ਤਾਰਾਵੰਤੀ ਚਿੰਤਾ ਵਿੱਚ ਹਨ। "ਹੁਣ ਤਾਂ ਸਾਨੂੰ ਕਦੇ-ਕਦਾਈਂ ਜੋ ਥੋੜ੍ਹਾ-ਬਹੁਤਾ ਕੰਮ ਮਿਲ਼ ਜਾਂਦਾ ਹੈ, ਇੱਕ ਵਾਰ ਕਨੂੰਨ ਪਾਸ ਹੋਣ ਤੋਂ ਬਾਅਦ ਉਹ ਵੀ ਨਹੀਂ ਮਿਲਿਆ ਕਰਨਾ," ਉਨ੍ਹਾਂ ਦਾ ਕਹਿਣਾ ਹੈ।
ਇਸਲਈ ਉਹ ਪੰਜਾਬ ਦੇ ਕਿਲੀਆਂਵਲੀ ਪਿੰਡ ਤੋਂ ਇੱਥੇ ਪੱਛਮੀ ਦਿੱਲੀ ਦੇ ਟੀਕਰੀ ਧਰਨੇ 'ਤੇ ਪਹੁੰਚੀ। ਤਾਰਾਵੰਤੀ ਅਤੇ ਇੱਥੇ ਅਪੜੀਆਂ 300 ਔਰਤਾਂ 7 ਜਨਵਰੀ ਨੂੰ ਸੂਬੇ ਦੇ ਵੱਖੋ-ਵੱਖ ਜ਼ਿਲ੍ਹਿਆਂ- ਬਠਿੰਡਾ, ਫਰੀਦਕੋਟ, ਜਲੰਧਰ, ਮੋਗਾ, ਮੁਕਤਸਰ, ਪਟਿਆਲਾ ਅਤੇ ਸੰਗਰੂਰ ਤੋਂ ਰਾਜਧਾਨੀ ਅਪੜਨ ਵਾਲੀਆਂ 1500 ਖੇਤ ਮਜ਼ਦੂਰ ਔਰਤਾਂ ਵਿੱਚੋਂ ਹਨ। ਉਹ ਸਾਰੀਆਂ ਹੀ ਉਸ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀਆਂ ਮੈਂਬਰ ਹਨ, ਜੋ ਦਲਿਤਾਂ ਦੀ ਰੋਜੀਰੋਟੀ ਅਤੇ ਜ਼ਮੀਨੀ ਹੱਕਾਂ ਦੇ ਮਸਲਿਆਂ ਦੇ ਨਾਲ਼-ਨਾਲ਼ ਜਾਤੀ-ਵੱਖਰੇਵੇਂ ਦੇ ਮਸਲਿਆਂ ਸਬੰਧੀ ਕੰਮ ਕਰਦੀ ਹੈ।
ਅਤੇ ਉਹ ਪੂਰੇ ਭਾਰਤ ਦੀਆਂ ਲੱਖਾਂ ਔਰਤ ਖੇਤ ਮਜ਼ਦੂਰਾਂ ਵਿੱਚੋਂ ਇੱਕ ਹਨ ਜੋ ਆਪਣੀ ਆਜੀਵਿਕਾ ਵਾਸਤੇ ਖੇਤਾਂ 'ਤੇ ਨਿਰਭਰ ਕਰਦੀਆਂ ਹਨ- ਦੇਸ਼ ਵਿਚਲੇ 144.3 ਮਿਲੀਅਨ ਖੇਤ ਮਜ਼ਦੂਰਾਂ ਵਿੱਚੋਂ, ਘੱਟੋਘੱਟ 42 ਫੀਸਦੀ ਔਰਤਾਂ ਹਨ।
ਤਾਰਾਵੰਤੀ, ਜਿਨ੍ਹਾਂ ਦੀ ਉਮਰ 70 ਸਾਲ ਹੈ, ਮੁਕਤਸਰ ਜ਼ਿਲ੍ਹੇ ਦੀ ਮਲੋਟ ਤਹਿਸੀਲ ਵਿੱਚ ਪੈਂਦੇ ਆਪਣੇ ਪਿੰਡ ਵਿੱਚ ਕਣਕ, ਝੋਨਾ ਅਤੇ ਨਰਮੇ ਦੇ ਖੇਤਾਂ ਵਿੱਚ ਦਿਹਾੜੀ ਲਾ ਕੇ 250-300 ਰੁਪਏ ਕਮਾ ਲੈਂਦੀ ਹਨ। "ਪਰ ਹੁਣ ਉੱਥੇ ਪਹਿਲਾਂ ਵਾਂਗ ਕੰਮ ਨਹੀਂ ਰਿਹਾ। ਹਰਾ ਇਨਕਲਾਬ ਆਉਣ ਤੋਂ ਬਾਅਦ ਤੋਂ ਹੀ ਖੇਤ ਮਜ਼ਦੂਰ ਕਈ ਤਰ੍ਹਾਂ ਦੀਆਂ ਮਾਰਾਂ ਝੱਲ ਰਹੇ ਹਨ, ਜਿਨ੍ਹਾਂ ਵਿੱਚ ਖੇਤੀ ਸਬੰਧੀ ਕਈ ਬਦਲਾਅ ਜਿਵੇਂ ਪੰਜਾਬ ਅੰਦਰ ਖੇਤੀ ਦੇ ਸੰਦਾਂ ਦਾ ਵਿਆਪਕ ਹੋਣਾ ਵੀ ਸ਼ਾਮਲ ਹੈ।"






