ਕੁੱਤਾ ਭੌਂਕਦਾ ਹੈ। ਸ਼ੇਰ ਗਰਜਦਾ ਹੈ। ਇਨਸਾਨੀ ਚਾਂਗਰਾਂ ਫਿਜ਼ਾ ਵਿੱਚ ਤੈਰਨ ਲੱਗਦੀਆਂ ਹਨ।
ਭਾਵੇਂ ਅਸੀਂ ਚੰਦਰਪੁਰ ਦੇ ਤਾਡੋਬਾ ਅੰਧਾਰੀ ਟਾਈਗਰ ਰਿਜ਼ਰਵ (ਟੀਏਟੀਆਰ) ਤੋਂ ਕਰੀਬ 100 ਕਿਲੋਮੀਟਰ ਦੀ ਦੂਰੀ 'ਤੇ ਹਾਂ ਤਾਂ ਵੀ ਇਹ ਨਜ਼ਾਰਾ ਕੋਈ ਅਲੋਕਾਰੀ ਗੱਲ ਨਹੀਂ ਹੈ।
ਅਲੋਕਾਰੀ ਗੱਲ ਤਾਂ ਇਹ ਹੈ ਕਿ ਜਾਨਵਰਾਂ ਅਤੇ ਮਨੁੱਖ ਦੀਆਂ ਇਹ ਅਵਾਜ਼ਾਂ ਰਿਕਾਰਡ ਕੀਤੀਆਂ ਹੋਈਆਂ ਸਨ ਅਤੇ ਮੰਗੀ ਪਿੰਡ ਦੇ ਇੱਕ ਲਾਊਡ ਸਪੀਕਰ 'ਚੋਂ ਬਾਹਰ ਨਿਕਲ਼ ਕੇ ਹਵਾ ਵਿੱਚ ਤੈਰ ਰਹੀਆਂ ਹਨ। ਵਿਦਰਭਾ ਦੀ ਪੇਂਡੂ ਪੱਟੀ 'ਤੇ ਨਰਮੇ ਤੇ ਅਰਹਰ (ਤੂਰ) ਦੇ ਖੇਤਾਂ ਦੇ ਐਨ ਵਿਚਾਲੇ ਇੱਕ ਮੈਗਾਫ਼ੋਨ ਖੰਭੇ ਨਾਲ਼ ਬੰਨ੍ਹਿਆ ਹੋਇਆ ਹੈ ਅਤੇ ਇਹਦੀਆਂ ਤਾਰਾਂ ਨੂੰ ਬੈਟਰੀ ਨਾਲ਼ ਚੱਲਣ ਵਾਲ਼ੇ ਕੀਟਨਾਸ਼ਕ ਛਿੜਕਾਅ (ਸਪਰੇਅ) ਪੰਪ ਨਾਲ਼ ਜੋੜਿਆ ਗਿਆ ਹੈ।
ਜੰਗਲੀ ਜਾਨਵਰਾਂ ਨੂੰ ਡਰਾਉਣ ਲਈ ਆਪਣੀ ਇਸ ਤਾਜ਼ਾ ਕੋਸ਼ਿਸ਼ ਬਾਰੇ 48 ਸਾਲਾ ਕਿਸਾਨ, ਸੁਰੇਸ਼ ਰੇਂਘੇ ਦਾ ਕਹਿਣਾ ਹੈ,''ਰਾਤੀਂ ਜੇਕਰ ਮੈਂ ਇਹ ਅਲਾਰਮ ਨਾ ਵਜਾਵਾਂ ਤਾਂ ਜੰਗਲੀ ਸੂਰ ਤੇ ਨੀਲ਼ੇ ਬਲ਼ਦ (ਜੋ ਰਾਤ ਦੇ ਜੀਵ ਹਨ) ਮੇਰੀਆਂ ਫ਼ਸਲਾਂ ਖਾ ਜਾਣਗੇ। ਅਰਹਰ ਤੇ ਛੋਲੇ ਉਨ੍ਹਾਂ ਦਾ ਪਸੰਦੀਦਾ ਭੋਜਨ ਹੈ।'' ਅਖ਼ੀਰ ਫ਼ਸਲਾਂ ਲਈ ਮਾਰੂ ਨਤੀਜਾ ਨਿਕਲ਼ਦਾ ਹੈ।
ਉਨ੍ਹਾਂ ਨੇ ਸੋਲਰ ਅਤੇ ਬਿਜਲਈ, ਦੋਵੇਂ ਤਰ੍ਹਾਂ ਦੀਆਂ ਵਾੜਾਂ ਲਾ ਕੇ ਦੇਖ ਲਿਆ ਪਰ ਫਿਰ ਵੀ ਜਾਨਵਰਾਂ ਨੂੰ ਦੂਰ ਰੱਖਣਾ ਸੰਭਵ ਨਾ ਹੋ ਸਕਿਆ। ਇਸਲਈ ਸੁਰੇਸ਼ ਇਸ ਯੰਤਰ ਨੂੰ ਚਲਾਉਣ ਲਈ ਬੈਟਰੀ ਨਾਲ਼ ਚੱਲਣ ਵਾਲ਼ੇ ਪੰਪ ਦਾ ਸਹਾਰਾ ਲੈਂਦੇ ਹਨ। ਜਿਓਂ ਹੀ ਤਾਰਾਂ ਪਲੱਗ ਵਿੱਚ ਵੜ੍ਹਦੀਆਂ ਹਨ ਜਾਨਵਰਾਂ ਤੇ ਮਨੁੱਖ ਦੀਆਂ ਕੰਨ-ਪਾੜ੍ਹਵੀਆਂ ਅਵਾਜ਼ਾਂ ਹਵਾ ਵਿੱਚ ਤੈਰਨ ਲੱਗਦੀਆਂ ਹਨ।
ਰੇਂਘੇ ਨੂੰ ਆਪਣੀ 17 ਏਕੜ ਦੀ ਪੈਲ਼ੀ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ ਜਿਸ ਵਿੱਚ ਉਹ ਨਰਮਾ, ਛੋਲੇ, ਅਰਹਰ, ਮਿਰਚਾਂ, ਮੂੰਗੀ, ਸੋਇਆਬੀਨ ਤੇ ਮੂੰਗਫ਼ਲੀ ਵਗੈਰਾ ਉਗਾਉਂਦੇ ਹਨ।
ਜੰਗਲੀ ਜਾਨਵਰਾਂ ਦੇ ਖ਼ਤਰੇ ਨਾਲ਼ ਨਜਿੱਠਣ ਵਾਸਤੇ ਵਿਦਰਭ ਦੀ ਪੇਂਡੂ ਪੱਟੀ ਦੇ ਸੈਂਕੜੇ ਪਿੰਡਾਂ ਵਿੱਚ ਅਜਿਹੇ ਉੱਨਤ ਤਰੀਕੇ ਦੇ ਫਾਰਮ ਅਲਾਰਮ ਲਗਾਏ ਜਾ ਰਹੇ ਹਨ।
ਪਰ ਇਹ ਅਲਾਰਮ ਸਿਰਫ਼ ਜਾਨਵਰਾਂ ਨੂੰ ਹੀ ਨਹੀਂ ਡਰਾਉਂਦੇ। ''ਰਾਤ ਵੇਲ਼ੇ ਖਾਲੀ ਸੜਕਾਂ 'ਤੇ ਲੰਘਦੇ ਬਾਈਕ ਸਵਾਰ ਜਾਂ ਹੋਰ ਯਾਤਰੀਆਂ ਦੇ ਹੋਸ਼ ਉਡਾਉਣ ਦਾ ਕਾਰਨ ਵੀ ਬਣਦੇ ਹਨ,'' ਰੇਂਗੇ ਨੇ ਖੀ-ਖੀ ਕਰਦਿਆਂ ਕਿਹਾ।
ਮੰਗੀ ਪਿੰਡ ਚੁਫ਼ੇਰਿਓਂ ਝਾੜੀਆਂ ਦੇ ਛੋਟੇ-ਛੋਟੇ ਮੈਦਾਨਾਂ ਤੇ ਸਾਗਵਾਨ (ਟੀਕ) ਦੇ ਜੰਗਲਾਂ ਨਾਲ਼ ਘਿਰਿਆ ਹੋਇਆ ਹੈ। ਇਹ ਯਵਤਮਾਲ ਦੀ ਰਾਲੇਗਾਓਂ ਤਹਿਸੀਲ ਦੇ ਨਾਗਪੁਰ-ਪੰਧਾਰਕਾਵੜਾ ਹਾਈਵੇਅ ਤੋਂ ਦੂਰ ਸਥਿਤ ਹੈ। ਇਹਦਾ ਪੂਰਬੀ ਕਿਨਾਰਾ ਟੀਏਟੀਆਰ ਹੈ, ਜੋ ਮਹਾਰਾਸ਼ਟਰ ਦੇ ਕੁੱਲ 315 ਬਾਘਾਂ ਵਿੱਚੋਂ 82 ਬਾਘਾਂ ਦਾ ਘਰ ਹੈ ਤੇ ਇਹਦੇ ਪੱਛਮੀ ਸਿਰੇ ਵਿੱਚ ਯਵਤਮਾਲ ਜ਼ਿਲ੍ਹੇ ਦੀ ਟਿਪੇਸ਼ਵਰ ਵਾਈਲਡ ਲਾਈਫ ਸੈਂਚੁਰੀ ਹੈ। ਇਹ ਨਾ ਸਿਰਫ਼ ਬਾਘਾਂ ਦਾ ਸਗੋਂ ਚੀਤਿਆਂ, ਭਾਲੂਆਂ, ਜੰਗਲੀ ਕੁੱਤਿਆਂ, ਗੌੜ, ਚਿਤਲ ਤੇ ਸਾਂਬਰ (ਜੰਗਲੀ ਸੂਰ) ਜਿਹੇ ਖ਼ਤਰਨਾਕ ਜਾਨਵਰਾਂ ਦਾ ਵੀ ਘਰ ਹੈ
ਕਰੀਬ 850 ਲੋਕਾਂ ਦੀ ਵਸੋਂ ਵਾਲ਼ਾ ਇਹ ਪਿੰਡ ਦੋਵਾਂ ਦਰਮਿਆਨ ਇੱਕ ਲਾਂਘੇ ਦਾ ਕੰਮ ਕਰਦਾ ਹੈ। ਜਿਵੇਂ ਖੇਤੀਯੋਗ ਜ਼ਮੀਨਾਂ ਦਾ ਝਾੜੀਆਂ ਦੇ ਜੰਗਲਾਂ ਨਾਲ਼ ਘਿਰੇ ਹੋਣਾ ਹਰ ਪਿੰਡ ਲਈ ਸਮੱਸਿਆ ਪੈਦਾ ਕਰਦਾ ਹੈ ਉਵੇਂ ਹੀ ਮੰਗੀ ਲਈ ਵੀ ਸਮੱਸਿਆ ਹੈ। ਜਦੋਂ ਜੰਗਲ ਸੰਘਣੇ ਹੁੰਦੇ ਸਨ ਤਾਂ ਇਨ੍ਹਾਂ ਜਾਨਵਰਾਂ ਨੂੰ ਅੰਦਰੋਂ ਹੀ ਭੋਜਨ ਤੇ ਪਾਣੀ ਮਿਲ਼ ਜਾਇਆ ਕਰਦਾ। ਪਰ ਹੁਣ, ਬੀਜੀਆਂ ਫ਼ਸਲਾਂ ਹੀ ਉਨ੍ਹਾਂ ਦੀ ਭੋਜਨ ਸਮੱਗਰੀ ਬਣਦੀਆਂ ਹਨ।
ਇਸ ਸਮੱਸਿਆ ਲਈ ਜੰਗਲਾਤ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਸਾਨ ਕਹਿੰਦੇ ਹਨ,''ਜਾਂ ਤਾਂ ਉਹ ਜਾਨਵਰਾਂ ਨੂੰ ਕਿਤੇ ਦੂਰ ਛੱਡ ਆਉਣ ਜਾਂ ਫਿਰ ਸਾਨੂੰ ਉਨ੍ਹਾਂ ਨੂੰ ਮਾਰਨ ਦੀ ਆਗਿਆ ਦੇ ਦੇਣ। ਇਹ ਜਾਨਵਰ ਤਾਂ ਉਨ੍ਹਾਂ ਦੇ ਹੀ ਹਨ,'' ਇਹ ਆਮ ਗੱਲ ਹੈ।
ਜੰਗਲੀ ਜੀਵ ਸੁਰੱਖਿਆ ਐਕਟ, 1972 ਦੇ ਦਾਇਰੇ ਹੇਠ ਸੁਰੱਖਿਅਤ, ਇਨ੍ਹਾਂ ਜੀਵਾਂ ਨੂੰ ਮਾਰਨ ਜਾਂ ਕੈਦ ਕਰਨ ਖ਼ਿਲਾਫ਼ ''ਇੱਕ ਸਾਲ ਤੋਂ ਘੱਟ ਸਜ਼ਾ ਨਹੀਂ ਹੁੰਦੀ ਤੇ ਕਈ ਵਾਰੀਂ ਉਹਨੂੰ ਵਧਾ ਕੇ 7 ਸਾਲ ਤੱਕ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਜੁਰਮਾਨਾ ਵੀ ਲੱਗਦਾ ਹੈ ਜੋ 5,000 ਰੁਪਏ ਤੋਂ ਘੱਟ ਨਹੀਂ ਹੁੰਦਾ।'' ਹਾਲਾਂਕਿ ਇਸ ਐਕਟ ਅੰਦਰ ਜੰਗਲੀ ਜੀਵਾਂ ਕਾਰਨ ਹੋਏ ਫ਼ਸਲੀ ਨੁਕਸਾਨ ਦੀ ਰਿਪੋਰਟ ਕਰਨ ਦਾ ਪ੍ਰੋਵੀਜ਼ਨ ਵੀ ਹੈ ਪਰ ਇਹ ਪ੍ਰਕਿਰਿਆ ਬਹੁਤ ਥਕਾਊ ਹੈ ਤੇ ਨੁਕਸਾਨ ਬਦਲੇ ਮਿਲ਼ਣ ਵਾਲ਼ਾ ਮੁਆਵਜ਼ਾ ਵੀ ਨਿਗੂਣਾ ਹੀ ਰਹਿੰਦਾ ਹੈ। ਪੜ੍ਹੋ: 'ਇਹ ਨਵੀਂ ਹੀ ਕਿਸਮ ਦਾ ਸੋਕਾ ਹੈ'
ਅਕਸਰ, ਜੰਗਲੀ ਸੂਰ, ਹਿਰਨ ਜਾਂ ਫਿਰ ਨੀਲ਼ਗਾਵਾਂ ਕਈ ਵਾਰੀਂ ਵੱਡੇ ਅਤੇ ਕਦੇ-ਕਦੇ ਕਾਫ਼ੀ ਵੱਡੇ ਝੁੰਡਾਂ ਵਿੱਚ ਆਉਂਦੇ ਹਨ। ''ਤੁਹਾਡੀ ਗ਼ੈਰ-ਹਾਜ਼ਰੀ ਵਿੱਚ ਜਦੋਂ ਉਹ ਇੱਕ ਵਾਰੀਂ ਖੇਤ ਵੜ੍ਹ ਗਏ ਤਾਂ ਬਹੁਤ ਜ਼ਿਆਦਾ ਨੁਕਸਾਨ ਕਰਦੇ ਹਨ,'' ਰੇਂਘੇ ਦੱਸਦੇ ਹਨ।
ਮਨੁੱਖੀ ਮੌਜੂਦਗੀ ਨਾਲ਼ ਫ਼ਰਕ ਤਾਂ ਪੈਂਦਾ ਹੀ ਹੈ ਪਰ ਮੰਗੀ ਦੇ ਕਿਸਾਨ ਹੁਣ ਰਾਤ ਵੇਲ਼ੇ ਨਿਗਰਾਨੀ ਨਹੀਂ ਰੱਖ ਪਾਉਂਦੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਦਮ ਉਨ੍ਹਾਂ ਦੀ ਸਿਹਤ ਲਈ ਨੁਕਸਾਨਦੇਹ ਵੀ ਹੈ ਤੇ ਖ਼ਤਰਨਾਕ ਵੀ। ਇਹਦੀ ਬਜਾਇ, ਪੇਂਡੂ ਇਲਾਕਿਆਂ ਵਿੱਚ ਇਨ੍ਹਾਂ ਛੋਟੇ-ਛੋਟੇ ਯੰਤਰਾਂ ਦੀ ਭੂਮਿਕਾ ਜ਼ਿਆਦਾ ਵੱਡੀ ਰਹਿੰਦੀ ਹੈ।
ਰੇਂਘੇ ਕਹਿੰਦੇ ਹਨ,''ਸਿਹਤ ਸਬੰਧੀ ਦਿੱਕਤਾਂ ਕਾਰਨ ਮੈਂ ਹਰ ਰਾਤ ਖੇਤ ਵਿੱਚ ਨਹੀਂ ਠਹਿਰ ਸਕਦਾ। ਇਹ ਵਾਲ਼ਾ ਬਦਲ ਸਹੀ ਹੈ।'' ਇੱਕ ਤਾਂ ਇਹ ਚਲਾਉਣਾ ਵੀ ਸੌਖਾ ਤੇ ਦੂਜਾ ਮਹਿੰਗਾ ਵੀ ਨਹੀਂ ਪੈਂਦਾ। ਇਸ ਅਲਾਰਮ ਦਾ ਵੱਜਣਾ ਮਨੁੱਖੀ ਮੌਜੂਦਗੀ ਦਾ ਭਰਮ ਤਾਂ ਪੈਦਾ ਕਰਦਾ ਹੈ ਪਰ ਰੇਂਘੇ ਦਾ ਕਹਿਣਾ ਹੈ,''ਇਹ ਤੁਹਾਨੂੰ ਬੇਫ਼ਿਕਰ ਵੀ ਨਹੀਂ ਰੱਖ ਸਕਦਾ; ਜੰਗਲੀ ਜੀਵਾਂ ਦੇ ਹਮਲਾ ਕਰਨ ਤੇ ਫ਼ਸਲ ਤਬਾਹ ਕਰਨ ਦਾ ਖ਼ਤਰਾ ਬਣਿਆ ਹੀ ਰਹਿੰਦਾ ਹੈ।''
ਪਰ ਹੱਥ 'ਤੇ ਹੱਥ ਧਰ ਕੇ ਬੈਠਣ ਨਾਲ਼ੋਂ ਇਸ ਯੰਤਰ ਦਾ ਇਸਤੇਮਾਲ ਕਰਨਾ ਸਹੀ ਹੈ।
*****
ਨਾ ਸਿਰਫ਼ ਯਵਤਮਾਲ ਸਗੋਂ ਕਪਾਹ ਦੇ ਦੇਸ਼ ਵਜੋਂ ਜਾਣੇ ਜਾਂਦੇ ਵਿਦਰਭਾ ਦੇ ਇਸ ਪੂਰਬੀ ਮਹਾਰਾਸ਼ਟਰ ਪੱਟੀ ਦੇ ਵੱਡੇ ਇਲਾਕਿਆਂ ਵਿੱਚ ਖੇਤੀ ਜ਼ਿਆਦਾਤਰ ਵਰਖਾ 'ਤੇ ਹੀ ਨਿਰਭਰ ਰਹਿੰਦੀ ਰਹੀ ਹੈ। ਹਾਲਾਂਕਿ, ਮੰਗੀ ਪਿੰਡ ਦੇ ਨੇੜੇ ਬਾਭੂਲਗਾਓਂ ਵਿਖੇ ਬਣ ਰਹੇ ਬੇਮਬਲਾ ਬੰਨ੍ਹ ਦੇ ਮੁਕੰਮਲ ਹੋਣ ਦੀ ਗੱਲ ਕਰੀਏ ਤਾਂ ਇਸ ਦੇ ਪੂਰਾ ਹੁੰਦਿਆਂ ਹੀ ਚੀਜ਼ਾਂ ਬਦਲ ਜਾਣਗੀਆਂ- ਨਹਿਰਾਂ ਰਾਹੀਂ ਪਾਣੀ ਇਸ ਪਿੰਡ ਵਿੱਚ ਲਿਆਂਦਾ ਜਾਵੇਗਾ, ਜਿਸ ਕਾਰਨ ਦੋਹਰੀ ਫ਼ਸਲ ਤੋਂ ਆਮਦਨ ਵੱਧਣ ਦੀ ਉਮੀਦ ਜਾਗੇਗੀ।
''ਬਹੁ-ਫ਼ਸਲੀ ਚੱਕਰ ਦਾ ਹੋਣਾ ਸਮਝੋ ਜਾਨਵਰਾਂ ਲਈ ਵੰਨ-ਸੁਵੰਨੇ ਭੋਜਨ ਦਾ ਉਪਲਬਧ ਰਹਿਣਾ,'' ਰੇਂਘੇ ਕਹਿੰਦੇ ਹਨ,''ਜਾਨਵਰ ਬੜੇ ਹੁਸ਼ਿਆਰ ਹੁੰਦੇ ਹਨ ਤੇ ਉਹ ਭਲ਼ੀ-ਭਾਂਤਿ ਜਾਣਦੇ ਹਨ ਕਿ ਉਹ ਇਨ੍ਹਾਂ ਖੇਤਾਂ ਵਿੱਚ ਬਾਰ ਬਾਰ ਆ ਸਕਦੇ ਹਨ।''
ਇਹ ਖਿੱਤਾ ਮੁੱਖ ਰੂਪ ਵਿੱਚ ਯਵਤਮਾਲ ਵਿਖੇ ਕਪਾਹ ਤੇ ਸੋਇਆਬੀਨ ਉਗਾਉਣ ਵਾਲ਼ੀ ਪੱਟੀ ਹੈ, ਜਿੱਥੇ ਕਿਸਾਨ ਖ਼ੁਦਕੁਸ਼ੀਆਂ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਉਂਦੇ ਹਨ ਤੇ ਇਹ ਖਿੱਤਾ ਦੋ ਦਹਾਕਿਆਂ ਤੋਂ ਭਿਆਨਕ ਖੇਤੀ ਸੰਕਟ ਨਾਲ਼ ਵੀ ਘਿਰਿਆ ਹੋਇਆ ਹੈ। ਕਈ ਗੰਭੀਰ ਚਿੰਤਾਵਾਂ ਹਨ ਜਿਵੇਂ ਰਸਮੀ ਕਰਜ਼ੇ ਤੱਕ ਪਹੁੰਚ ਦੀ ਕਮੀ, ਕਰਜ਼ੇ ਦਾ ਵੱਧਦਾ ਬੋਝ, ਵਰਖਾ-ਅਧਾਰਤ ਖੇਤੀ, ਕੀਮਤਾਂ ਦੇ ਉਤਰਾਅ-ਚੜ੍ਹਾਅ, ਵੱਧਦੀਆਂ ਉਤਪਾਦਨ ਲਾਗਤਾਂ। ਉੱਤੋਂ ਦੀ ਇਨ੍ਹਾਂ ਖ਼ਤਰਨਾਕ ਜੰਗਲੀ ਜਾਨਵਰਾਂ ਦੀ ਘੁਸਪੈਠ ਵੀ ਕਿਸਾਨਾਂ ਲਈ 'ਅਣਚਾਹੇ ਕੀਟਾਂ' ਤੋਂ ਵੱਧ ਨਹੀਂ।
ਜਨਵਰੀ 2021 ਵਿੱਚ, ਜਦੋਂ ਇਹ ਰਿਪੋਰਟਰ ਮੰਗੀ ਪਿੰਡ ਦਾ ਦੌਰਾ ਕਰ ਰਿਹਾ ਹੁੰਦਾ ਹੈ ਤਾਂ ਕਪਾਹ ਦੀ ਪਹਿਲੀ ਤੁੜਾਈ-ਚਿੱਟੇ ਟੀਂਡਿਆਂ- ਦਾ ਕੰਮ ਮੁੱਕ ਗਿਆ ਹੁੰਦਾ ਹੈ ਤੇ ਅਰਹਰ ਦੀਆਂ ਲੰਬੀਆਂ-ਲੰਬੀਆਂ ਫਲ਼ੀਆਂ ਬੂਟਿਆਂ ਤੋਂ ਲਮਕ ਰਹੀਆਂ ਹੁੰਦੀਆਂ ਹਨ। ਰੇਂਘੇ ਦੇ ਖੇਤਾਂ ਵਿੱਚ ਲੱਗੀਆਂ ਮਿਰਚਾਂ ਵੀ ਛੇਤੀ ਹੀ ਪੱਕ ਜਾਣਗੀਆਂ।
ਉਹ ਕਹਿੰਦੇ ਹਨ ਕਿ ਜਦੋਂ ਵਾਢੀ ਦਾ ਸਮਾਂ ਆਉਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਜਾਨਵਰਾਂ ਦੇ ਛਾਪਿਆਂ ਨੇ ਕਿੰਨੀ ਫ਼ਸਲ ਦਾ ਨੁਕਸਾਨ ਕੀਤਾ ਹੈ।
ਜਨਵਰੀ 2021 ਤੋਂ ਫ਼ਰਵਰੀ 2023 ਦੇ ਇਸ ਦੋ ਸਾਲਾਂ ਦੇ ਵਕਫ਼ੇ ਦੌਰਾਨ ਪਾਰੀ ਨੇ ਰੇਂਘੇ ਦੇ ਖੇਤਾਂ ਦਾ ਕਈ ਵਾਰੀ ਦੌਰਾ ਕੀਤਾ ਅਤੇ ਹਰ ਵਾਰੀਂ ਉਹਨੂੰ ਜੰਗਲੀ ਜਾਨਵਰਾਂ ਹੱਥੋਂ ਹੋਏ ਫ਼ਸਲੀ ਨੁਕਸਾਨ ਤੋਂ ਗ੍ਰਸਤ ਹੀ ਪਾਇਆ।
ਨਿਰਾਸ਼ਾਵੱਸ ਪਏ ਰੇਂਘੇ ਨੂੰ ਲਾਊਡਸਪੀਕਰ ਵਾਲ਼ੇ ਉਸ ਛੋਟੇ ਜਿਹੇ ਯੰਤਰ 'ਤੇ ਪੈਸਾ ਖ਼ਰਚਣਾ ਜਾਇਜ਼ ਲੱਗਿਆ। ਸੂਰਜੀ ਊਰਜਾ ਨਾਲ਼ ਚੱਲਣ ਵਾਲ਼ਾ ਇਹ ਯੰਤਰ ਮਾਰਕਿਟ ਵਿੱਚ ਨਵਾਂ ਆਇਆ ਹੈ ਤੇ ਚੀਨ ਦਾ ਬਣਿਆ ਹੋਣ ਕਾਰਨ ਕਾਫ਼ੀ ਸਸਤਾ ਵੀ ਹੈ। ਲੋਕਪ੍ਰਿਯ ਹੋਣ ਕਾਰਨ ਲੋਕਲ ਦੁਕਾਨਾਂ ਤੋਂ ਸੁਖ਼ਾਲਾ ਹੀ ਮਿਲ਼ ਜਾਂਦਾ ਹੈ ਤੇ ਇਹਦੀ ਕੀਮਤ 200 ਰੁਪਏ ਤੋਂ ਲੈ ਕੇ 1,000 ਰੁਪਏ ਤੱਕ ਹੁੰਦੀ ਹੈ। ਇਹ ਕੀਮਤ ਯੰਤਰ ਦੀ ਕੁਆਲਿਟੀ, ਲੱਗੇ ਸਮਾਨ ਤੇ ਬੈਟਰੀ-ਲਾਈਫ਼ 'ਤੇ ਨਿਰਭਰ ਕਰਦੀ ਹੈ। ਇਸ ਯੰਤਰ ਦਾ ਅਕਾਰ ਆਮ ਬੂਹੇ 'ਤੇ ਲੱਗੀ ਘੰਟੀ ਜਿੰਨਾ ਕੁ ਹੁੰਦਾ ਹੈ ਤੇ ਇਹਦੀ ਬੈਟਰੀ 6-7 ਘੰਟੇ ਕੱਢ ਜਾਂਦੀ ਹੈ ਤੇ ਸੂਰਜੀ ਊਰਜਾ ਨਾਲ਼ ਚੱਲਣ ਵਾਲ਼ੇ ਸਪਰੇਅ-ਪੰਪਾਂ ਨਾਲ਼ ਜੋੜ ਕੇ ਵੀ ਚਾਰਜ ਕੀਤਾ ਜਾ ਸਕਦਾ ਹੈ। ਆਮ ਤੌਰ 'ਤੇ ਕਿਸਾਨ ਇਨ੍ਹਾਂ ਨੂੰ ਦਿਨੇ ਹੀ ਰਿਚਾਰਜ ਕਰਦੇ ਹਨ ਤੇ ਰਾਤ ਵੇਲ਼ੇ ਇਸਤੇਮਾਲ ਕਰਦੇ ਹਨ। ਇਹ ਯੰਤਰ ਉਨ੍ਹਾਂ ਦੇ ਖੇਤ ਦੇ ਐਨ ਵਿਚਕਾਰ ਕਰਕੇ ਲੱਗੇ ਖੰਭੇ ਨਾਲ਼ ਜੋੜਿਆ ਹੁੰਦਾ ਹੈ।
ਯਵਤਮਾਲ ਸਭ ਤੋਂ ਵੱਧ ਹੋਣ ਵਾਲ਼ੀ ਕਿਸਾਨ ਖ਼ੁਦਕੁਸ਼ੀਆਂ ਲਈ ਜਾਣਿਆ ਜਾਂਦਾ ਹੈ ਤੇ ਭਿਆਨਕ ਖੇਤੀ ਸੰਕਟ ਲਈ ਵੀ। ਖ਼ਤਰਨਾਕ ਜੰਗਲੀ ਜਾਨਵਰਾਂ ਦੀ ਘੁਸਪੈਠ ਵੀ ਕਿਸਾਨਾਂ ਲਈ 'ਅਣਚਾਹੇ ਕੀਟਾਂ' ਤੋਂ ਵੱਧ ਨਹੀਂ
ਪਿਛਲੇ ਲਗਭਗ ਇੱਕ ਸਾਲ ਵਿੱਚ, ਇਸ ਰਿਪੋਰਟਰ ਨੇ ਵਿਦਰਭ ਦੇ ਦੂਰ-ਦੁਰਾਡੇ ਖੇਤਾਂ ਵਿੱਚ ਖੇਤ-ਅਲਾਰਮ ਯੰਤਰਾਂ ਦੀ ਹੈਰਾਨ ਕਰ ਸੁੱਟਣ ਵਾਲ਼ੀ ਵੰਨ-ਸੁਵੰਨਤਾ ਦੇਖੀ ਹੈ, ਇਹ ਯੰਤਰ ਰਾਤ ਵੇਲ਼ੇ ਅਵਾਜ਼ਾਂ ਕੱਢਦੇ ਹਨ।
ਮੰਗੀ ਵਿਖੇ ਚਾਰ ਏਕੜ ਖੇਤ ਦੇ ਮਾਲਕ, ਰਮੇਸ਼ ਸਰੋਦੇ ਦਾ ਕਹਿਣਾ ਹੈ,''ਅਸੀਂ ਕੁਝ ਕੁ ਸਾਲ ਹੋਏ ਇਨ੍ਹਾਂ ਅਲਾਰਮਾਂ ਦਾ ਇਸਤੇਮਾਲ ਸ਼ੁਰੂ ਕੀਤਾ।'' ਉਨ੍ਹਾਂ ਨੇ ਆਪਣੀ ਫ਼ਸਲਾਂ ਬਚਾਉਣ ਲਈ ਖੇਤ ਵਿੱਚ ਕਾਗਭਗੌੜੇ (ਡਰੋਣੇ) ਲਾਉਣ ਤੋਂ ਇਲਾਵਾ ਇਹ ਯੰਤਰ ਸਥਾਪਤ ਕੀਤਾ। ''ਅਸੀਂ ਪੂਰਾ-ਪੂਰਾ ਦਿਨ ਪਟਾਕੇ ਚਲਾਇਆ ਕਰਦੇ, ਪਰ ਉਹ ਬੜੇ ਮਹਿੰਗੇ ਪੈਂਦੇ ਤੇ ਅਵਿਵਹਾਰਕ ਵੀ ਲੱਗਦੇ। ਇਹ ਅਲਾਰਮ ਤਾਂ ਆਮ ਬਿਜਲੀ ਦੀਆਂ ਦੁਕਾਨਾਂ 'ਤੇ ਮਿਲ਼ ਜਾਂਦੇ ਹਨ,'' ਗੱਲ ਜਾਰੀ ਰੱਖਦਿਆਂ ਉਹ ਕਹਿੰਦੇ ਹਨ।
ਤਿਰਕਾਲਾਂ ਨੂੰ ਘਰੇ ਮੁੜਨ ਤੋਂ ਪਹਿਲਾਂ ਸਾਰੇ ਕਿਸਾਨ ਇਨ੍ਹਾਂ ਯੰਤਰਾਂ ਨੂੰ ਚਾਲੂ ਕਰ ਜਾਂਦੇ ਹਨ। ਕੁਝ ਕਿਲੋਮੀਟਰ ਦੂਰ ਪਿੰਡ ਵਿਖੇ ਪੈਂਦੇ ਉਨ੍ਹਾਂ ਦੇ ਘਰੋਂ ਵੀ ਜਾਨਵਰਾਂ ਦੀਆਂ ਇਹ ਅਵਾਜ਼ਾਂ (ਮਨਸੂਈ) ਸੁਣੀਆਂ ਜਾ ਸਕਦੀਆਂ ਹਨ। ਪਰ ਕਿਉਂਕਿ ਕੁਝ ਚਲਾਕ ਜਾਨਵਰਾਂ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ, ਇਸਲਈ ਰੇਂਘੇ ਨੇ ਹਵਾ ਨਾਲ਼ ਚੱਲਣ ਵਾਲ਼ੇ ਪੱਖੇ ਦੀ ਕਾਢ ਕੱਢੀ ਹੈ ਜੋ ਸਟੀਲ ਦੀ ਲੇਟਵੀਂ ਪਲੇਟ ਨੂੰ ਥਪੇੜੇ ਮਾਰਦਾ ਰਹਿੰਦਾ ਹੈ। ਇਹ ਯਕੀਨੀ ਬਣਾਉਣ ਲਈ ਕਿ ਸਾਰੇ ਤਲ਼ਿਆਂ ਨੂੰ ਕੱਜ ਦਿੱਤਾ ਹੋਇਆ ਹੈ, ਉਹਨੂੰ ਦੂਜੇ ਸਿਰੇ ਤੋਂ ਲੱਕੜ ਦੇ ਖੰਭੇ ਨਾਲ਼ ਬੰਨ੍ਹ ਦਿੱਤਾ ਜਾਂਦਾ ਹੈ।
ਰੇਂਘੇ ਆਪਣੀ ਖਿਸਿਆਹਟ ਲੁਕਾਉਣ ਲਈ ਹੱਸਦਿਆਂ ਕਹਿੰਦੇ ਹਨ,''ਮਨ ਚਾਯਾ ਤਸਾਲੀ ਸਾਥੀ ਕਰਤੋ ਜੀ ਹੀ (ਅਸੀਂ ਇਹ ਸਭ ਆਪਣੀ ਤਸੱਲੀ ਲਈ ਕਰਦੇ ਹਾਂ)। ਕਾ ਕਰਤਾ (ਦੱਸੋ ਕੋਈ ਹੋਰ ਕੀ ਕਰੇ)!''
ਗੱਲ ਇਹ ਵੀ ਹੈ ਕਿ ਭਾਵੇਂ ਕਿ ਇਹ ਖੇਤ ਅਲਾਰਮ ਰੌਲ਼ਾ ਪਾਉਂਦੇ ਹੋਣ ਪਰ ਫਿਜ਼ਾ ਅੰਦਰ ਮਨੁੱਖੀ ਜਾਂ ਪਹਿਰੇਦਾਰ ਕੁੱਤਿਆਂ ਦੀ ''ਗੰਧ ਨਹੀਂ ਹੁੰਦੀ'', ਇਸਲਈ ਇਹ ਜੁਗਾੜ ਵੀ ਜੰਗਲੀ ਜਾਨਵਰਾਂ ਨੂੰ ਦੂਰ ਰੱਖਣ ਲਈ ਹਮੇਸ਼ਾਂ ਕਾਰਗਾਰ ਤਾਂ ਨਹੀਂ ਹੁੰਦਾ।
*****
''ਜੇ ਅਸੀਂ ਫ਼ਸਲ ਬਚਾਉਣ ਲਈ ਸੁਚੇਤ ਨਾ ਰਹੀਏ ਤਾਂ ਇਹ ਨੁਕਸਾਨ 50 ਤੋਂ 100 ਫ਼ੀਸਦ ਤੱਕ ਹੋ ਸਕਦਾ ਹੈ,'' ਰੇਂਘੇ ਕਹਿੰਦੇ ਹਨ।
ਰੇਂਘੇ, ਮਰਾਠੀ ਦੀ ਉਪ-ਬੋਲੀ ਭਾਵ ਆਪਣੀ ਵਰਧੀ ਭਾਸ਼ਾ ਵਿੱਚ ਅੱਗੇ ਕਹਿੰਦੇ ਹਨ,''ਅਜੀ ਥਾਇਸੱਪਾ ਸਫਕਾਰਤੇ (ਜਾਨਵਰ ਪੂਰੇ ਖੇਤ ਨੂੰ ਡਕਾਰ ਜਾਂਦੇ ਹਨ)।''
ਫਰਵਰੀ 2023 ਦਾ ਅੱਧ ਹੈ ਅਤੇ ਜਿਓਂ ਹੀ ਅਸੀਂ ਉਨ੍ਹਾਂ ਦੇ ਖੇਤਾਂ ਵਿੱਚੋਂ ਦੀ ਲੰਘਦੇ ਹਾਂ, ਜੋ ਉਨ੍ਹਾਂ ਦੇ ਘਰੋਂ ਬਹੁਤੀ ਦੂਰ ਨਹੀਂ ਹਨ, ਰੇਂਘੇ ਜ਼ਮੀਨ 'ਤੇ ਖਿੰਡੀ ਲਿੱਦ ਵੱਲ ਇਸ਼ਾਰਾ ਕਰਦੇ ਹਨ- ਜਿਸ ਤੋਂ ਸਾਫ਼ ਹੈ ਕਿ ਜੰਗਲੀ ਸੂਰਾਂ ਨੇ ਉਨ੍ਹਾਂ ਦੀ ਹਾੜੀ ਦੀ ਫ਼ਸਲ (ਕਣਕ) ਦੇ ਛੋਟੇ ਜਿਹੇ ਹਿੱਸੇ ਨੂੰ ਖ਼ਰਾਬ ਕਰ ਦਿੱਤਾ ਹੈ।
ਇੱਥੋਂ ਤੱਕ ਕਿ ਮਿਰਚਾਂ ਦੇ ਬੂਟੇ ਵੀ ਸੁਰੱਖਿਅਤ ਨਹੀਂ ਰਹਿੰਦੇ। ''ਮੋਰ ਮਿਰਚਾਂ ਖਾਂਦੇ ਹਨ,'' ਰੇਂਘੇ ਦੱਸਦੇ ਹਨ ਜਦੋਂ ਅਸੀਂ ਵੱਟਾਂ 'ਤੇ ਲੱਗੇ ਲਾਲ ਤੇ ਹਰੀਆਂ ਮਿਰਚਾਂ ਦੇ ਵੱਡੇ ਹੋ ਚੁੱਕੇ ਬੂਟਿਆਂ ਕੋਲ਼ੋਂ ਦੀ ਲੰਘਦੇ ਹਾਂ। ''ਮੋਰਾਂ ਦੀ ਸੁੰਦਰਤਾ 'ਤੇ ਨਾ ਜਾਓ, ਉਹ ਵੀ ਓਨੀ ਹੀ ਤਬਾਹੀ ਮਚਾਉਂਦੇ ਹਨ,'' ਉਹ ਅੱਗੇ ਦੱਸਦੇ ਹਨ। ਉਹ ਇੱਕ ਜਾਂ ਦੋ ਏਕੜ ਦੀ ਪੈਲ਼ੀ ਵਿੱਚ ਮੂੰਗਫ਼ਲੀ ਵੀ ਬੀਜਦੇ ਹਨ ਜੋ ਅੱਧ-ਅਪ੍ਰੈਲ ਤੱਕ ਪੁਟਾਈ ਲਈ ਤਿਆਰ ਹੋ ਜਾਂਦੀ ਹੈ; ਜੰਗਲੀ ਸੂਰਾਂ ਨੂੰ ਮੂੰਗਫ਼ਲੀ ਬੜੀ ਪਸੰਦ ਹੈ।
ਫ਼ਸਲਾਂ ਦੇ ਗੰਭੀਰ ਨੁਕਸਾਨ ਤੋਂ ਇਲਾਵਾ, ਅਲਾਰਮ ਤੇ ਬੈਟਰੀਆਂ ਵੀ ਵਾਧੂ ਦੇ ਖਰਚੇ ਲੱਗਦੇ ਹਨ, ਜਿਵੇਂ ਕਿ ਖੇਤਾਂ ਦੇ ਚੁਫ਼ੇਰੇ ਨਾਈਲਨ ਦੀਆਂ ਸਾੜੀਆਂ ਟੰਗਣਾ। ਰੇਂਘੇ ਸਾਨੂੰ ਪੌਦਿਆਂ ਦੇ ਤਲ਼ੇ 'ਤੇ ਛੋਟੀਆਂ ਲੀਰਾਂ ਵਿੱਚ ਬੰਨ੍ਹੀਆਂ ਨੈਫਥਲੀਨ ਦੀਆਂ ਗੋਲ਼ੀਆਂ ਵੀ ਦਿਖਾਉਂਦੇ ਹਨ- ਕਿਸੇ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਹਵਾੜ ਜੰਗਲੀ ਜਾਨਵਰਾਂ ਨੂੰ ਨੇੜੇ ਨਹੀਂ ਢੁਕਣ ਦਿੰਦੀ। ਉਹ ਹਰ ਹੀਲਾ-ਵਸੀਲਾ ਕਰਦੇ ਰਹਿੰਦੇ ਹਨ ਪਰ ਅਖ਼ੀਰ ਵਿੱਚ ਨਿਰਾਸ਼ਾ ਹੀ ਹੱਥ ਲੱਗਦੀ ਹੈ।
''ਇਸ ਸਮੱਸਿਆ ਦਾ ਕੋਈ ਹੱਲ ਨਹੀਂ,'' ਹਿਰਖੇ ਮਨ ਨਾਲ਼ ਸਰੋਦੇ ਕਹਿੰਦੇ ਹਨ, ਜੋ ਆਪਣੀ ਜ਼ਮੀਨ ਦਾ ਇੱਕ ਹਿੱਸਾ ਸਨਮੀ ਰੱਖਦੇ ਹਨ। ਇਹ ਖਾਲੀ ਹਿੱਸਾ ਉਨ੍ਹਾਂ ਦੀ ਬਾਕੀ ਜ਼ਮੀਨ ਨਾਲ਼ ਜੁੜਿਆ ਨਹੀਂ ਹੋਇਆ। ''ਜੇ ਅਸੀਂ ਰਾਤਾਂ ਨੂੰ ਜਾਗ ਕੇ ਰਾਖੀ ਕਰੀਏ ਤਾਂ ਅਸੀਂ ਬੀਮਾਰ ਪੈ ਜਾਂਦੇ ਹਾਂ; ਜੇ ਅਸੀਂ ਸੌਂ ਜਾਈਏ ਤਾਂ ਸਾਡੀ ਫ਼ਸਲ ਤਬਾਹ ਹੋ ਜਾਂਦੀ ਹੈ- ਅਸੀਂ ਕਰੀਏ ਤਾਂ ਕੀ ਕਰੀਏ!''
ਇਹ ਸਮੱਸਿਆ ਇੰਨੀ ਗੰਭੀਰ ਹੈ ਕਿ ਵਿਦਰਭ ਦੇ ਕਈ ਹਿੱਸਿਆਂ ਨੂੰ, ਜਿੱਥੇ ਖੇਤਾਂ ਨੂੰ ਜੰਗਲਾਂ ਨੇ ਘੇਰਾ ਪਾਇਆ ਹੋਇਆ ਹੈ, ਕੁਝ ਛੋਟੇ ਜਾਂ ਸੀਮਾਂਤ ਕਿਸਾਨ ਵੱਲੋਂ ਮਜ਼ਬੂਰੀਵੱਸ ਸਨਮੀ ਰੱਖਣਾ ਪੈਂਦਾ ਹੈ। ਉਹ ਫ਼ਸਲਾਂ ਦੇ ਅਚਾਨਕ ਹੋਣ ਵਾਲ਼ੇ ਇੰਨੇ ਵੱਡੇ ਨੁਕਸਾਨ, ਫ਼ਸਲ ਉਗਾਉਣ ਲਈ ਲੱਗਣ ਵਾਲ਼ੀ ਊਰਜਾ, ਸਮਾਂ ਤੇ ਪੈਸਾ ਬਰਬਾਦ ਕਰਨ ਨੂੰ ਤਿਆਰ ਨਹੀਂ ਹੁੰਦੇ ਤੇ ਨਾ ਹੀ 24 ਘੰਟੇ ਖੇਤਾਂ ਦੀ ਰਾਖੀ ਬਹਿ ਕੇ ਆਪਣੀ ਸਿਹਤ ਹੀ ਖ਼ਰਾਬ ਕਰਨ ਦੀ ਇੱਛਾ ਰੱਖਦੇ ਹਨ।
ਤੁਸੀਂ ਜੰਗਲੀ ਜਾਨਵਰਾਂ ਨੂੰ ਹਰਾ ਨਹੀਂ ਸਕਦੇ ਤੇ ਨਾ ਹੀ ਉਨ੍ਹਾਂ ਕਿਸਾਨਾਂ ਦਾ ਮਜ਼ਾਕ ਹੀ ਬਣਾ ਸਕਦੇ ਹੋ ਜੋ ਇਸ ਖ਼ਤਰੇ ਦਾ ਮੁਕਾਬਲਾ ਕਰਨ ਨਾਲ਼ੋਂ ਆਪਣੀਆਂ ਜ਼ਮੀਨਾਂ ਸਨਮੀ ਰੱਖਣ ਨੂੰ ਤਰਜੀਹ ਦਿੰਦੇ ਹਨ।
ਹਰ ਸਵੇਰ ਜਦੋਂ ਰੇਂਘੇ ਆਪਣੇ ਖੇਤਾਂ ਵੱਲ ਨੂੰ ਕਦਮ ਵਧਾ ਰਹੇ ਹੁੰਦੇ ਹਨ ਤਾਂ ਉਹ ਕੁਝ ਚੰਗਾ ਹੋਣ ਦੀ ਪ੍ਰਾਰਥਨਾ ਵੀ ਕਰ ਰਹੇ ਹੁੰਦੇ ਹਨ ਤੇ ਕੁਝ ਬਹੁਤ ਮਾੜਾ ਹੋਣ ਲਈ ਮਨੋਮਨੀਂ ਤਿਆਰੀ ਵੀ ਕੱਸ ਰਰੇ ਹੁੰਦੇ ਹਨ।
ਤਰਜਮਾ: ਕਮਲਜੀਤ ਕੌਰ