੀ ਕੇ ਸੌਂ ਜਾਂਦੇ। ਜਦੋਂ ਤੁਸੀਂ ਪਰੇਸ਼ਾਨ ਹੁੰਦੇ ਹੋ ਤਾਂ ਗੁੱਸਾ ਬੱਚਿਆਂ 'ਤੇ ਨਿਕਲ਼ ਜਾਂਦਾ ਹੈ। ਮੈਂ ਮੰਨਦੀ ਹਾਂ ਕਿ ਘਰ ਦਾ ਮਾਹੌਲ ਮੇਰੇ ਬੱਚਿਆਂ ਲਈ ਚੰਗਾ ਨਹੀਂ ਸੀ।''
ਮੰਗਲ ਦੇ ਭਰਾ ਦੇ ਰਵੱਈਏ ਕਾਰਨ ਘਰ ਦਾ ਮਾਹੌਲ ਹੋਰ ਖ਼ਰਾਬ ਹੁੰਦਾ ਚਲਾ ਗਿਆ ਜਦੋਂ ਕੰਮ ਨਾ ਮਿਲ਼ਣ ਕਾਰਨ ਉਹ ਸ਼ਰਾਬ ਪੀਣ ਦਾ ਆਦੀ ਹੋ ਗਿਆ। ਮੰਗਲ ਦੱਸਦੀ ਹਨ,''ਉਹ ਸ਼ਰਾਬ ਨਾਲ਼ ਰੱਜਿਆ ਰਹਿੰਦਾ ਅਤੇ ਸ਼ਰਾਬੀ ਹਾਲਤ ਵਿੱਚ ਘਰ ਮੁੜਦਾ ਅਤੇ ਮੈਨੂੰ ਕੁੱਟਦਾ। ਉਹ ਭਾਰੇ ਭਾਰੇ ਭਾਂਡੇ ਵਗ੍ਹਾਤੇ ਮਾਰਦਾ ਅਤੇ ਕਈ ਵਾਰੀ ਉਹ ਭਾਂਡੇ ਮੇਰੇ ਸਿਰ 'ਤੇ ਵੱਜਦੇ। ਉਹ ਕਹਿੰਦਾ ਹੈ ਮੈਂ ਉਹਨੂੰ ਰੱਜਵਾਂ ਖਾਣਾ ਨਹੀਂ ਦਿੰਦੀ। ਮੈਨੂੰ ਨਹੀਂ ਪਤਾ ਉਹਨੂੰ ਕੀ ਕਹਾਂ। ਘਰੇ ਤਾਂ ਖਾਣ ਲਈ ਕੁਝ ਹੁੰਦਾ ਹੀ ਨਹੀਂ, ਦੱਸੋ ਮੈਂ ਖਾਣਾ ਬਣਾਵਾਂ ਕਾਹਦੇ ਨਾਲ਼?''
ਮੰਗਲ ਦੱਸਦੀ ਹਨ ਕਿ ਉਨ੍ਹਾਂ ਦੇ ਭਰਾ ਨੂੰ ਇਸ ਨਾਲ਼ ਰਤਾ ਫ਼ਰਕ ਨਹੀਂ ਪੈਂਦੀ ਕਿ ਉਨ੍ਹਾਂ ਦੇ ਬੱਚੇ ਇੱਕ ਮਾਰ-ਕੁਟਾਈ ਦੇਖ ਰਹੇ ਹਨ। ''ਉਹ ਮੈਨੂੰ ਉਨ੍ਹਾਂ ਦੇ ਸਾਹਮਣੇ ਮਾਰਦਾ ਹੈ। ਇਸਲਈ, ਹੁਣ ਜਦੋਂ ਵੀ ਉਹ ਸ਼ਰਾਬ ਪੀ ਕੇ ਆਉਂਦਾ ਹੈ ਅਤੇ ਝਗੜਾ ਕਰਦਾ ਹੈ ਤਾਂ ਬੱਚੇ ਘਰੋਂ ਭੱਜ ਜਾਂਦੇ ਹਨ। ਪਰ ਉਹ ਸੁਣਦੇ ਸਾਰਾ ਕੁਝ ਹਨ, ਸਮਝਦੇ ਵੀ ਹਨ। ਮੈਨੂੰ ਪਤਾ ਹੈ ਮੇਰੀ ਧੀ ਘਰੋਂ ਕਿਉਂ ਭੱਜ ਗਈ।''
ਸੰਜਨਾ ਨੇ ਕਿਹਾ ਕਿ ਉਹ ਉੱਥੇ ਰਹਿ ਕੇ ਦਬਾਅ ਹੇਠ ਸੀ ਅਤੇ ਘਰੋਂ ਭੱਜਣਾ ਹੀ ਸੁਰਖਰੂ ਰਹਿਣ ਦਾ ਇਕਲੌਤਾ ਜ਼ਰੀਆ ਸੀ। ਪਰ ਆਪਣੇ ਭਰਾ-ਭੈਣ ਦੇ ਨਾਲ਼ ਪਰਲੀ ਤੋਂ ਟ੍ਰੇਨ ਵਿੱਚ ਬੈਠਣ ਤੋਂ ਬਾਅਦ ਉਨ੍ਹਾਂ ਨੂੰ ਅੱਗੇ ਦੇ ਸਫ਼ਰ ਬਾਰੇ ਪਤਾ ਨਹੀਂ ਸੀ। ਉਨ੍ਹਾਂ ਨੇ ਬਗ਼ੈਰ ਟਿਕਟੋਂ ਯਾਤਰਾ ਕੀਤੀ ਅਤੇ ਤੈਅ ਨਾ ਕਰ ਸਕੇ ਕਿ ਕਿੱਥੇ ਜਾਣਾ ਹੈ। ਉਹ ਦੱਸਦੀ ਹੈ,''ਮੈਨੂੰ ਨਹੀਂ ਪਤਾ ਕਿ ਅਸੀਂ ਔਰੰਗਾਬਾਦ ਕਿਉਂ ਉਤਰੇ। ਅਸੀਂ ਥੋੜ੍ਹੀ ਦੇਰ ਸਟੇਸ਼ਨ 'ਤੇ ਬੈਠੇ ਰਹੇ। ਰੇਲਵੇ ਪੁਲਿਸ ਨੇ ਸਾਨੂੰ ਉੱਥੇ ਦੇਖਿਆ ਅਤੇ ਬੱਚਿਆਂ ਦੇ ਹਾਸਟਲ ਵਿੱਚ ਭੇਜ ਦਿੱਤਾ।''
ਉਹ ਤਿੰਨੋਂ ਜਣੇ ਅਗਸਤ 2021 ਦੇ ਅਖੀਰ ਤੱਕ ਦੋ ਮਹੀਨੇ ਹਾਸਟਰ ਵਿੱਚ ਰਹੇ। ਆਖ਼ਰਕਾਰ ਸੰਜਨਾ ਨੇ ਹਾਸਟਰ ਪ੍ਰਸ਼ਾਸਨ ਨੂੰ ਇਹ ਦੱਸ ਦਿੱਤਾ ਕਿ ਉਹ ਪਰਲੀ ਤੋਂ ਆਏ ਹਨ। ਸਥਾਨਕ ਕਾਰਕੁੰਨਾਂ ਦੀ ਮਦਦ ਨਾਲ਼ ਔਰੰਗਾਬਾਦ ਅਤੇ ਬੀਡ ਜ਼ਿਲ੍ਹੇ ਦੀਆਂ ਬਾਲ ਕਲਿਆਣ ਕਮੇਟੀਆਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲ਼ਾ ਦਿੱਤਾ।
ਪਰ ਜਦੋਂ ਉਹ ਮੁੜੇ, ਤਾਂ ਵੀ ਘਰ ਦਾ ਮਾਹੌਲ ਪਹਿਲਾਂ ਜਿਹਾ ਹੀ ਸੀ।
ਸੰਜਨਾ ਆਪਣੇ ਸਕੂਲ ਖੁੱਲ੍ਹਣ ਦੀ ਉਡੀਕ ਕਰ ਰਹੀ ਹੈ। ਉਹ ਵੱਡੀ ਹੋ ਕੇ ਇੱਕ ਪੁਲਿਸ ਅਫ਼ਸਰ ਬਣਨਾ ਲੋਚਦੀ ਹੈ। ਉਹ ਅੱਗੇ ਕਹਿੰਦੀ ਹਨ,''ਮੈਨੂੰ ਸਕੂਲ ਜਾਣਾ ਪਸੰਦ ਹੈ। ਮੈਂ ਦੋਸਤਾਂ ਨੂੰ ਚੇਤੇ ਕਰਦੀ ਹਾਂ। ਜੇ ਸਕੂਲ ਖੁੱਲ੍ਹਿਆ ਹੁੰਦਾ ਤਾਂ ਮੈਂ ਘਰੋਂ ਭੱਜ ਨਹੀਂ ਸਾਂ ਸਕਦੀ।''
ਮਹਾਂਮਾਰੀ ਦੇ ਕਾਰਨ ਪੂਰੇ ਮਹਾਰਾਸ਼ਟਰ ਵਿੱਚ ਬੱਚੇ ਤਸ਼ਵੀਸ਼ ਅਤੇ ਸੰਤਾਪ ਹੰਢਾ ਰਹੇ ਹਨ। ਬੀਡ ਤੋਂ ਪ੍ਰਕਾਸ਼ਤ ਹੋਣ ਵਾਲ਼ੇ ਮਰਾਠੀ ਭਾਸ਼ਾਈ ਇੱਕ ਦੈਨਿਕ ਅਖ਼ਬਾਰ ਪ੍ਰਜਾਪਤਰ ਵਿੱਚ 8 ਅਗਸਤ 2021 ਨੂੰ ਛਪੀ ਇੱਕ ਰਿਪੋਰਟ ਮੁਤਾਬਕ, ਇਸ ਸਾਲ ਦੇ ਸ਼ੁਰੂਆਤੀ ਸੱਤ ਮਹੀਨਿਆਂ ਅੰਦਰ ਜਿਲ੍ਹੇ ਵਿੱਚ 18 ਤੋਂ ਘੱਟ ਉਮਰ ਦੇ 25 ਬੱਚੇ ਆਤਮਹੱਤਿਆ ਕਰ ਗਏ।
''ਜਦੋਂ ਬੱਚਿਆਂ ਕੋਲ਼ ਖ਼ੁਦ ਦਾ ਮਨ ਬਹਿਲਾਉਣ ਜਾਂ ਰਚਨਾਤਮਕ ਕੰਮਾਂ ਵਿੱਚ ਦਿਮਾਗ਼ ਲਾਉਣ ਦਾ ਕੋਈ ਵਸੀਲਾ ਨਹੀਂ ਹੁੰਦਾ ਤਾਂ ਉਨ੍ਹਾਂ ਦੇ ਅੰਦਰ ਖਾਲੀਪਣ ਵੱਧਦਾ ਚਲਾ ਜਾਂਦਾ ਹੈ। ਠੀਕ ਉਸੇ ਸਮੇਂ ਹੀ ਉਹ ਆਪਣੀ ਪਹਿਲਾਂ ਦੀ ਜੀਵਨ-ਸ਼ੈਲੀ ਵਿੱਚ ਆਉਂਦੇ ਨਿਘਾਰ ਦੇ ਹਿੱਸੇਦਾਰ ਹੋਣ ਦੇ ਨਾਲ਼-ਨਾਲ਼ ਗਵਾਹ ਵੀ ਹੁੰਦੇ ਹਨ। ਇਹ ਸਾਰੀਆਂ ਗੱਲਾਂ ਉਨ੍ਹਾਂ ਦੇ ਡਿਪ੍ਰੈਸ਼ਨ ਦਾ ਕਾਰਨ ਬਣਦੀਆਂ ਹਨ,'' ਸਮੁਦਾਇਕ ਮਾਨਸਿਕ ਸਿਹਤ 'ਤੇ ਕੰਮ ਕਰਨ ਵਾਲ਼ੀ ਠਾਣੇ ਦੀ ਇੱਕ ਗ਼ੈਰ-ਲਾਭਕਾਰੀ ਸੰਸਥਾ, ਇੰਸਟੀਚਿਊਟ ਫ਼ਾਰ ਸਾਇਕਲੌਜਿਕਲ ਹੈਲਥ, ਦੇ ਮੋਢੀ ਅਤੇ ਮਨੋਵਿਗਿਆਨੀ ਡਾ. ਆਨੰਦ ਨਾਦਰਕਣੀ ਕਹਿੰਦੇ ਹਨ।
ਪੂਰੇ ਮਹਾਰਾਸ਼ਟਰ ਵਿੱਚ ਬੱਚੇ ਮਹਾਂਮਾਰੀ ਦੇ ਨਤੀਜਿਆਂ ਨੂੰ ਹੰਢਾ ਰਹੇ ਹਨ। ਬੀਡ ਤੋਂ ਪ੍ਰਕਾਸ਼ਤ ਹੋਣ ਵਾਲ਼ੇ ਮਰਾਠੀ ਭਾਸ਼ਾਈ ਇੱਕ ਦੈਨਿਕ ਅਖ਼ਬਾਰ ਪ੍ਰਜਾਪਤਰ ਵਿੱਚ 8 ਅਗਸਤ 2021 ਨੂੰ ਛਪੀ ਇੱਕ ਰਿਪੋਰਟ ਮੁਤਾਬਕ, ਇਸ ਸਾਲ ਦੇ ਸ਼ੁਰੂਆਤੀ ਸੱਤ ਮਹੀਨਿਆਂ ਅੰਦਰ ਜਿਲ੍ਹੇ ਵਿੱਚ 18 ਤੋਂ ਘੱਟ ਉਮਰ ਦੇ 25 ਬੱਚੇ ਆਤਮਹੱਤਿਆ ਕਰ ਗਏ
ਕਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਹੀ ਬੱਚਿਆਂ ਅਤੇ ਗਭਰੇਟਾਂ ਵਿੱਚ ਅਵਸਾਦ ਦੀ ਸਮੱਸਿਆ ਵੱਧ ਗਈ ਹੈ। ਨੰਦਕਰਣੀ ਅੱਗੇ ਕਹਿੰਦੇ ਹਨ,''ਇਹਨੂੰ 'ਮਾਸਕਡ ਡਿਪ੍ਰੈਸ਼ਨ' ਕਹਿੰਦੇ ਹਨ। ਇਹ ਸਾਡੇ ਵਾਂਗਰ (ਵੱਡਿਆਂ) ਬਾਹਰ ਨਹੀਂ ਆਉਂਦਾ। ਕਈ ਵਾਰ ਪਰਿਵਾਰਕ ਮੈਂਬਰ ਨੂੰ ਕੁਝ ਪਤਾ ਹੀ ਨਹੀਂ ਹੁੰਦਾ। ਉਹ ਭਾਵਨਾਤਮਕ ਦਬਾਅ ਦੇ ਲੱਛਣਾਂ ਨੂੰ ਫੜ੍ਹ ਨਹੀਂ ਪਾਉਂਦੇ ਅਤੇ ਗਭਰੇਟ ਉਮਰ ਦੇ ਬੱਚੇ ਉਨ੍ਹਾਂ ਭਾਵਨਾਵਾਂ ਨੂੰ ਜ਼ਾਹਰ ਕਰ ਸਕਣ ਵਿੱਚ ਸਮਰੱਥ ਨਹੀਂ ਹੁੰਦੇ। ਇਸੇ ਲਈ ਉਨ੍ਹਾਂ ਦੇ ਡਿਪ੍ਰੈਸ਼ਨ ਨੂੰ ਕੋਈ ਦੇਖ ਹੀ ਨਹੀਂ ਪਾਉਂਦਾ ਅਤੇ ਕਿਉਂਕਿ ਉਹਦੀ ਤਸ਼ਖੀਸ ਨਹੀਂ ਹੋ ਪਾਉਂਦੀ ਹੈ ਸੋ ਇਲਾਜ ਵੀ ਨਹੀਂ ਹੁੰਦਾ।''
ਰਾਮੇਸ਼ਵਰ ਥੋਮਰੇ ਵੀ ਆਪਣੇ ਬੱਚੇ ਦੀ ਪਰੇਸ਼ਾਨੀ ਨੂੰ ਨਹੀਂ ਦੇਖ ਪਾਏ।
ਰਾਮੇਸ਼ਵਰ ਦਾ 15 ਸਾਲਾ ਬੇਟਾ ਆਵਿਸ਼ਕਾਰ, 28 ਫਰਵਰੀ 2021 ਨੂੰ ਬੀਡ ਦੇ ਮਜਲਗਾਓਂ ਤਾਲੁਕਾ (ਮਾਂਜਲੇਗਾਓਂ ਵਜੋਂ ਵੀ ਜਾਣਿਆ ਜਾਂਦਾ) ਵਿੱਚ ਪੈਂਦੇ ਆਪਣੇ ਪਿੰਡ ਦਿੰਦਰੁੜ ਵਿੱਚੋਂ ਲਾਪਤਾ ਹੋ ਗਿਆ ਸੀ। ਇੱਕ ਹਫ਼ਤੇ ਬਾਅਦ, ਆਵਿਸ਼ਕਾਰ ਦੀ ਲਾਸ਼ ਉਹਦੇ ਸਕੂਲ ਵਿੱਚ ਬਰਾਮਦ ਹੋਈ। ਰਾਮੇਸ਼ਵਰ ਕਹਿੰਦੇ ਹਨ,''ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇਹਦੇ ਮਗਰ ਕਿਸੇ ਦਾ ਕੋਈ ਹੱਥ ਨਹੀਂ ਹੈ। ਸਕੂਲ ਬੰਦ ਸੀ। ਪਰ ਬੂਹੇ ਹੇਠਾਂ ਕਾਫ਼ੀ ਥਾਂ ਸੀ। ਉਹ ਬੂਹੇ ਹੇਠੋਂ ਦੀ ਅੰਦਰ ਵੜ੍ਹਿਆ ਅਤੇ ਖ਼ੁਦ ਨੂੰ ਫਾਹੇ ਟੰਗ ਲਿਆ।''
ਸਕੂਲ ਬੰਦ ਹੋਣ ਕਾਰਨ ਲਾਸ਼ ਲੱਭੇ ਜਾਣ ਤੱਕ ਉਸੇ ਹਾਲਤ ਵਿੱਚ ਰਹੀ। ਉਹਦੇ ਪਿਤਾ ਦੱਸਦੇ ਹਨ,''ਅਸੀਂ ਉਹਨੂੰ ਹਰ ਥਾਂ ਲੱਭਿਆ, ਪਰ ਸਾਨੂੰ ਕਿਤੇ ਨਾ ਮਿਲ਼ਿਆ। ਕੁਝ ਬੱਚੇ ਸਕੂਲ ਦੇ ਕੋਲ਼ ਕ੍ਰਿਕੇਟ ਖੇਡ ਰਹੇ ਸਨ ਅਤੇ ਉਨ੍ਹਾਂ ਦਾ ਗੇਂਦ ਗ਼ਲਤੀ ਨਾਲ਼ ਖਿੜਕੀ ਰਸਤਿਓਂ ਅੰਦਰ ਚਲੀ ਗਈ। ਇੱਕ ਲੜਕਾ ਬੂਹੇ ਦੇ ਹੇਠੋਂ ਅੰਦਰ ਗਿਆ ਤਾਂ ਉਹਨੂੰ ਲਾਸ਼ ਲਮਕਦੀ ਦੇਖੀ।''
ਰਾਮੇਸ਼ਵਰ ਇਹ ਸੋਚ ਰਹੇ ਹਨ ਕਿ ਉਹ ਕਿਹੜੀ ਗੱਲ ਸੀ ਜਿਹਨੇ ਉਨ੍ਹਾਂ ਦੇ ਬੇਟੇ ਨੂੰ ਇੰਨਾ ਵੱਡਾ ਕਦਮ ਚੁੱਕਣ ਲਈ ਮਜ਼ਬੂਰ ਕੀਤਾ। ਉਨ੍ਹਾਂ ਦਾ ਕਹਿਣਾ ਹੈ,''ਉਹ ਕੁਝ ਵੀ ਨਹੀਂ ਕਹਿੰਦਾ ਸੀ। ਉਹ ਆਪਣੇ ਭਰਾ ਦੇ ਕਾਫ਼ੀ ਨੇੜੇ ਸੀ, ਉਹ ਵੀ ਸਾਡੇ ਵਾਂਗਰ ਹੱਕਾ-ਬੱਕਾ ਹੈ। ਜਿਸ ਦਿਨ ਉਹ ਗੁਆਚਿਆ ਸੀ, ਉਹਨੇ ਸਾਡੀ ਦੁਕਾਨ ਦਾ ਛਟਰ ਖੋਲ੍ਹਿਆ ਸੀ ਅਤੇ ਮੈਨੂੰ ਕਿਹਾ ਸੀ ਕਿ ਉਹ ਲੰਚ ਤੋਂ ਬਾਅਦ ਆਵੇਗਾ। ਪਰ ਕਦੇ ਨਹੀਂ ਮੁੜਿਆ।''
ਰਾਮੇਸ਼ਵਰ ਇੱਕ ਕ੍ਰਿਸ਼ੀ ਸੇਵਾ ਕੇਂਦਰ ਚਲਾਉਂਦੇ ਹਨ ਅਤੇ ਆਪਣੀ ਦੁਕਾਨ ਵਿੱਚ ਬੀਜ, ਖਾਦ, ਕੀਟਨਾਸ਼ਕ ਅਤੇ ਦੂਸਰੇ ਖੇਤੀ ਉਤਪਾਦਾਂ ਵੇਚਦੇ ਹਨ। ਉਹ ਕਹਿੰਦੇ ਹਨ,''ਤਾਲਾਬੰਦੀ ਵਿੱਚ ਅਸੀਂ ਵੀ ਦੂਸਰਿਆਂ ਵਾਂਗਰ ਤਣਾਅ ਦਾ ਸਾਹਮਣਾ ਕੀਤਾ। ਮੈਨੂੰ ਸ਼ੱਕ ਹੈ ਉਹਦੇ ਫਾਹਾ ਲਾਉਣ ਮਗਰ ਵੀ ਇਹੀ ਕਾਰਨ ਮੁੱਖ ਰਿਹਾ ਹੋਵੇਗਾ। ਸੱਚ ਤਾਂ ਮੈਂ ਨਹੀਂ ਜਾਣਦਾ। ਕਾਸ਼ ਕਿ ਮੈਂ ਜਾਣ ਪਾਉਂਦਾ।''
ਇਹ ਸਟੋਰੀ ਪੁਲਿਤਜ਼ਰ ਸੈਂਟਰ ਦੁਆਰਾ ਸਮਰਥਨ ਪ੍ਰਾਪਤ ਸਟੋਰੀ-ਸੀਰੀਜ਼ ਦਾ ਹਿੱਸਾ ਹੈ ਜਿਹਦੇ ਤਹਿਤ ਰਿਪੋਰਟਰ ਨੂੰ ਸੁਤੰਤਰ ਪੱਤਰਕਾਰਤਾ ਗ੍ਰਾਂਟ ਮਿਲ਼ੀ ਹੋਈ ਹੈ।
ਤਰਜਮਾ: ਕਮਲਜੀਤ ਕੌਰ