''ਮਜ਼ਬੂਰੀ ਵੇਲ਼ੇ ਮੈਂ ਇੱਥੇ ਹੀ ਪੇਸ਼ਾਬ ਕਰ ਲੈਂਦੀ ਹਾਂ,'' ਦਿਆ ਟੋਪੋ (ਬਦਲਿਆ ਨਾਮ) ਇੱਕ ਵਿੱਥ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹਨ, ਵਿੱਥ ਜੋ ਕਿ ਚਾਹ ਦੀਆਂ ਸੰਘਣੀਆਂ ਤੇ ਕੰਡਿਆਲ਼ੀਆਂ ਝਾੜੀਆਂ ਵਿਚਾਲੇ ਬਣੀ ਹੋਈ ਹੈ। ਚਿੰਤਾ ਮਾਰੇ ਸੁਰ ਵਿੱਚ ਉਹ ਅੱਗੇ ਕਹਿੰਦੀ ਹਨ,''ਅੱਜ ਸਵੇਰੇ ਹੀ ਮੈਨੂੰ ਮਧੂਮੱਖੀ ਨੇ ਡੰਗ ਮਾਰ ਦਿੱਤਾ; ਇੱਥੇ ਤੁਹਾਨੂੰ ਸੱਪ ਦਾ ਵੀ ਖ਼ਤਰਾ ਹੈ।''

ਦਿਹਾੜੀ 'ਤੇ ਲੱਗੇ ਮਜ਼ਦੂਰਾਂ ਵਾਸਤੇ ਕੰਮਕਾਜ ਦੀਆਂ ਹਾਲਤਾਂ ਜਿੰਨੀਆਂ ਖ਼ਰਾਬ ਹੁੰਦੀਆਂ ਹਨ, ਚਾਹ ਬਗ਼ਾਨਾਂ ਵਿੱਚ ਕੰਮੇ ਲੱਗੀਆਂ ਔਰਤ ਮਜ਼ਦੂਰਾਂ ਦੀ ਹਾਲਤ ਓਸ ਨਾਲ਼ੋਂ ਵੀ ਕਿਤੇ ਖ਼ਰਾਬ ਹੁੰਦੀ ਹੈ। ਉਨ੍ਹਾਂ ਲਈ ਪੇਸ਼ਾਬ ਕਰਨਾ ਵੀ ਕਿਸੇ ਖ਼ਤਰੇ ਤੋਂ ਘੱਟ ਨਹੀਂ।

53 ਸਾਲਾ ਇਹ ਮਜ਼ਦੂਰ ਦੱਸਦੀ ਹੈ,''ਜਦੋਂ ਮੈਂ ਮੁਟਿਆਰ ਸਾਂ, ਤਾਂ ਪੇਸ਼ਾਬ ਆਉਣ 'ਤੇ ਸਾਈਕਲ ਦੇ ਪੈਡਲ ਮਾਰ ਆਪਣੇ ਕਮਰੇ ਦਾ ਪਖ਼ਾਨਾ ਇਸਤੇਮਾਲ ਕਰਨ ਬਾਰੇ ਸੋਚ ਲਿਆ ਕਰਦੀ ਸਾਂ।'' ਪਰ ਇੰਝ ਜਾਣ-ਆਉਣ ਦੇ ਗੇੜੇ ਵਿੱਚ ਪੱਤੀਆਂ ਤੋੜਨ ਦਾ ਸਮਾਂ ਘੱਟਦਾ ਰਹਿੰਦਾ: ''ਮੈਨੂੰ ਰੋਜ਼ ਦਾ ਟੀਚਾ (ਪੱਤੀਆਂ ਤੋੜਨ ਦਾ) ਪੂਰਾ ਕਰਨਾ ਹੁੰਦਾ ਹੈ। ਮੈਂ ਖ਼ਤਰਾ (ਦਿਹਾੜੀ ਕੱਟਣ ਦਾ) ਮੁੱਲ ਨਹੀਂ ਲੈ ਸਕਦੀ।''

ਉਨ੍ਹਾਂ ਦੇ ਨਾਲ਼ ਦੀ ਮਜ਼ਦੂਰ, ਸੁਨੀਤਾ ਕਿਸਕੂ (ਬਦਲਿਆ ਨਾਮ) ਉਨ੍ਹਾਂ ਦੀ ਗੱਲ ਨਾਲ਼ ਸਹਿਮਤ ਹੁੰਦੀ ਹਨ: ''ਸਿਰਫ਼ ਦੋ ਹੀ ਰਾਹ ਹੁੰਦੇ ਨੇ- ਜਾਂ ਤਾਂ ਪੂਰਾ ਦਿਨ ਪੇਸ਼ਾਬ ਰੋਕੋ ਜਾਂ ਫਿਰ ਇੱਥੇ (ਖੁੱਲ੍ਹੇ ਵਿੱਚ) ਹੀ ਕਰ ਦਿਓ। ਪਰ ਇਹ ਵਾਲ਼ਾ ਰਾਹ ਬੜਾ ਖ਼ਤਰਨਾਕ ਹੈ ਕਿਉਂਕਿ ਇੱਥੇ ਬਹੁਤ ਸਾਰੇ ਕੀੜੇ-ਮਕੌੜੇ ਤੇ ਜੋਕਾਂ ਹੁੰਦੀਆਂ ਹਨ।''

ਕੁਝ ਚਾਹ ਕੰਪਨੀਆਂ ਇੱਕ ਛੱਤਰੀ, ਚੱਪਲਾਂ ਤਿਰਪਾਲ ਤੇ ਝੁਰੀ (ਜੋਲ਼ਾ) ਦਿੰਦੀਆਂ ਹੀ ਹਨ। ਦਿਆ ਮੁਤਾਬਕ,''ਤਿਰਪਾਲ ਸਾਡੇ ਕੱਪੜਿਆਂ ਨੂੰ ਪੌਦਿਆਂ ਤੋਂ ਰਿਸਣ ਵਾਲ਼ੀ ਪਾਣੀ ਤੋਂ ਬਚਾਉਂਦੀ ਹੈ। ਦੂਜੀਆਂ ਚੀਜ਼ਾਂ (ਬੂਟਾ ਵਗੈਰਾ) ਸਾਨੂੰ ਖ਼ੁਦ ਹੀ ਖ਼ਰੀਦਣੀਆਂ ਪੈਂਦੀਆਂ ਹਨ।''

26 ਸਾਲਾ ਸੁਨੀਤਾ ਕਹਿੰਦੀ ਹਨ,''ਸਾਡੇ ਕੋਲ਼ੋਂ ਇੱਕੋ ਹੀਲੇ 10 ਘੰਟੇ ਦੀ ਦਿਹਾੜੀ ਲਾਉਣ ਦੀ ਉਮੀਦ ਰੱਖੀ ਜਾਂਦੀ ਹੈ।'' ਜੇ ਕਿਤੇ ਅਸੀਂ ਘਰ ਵਾਪਸ ਜਾ ਕੇ ਗੁ਼ਸਲ ਵਰਤਣ ਬਾਰੇ ਸੋਚੀਏ ਵੀ ਤਾਂ ਦੋ ਕਿਲੋਮੀਟਰ ਦੀ ਇਸ ਦੂਰੀ ਨੂੰ ਤੈਅ ਕਰਨ ਵਿੱਚ ਸਾਡੀ ਕੁਝ ਘੰਟਿਆਂ ਦੀ ਦਿਹਾੜੀ ਟੁੱਟ ਜਾਵੇਗੀ। ਦੋ ਬੱਚਿਆਂ ਦੀ ਮਾਂ ਇੰਝ ਕਰਨ ਦਾ ਸੋਚ ਵੀ ਨਹੀਂ ਸਕਦੀ।

PHOTO • Adhyeta Mishra
PHOTO • Adhyeta Mishra

ਖੱਬੇ ਪਾਸੇ: ਪੱਛਮੀ ਬੰਗਾਲ ਦੇ ਜਲਪਾਈਗੁੜੀ ਦਾ ਇੱਕ ਚਾਹ ਬਗ਼ਾਨ। ਸੱਜੇ ਪਾਸੇ: ਮਜ਼ਦੂਰ ਛੱਤਰੀ ਦਾ ਇਸਤੇਮਾਲ ਕਰ ਖ਼ੁਦ ਨੂੰ ਧੁੱਪ ਤੋਂ ਬਚਾਉਂਦੇ ਹੋਏ

ਦਿਆ ਅਤੇ ਸੁਨੀਤਾ ਉਨ੍ਹਾਂ ਹਜ਼ਾਰਾਂ ਦਿਹਾੜੀ ਮਜ਼ਦੂਰਾਂ ਵਿੱਚੋਂ ਹਨ ਜੋ ਇੱਥੇ ਪੱਛਮੀ ਬੰਗਾਲ ਦੇ ਦੁਆਰ ਇਲਾਕੇ ਵਿਖੇ ਪੈਂਦੇ ਚਾਹ ਬਗ਼ਾਨ ਵਿੱਚ ਕੰਮ ਕਰਦੀਆਂ ਹਨ। ਬਗ਼ਾਨਾਂ ਦੇ ਮਜ਼ਦੂਰਾਂ ਵਿੱਚੋਂ ਬਹੁ ਗਿਣਤੀ ਔਰਤਾਂ ਦੀ ਹੈ। ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਈ ਔਰਤਾਂ ਨੇ ਪਾਰੀ ਨੂੰ ਦੱਸਿਆ ਕਿ ਕੰਮ ਦੌਰਾਨ ਪਖਾਨੇ ਦਾ ਇਸਤੇਮਾਲ ਕਰ ਪਾਉਣਾ ਅਸੰਭਵ ਹੈ।

ਜਦੋਂ ਪੇਸ਼ਾਬ ਕਰਨ ਵੇਲ਼ੇ ਪੈਣ ਵਾਲ਼ਾ ਸਾੜ ਬਰਦਾਸ਼ਤ ਤੋਂ ਬਾਹਰ ਹੋ ਜਾਵੇ ਤਾਂ ਉਹ ਚੰਪਾ ਡੇ (ਬਦਲਿਆ ਨਾਮ) ਦੇ ਕੋਲ਼ ਜਾਂਦੀਆਂ ਹਨ, ਜੋ ਇੱਕ ਸੀਨੀਅਰ ਏਐੱਨਐੱਮ (ਸਹਾਇਕ ਨਰਸ ਮਿਡ-ਵਾਈਫ) ਹਨ। ਡੇ ਕਹਿੰਦੀ ਹਨ ਕਿ ਸਾੜ ਪੈਣਾ ਤੇ ਪੇਸ਼ਾਬ ਵਿੱਚੋਂ ਖੂਨ ਆਉਣਾ ਯੂਟੀਆਈ (ਪੇਸ਼ਾਬ ਮਾਰਗ ਲਾਗ) ਵੱਲ ਇਸ਼ਾਰਾ ਕਰਦਾ ਹੈ।'' ਇਹ ਸਿਹਤ ਕਰਮੀ ਪਿਛਲੇ 34 ਸਾਲਾਂ ਤੋਂ ਚਾਹ ਬਗ਼ਾਨ ਦੀਆਂ ਮਹਿਲਾ ਮਜ਼ਦੂਰਾਂ ਵਿੱਚ ਕੰਮ ਕਰ ਰਹੀ ਹੈ।

ਹਾਲਾਂਕਿ, ਚਾਹ ਕੰਪਨੀਆਂ ਬਗ਼ਾਨਾਂ ਦੇ ਨੇੜੇ-ਤੇੜੇ ਕੁਝ ਥਾਵਾਂ 'ਤੇ ਪੀਣ ਵਾਲ਼ੇ ਪਾਣੀ ਦੇ ਟੈਂਕਰ ਮੁਹੱਈਆ ਕਰਵਾਉਂਦੀਆਂ ਹਨ। ਚੰਪਾ ਕਹਿੰਦੀ ਹਨ,''ਉਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਪਾਣੀ ਨਹੀਂ ਪੀਂਦੀਆਂ ਤਾਂਕਿ ਉਨ੍ਹਾਂ ਨੂੰ ਬਾਰ ਬਾਰ (ਖੁੱਲ੍ਹੀ ਥਾਵੇਂ) ਪੇਸ਼ਾਬ ਨਾ ਕਰਨਾ ਪਵੇ।''

ਜੇ ਪਖ਼ਾਨੇ ਦੂਰ ਹੋਣ ਤਾਂ ਉੱਥੇ ਜਾਣ-ਆਉਣ ‘ਤੇ ਲੱਗਣ ਵਾਲ਼ੇ ਸਮੇਂ ਕਾਰਨ ਪੱਤੀਆਂ ਤੋੜਨ ਦੀ ਦਿਹਾੜੀ ਟੁੱਟਣ ਤੇ ਕੱਟਣ ਦਾ ਡਰ ਬਣਿਆ ਰਹਿੰਦਾ ਹੈ। ਇੱਕ ਮਜ਼ਦੂਰ ਨੂੰ 232 ਰੁਪਏ ਦਿਹਾੜੀ ਕਮਾਉਣ ਵਾਸਤੇ 20 ਕਿਲੋ ਪੱਤੀਆਂ ਤੋੜਨੀਆਂ ਪੈਂਦੀਆਂ ਹਨ। ਜੇਕਰ ਉਹ ਬਿਨਾਂ ਸਾਹ ਲਏ ਲਗਾਤਾਰ 10 ਘੰਟੇ ਕੰਮ ਕਰਨ ਤਾਂ ਮੋਟਾ-ਮੋਟੀ ਇੱਕ ਘੰਟੇ ਵਿੱਚ 2 ਕਿਲੋ ਪੱਤੀਆਂ ਚੁਗਣੀਆਂ ਪੈਣਗੀਆਂ।

PHOTO • Adhyeta Mishra

ਗ਼ੁਸਲ ਜਾਣ ਕਾਰਨ ਪੱਤੀਆਂ ਚੁਗਣ ਦਾ ਸਮਾਂ ਬਰਬਾਦ ਹੋ ਜਾਂਦਾ ਹੈ ਤੇ ਮਜ਼ਦੂਰੀ ਕੱਟ ਲਈ ਜਾਂਦੀ ਹੈ

ਪੁਸ਼ਪਾ ਲਕਰਾ (ਬਦਲਿਆ ਨਾਮ) ਕਹਿੰਦੀ ਹਨ,''ਗਰਮੀ ਕਾਰਨ ਮੈਂ ਦੋ ਘੰਟੇ ਵਿੱਚ ਦੋ ਕਿਲੋਗ੍ਰਾਮ ਪੱਤੀਆਂ ਹੀ ਤੋੜ ਪਾਈ ਹਾਂ।'' ਕਰੀਬ 26 ਸਾਲਾ ਪੁਸ਼ਪਾ ਸਵੇਰੇ 7:30 ਵਜੇ ਕੰਮ 'ਤੇ ਆਈ ਸਨ ਤੇ ਹੁਣ ਸ਼ਾਮੀਂ 5 ਵਜੇ ਘਰ ਵਾਪਸੀ ਹੋਵੇਗੀ। ਇਹੀ ਉਹ ਸਮਾਂ ਹੁੰਦਾ ਹੈ ਜਦੋਂ ਦੇਸ਼ ਦੇ ਇਸ ਪੂਰਬੀ ਕੋਨੇ ਵਿੱਚ ਸੂਰਜ ਢਲ਼ ਰਿਹਾ ਹੁੰਦਾ ਹੈ। ਪਿਛਲੇ 8 ਸਾਲਾਂ ਤੋਂ ਇਹੀ ਉਨ੍ਹਾਂ ਦੀ ਰੁਟੀਨ ਹੈ। ਉਨ੍ਹਾਂ ਵੱਲੋਂ ਚੁਗੀਆਂ ਲਿਸ਼ਕਣੀਆਂ ਹਰੀਆਂ ਪੱਤੀਆਂ ਜਾਲ਼ੀਦਾਰ ਝੋਲ਼ੇ ਵਿੱਚ ਪਈਆਂ ਹਨ ਤੇ ਝੁਰੀ ਉਨ੍ਹਾਂ ਦੇ ਸਿਰ 'ਤੇ ਬੱਝੀ ਹੋਈ ਹੈ।

ਦੀਪਾ ਓਰਾਵਾਂ (ਬਦਲਿਆ ਨਾਮ) ਪਿਛਲੇ ਪੰਜ ਸਾਲਾਂ ਤੋਂ ਚਾਹ ਬਗ਼ਾਨ ਵਿਖੇ ਮਜ਼ਦੂਰੀ ਕਰ ਰਹੀ ਹਨ। ਉਨ੍ਹਾਂ ਦਾ ਕਹਿਣਾ ਹੈ,''ਜ਼ਿਆਦਾਤਰ ਦਿਨਾਂ ਵਿੱਚ, ਖ਼ਾਸ ਕਰਕੇ ਗਰਮੀ ਤੇ ਮੀਂਹ ਦੌਰਾਨ ਸਾਡੇ ਲਈ ਮਿੱਥਿਆ ਟੀਚਾ ਪੂਰਾ ਕਰਨਾ ਮੁਸ਼ਕਲ ਹੁੰਦਾ ਹੈ ਤੇ ਸਾਡੀ ਦਿਹਾੜੀ 'ਚੋਂ 30 ਰੁਪਏ ਕੱਟੇ ਜਾਂਦੇ ਹਨ।''

ਮਾਹਵਾਰੀ 'ਚੋਂ ਲੰਘ ਰਹੀਆਂ ਔਰਤਾਂ ਵਾਸਤੇ ਪਖ਼ਾਨਿਆਂ ਦਾ ਨਾ ਹੋਣਾ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ। ਕਰੀਬ 28 ਸਾਲਾ ਮੈਰੀ ਕਿਸਕੂ (ਬਦਲਿਆ ਨਾਮ) ਕਹਿੰਦੀ ਹਨ,''ਇੱਥੇ ਸੈਨੇਟਰੀ ਪੈਡ ਬਦਲਣ ਦਾ ਕੋਈ ਬੰਦੋਬਸਤ ਨਹੀਂ।'' ਉਹ 10 ਸਾਲਾਂ ਤੋਂ ਇਹੀ ਕੰਮ ਕਰ ਰਹੀ ਹਨ। ਇੱਕ ਵਾਰੀ ਦੀ ਗੱਲ ਚੇਤੇ ਕਰਦਿਆਂ ਉਹ ਕਹਿੰਦੀ ਹਨ,''ਇੱਕ ਵਾਰੀਂ ਬਗ਼ਾਨ ਵਿੱਚ ਕੰਮ ਕਰਦਿਆਂ ਮੇਰੇ ਖ਼ੂਨ ਪੈਣ ਲੱਗਿਆ, ਪਰ ਮੈਂ ਘਰ ਨਾ ਜਾ ਸਕੀ, ਕਿਉਂਕਿ ਮੈਂ ਟੀਚਾ ਪੂਰਾ ਕਰਨਾ ਸੀ। ਉਸ ਦਿਨ ਮੈਂ ਲਹੂ-ਲਿਬੜੇ ਕੱਪੜਿਆਂ ਸਣੇ ਘਰ ਵਾਪਸ ਪੁੱਜੀ।''

ਰਾਣੀ ਹੋਰੋ ਸਥਾਨਕ ਆਸ਼ਾ ਵਰਕਰ ਹਨ, ਜੋ ਆਪਣੇ ਮਰੀਜ਼ਾਂ ਨੂੰ ਮਾਹਵਾਰੀ ਦੌਰਾਨ ਸਾਫ਼-ਸਫ਼ਾਈ ਵਰਤਣ ਬਾਰੇ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੀ ਹਨ। ਰਾਣੀ ਇਨ੍ਹਾਂ ਮਜ਼ਦੂਰ ਔਰਤਾਂ ਵਿੱਚ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੀ ਹਨ। ਉਹ ਕਹਿੰਦੀ ਹਨ,''ਗੰਦੇ ਪਖ਼ਾਨੇ, ਪਾਣੀ ਦੀ ਨਿਯਮਿਤ ਘਾਟ ਤੇ ਮਾਹਵਾਰੀ ਦੌਰਾਨ ਗੰਦੇ ਕੱਪੜੇ ਦੀ ਵਰਤੋਂ ਕਰਨ ਨਾਲ਼ ਸਿਹਤ ਸਬੰਧੀ ਮੁਸ਼ਕਲਾਂ ਪੈਦਾ ਹੁੰਦੀਆਂ ਹਨ, ਜਿਸ ਕਾਰਨ ਗਰਭ-ਅਵਸਥਾ ਦੌਰਾਨ ਵੀ ਖ਼ਤਰਾ ਬਣਿਆ ਰਹਿੰਦਾ ਹੈ।''

ਚਾਹ ਬਗ਼ਾਨਾਂ ਵਿੱਚ ਕੰਮ ਕਰਨ ਵਾਲ਼ੀਆਂ ਕਾਫ਼ੀ ਸਾਰੀਆਂ ਔਰਤਾਂ ਲੋਅ ਬਲੱਡ ਪ੍ਰੈਸ਼ਰ ਤੋਂ ਵੀ ਪੀੜਤ ਹਨ, ਜੋ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾਉਂਦਾ ਹੈ। ਚੰਪਾ ਕਹਿੰਦੀ ਹਨ,''ਜਿਨ੍ਹਾਂ ਔਰਤਾਂ ਨੂੰ ਟੀਬੀ ਜਾਂ ਅਨੀਮਿਆ ਦੀ ਸ਼ਿਕਾਇਤ ਹੁੰਦੀ ਹੈ ਉਹ ਬੱਚਾ ਜੰਮਣ ਵੇਲ਼ੇ ਖ਼ਤਰੇ ਨਾਲ਼ ਦੋ-ਹੱਥ ਹੁੰਦੀਆਂ ਹਨ।''

PHOTO • Adhyeta Mishra
PHOTO • Adhyeta Mishra

ਜ਼ਿਆਦਾਤਰ ਔਰਤਾਂ ਆਪਣੇ ਛੋਟੇ ਬੱਚਿਆਂ ਨੂੰ ਆਪਣੇ ਨਾਲ਼ ਲਿਆਉਂਦੀਆਂ ਹਨ ਕਿਉਂਕਿ ਮਗਰ ਉਨ੍ਹਾਂ ਦੀ ਦੇਖਭਾਲ਼ ਕਰਨ ਵਾਲ਼ਾ ਕੋਈ ਵੀ ਨਹੀਂ ਹੁੰਦਾ। ਛਾਂ ਵਾਲ਼ੇ ਹਿੱਸੇ (ਸੱਜੇ) ਵਿੱਚ ਨਵਜਾਤ ਬੱਚਿਆਂ ਨੂੰ ਸੁਆਉਣ ਲਈ ਝੱਲੀਆਂ ਬਣਾ ਕੇ ਲਮਕਾਈਆਂ ਗਈਆਂ ਹਨ

PHOTO • Adhyeta Mishra
PHOTO • Adhyeta Mishra

ਖੱਬੇ ਪਾਸੇ: ਸਥਾਨਕ ਸਿਹਤ ਕਰਮੀ ਚਾਹ ਬਗ਼ਾਨਾਂ ਦੀਆਂ ਔਰਤਾਂ ਨਾਲ਼ ਗੱਲ ਕਰ ਰਹੇ ਹਨ। ਸੱਜੇ ਪਾਸੇ: ਜਲਪਾਈਗੁੜੀ ਦੇ ਇੱਕ ਬਗ਼ਾਨ ਵਿਖੇ ਇੱਕ ਸਿਹਤ ਕੇਂਦਰ

ਪੁਸ਼ਪਾ, ਦੀਪਾ ਤੇ ਸੁਨੀਤਾ ਜਿਹੀਆਂ ਮਜ਼ਦੂਰ ਤੜਕੇ ਉੱਠ ਕੇ ਪਹਿਲਾਂ ਆਪਣੇ ਘਰ ਦੇ ਕੰਮ ਨਿਬੇੜਦੀਆਂ ਹਨ ਤੇ ਫਿਰ 6:30 ਵਜੇ ਘਰੋਂ ਕੰਮ ਲਈ ਨਿਕਲ਼ ਪੈਂਦੀਆਂ ਹਨ। ਕਮਿਊਨਿਟੀ ਸਿਹਤਕਰਮੀ ਰੰਜਨਾ ਦੱਤਾ (ਬਦਲਿਆ ਨਾਮ) ਕਹਿੰਦੀ ਹਨ,''ਬਗ਼ਾਨਾਂ ਵਿੱਚ ਸਮੇਂ ਸਿਰ ਪੁੱਜਣ ਦੇ ਚੱਕਰ ਵਿੱਚ ਬਹੁਤੀਆਂ ਔਰਤਾਂ ਨਾਸ਼ਤਾ ਵੀ ਨਹੀਂ ਕਰ ਪਾਉਂਦੀਆਂ ਤੇ ਭੁੱਖੇ ਢਿੱਡ ਕੰਮ ਕਰਨ ਲੱਗਦੀਆਂ ਹਨ।'' ਰੰਜਨਾ ਮੁਤਾਬਕ, ਉਨ੍ਹਾਂ ਨੂੰ ਦੁਪਹਿਰ ਵੇਲ਼ੇ ਵੀ ਢੰਗ ਨਾਲ਼ ਖਾਣ ਦੀ ਵਿਹਲ ਨਹੀਂ ਮਿਲ਼ ਪਾਉਂਦੀ। ਰੰਜਨਾ ਅੱਗੇ ਕਹਿੰਦੀ ਹਨ,''ਇਸੇ ਕਾਰਨ ਕਰਕੇ ਇੱਥੋਂ ਦੀ ਬਹੁਤੇਰੀਆਂ ਔਰਤ ਮਜ਼ਦੂਰਾਂ ਨੂੰ ਅਨੀਮਿਆ ਹੈ।''

''ਅਸੀਂ ਬੀਮਾਰੀ ਵੇਲ਼ੇ ਸਿਹਤ ਕੇਂਦਰਾਂ (ਇਹ ਸੁਵਿਧਾ ਕੁਝ ਕੁ ਬਗ਼ਾਨਾਂ ਵਿੱਚ ਹੀ ਹੈ) ਵਿਖੇ ਛੁੱਟੀ ਲਈ ਬਿਨੈ ਕਰ ਸਕਦੇ ਹਾਂ ਪਰ ਫਿਰ ਵੀ ਸਾਡੀ ਇੱਕ ਚੌਥਾਈ ਦਿਹਾੜੀ ਕੱਟ ਲਈ ਜਾਂਦੀ ਹੈ। ਅਸੀਂ ਇਹ ਘਾਟਾ ਨਹੀਂ ਝੱਲ ਸਕਦੇ,'' ਮੈਰੀ ਕਹਿੰਦੀ ਹਨ। ਕਈ ਮਜ਼ਦੂਰ ਇਸ ਗੱਲ ਨਾਲ਼ ਸਹਿਮਤ ਹਨ। ਆਰਜ਼ੀ ਮਜ਼ਦੂਰ ਜੇਕਰ ਕੁਝ ਘੰਟੇ ਵੀ ਕੰਮ ਨਾ ਕਰਨ ਤਾਂ ਵੀ ਉਨ੍ਹਾਂ ਦੀ ਪੂਰੀ ਦਿਹਾੜੀ ਕੱਟ ਲਈ ਜਾਂਦੀ ਹੈ।

ਬਗ਼ਾਨਾਂ ਦੀਆਂ ਬਹੁਤੇਰੀਆਂ ਮਜ਼ਦੂਰ ਔਰਤਾਂ ਨੂੰ ਆਪਣੇ ਬੱਚਿਆਂ ਦਾ ਵੀ ਆਪ ਹੀ ਖ਼ਿਆਲ ਰੱਖਣਾ ਪੈਂਦਾ ਹੈ। ਪੱਕੇ ਮਜ਼ਦੂਰ ਵਜੋਂ ਕੰਮ ਕਰਨ ਵਾਲ਼ੀ ਪੰਪਾ ਓਰਾਂਵ (ਬਦਲਿਆ ਨਾਮ) ਕਹਿੰਦੀ ਹਨ,''ਮੈਂ ਅੱਜ ਬਗ਼ਾਨ ਨਹੀਂ ਜਾ ਪਾਈ ਕਿਉਂਕਿ ਮੈਨੂੰ ਆਪਣੇ ਬੱਚੇ ਨੂੰ ਹਸਪਤਾਲ ਲਿਜਾਣਾ ਪਿਆ। ਮੇਰੀ ਅੱਜ ਦੀ ਦਿਹਾੜੀ ਦਾ ਚੌਥਾ ਹਿੱਸਾ ਕੱਟ ਲਿਆ ਜਾਵੇਗਾ।''

ਮੀਨਾ ਮੁੰਡਾ (ਬਦਲਿਆ ਨਾਮ) ਜਿਹੀਆਂ ਬਹੁਤ ਸਾਰੀਆਂ ਔਰਤਾਂ ਆਪਣੇ ਛੋਟੇ ਬੱਚਿਆਂ ਨੂੰ ਕੰਮ 'ਤੇ ਲੈ ਜਾਂਦੀਆਂ ਹਨ, ਕਿਉਂਕਿ ਮਗਰ ਉਨ੍ਹਾਂ ਦੀ ਦੇਖਭਾਲ਼ ਕਰਨ ਵਾਲ਼ਾ ਕੋਈ ਵੀ ਨਹੀਂ ਹੁੰਦਾ। ਇੰਝ ਕਰਨ ਨਾਲ਼ ਉਨ੍ਹਾਂ ਦੇ ਕੰਮ 'ਤੇ ਵੀ ਅਸਰ ਪੈਂਦਾ ਹੈ। ਦੋ ਛੋਟੇ ਬੱਚਿਆਂ ਦੀ ਮਾਂ ਮੀਨਾ ਕਹਿੰਦੀ ਹਨ,''ਮੈਂ ਕੰਮ ਵੱਲ ਪੂਰੀ ਤਵੱਜੋ ਨਹੀਂ ਦੇ ਪਾਉਂਦੀ।''

ਬਹੁਤ ਸਾਰੀਆਂ ਔਰਤਾਂ ਵਾਸਤੇ ਆਪਣੀ ਨਿਗੂਣੀ ਕਮਾਈ ਵਿੱਚੋਂ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਝੱਲ ਪਾਉਣਾ ਸੰਭਵ ਨਹੀਂ ਹੈ। ਕਰੀਬ 20 ਸਾਲਾ ਮਜ਼ਦੂਰ ਮੋਂਪੀ ਹਾਂਸਦਾ ਆਪਣੇ 7 ਮਹੀਨਿਆਂ ਦੇ ਬੇਟੇ ਬਾਰੇ ਦੱਸਦਿਆਂ ਕਹਿੰਦੀ ਹਨ,''ਇਹ ਮੇਰਾ ਪਹਿਲਾ ਬੱਚਾ ਹੈ। ਮੈਂ ਨਹੀਂ ਜਾਣਦੀ ਇਹਦੀ ਪੜ੍ਹਾਈ ਦਾ ਬੋਝ ਮੈਂ ਚੁੱਕ ਵੀ ਸਕਾਂਗੀ ਜਾਂ ਨਹੀਂ।''

ਇਸ ਸਟੋਰੀ ਵਿੱਚ ਸ਼ਾਮਲ ਬਹੁਤ ਸਾਰੀਆਂ ਔਰਤਾਂ ਨੇ ਨਾਮ ਗੁਪਤ ਰੱਖੇ ਜਾਣ ਦੀ ਸ਼ਰਤ ' ਤੇ ਆਪਣੇ ਤਜ਼ਰਬੇ ਸਾਂਝੇ ਕੀਤੇ।

ਤਰਜਮਾ: ਕਮਲਜੀਤ ਕੌਰ

Student Reporter : Adhyeta Mishra

ਅਧੀਤਾ ਮਿਸ਼ਰਾ ਜਾਦਵਪੁਰ ਯੂਨੀਵਰਸਿਟੀ, ਕੋਲਕਾਤਾ ਵਿੱਚ ਤੁਲਨਾਤਮਕ ਸਾਹਿਤ ਦੀ ਪੋਸਟ-ਗ੍ਰੈਜੂਏਟ ਵਿਦਿਆਰਥਣ ਹਨ। ਉਹ ਲਿੰਗਕ ਮੁੱਦਿਆਂ ਦੇ ਅਧਿਐਨ ਅਤੇ ਪੱਤਰਕਾਰੀ ਵਿੱਚ ਵੀ ਦਿਲਚਸਪੀ ਰੱਖਦੀ ਹੈ।

Other stories by Adhyeta Mishra
Editor : Sanviti Iyer

ਸੰਵਿਤੀ ਅਈਅਰ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਕੰਟੈਂਟ ਕੋਆਰਡੀਨੇਟਰ ਹਨ। ਉਹ ਉਹਨਾਂ ਵਿਦਿਆਰਥੀਆਂ ਦੀ ਵੀ ਮਦਦ ਕਰਦੀ ਹਨ ਜੋ ਪੇਂਡੂ ਭਾਰਤ ਦੇ ਮੁੱਦਿਆਂ ਨੂੰ ਲੈ ਰਿਪੋਰਟ ਕਰਦੇ ਹਨ ਜਾਂ ਉਹਨਾਂ ਦਾ ਦਸਤਾਵੇਜ਼ੀਕਰਨ ਕਰਦੇ ਹਨ।

Other stories by Sanviti Iyer
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur