ਪਹਿਲੀ ਨਜ਼ਰੇ ਪੇਰੂਵੇਂਬਾ ਚਮੜੇ ਦੇ ਕਾਰਖ਼ਾਨਾ ਪ੍ਰਤੀਤ ਹੁੰਦਾ ਹੈ। ਪਿੰਡ ਦੇ ਘਰਾਂ ਦੀਆਂ ਖੁੱਲ੍ਹੀਆਂ ਥਾਵਾਂ ‘ਤੇ ਗਾਂ, ਮੱਝ ਤੇ ਬੱਕਰੀ ਜਿਹੇ ਜਾਨਵਰਾਂ ਦੀਆਂ ਖੱਲਾਂ ਸੁੱਕਣੇ ਪਈਆਂ ਹਨ, ਜੋ ਚਮੜੇ ਦੀ ਵਿਕਰੀ ਤੋਂ ਪਹਿਲਾਂ ਦੀ ਰਸਾਇਣੀਕਰਨ ਦੀ ਪ੍ਰਕਿਰਿਆ ਨੂੰ ਦਰਸਾਉਂਦਾ ਹੈ। ਪਰ, ਇਨ੍ਹਾਂ ਖੁੱਲ੍ਹੀਆਂ ਥਾਵਾਂ ਨੂੰ ਟੱਪ ਕੇ ਘਰਾਂ ਅੰਦਰ ਦਾਖ਼ਲ ਹੋਣ ‘ਤੇ ਪਤਾ ਚੱਲਦਾ ਹੈ ਕਿ ਕੜਚੀ ਕੋਲਨ ਭਾਈਚਾਰੇ ਦੇ ਕਾਰੀਗਰ ਇਨ੍ਹਾਂ ਕੱਚੀਆਂ ਖੱਲਾਂ ਤੋਂ ਉੱਚ ਗੁਣਵੱਤਾ ਵਾਲ਼ੇ ਤਬਲੇ ਬਣਾਉਂਦੇ ਹਨ।
ਪੂਰੇ ਦੱਖਣ ਭਾਰਤ ਦੇ ਤਬਲਾ ਵਾਦਕ, ਕੇਰਲ ਦੇ ਪਲੱਕੜ ਸ਼ਹਿਰ ਤੋਂ ਕਰੀਬ 14 ਕਿਲੋਮੀਟਰ ਦੂਰ ਸਥਿਤ ਪੇਰੂਵੇਂਬਾ ਤੋਂ ਹੀ ਚਮੜੇ ਦੇ ਸਾਜ ਖਰੀਦਦੇ ਹਨ। ਮ੍ਰਿਦੰਗਮ ਬਣਾਉਣ ਵਾਲ਼ੇ 44 ਸਾਲਾ ਕੜਚੀ ਕੋਲਨ ਭਾਈਚਾਰੇ ਦੇ ਕੇ.ਮਨੀਕੰਦਨ ਕਹਿੰਦੇ ਹਨ,“ਅਸੀਂ ਸੰਗੀਤਕਾਰ ਨਹੀਂ ਹਾਂ ਜੋ ਸਾਜ ਵਜਾ ਸਕਦੇ ਹੋਈਏ, ਪਰ ਅਸੀਂ ਚੰਗੀ ਗੁਣਵੱਤਾ ਵਾਲ਼ੇ ਸਾਜ ਬਣਾਉਣ ਲਈ ਸ਼ਰੁਤੀਆਂ (ਧੁਨ ਦੀਆਂ ਸੂਖ਼ਮ ਇਕਾਈਆਂ) ਨੂੰ ਭਲ਼ੀਭਾਂਤੀ ਜਾਣਦੇ ਹਾਂ। ਅਸੀਂ ਆਰਡਰ ਮਿਲ਼ਣ ਤੋਂ ਬਾਅਦ ਹੀ ਸਾਜ ਬਣਾਉਂਦੇ ਹਾਂ। ਅਸੀਂ ਗਾਹਕ ਦੀ ਲੋੜ ਮੁਤਾਬਕ ਕੰਮ ਕਰਦੇ ਹਾਂ। ਅਸੀਂ ਦੁਕਾਨਾਂ ਜਾਂ ਥੋਕ ਵਿਕ੍ਰੇਤਾਵਾਂ ਨੂੰ ਆਪਣਾ ਮਾਲ਼ ਨਹੀਂ ਵੇਚਦੇ।”
ਪੇਰੂਵੇਂਬਾ ਦੇ ਕੜਚੀ ਕੋਲਨ ਸਾਜ ਘਾੜ੍ਹੇ ਮ੍ਰਿਦੰਗਮ, ਮੱਦਲਮ, ਚੇਂਡਾ, ਤਬਲਾ, ਢੋਲ਼, ਗੰਜੀਰਾ ਤੇ ਹੋਰ ਕਈ ਸਾਜ ਬਣਾਉਂਦੇ ਹਨ, ਜਿਨ੍ਹਾਂ ਦੀ ਵਰਤੋਂ ਮੰਦਰਾਂ ਦੇ ਸੰਗੀਤ ਤੇ ਕਰਨਾਟਕ ਸੰਗੀਤ ਵਿੱਚ ਹੁੰਦੀ ਹੈ। ਇਹ ਭਾਈਚਾਰਾ 200 ਸਾਲ ਤੋਂ ਵੱਧ ਸਮੇਂ ਤੋਂ ਇਨ੍ਹਾਂ ਸਾਜਾਂ ਨੂੰ ਬਣਾ ਰਿਹਾ ਹੈ। ਮਨੀਕੰਦਨ ਦੱਸਦੇ ਹਨ ਕਿ ਇਸ ਤੋਂ ਪਹਿਲਾਂ ਉਹ ਲੁਹਾਰ ਸਨ ਤੇ ਖੇਤੀ ਦੇ ਸੰਦ ਬਣਾਇਆ ਕਰਦੇ। ਕਰਨਾਟਕ ਸੰਗੀਤ ਕੇਂਦਰ ਦੇ ਰੂਪ ਵਿੱਚ ਪਲੱਕੜ ਦੀ ਪਛਾਣ ਨੇ ਪੇਰੂਵੇਂਬਾ ਪਿੰਡ, ਜੋ ਹੁਣ ਪਲੱਕੜ ਜ਼ਿਲ੍ਹੇ ਦੀ ਪੇਰੂਵੇਂਬਾ ਗ੍ਰਾਮ ਪੰਚਾਇਤ ਦੇ ਅਧੀਨ ਆਉਂਦਾ ਹੈ, ਦੇ ਕੜਚੀ ਕੋਲਨ ਭਾਈਚਾਰੇ ਦੇ ਲੋਕਾਂ ਨੂੰ ਬਿਹਤਰ ਆਮਦਨੀ ਲਈ ਸਾਜ ਬਣਾਉਣ ਲਈ ਹੱਲ੍ਹਾਸ਼ੇਰੀ ਦਿੱਤੀ।
ਬਾਅਦ ਵਿੱਚ, ਉਸਤਾਦ ਪਾਲਘਾਟ ਟੀਐੱਸ ਮਨੀ ਅਈਅਰ (1912-1981) ਨੂੰ ਪੇਰੂਵੇਂਬਾ ਵਿਖੇ ਬਣੇ ਮ੍ਰਿਦੰਗਮ ਨੂੰ ਵਜਾਉਣ ਨਾਲ਼ ਜੋ ਪ੍ਰਸਿੱਧੀ ਮਿਲ਼ੀ ਉਸ ਕਾਰਨ ਇੱਥੋਂ ਦਾ ਨਾਮ ਕੇਰਲ ਤੋਂ ਬਾਹਰ, ਕਰਨਾਟਕ ਸੰਗੀਤ ਖੇਤਰਾਂ ਵਿੱਚ ਫ਼ੈਲ ਗਿਆ। ਉਨ੍ਹਾਂ ਨੇ ਮਦਰਾਸ (ਹੁਣ ਚੇਨੱਈ) ਦੇ ਸੰਗੀਤਕਾਰਾਂ ਨੂੰ ਇਸ ਪਿੰਡ ਵਿੱਚ ਆਉਣ ਦਾ ਸੱਦਾ ਦਿੱਤਾ, ਜਿਸ ਕਾਰਨ ਕਈ ਸੰਗੀਤਕਾਰ ਕੜਚੀ ਕੋਲਨ ਕਾਰੀਗਰਾਂ ਦੇ ਪੱਕੇ ਗਾਹਕ ਬਣ ਗਏ। ਪੇਰੂਵੇਂਬਾ ਵਿਖੇ ਅਈਅਰ ਦੇ ਮ੍ਰਿਦੰਗਮ ਖ਼ੁਦ ਮਨੀਕੰਦਨ ਦੇ ਪਿਤਾ ਕ੍ਰਿਸ਼ਨਨ ਮ੍ਰਿਦਲਪਰੰਬੂ ਦੱਸਦੇ ਸਨ, ਜੋ ਉਨ੍ਹਾਂ ਦੇ ਗੂੜ੍ਹੇ ਦੋਸਤ ਸਨ।
ਪੇਰੂਵੇਂਬਾ ਵਿਖੇ ਰਹਿਣ ਵਾਲ਼ੇ 320 ਪਰਿਵਾਰਾਂ ਵਿੱਚੋਂ 80 ਪਰਿਵਾਰ ਕੜਚੀ ਕੋਲਨ ਭਾਈਚਾਰੇ (ਗ੍ਰਾਮ ਪੰਚਾਇਤ ਰਿਕਾਰਡ ਮੁਤਾਬਕ) ਨਾਲ਼ ਤਾਅਲੁੱਕ ਰੱਖਦੇ ਹਨ। ਸਾਲ 2007 ਵਿੱਚ, ਪਿੰਡ ਦੇ ਕਾਰੀਗਰਾਂ ਨੇ ਚਮੜੇ ‘ਤੇ ਅਧਾਰਤ ਸਾਜ ਘਾੜ੍ਹਿਆਂ ਦਾ ਇੱਕ ਸੂਬਾ-ਪੱਧਰੀ ਸੰਗਠਨ ਕੇਰਲ ਸਟੇਟ ਤੁਲਕ ਵਾਦੋਪਕਰਣ ਨਿਰਮਾਣ ਸੰਘਮ ਬਣਾਇਆ ਸੀ। ਉਦੋਂ ਤੋਂ, ਸਾਜਾਂ ਦੀ ਕੀਮਤ ਤੇ ਉਨ੍ਹਾਂ ਦੀ ਮੁਰੰਮਤ ਤੇ ਵਾਪਸੀ ਲਈ ਲਾਗਤਾਂ ਆਦਿ ਸੰਗਠਨ ਦੇ ਮੈਂਬਰਾਂ ਦੁਆਰਾ ਸਾਂਝੇ ਰੂਪ ਵਿੱਚ ਤੈਅ ਕੀਤੀਆਂ ਜਾਂਦੀਆਂ ਹਨ। ਉਹ ਇਹ ਵੀ ਯਕੀਨੀ ਬਣਾਉਂਦੇ ਹਨ ਕਿ ਮੈਂਬਰਾਂ ਵਿਚਾਲੇ ਕੰਮ ਦੀ ਬਰਾਬਰ ਵੰਡ ਹੋਵੇ। ਮਨੀਕੰਦਨ ਸੰਗਠਨ ਦੇ ਸਕੱਤਰ ਹਨ, ਜਿਨ੍ਹਾਂ ਦੇ ਇਸ ਪਿੰਡ ਵਿਖੇ 65 ਮੈਂਬਰ ਤੇ 114 ਸਿਖਿਆਰਥੀ ਹਨ।
ਪੇਰੂਵੇਂਬਾ ਦੇ ਕਾਰੀਗਰ ਨੂੰ ਸਾਲਾਂ ਤੋਂ ਕਲਾਕਾਰਾਂ ਤੇ ਸੰਸਥਾਵਾਂ ਲਈ ਸਾਜਾਂ ਦੇ ਨਿਰਮਾਣ ਤੋਂ ਹੋਣ ਵਾਲ਼ੀ ਸਥਿਰ ਆਮਦਨੀ ਹੋ ਰਹੀ ਸੀ। ਪਰ ਕੋਵਿਡ-19 ਤਾਲਾਬੰਦੀ ਨੇ ਸਾਰਾ ਕੁਝ ਬਦਲ ਕੇ ਰੱਖ ਦਿੱਤਾ।
ਜਨਵਰੀ 2020 ਵਿੱਚ, ਭਾਰਤ ਵਿਖੇ ਕਰੋਨਾ ਵਾਇਰਸ ਦੇ ਸਭ ਤੋਂ ਪਹਿਲੇ ਤਿੰਨ ਮਾਮਲੇ ਕੇਰਲ ਤੋਂ ਹੀ ਸਾਹਮਣੇ ਆਉਣ ਤੋਂ ਬਾਅਦ ਰਾਜ ਸਰਕਾਰ ਨੇ ਸਖ਼ਤੀ ਨਾਲ਼ ਤਾਲਾਬੰਦੀ ਲਾ ਦਿੱਤੀ ਸੀ। ਫਰਵਰੀ ਤੋਂ ਬਾਅਦ ਕੋਈ ਵੀ ਗਾਹਕ ਪੇਰੂਵੇਂਬਾ ਨਹੀਂ ਆ ਸਕਦਾ ਸੀ, ਇਸਲਈ ਗਰਮੀਆਂ ਵਿੱਚ ਜੋ ਕਿ ਸਭ ਤੋਂ ਵੱਧ ਵਿਕਰੀ ਦਾ ਸੀਜ਼ਨ ਹੁੰਦਾ ਹੈ, ਕੋਈ ਆਰਡਰ ਨਾ ਮਿਲ਼ਿਆ।
“ਕੇਰਲ ਵਿੱਚ ਫਰਵਰੀ ਤੋਂ ਜੂਨ ਤੱਕ ਤਿਓਹਾਰਾਂ ਦਾ ਮੌਸਮ ਹੁੰਦਾ ਹੈ। ਪਰ ਇਸ ਵਾਰ ਇੰਨੇ ਸਮੇਂ ਵਿੱਚ ਕਿਸੇ ਨੇ ਵੀ ਕੋਈ ਖਰੀਦਦਾਰੀ ਨਹੀਂ ਕੀਤੀ। ਕੋਈ ਸਿੱਖਣ-ਸਿਖਾਉਣ ਤੇ ਮੁਰੰਮਤ ਦਾ ਕੰਮ ਵੀ ਨਾ ਮਿਲ਼ਇਆ,” ਮਨੀਕੰਦਨ ਦੱਸਦੇ ਹਨ। ਕੇਰਲ ਵਿਖੇ ਗਰਮੀਆਂ ਵਿੱਚ ਹੋਣ ਵਾਲ਼ੇ ਮੰਦਰਾਂ ਤੇ ਗਿਰਜਿਆਂ ਦੇ ਸਲਾਨਾ ਤਿਓਹਾਰਾਂ ਵਿੱਚ ਕਦੇ-ਕਦੇ 500 ਤਬਲਾ ਵਾਦਕ ਜਾਂ ਇਸ ਤੋਂ ਵੀ ਵੱਧ ਕਲਾਕਾਰ ਇਕੱਠੇ ਹੁੰਦੇ ਹਨ। ਉਹ ਇੱਕੋ ਵੇਲ਼ੇ ਘੰਟਿਆ-ਬੱਧੀ ਪੰਚਾਰੀ ਮੇਲਮ ਤੇ ਪੰਚਵਾਦਯਮ ਜਿਹੇ ਰਵਾਇਤੀ ਆਰਕੈਸਟਰਾ ਵਜਾਉਂਦੇ ਹਨ।
ਤਾਲਾਬੰਦੀ ਦੌਰਾਨ ਸਾਜਾਂ ਦੀ ਵਿਕਰੀ ਵਿੱਚ ਕਾਫ਼ੀ ਗਿਰਾਵਟ ਆਈ। ਸਾਲ 2020 ਵਿੱਚ ਤਾਲਾਬੰਦੀ ਤੋਂ ਪਹਿਲਾਂ ਪੇਰੂਵੇਂਬਾ ਤੋਂ ਸਿਰਫ਼ 23 ਸਾਜਾਂ ਦੀ ਵਿਕਰੀ ਹੋਈ। ਮਨੀਕੰਦਨ ਦੱਸਦੇ ਹਨ,“ਸਿਰਫ਼ ਮ੍ਰਿਦੰਗਮ ਅਤੇ ਤਬਦਲਾ ਦੀ ਹੀ ਥੋੜ੍ਹੀ-ਬਹੁਤ ਵਿਕਰੀ ਹੋਈ, ਚੇਂਡਾ ਇੱਕ ਵੀ ਨਾ ਵਿਕਿਆ।” ਜੇ ਤੁਲਨਾ ਕਰਕੇ ਦੇਖੀਏ ਤਾਂ ਸਾਲ 2019 ਵਿੱਚ ਜਿਨ੍ਹਾਂ 380 ਸਾਜਾਂ ਦੀ ਵਿਕਰੀ ਹੋਈ, ਉਨ੍ਹਾਂ ਵਿੱਚੋਂ 112 ਚੇਂਡਾ ਵਿਕੇ, ਜੋ ਪੰਚਾਰੀ ਮੇਲਮ ਆਰਕੈਸਟਰਾ ਦਾ ਮੁੱਖ ਢੋਲ਼ ਹੈ।
ਚੇਂਡੂ ਤੇ ਸ਼ੁੱਧ ਮੱਡਾਲਮ, ਜੋ ਕਥਕਲੀ ਨਾਚ-ਨਾਟਕਾਂ ਵਿੱਚ ਸਾਜ ਵਜਾਉਂਦੇ ਹਨ, ਜੋ ਪੇਰੂਵੇਂਬਾ ਦੇ ਸਭ ਤੋਂ ਹਰਮਨਪਿਆਰੇ ਉਤਪਾਦ ਹਨ। ਨਵਾਂ ਮੱਡਾਲਮ ਆਮ ਤੌਰ ‘ਤੇ 25,000 ਰੁਪਏ ਅਤੇ ਚੇਂਡੂ 12,000-15,000 ਰੁਪਏ ਵਿੱਚ ਵਿਕਦਾ ਹੈ, 36 ਸਾਲਾ ਰਾਜੀਵਨ ਲਕਸ਼ਮਣ ਕਹਿੰਦੇ ਹਨ, ਜੋ ਮੱਡਾਲਮ ਬਣਾਉਣ ਵਿੱਚ ਮਾਹਰ ਹਨ। ਕਾਰੀਗਰ ਪੁਰਾਣੇ ਮੱਡਾਲਮ ਦੇ ਚਮੜੇ ਨੂੰ ਬਦਲਣ ਦੇ 12,000 ਰੁਪਏ ਅਤੇ ਤਣੀਆਂ ਨੂੰ ਕੱਸਣ ਜਾਂ ਬਦਲਣ ਬਦਲੇ 800 ਰੁਪਏ ਲੈਂਦੇ ਹਨ। ਹਰਕੇ ਸਾਜ ਦੀ ਵਿਕਰੀ ਮਗਰ 8 ਫ਼ੀਸਦ ਦਾ ਨਫ਼ਾ ਹੁੰਦਾ ਹੈ।
“ਕੋਵਿਡ ਤਾਲਾਬੰਦੀ ਤੋਂ ਪਹਿਲਾਂ, ਪਿੰਡ ਦਾ ਹਰੇਕ ਪਰਿਵਾਰ ਹਰ ਮਹੀਨੇ 17,000-40,000 ਰੁਪਏ ਕਮਾ ਲੈਂਦਾ ਸੀ,” 64 ਸਾਲਾ ਮਨੀਕੰਦਨ ਕਹਿੰਦੇ ਹਨ।
“ਇਹ ਸੰਕਟ ਗੰਭੀਰ ਸੀ ਕਿਉਂਕਿ ਸਾਡੇ ਕੋਲ਼ ਰੋਜ਼ੀਰੋਟੀ ਕਮਾਉਣ ਦਾ ਹੋਰ ਕੋਈ ਠੋਸ ਵਸੀਲਾ ਨਹੀਂ ਸੀ,” ਪਰ ਖੇਤੀ ਨਾਲ਼ ਪੇਰੂਵੇਂਬਾ ਦੇ ਕੜਚੀ ਕੋਲਨ ਪਰਿਵਾਰਾਂ ਨੂੰ ਤਾਲਾਬੰਦੀ ਦੌਰਾਨ ਕੁਝ ਪੈਸੇ ਕਮਾਉਣ ਵਿੱਚ ਮਦਦ ਮਿਲ਼ੀ। ਉਨ੍ਹਾਂ ਵਿੱਚੋਂ ਬਹੁਤੇਰਿਆਂ ਕੋਲ਼ ਪਿੰਡ ਵਿੱਚ ਅੱਧਾ ਏਕੜ ਤੋਂ ਲੈ ਕੇ ਇੱਕ ਏਕੜ ਤੱਕ ਦੀ ਜ਼ਮੀਨ ਹੈ, ਜਿਸ ‘ਤੇ ਉਹ ਕੇਲੇ ਅਤੇ ਨਾਰੀਅਲ ਦੀ ਕਾਸ਼ਤ ਕਰਦੇ ਸਨ। ਸਥਾਨਕ ਬਜ਼ਾਰਾਂ ਵਿੱਚ ਕੇਲਾ 14 ਰੁਪਏ ਕਿਲੋ ਅਤੇ ਨਾਰੀਅਲ 54 ਰੁਪਏ ਕਿਲੋ ਦੇ ਹਿਸਾਬ ਨਾਲ਼ ਵਿਕਦਾ ਹੈ। ਕੁਝ ਲੋਕਾਂ ਨੇ ਆਪਣੀ ਵਰਤੋਂ ਲਈ ਝੋਨਾ ਬੀਜਿਆ।
ਮਹਾਂਮਾਰੀ ਤੋਂ ਪਹਿਲਾਂ ਵੀ, ਸਾਜ ਨਿਰਮਾਤਾਵਾਂ ਨੂੰ ਜਾਨਵਰਾਂ ਦੀ ਖੱਲ ਹਾਸਲ ਕਰਨ ਵਿੱਚ ਮੁਸ਼ਕਲ ਹੋ ਰਹੀ ਸੀ। ਕੇਂਦਰ ਸਰਕਾਰ ਦੇ 2017 ਦੇ ਪਸ਼ੂ ਕਰੂਰਤਾ ਰੋਕਥਾਮ (ਰੈਗੂਲੇਸ਼ਨ ਆਫ਼ ਲਾਈਵਸਟੋਕ ਮਾਰਕਿਟ) ਐਕਟ ਨੇ ਡੰਗਰਾਂ ਦੀ ਖੱਲ ਉਪਲਬਧਤਾ ਨੂੰ ਘੱਟ ਕਰ ਦਿੱਤਾ ਸੀ। ਇਨ੍ਹਾਂ ਨਿਯਮਾਂ ਕਾਰਨ ਡੰਗਰਾਂ ਦੀ ਅੰਤਰਰਾਜੀ ਢੋਆਢੁਆਈ ਪ੍ਰਭਾਵਤ ਹੋਇਆ ਸੀ ਅਤੇ ਤਮਿਲਨਾਡੂ ਦੇ ਕੋਇੰਬਟੂਰ ਜ਼ਿਲ੍ਹੇ ਦੇ ਬੁੱਚੜਖਾਨਿਆਂ ਤੋਂ ਡੰਗਰਾਂ ਦੀਆਂ ਖੱਲਾਂ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੋ ਗਈ ਸੀ।
ਪੇਰੂਵੇਂਬਾ ਦੇ ਕਾਰੀਗਰ ਹੁਣ ਤਿੰਨ ਕਿਲੋਮੀਟਰ ਦੂਰ ਸਥਿਤ ਪੁਦੁਨਗਰਮ ਦੇ ਮੀਟ ਬਜ਼ਾਰ ‘ਤੇ ਨਿਰਭਰ ਹਨ। ਰਾਜੀਵਨ ਦੇ ਭਰਾ, 25 ਸਾਲਾ ਰਮੇਸ਼ ਲਕਸ਼ਮਣ ਕਹਿੰਦੇ ਹਨ,“ਖੱਲ ਵਿਕਰੇਤਾ ਵੀ ਸੰਕਟ ਵਿੱਚ ਹਨ। ਜੇ ਇਹੀ ਹਾਲ ਰਿਹਾ ਤਾਂ ਅਸੀਂ ਸੰਗੀਤ ਦੇ ਇਨ੍ਹਾਂ ਵਾਜਿਆਂ ਦਾ ਉਤਪਾਦਨ ਬੰਦ ਕਰਨ ਲਈ ਮਜ਼ਬੂਰ ਹੋ ਜਾਵਾਂਗੇ।”
“ਪੇਰੂਵੇਂਬਾ ਵਿਖੇ ਕੋਈ ਵੀ ਸਾਜ ਗਾਂ ਦੇ ਚਮੜੇ ਦੇ ਬਗ਼ੈਰ ਨਹੀਂ ਬਣਦਾ,” 38 ਸਾਲਾ ਕਾਰੀਗਰ ਸੁਮੋਦ ਕੰਨਨ ਕਹਿੰਦੇ ਹਨ। ਇੱਕ ਗਾਂ ਦੀ ਖੱਲ ਦੀ ਕੀਮਤ 4,000 ਰੁਪਏ ਹੈ। “ਹਰ ਸਾਜ ਦੇ ਪਰਦਿਆਂ ਵਾਸਤੇ ਗਾਂ ਦੀ ਖੱਲ ਲੋੜੀਂਦੀ ਹੁੰਦੀ ਹੈ। ਮ੍ਰਿਦੰਗਮ ਵਿੱਚ ਘੱਟ ਤੇ ਮੱਡਾਲਮ ਵਿੱਚ ਥੋੜ੍ਹੀ ਜ਼ਿਆਦਾ ਖੱਲ ਲੋੜੀਂਦੀ ਰਹਿੰਦੀ ਹੈ।” ਗਾਂ ਦੀ ਖੱਲ ਦੀ ਵਰਤੋਂ ਮੱਝ ਜਾਂ ਬੱਕਰੀ ਦੀ ਖੱਲ ਦੇ ਨਾਲ਼ ਰਲ਼ਾ ਕੇ ਕੀਤੀ ਜਾਂਦੀ ਹੈ ਅਤੇ ਹਰੇਕ ਦੀ ਖੱਲ ਦੀ ਮਾਤਰਾ ਅੱਡ-ਅੱਡ ਸਾਜਾਂ ਲਈ ਅੱਡ-ਅੱਡ ਹੁੰਦੀ ਹੈ। 47 ਸਾਲਾ ਕੇ.ਵੀ. ਵਿਜਯਨ ਦੱਸਦੇ ਹਨ,“ਗਾਂ ਦੀ ਖੱਲ ਦੀ ਵਰਤੋਂ ਮੁੱਖ ਰੂਪ ਨਾਲ਼ ਚੇਂਡਾ ਤੇ ਮੁਡਾਲਮ ਵਿੱਚ ਹੁੰਦਾ ਹੈ, ਜਦੋਂਕਿ ਬੱਕਰੀ ਦੀ ਖੱਲ ਨੂੰ ਮ੍ਰਿਦੰਗਮ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਗਾਂ ਦੀ ਅੰਤੜੀ ਦੀ ਵਰਤੋਂ ਇਡੱਕਾ ਬਣਾਉਣ ਲਈ ਕੀਤੀ ਜਾਂਦੀ ਹੈ।”
ਕੜਚੀ ਕੋਲਨ ਦੇ ਪਰਿਵਾਰ ਦੇ ਸਾਰੇ ਜੀਅ ਇਸ ਸ਼ਿਲਪ ਦੀ ਪ੍ਰਕਿਰਿਆ ਵਿੱਚ ਸ਼ਾਮਲ ਹਨ। ਔਰਤਾਂ ਖੱਲ ਨੂੰ ਧੋਂਦੀਆਂ ਤੇ ਸਾਫ ਕਰਦੀਆਂ ਹਨ ਤੇ ਸੁੱਕਣ ਤੋਂ ਬਾਅਦ ਉਨ੍ਹਾਂ ਨੂੰ ਨਰਮ ਕਰਦੀਆਂ ਹਨ। ਪੁਰਸ਼ ਚਮੜੇ ਦਾ ਰਸਾਇਣੀਕਰਨ ਕਰਦੇ ਹਨ, ਲੱਕੜੀ ਨੂੰ ਅਕਾਰ ਦਿੰਦੇ ਹਨ ਅਤੇ ਸਾਜ ਬਣਾਉਂਦੇ ਹਨ। ਉਹ ਆਪਣੇ ਸਾਜ ਖ਼ੁਦ ਬਣਾਉਂਦੇ ਹਨ, ਜਿਵੇਂ ਕਿ ਛੈਣੀ, ਚਾਕੂ, ਬਲੇਡ, ਰੀਮਰ ਅਤੇ ਸ਼ਿੰਕਜਾ ਵਗੈਰਾ। ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ, ਇੱਥੋਂ ਤੱਕ ਕਿ ਉਨ੍ਹਾਂ ਨੂੰ ਢੋਲ਼ ਦੇ ਪਰਦੇ ‘ਤੇ ਕਾਲ਼ੀ ਪੇਸਟ ਮਲ਼ਣੀ ਵੀ ਸਿਖਾਈ ਜਾਂਦੀ ਹੈ, ਜੋ ਪਰਦੇ ਦੇ ਉੱਪਰਲੀ ਇੱਕ ਕਾਲ਼ੀ ਰਿੰਗ ਜਿਹੀ ਹੁੰਦੀ ਹੈ ਜਿਹਨੂੰ ਮਸ਼ੀਯੀਦਲ ਕਿਹਾ ਜਾਂਦਾ ਹੈ। ਇਹ ਪੇਸਟ ਸਥਾਨਕ ਪੱਧਰ ‘ਤੇ ਉਪਲਬਧ ਕਾਲ਼ੇ ਪੱਥਰ, ਪੂਰਨਕੱਲੂ ਦੇ ਚੂਰਣ ਵਿੱਚ ਉਬਲ਼ੇ ਹੋਏ ਚੌਲ਼ਾਂ ਨੂੰ ਮਸਲ ਕੇ ਬਣਾਈ ਜਾਂਦੀ ਹੈ। ਸੁਨੋਦ ਕ੍ਰਿਸ਼ਨਨ ਕਹਿੰਦੇ ਹਨ,“ਇਹਨੂੰ ਲਾਉਣ ਵਿੱਚ ਕਾਫ਼ੀ ਹੁਨਰ ਦੀ ਲੋੜ ਹੁੰਦੀ ਹੈ।”
ਪੇਰੂਵੇਂਬਾ ਵਿੱਚ ਬਣੇ ਸਾਰੇ ਸਾਜ ਕਟਹਲ ਦੀ ਲੱਕੜ ਦੇ ਹੁੰਦੇ ਹਨ। ਇਹ ਰੁੱਖ ਪਲੱਕੜ ਜ਼ਿਲ੍ਹੇ ਵਿੱਚ ਉੱਗਦੇ ਹਨ। ਕਾਰੀਗਰ ਇਹਦੀ ਲੱਕੜ ਸਥਾਨਕ ਕਿਸਾਨਾਂ ਤੇ ਵਪਾਰੀਆਂ ਪਾਸੋਂ 2,700 ਰੁਪਏ/ਮੀਟਰ ਦੇ ਹਿਸਾਬ ਨਾਲ਼ ਖਰੀਦਦੇ ਹਨ।
ਰਾਜੀਵਨ ਦੱਸਦੇ ਹਨ ਕਿ ਪੂਰਵੋਤਰ (ਪੂਰਬ-ਉੱਤਰ) ਮਾਨਸੂਨ (ਅਕਤੂਬਰ-ਦਸੰਬਰ) ਆਉਣ ਵਿੱਚ ਦੇਰੀ ਕਾਰਨ ਕਟਹਲ ਦੀ ਲੱਕੜੀ ਦੀ ਗੁਣਵੱਤਾ ਪ੍ਰਭਾਵਤ ਹੋ ਰਹੀ ਹੈ। ਉਹ ਕਹਿੰਦੇ ਹਨ,“ਜਲਵਾਯੂ ਤਬਦੀਲੀ ਕਾਰਨ ਇੰਝ ਹੋ ਰਿਹਾ ਹੈ। ਜਾਨਵਰਾਂ ਦੀ ਖੱਲ ਸੁਕਾਉਣ ਦੀ ਰਵਾਇਤੀ ਪ੍ਰਕਿਰਿਆ ਵੀ ਖ਼ਤਰੇ ਵਿੱਚ ਹੈ।” ਤ੍ਰਿਸੂਰ ਵਿਖੇ ਸਥਿਤ ਕੇਰਲ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਲਵਾਯੂ ਤਬਦੀਲੀ ਸਿੱਖਿਆ ਅਤੇ ਖ਼ੋਜ਼ ਅਕਾਦਮੀ ਦੇ ਵਿਗਿਆਨਕ ਅਧਿਕਾਰੀ, ਡਾ. ਗੋਪਾਕੁਮਾਰ ਚੋਲਿਯਲ ਦੱਸਦੇ ਹਨ ਕਿ ਦਸੰਬਰ 2020 ਤੋਂ ਜਨਵਰੀ 2021 ਵਿਚਾਲੇ ਕੇਰਲ ਵਿੱਚ ਸੌ ਸਾਲ ਵਿੱਚ ਸਭ ਤੋਂ ਵੱਧ ਮੀਂਹ ਪਿਆ।
“ਅਸੀਂ ਵਿਕਲਪਾਂ ਦੀ ਵਰਤੋਂ ਕਰਨ ਬਾਰੇ ਕਦੇ ਨਹੀਂ ਸੋਚਿਆ। ਸਾਡੇ ਲਈ ਕਟਹਲ ਦੀ ਲੱਕੜ ਅਤੇ ਜਾਨਵਰਾਂ ਦੀ ਖੱਲ ਜ਼ਰੂਰੀ ਹੈ,” ਮਨੀਕੰਦਨ ਕਹਿੰਦੇ ਹਨ। “ਜੇ ਸਰਕਾਰ ਪੂਰੇ ਦੇਸ਼ ਵਿੱਚ ਗਾਂ-ਹੱਤਿਆ ‘ਤੇ ਰੋਕ ਲਾਉਂਦੀ ਹੈ ਤਾਂ ਸਾਨੂੰ ਲੁਹਾਰ ਦੇ ਪੇਸ਼ੇ ਵੱਲ ਵਾਪਸ ਮੁੜਨ ਪਵੇਗਾ।” ਰਾਜ ਦੇ ਹੋਰਨਾਂ ਹਿੱਸਿਆਂ-ਪਲੱਕੜ ਜਿਲ੍ਹੇ ਦੇ ਲੱਕਿੜੀ-ਪੇਰੂਰ ਅਤੇ ਤ੍ਰਿਸੂਰ ਜ਼ਿਲ੍ਹੇ ਦੇ ਵੇਲਾਰੱਕੜ ਤੇ ਵੇਲੱਪਯਾ-ਵਿੱਚ ਵੱਸੇ ਕੜਚੀ ਕੋਲਨ ਭਾਈਚਾਰੇ ਦੇ ਲੋਕ ਅੱਜ ਵੀ ਖੇਤੀਬਾੜੀ ਦੇ ਸੰਦ ਬਣਾਉਂਦੇ ਹਨ।
ਕੇਰਲ ਸਰਕਾਰ ਨੇ 2019 ਵਿੱਚ ਕੜਚੀ ਕੋਲਨ ਜਾਤੀ ਨੂੰ ਪਿਛੜੇ ਕਬੀਲੇ (ਐੱਸਟੀ) ਦੀ ਸੂਚੀ ਵਿੱਚੋਂ ਕੱਢ ਕੇ ਇਹਨੂੰ ਹੋਰ ਪਿਛੜਿਆ ਵਰਗ (ਓਬੀਸੀ) ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਸੀ। ਉਦੋਂ ਤੋਂ ਹੀ, ਇਸ ਭਾਈਚਾਰੇ ਦੇ ਲੋਕਾਂ ਨੂੰ ਰਾਜ ਦੀ ਹਮਾਇਤ ਤੇ ਹੋਰ ਲਾਭ ਮਿਲ਼ਣੇ ਬੰਦ ਹੋ ਗਏ। ਮਨੀਕੰਦਨ ਦੱਸਦੇ ਹਨ,“ਰਾਜ ਸਰਕਾਰ ਦੁਆਰਾ ਕੀਤੇ ਗਏ ਅਧਿਐਨਾਂ ਤੋਂ ਪਤਾ ਚੱਲ਼ਦਾ ਹੈ ਕਿ ਕੜਚੀ ਕੋਲਨ ਓਬੀਸੀ ਵਰਗ ਦੇ ਹਨ। ਕਿਸੇ ਨੇ ਦਸਤਾਵੇਜ਼ਾਂ ਨਾਲ਼ ਛੇੜਛਾੜ ਕਰਕੇ ਸਾਨੂੰ ਐੱਸਟੀ ਦਰਜਾ ਦੇ ਦਿੱਤਾ ਹੋਣਾ। ਪਰ ਹੁਣ ਸਰਕਾਰ ਵੱਲੋਂ ਕੋਈ ਵਿੱਤੀ ਸਹਾਇਤਾ ਜਾਂ ਕੋਈ ਲਾਭ ਨਹੀਂ ਮਿਲ਼ ਰਿਹਾ।”
ਪਲੱਕੜ ਦੇ ਪ੍ਰਸਿੱਧ ਸੱਭਿਆਚਾਰਕ ਸੰਗਠਨ ਸਵਰਾਲਯ ਦੇ ਸਕੱਤਰ ਟੀ.ਆ. ਅਜਯਨ ਮੁਤਾਬਕ, ਕਰਨਾਟਕ ਸੰਗੀਤ ਦੇ ਕੇਂਦਰ (ਰੂਪ ਪੱਖੋਂ) ਵਿੱਚ ਪਲੱਕੜ ਦੀ ਮਾਣ-ਸਨਮਾਨ ਲਈ ਪੇਰੂਵੇਂਬਾ ਦੇ ਕਾਰੀਗਰ ਅਤੇ ਉਨ੍ਹਾਂ ਦੀ ਪਰੰਪਰਾ ਬਹੁਤ ਮਹੱਤਵਪੂਰਨ ਹੈ। “ਰਾਜ ਤੇ ਬਾਹਰ ਦੇ ਮੰਦਰ ਅਤੇ ਸੰਗੀਤ ਪ੍ਰੋਗਰਾਮ ਇਸ ਪਿੰਡ ‘ਤੇ ਨਿਰਭਰ ਹਨ। ਕਿਸੇ ਹੋਰ ਥਾਂਵੇਂ ਇਸ ਤਰ੍ਹਾਂ ਦੇ ਸੰਗੀਤ ਸਾਜ ਨਹੀਂ ਬਣਦੇ।”
ਉਂਝ, ਪੇਰੂਵੇਂਬਾ ਦੇ ਨੌਜਵਾਨਾਂ ਨੇ ਹੋਰ ਕਾਰੋਬਾਰਾਂ ਦੀ ਭਾਲ਼ ਕਰਨੀ ਸ਼ੁਰੂ ਕਰ ਦਿੱਤੀ ਹੈ। “ਇਸ ਕੰਮ (ਸਾਜ ਬਣਾਉਣ) ਵਿੱਚ ਕਾਫ਼ੀ ਮਿਹਨਤ ਤੇ ਧੀਰਜ ਦੀ ਲੋੜ ਹੁੰਦੀ ਹੈ। ਸਖ਼ਤ ਮਿਹਨਤ ਨੂੰ ਬੁਨਿਆਦੀ ਪੂੰਜੀ ਮੰਨ ਕੇ ਚੱਲੋ। ਇਸਲਈ ਨਵੀਂ ਪੀੜ੍ਹੀ ਹੋਰ ਵਿਕਲਪਾਂ ਦੀ ਭਾਲ਼ ਕਰ ਰਹੀ ਹੈ,” 29 ਸਾਲਾ ਐੱਮ. ਰਵੀਚੰਦਰਨ ਕਹਿੰਦੇ ਹਨ। ਰਵੀਚੰਦਰਨ ਦੇ 21 ਸਾਲਾ ਭਰਾ ਪਲੱਕੜ ਦੇ ਇੱਕ ਕਾਲਜ ਵਿਖੇ ਇਤਿਹਾਸ ਦੇ ਪੋਸਟ-ਗ੍ਰੈਜੂਏਟ ਦੇ ਵਿਦਿਆਰਥੀ ਹਨ। “ਇੱਕ ਪ੍ਰਥਾ ਵਜੋਂ ਅਸੀਂ ਆਪਣੇ ਪਰਿਵਾਰ ਵਿੱਚ ਪਲੱਸ-ਟੂ ਤੱਕ ਅਧਿਐਨ ਕੀਤਾ ਤੇ ਫਿਰ ਕੁੱਲਵਕਤੀ ਤੌਰ ‘ਤੇ ਇਸ ਪੇਸ਼ੇ ਵਿੱਚ ਆ ਗਏ। ਨੌਜਵਾਨ ਪੀੜ੍ਹੀ ਕਰੀਬ ਕਰੀਬ ਉਦਾਸੀਨ ਹੈ ਤੇ ਪਿੰਡ ਆਪਣੇ ਅਨੋਖੇ ਵਜੂਦ ਨੂੰ ਬਰਕਰਾਰ ਰੱਖਣ ਲਈ ਕਾਫ਼ੀ ਘਾਲ਼ਣਾ ਘਾਲ਼ ਰਿਹਾ ਹੈ।”
ਮਨੀਕੰਦਨ ਦੱਸਦੇ ਹਨ ਕਿ ਤਾਲਾਬੰਦੀ ਦੌਰਾਨ ਪੇਰੂਵੇਂਬਾ ਦੇ ਕੜਚੀ ਕੋਲਨ ਪਰਿਵਾਰਾਂ ਨੂੰ ਅਣਕਿਆਸੇ ਸੰਕਟ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਚੰਗੇ ਦਿਨ ਆਉਣ ਵਾਲ਼ੇ ਹਨ। ਦਸੰਬਰ ਵਿੱਚ, ਉਨ੍ਹਾਂ ਦੇ ਸੰਗਠਨ ਦੇ ਕੋਲ਼ ਮੁਰੰਮਤ ਕਰਨ ਲਈ 12 ਸਾਜ ਆਏ ਤੇ ਜਨਵਰੀ ਵਿੱਚ ਨਵੇਂ ਸਾਜਾਂ ਬਾਰੇ ਪੁੱਛਗਿੱਛ ਸ਼ੁਰੂ ਹੋ ਗਈ। ਉਹ ਕਹਿੰਦੇ ਹਨ,“ਇੰਝ ਜਾਪਦਾ ਹੈ ਜਿਵੇਂ ਅਸੀਂ ਫਰਵਰੀ ਦੇ ਅੰਤ ਤੱਕ ਸਾਡਾ ਜੀਵਨ ਮਾੜਾ-ਮੋਟਾ ਹੀ ਸਹੀ ਪਰ ਪਟੜੀ ‘ਤੇ ਵਾਪਸ ਆ ਜਾਵੇਗਾ। ਮੈਨੂੰ ਨਹੀਂ ਲੱਗਦਾ ਕਿ 2021 ਵਿੱਚ 2020 ਦਾ ਦਹੁਰਾਓ ਹੋਵੇਗਾ।”
ਤਰਜਮਾ: ਕਮਲਜੀਤ ਕੌਰ