ਸੁਰੇਸ਼ ਮੇਹੰਦਲੇ ਆਪਣੇ ਪਿਆਰੇ ਬੱਸ ਸਟੈਂਡ ਨੂੰ ਲੈ ਕੇ ਫ਼ਿਕਰਮੰਦ ਹਨ। ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਕਿਤੇ ਵੀ ਕੋਈ ਸਫ਼ਾਈ ਹੋਈ ਨਹੀਂ ਜਾਪਦੀ ਅਤੇ ਜਿਨ੍ਹਾਂ ਕਤੂਰਿਆਂ ਨੂੰ ਉਹ ਇੰਨੇ ਪਿਆਰ ਨਾਲ਼ ਬਿਸਕੁਟ ਖੁਆਇਆ ਕਰਦੇ, ਉਹ ਵੀ ਭੁੱਖੇ ਹੋਣਗੇ। ਪੂਨੇ ਜ਼ਿਲ੍ਹੇ ਦੇ ਮੁਲਸ਼ੀ ਤਾਲੁਕਾ ਦੇ ਪੌਡ ਬੱਸ ਸਟੈਂਡ ਦੇ ਜਿਹੜੇ ਪੁੱਛਗਿੱਛ ਬੂਥ ਵਿਖੇ ਉਹ ਬੈਠਿਆ ਕਰਦੇ ਉਹ ਵੀ ਪਿਛਲੇ ਇੱਕ ਮਹੀਨੇ ਤੋਂ ਬੰਦ ਪਿਆ ਹੈ। ਇਹੀ ਉਹ ਥਾਂ ਹੈ ਜਿੱਥੇ ਬੈਠ ਕੇ ਉਹ ਰਾਜ ਟ੍ਰਾਂਸਪੋਰਟ ਦੀ ਹਰ ਆਉਂਦੀ ਜਾਂਦੀ ਬੱਸ 'ਤੇ ਨਿਗਾਹਬਾਨੀ ਕਰਦੇ ਹਨ।
''ਮੈਂ ਪਿਛਲੇ 28 ਦਿਨਾਂ ਤੋਂ ਪੌਡ ਗਿਆ ਹੀ ਨਹੀਂ। ਮੈਨੂੰ ਉਮੀਦ ਹੈ ਕਿ ਉੱਥੇ ਸਭ ਠੀਕ-ਠਾਕ ਹੋਣਾ,'' 54 ਸਾਲਾ ਮੇਹੰਦਲੇ ਨੇ ਮੈਨੂੰ ਉਸ ਵੇਲ਼ੇ ਦੱਸਿਆ ਜਦੋਂ ਮੈਂ 26 ਨਵੰਬਰ ਨੂੰ ਪੂਨੇ ਸਵਾਰਗੇਟ ਬੱਸ ਡਿਪੂ ਵਿੱਚ ਉਨ੍ਹਾਂ ਨੂੰ ਮਿਲ਼ੀ ਸਾਂ। ਉਸ ਵੇਲ਼ੇ ਉਹ ਆਪਣੇ ਬੱਸ ਸਟੈਂਡ ਤੋਂ 35 ਕਿਲੋਮੀਟਰ ਦੂਰ ਸਨ। ਮੇਹੰਦਲੇ, ਮਹਾਂਰਾਸ਼ਟਰ ਰਾਜ ਸੜਕ ਟ੍ਰਾਂਸਪੋਰਟ ਕਾਰਪੋਰੇਸ਼ਨ (ਐੱਮਐੱਸਆਰਟੀਸੀ) ਦੇ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ਼ ਬੱਸ ਸਟੈਂਡ ਦੇ ਪ੍ਰਵੇਸ਼ ਦੁਆਰ 'ਤੇ ਟੈਂਟ ਗੱਡ ਕੇ ਹੜਤਾਲ਼ 'ਤੇ ਬੈਠੇ ਹਨ। ਪੂਰੇ ਰਾਜ ਦੇ ਕਰਮਚਾਰੀ ਇਸ ਸਾਲ 28 ਅਕਤੂਬਰ ਤੋਂ ਅਣ-ਮਿੱਥੇ ਸਮੇਂ ਲਈ ਹੜਤਾਲ਼ 'ਤੇ ਹਨ। ਦਰਅਸਲ ਉਹ ਆਪਣੀਆਂ ਸਮੱਸਿਆਵਾਂ ਦੇ ਹੱਲ ਚਾਹੁੰਦੇ ਹਨ।
ਪੂਨੇ ਵਿਖੇ, ਰਾਜ ਟ੍ਰਾਂਸਪੋਰਟ (ਐੱਸਟੀ) ਦੀਆਂ ਬੱਸਾਂ ਦੇ ਕਰੀਬ 250 ਕੰਡਕਟਰ ਅਤੇ 200 ਬੱਸ ਡਰਾਈਵਰ ਹੜਤਾਲ਼ 'ਤੇ ਹਨ। ਮੇਹੰਦਲੇ ਨੇ ਦੱਸਿਆ,''ਇਹ ਸਾਰਾ ਕੁਝ ਰਾਜ ਟ੍ਰਾਂਸਪੋਰਟ ਕਰਮਚਾਰੀਆਂ ਦੀਆਂ ਮੌਤਾਂ (ਆਤਮਹੱਤਿਆਵਾਂ) ਦੇ ਵਿਰੋਧ ਨਾਲ਼ ਸ਼ੁਰੂ ਹੋਇਆ। ਪਿਛਲੇ ਸਾਲ ਘੱਟੋਘੱਟ 31 ਕਰਮਚਾਰੀਆਂ ਨੇ ਆਤਮਹੱਤਿਆ ਕਰ ਲਈ ਸੀ।'' ਮੈਨੂੰ ਮੇਹੰਦਲੇ ਨਾਲ਼ ਮਿਲ਼ਿਆਂ ਅਜੇ ਤਿੰਨ ਕੁ ਦਿਨ ਹੋਏ ਸਨ ਕਿ ਦੋ ਹੋਰ ਕਰਮਚਾਰੀਆਂ ਨੇ ਆਤਮਹੱਤਿਆ ਕਰ ਲਈ। ਤਨਖ਼ਾਹ ਮਿਲ਼ਣ ਵਿੱਚ ਦੇਰੀ ਹੋਣ ਕਾਰਨ ਐੱਸਟੀ ਕਰਮਚਾਰੀਆਂ ਨੂੰ ਬੜੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਕੋਵਿਡ-19 ਮਹਾਂਮਾਰੀ ਫ਼ੈਲਣ ਕਾਰਨ ਹਾਲਤ ਹੋਰ ਜ਼ਿਆਦਾ ਖ਼ਰਾਬ ਹੋ ਗਏ ਅਤੇ ਮਾਲ਼ ਟ੍ਰਾਂਸਪੋਰਟ ਤੋਂ ਇਲਾਵਾ ਬਾਕੀ ਦੀ ਆਮਦਨੀ ਵੀ ਬੰਦ ਹੋ ਗਈ।
ਆਪਣੇ ਸਾਥੀਆਂ ਦੀਆਂ ਮੌਤਾਂ ਵੱਲ ਸਭ ਦਾ ਧਿਆਨ ਖਿੱਚਣ ਵਾਸਤੇ, 27 ਅਕਤੂਬਰ ਨੂੰ ਮੁੰਬਈ ਵਿਖੇ ਐੱਮਐੱਸਆਰਟੀਸੀ ਦੇ ਕਰਮਚਾਰੀਆਂ ਨੇ ਭੁੱਖ ਹੜਤਾਲ਼ ਕੀਤੀ ਸੀ। ਇਹਦੇ ਬਾਅਦ, ਅਗਲੇ ਦਿਨ ਪੂਰੇ ਰਾਜ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਜਿੱਥੇ ਉਨ੍ਹਾਂ ਦੀਆਂ ਨਾ ਸਿਰਫ਼ ਤਨਖ਼ਾਹ ਵਿੱਚ ਵਾਧੇ ਦੀਆਂ ਮੰਗਾਂ ਸਗੋਂ ਬਕਾਇਆ ਵੀ ਅਦਾ ਕੀਤੇ ਜਾਣ ਜਿਹੀਆਂ ਚਿਰੋਕਣੀਆਂ ਮੰਗਾਂ ਵੀ ਜ਼ੋਰ ਫੜ੍ਹ ਗਈਆਂ। ਐੱਮਐੱਸਆਰਟੀਸੀ ਨੂੰ ਰਾਜ ਸਰਕਾਰ ਤਹਿਤ ਲਿਆਉਣ ਦੀ ਮੰਗ ਦਾ ਜ਼ਿਕਰ ਕਰਦਿਆਂ ਮੇਹੰਦਲੇ ਕਹਿੰਦੇ ਹਨ,''ਅਸੀਂ ਇਸ ਮੇਲ਼ (ਰਲ਼ੇਵੇਂ) ਲਈ ਦਬਾਅ ਪਾ ਰਹੇ ਹਾਂ।'' ਇਹ ਕਰਮਚਾਰੀ, ਰਾਜ ਸਰਕਾਰ ਦੇ ਕਰਮਚਾਰੀਆਂ ਬਰਾਬਰ ਦਰਜਾ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਬਰਾਬਰ ਤਨਖ਼ਾਹ (ਵੇਤਨਮਾਨ) ਅਤੇ ਹੋਰ ਲਾਭਾਂ ਦੀ ਮੰਗ ਕਰ ਰਹੇ ਹਨ।
ਸੜਕ ਟ੍ਰਾਂਸਪੋਰਟ ਕਾਰਪੋਰੇਸ਼ਨ ਐਕਟ 1950 ਦੇ ਉਪਬੰਦਾਂ ਦੇ ਤਹਿਤ ਮਹਾਰਾਸ਼ਟਰ ਰਾਜ ਸਰਕਾਰ ਦੁਆਰਾ ਸ਼ਾਮਲ ਕੀਤੀ ਗਈ ਐੱਮਐੱਸਆਰਟੀਸੀ ਇੱਕ ਖ਼ੁਦਮੁਖ਼ਤਿਆਰ ਸੰਸਥਾ ਹੈ। ਨਿਗਮ ਦੇ ਤਹਿਤ 250 ਡਿਪੂ ਅਤੇ 588 ਬੱਸ ਸਟੈਂਡ ਸੰਚਾਲਤ ਹੁੰਦੇ ਹਨ ਅਤੇ ਕਰੀਬ 104,000 ਕਰਮਚਾਰੀ ਕੰਮ ਕਰਦੇ ਹਨ। ਉਹ ' ਗਾਵ ਤਿਥੇ ਰਸਤਾ ; ਰਸਤਾ ਤਿਥੇ ਐਸਟੀ (ਹਰ ਪਿੰਡ ਲਈ ਸੜਕ, ਹਰ ਸੜਕ ਲਈ ਐੱਸਟੀ ਬੱਸ)' ਦੇ ਆਪਣੇ ਸਿਧਾਂਤ ਤਹਿਤ ਪੂਰੇ ਰਾਜ ਵਿੱਚ ਯਾਤਰੀ ਟ੍ਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਦਾ ਹੈ।
ਵ੍ਰਿੰਦਾਵਨੀ ਦੋਲਾਰੇ, ਮੀਨਾ ਮੋਰੇ ਅਤੇ ਮੀਰਾ ਰਾਜਪੂਤ, ਤਿੰਨਾਂ ਦੀ ਉਮਰ 40 ਸਾਲ ਤੋਂ ਘੱਟ ਹੈ, ਕਰਮਚਾਰੀਆਂ ਦੀਆਂ ਮੰਗਾਂ ਦੀ ਪੁਰਜ਼ੋਰ ਹਮਾਇਤ ਕਰਦੀਆਂ ਹਨ। ਉਹ ਸਵਾਰਗੇਟ ਡਿਪੂ ਵਿੱਚ ਕੰਮ ਕਰਨ ਵਾਲ਼ੀਆਂ ਉਨ੍ਹਾਂ 45 ਮਹਿਲਾ ਕੰਡਕਟਰਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦਾ ਮੰਨਣਾ ਹੈ ਕਿ ਐੱਮਐੱਸਆਰਟੀਸੀ ਦਾ ਰਾਜ ਸਰਕਾਰ ਵਿੱਚ ਰਲ਼ੇਵਾਂ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਇੱਕੋ-ਇੱਕ ਹਲ ਹੈ। ਮੀਨਾ ਕਹਿੰਦੀ ਹਨ,''ਉਂਝ ਤਾਂ ਅਸੀਂ ਹਰ ਰੋਜ਼ 13-14 ਘੰਟੇ ਕੰਮ ਕਰਦੇ ਹਾਂ, ਪਰ ਭੁਗਤਾਨ ਸਾਨੂੰ ਸਿਰਫ਼ 8 ਘੰਟਿਆਂ ਦਾ ਹੀ ਮਿਲ਼ਦਾ ਹੈ। ਸਾਡੀਆਂ ਸ਼ਿਕਾਇਤਾਂ ਵਾਸਤੇ, ਸਾਡੇ ਕੋਲ਼ ਸ਼ਿਕਾਇਤ ਨਿਵਾਰਣ ਦਾ ਕੋਈ ਢਾਂਚਾ (ਵਿਵਸਥਾ) ਮੌਜੂਦ ਨਹੀਂ ਹੈ।'' ਉਨ੍ਹਾਂ ਨੇ ਅੱਗੇ ਕਿਹਾ,''28 ਅਕਤੂਬਰ ਤੋਂ ਬਾਅਦ ਤੋਂ ਇੱਕ ਵੀ ਐੱਸਟੀ ਬੱਸ, ਡਿਪੂ ਤੋਂ ਨਹੀਂ ਨਿਕਲ਼ੀ ਹੈ। ਅਸੀਂ ਉਦੋਂ ਤੱਕ ਪਿਛਾਂਹ ਨਹੀਂ ਹਟਾਂਗੇ, ਜਦੋਂ ਤੱਕ ਕਿ ਰਾਜ ਸਰਕਾਰ ਰਲ਼ੇਵੇਂ ਦੀ ਸਾਡੀ ਮੰਗ ਨੂੰ ਮੰਨ ਨਹੀਂ ਲੈਂਦੀ।''
ਪਿਛਲੇ 12 ਸਾਲਾਂ ਤੋਂ ਸਵਾਰਗਟ ਬੱਸ ਡਿਪੂ ਵਿਖੇ ਕੰਮ ਕਰ ਰਹੀ 34 ਸਾਲਾ ਕੰਡਕਟਰ ਅਨੀਤਾ ਅਸ਼ੋਕ ਮਾਨਕਰ ਕਹਿੰਦੀ ਹਨ,''ਸਾਰੇ 250 ਡਿਪੂ ਬੰਦ ਹਨ; ਨਾਲ਼ ਹੀ, ਡਰਾਈਵਰ, ਕੰਡਕਟਰ ਅਤੇ ਵਰਕਸ਼ਾਪ ਦੇ ਕਰਮਚਾਰੀਆਂ ਸਣੇ, ਕਰੀਬ ਇੱਕ ਲੱਖ ਕਰਮਚਾਰੀ ਹੜਤਾਲ਼ 'ਤੇ ਹਨ। ਸਿਰਫ਼ ਠੇਕੇ 'ਤੇ ਕੰਮ ਕਰਨ ਵਾਲ਼ੇ ਕੁਝ ਕਰਮਚਾਰੀ ਹੀ ਵਾਪਸ ਮੁੜੇ ਹਨ। ਮੂਲ਼ ਰੂਪ ਨਾਲ਼ ਅਮਰਾਵਤੀ ਜ਼ਿਲ੍ਹੇ ਦੀ ਅਨੀਤਾ, ਮੁਲਸ਼ੀ ਵਿਖੇ ਭੂਗਾਓਂ ਦੇ ਕੋਲ਼ ਸਥਿਤ ਮਤਲਵਾੜੀ ਫਾਟਾ ਵਿਖੇ ਰਹਿੰਦੀ ਹਨ। ਅਕਸਰ ਉਨ੍ਹਾਂ ਦੀ ਤਾਇਨਾਤੀ ਪੂਨੇ-ਕੋਲਵਣ ਬੱਸ ਰੂਟ 'ਤੇ ਰਹਿੰਦੀ ਹੈ।
ਹਾਲਾਂਕਿ, ਦਿੱਗਜ ਮਜ਼ਦੂਰ ਨੇਤਾ ਪੰਨਾਲਾਲ ਸੁਰਾਣਾ ਨੇ ਮਹਾਰਾਸ਼ਟਰ ਟਾਈਮਸ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਕਿ ਦੋਵਾਂ ਦਾ ਰਲੇਵਾਂ ਕਰਨਾ ਠੀਕ ਨਹੀਂ ਹੋਵੇਗਾ। ਪਰ, ਕਰੀਬ 17 ਸਾਲਾਂ ਤੱਕ ਮਹਾਰਾਸ਼ਟਰ ਰਾਜ ਐੱਸਟੀ ਕਰਮਚਾਰੀ ਸੰਗਠਨ ਦੇ ਪ੍ਰਧਾਨ ਰਹਿ ਚੁੱਕੇ ਪੰਨਾਲਾਲ, ਤਨਖ਼ਾਹ ਵਧਾਏ ਜਾਣ ਦੀ ਮੰਗ ਨੂੰ ਵਾਜਬ ਠਹਿਰਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਵਿਭਾਗਾਂ ਦੀ ਆਗਿਆ ਦੀ ਉਡੀਕ ਕੀਤੇ ਬਗ਼ੈਰ ਫ਼ੌਰਨ ਅਤੇ ਸੁਤੰਤਰ ਫ਼ੈਸਲੇ ਲੈਣ ਲਈ ਹੀ ਰਾਜ ਸੜਕ ਟ੍ਰਾਂਸਪੋਰਟ ਨਿਗਮ ਦੀ ਸਥਾਪਨਾ ਕੀਤੀ ਗਈ ਸੀ।
ਪ੍ਰਦਰਸ਼ਨ ਕਰ ਰਹੇ ਕੁਝ ਕਰਮਚਾਰੀ ਐੱਮਐੱਸਆਰਟੀਸੀ ਤੋਂ ਇੱਕੋ ਜਿਹੀ (ਬਰਾਬਰ) ਤਨਖ਼ਾਹ ਦੀ ਮੰਗ ਕਰ ਰਹੇ ਹਨ। ''ਸਾਨੂੰ ਪੁਰਸ਼ ਸਹਿਕਰਮੀਆਂ ਦੇ ਮੁਕਾਬਲੇ ਘੱਟ ਤਨਖ਼ਾਹ ਦਿੱਤੀ ਜਾਂਦੀ ਹੈ; ਨਾਲ਼ ਹੀ ਤਨਖ਼ਾਹ ਦੇਣ ਵਿੱਚ ਵੀ ਦੇਰੀ ਕੀਤੀ ਜਾਂਦੀ ਹੈ। ਅਸੀਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਚਾਹੁੰਦੇ ਹਾਂ,'' 24 ਸਾਲਾ ਪਾਇਲ ਚੱਵਾਨ ਕਹਿੰਦੀ ਹਨ। ਉਨ੍ਹਾਂ ਨੂੰ ਅਤੇ ਉਨ੍ਹਾਂ ਦੀਆਂ ਸਹਿਕਰਮੀ ਰੂਪਾਲੀ ਕਾਂਬਲੇ ਅਤੇ ਨੀਲਿਮਾ ਧੂਮਲ ਨੂੰ ਤਿੰਨ ਸਾਲ ਪਹਿਲਾਂ, ਸਵਾਰਗੇਟ ਡਿਪੂ ਦੇ ਵਰਕਸ਼ਾਪ ਸੈਕਸ਼ਨ ਵਿੱਚ ਮੈਕੇਨਿਕਲ ਅਤੇ ਇਲੈਕਟ੍ਰਿਕਲ ਮੈਂਟੇਨੈਂਸ ਦੇ ਕੰਮ ਵਿੱਚ ਸਹਾਇਤਾ ਦੇਣ ਲਈ ਭਰਤੀ ਕੀਤੀ ਗਿਆ ਸੀ।
ਕਿਆਸ ਲਾਇਆ ਗਿਆ ਹੈ ਕਿ ਐੱਮਐੱਸਆਰਟੀਸੀ ਦੇ ਪੂਨੇ ਡਿਵੀਜ਼ਨ ਨੂੰ ਹੜਤਾਲ਼ ਦੇ ਕਾਰਨ ਰੋਜ਼ਾਨਾ 1.5 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਨਿੱਜੀ ਰੂਪ ਨਾਲ਼ ਚੱਲਣ ਵਾਲ਼ੀਆਂ ਏ.ਸੀ. ਬੱਸਾਂ ਨੂੰ ਛੱਡ ਕੇ 8,500 ਬੱਸਾਂ ਫ਼ਿਲਹਾਲ ਚੱਲ ਨਹੀਂ ਰਹੀਆਂ। ਫ਼ਲਸਰੂਪ ਰੋਜ਼ ਯਾਤਰਾ ਕਰਨ ਵਾਲ਼ੇ ਔਸਤਨ 65,000 ਯਾਤਰੀਆਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੌਡ ਵਿਖੇ ਹੜਤਾਲ਼ ਦਾ ਅਸਰ ਸਾਫ਼ ਨਜ਼ਰੀ ਪੈ ਰਿਹਾ ਹੈ। ਸ਼ਿਵਾਜੀ ਬੋਰਕਰ ਇਨ੍ਹੀਂ ਦਿਨੀਂ ਪੌਡ ਤੋਂ ਸਾਂਝਾ ਆਟੋ ਕਰਨ ਲਈ ਮਜ਼ਬੂਰ ਹਨ। ਉਹ ਕਰੀਬ ਹਰ ਹਫ਼ਤੇ 40 ਕਿਲੋਮੀਟਰ ਦਾ ਯਾਤਰਾ ਕਰਕੇ, ਪੂਨੇ ਸ਼ਹਿਰ ਤੋਂ ਮੁਲਸ਼ੀ ਤਾਲੁਕਾ ਦੇ ਪਿੰਡ ਰਿਹੇ ਵਿਖੇ ਆਪਣੀ ਖੇਤ ਜਾਂਦੇ ਹਨ। ਇਹਦੇ ਲਈ, ਉਹ ਬੱਸ ਦੀ ਸਵਾਰੀ ਹੀ ਕਰਦੇ ਹਨ, ਜੋ ਪੂਨੇ ਦੇ ਮਾਰਕੇਟਯਾਰਡ ਤੋਂ ਪੌਡ ਜਾਂਦੀ ਹੈ; ਜਿਹਨੂੰ ਪੂਨੇ ਮਹਾਨਗਰ ਟ੍ਰਾਂਸਪੋਰਟ ਮਹਾਮੰਡਲ ਲਿਮਿਟਡ ਦੁਆਰਾ ਸੰਚਾਲਤ ਕੀਤਾ ਜਾਂਦਾ ਹੈ।
27 ਨਵੰਬਰ ਨੂੰ ਜਦੋਂ ਮੈਂ ਉਨ੍ਹਾਂ ਨੂੰ ਮਿਲ਼ੀ, ਉਸ ਸਮੇਂ ਬੋਰਕਰ ਅਤੇ ਪੰਜ ਹੋਰ ਲੋਕ ਅੱਗੇ ਜਾਣ ਲਈ ਇੱਕ ਛੋਟੀ ਜਿਹੀ ਦੁਕਾਨ ਦੇ ਬਾਹਰ ਖੜ੍ਹੇ ਆਟੋ ਦੀ ਉਡੀਕ ਕਰ ਰਹੇ ਸਨ। ਦੋ ਘੰਟੇ ਬੀਤ ਚੁੱਕੇ ਸਨ, ਪਰ ਛੇ ਸੀਟ ਵਾਲ਼ੇ ਇਸ ਆਟੋ ਨੂੰ ਜਦੋਂ ਤੱਕ 14 ਸਵਾਰੀਆਂ ਨਹੀਂ ਮਿਲ਼ ਜਾਂਦੀਆਂ, ਉਹ ਤੁਰਦਾ ਨਹੀਂ। ਇਸ ਆਟੋ ਦੇ ਵਿਚਕਾਰਲੇ ਹਿੱਸੇ ਵਿੱਚ 8 ਯਾਤਰੀ, ਮਗਰ 4 ਅਤੇ ਚਾਲਕ ਦੇ ਨਾਲ਼ ਅੱਗੇ ਦੋਵੇਂ ਪਾਸੇ 1-1 ਯਾਤਰੀ ਬਿਠਾਏ ਜਾਂਦੇ ਹਨ। ਬੋਰਕਰ ਕਹਿੰਦੇ ਹਨ,''ਉਡੀਕ ਕਰਨ ਤੋਂ ਇਲਾਵਾ ਅਸੀਂ ਹੋਰ ਕੀ ਕਰ ਸਕਦੇ ਹਾਂ? ਐੱਸਟੀ ਬੱਸ, ਪਿੰਡਾਂ ਦੇ ਲੋਕਾਂ ਵਾਸਤੇ ਜੀਵਨ-ਰੇਖਾ ਹਨ। ਕਰੀਬ ਇੱਕ ਮਹੀਨਾ ਹੋ ਗਿਆ, ਪਰ ਕੋਈ ਬੱਸ ਚੱਲ ਹੀ ਨਹੀਂ ਰਹੀ।'' ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਟੋਵਾਲ਼ੇ ਉਨ੍ਹਾਂ ਪਾਸੋਂ ਬੱਸ ਟਿਕਟ ਨਾਲ਼ੋਂ ਦੋਗੁਣਾ ਕਿਰਾਇਆ ਵਸੂਲ ਰਹੇ ਹਨ, ਜਦੋਂਕਿ ਐੱਸਟੀ ਬੱਸਾਂ ਵਿੱਚ ਸੀਨੀਅਰ ਸਿਟੀਜਨਾਂ ਪਾਸੋਂ ਅੱਧਾ ਕਿਰਾਇਆ ਹੀ ਲਿਆ ਜਾਂਦਾ ਹੈ।
ਪੌਡ ਦਾ ਉਹ ਬੱਸ ਸਟੈਂਡ, ਜਿੱਥੋਂ ਕੋਲਵਣ (ਮੁਲਸ਼ੀ ਤਾਲੁਕਾ ਵਿਖੇ) ਅਤੇ ਜਾਵਾਨ ਅਤੇ ਤਲੇਗਾਓਂ (ਮਾਲਵ ਤਾਲੁਕਾ ਵਿਖ) ਵਾਸਤੇ ਹਰ ਰੋਜ਼ ਪੰਜ ਬੱਸਾਂ ਚੱਲਦੀਆਂ ਹਨ, ਅੱਜਕੱਲ੍ਹ ਬੀਆਬਾਨ ਪਿਆ ਹੈ। ਆਪਣੇ ਦੋਸਤਾਂ ਦਾ ਉਡੀਕ ਕਰ ਰਹੀਆਂ ਤਿੰਨ ਕੁੜੀਆਂ ਨੇ ਮੇਰੇ ਨਾਲ਼ ਗੱਲ ਕੀਤੀ। ਪਰ ਉਨ੍ਹਾਂ ਨੇ ਆਪਣਾ ਨਾਮ ਦੱਸਣ ਜਾਂ ਫ਼ੋਟੋ ਖਿਚਾਉਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਵਿੱਚੋਂ ਇੱਕ ਨੇ ਕਿਹਾ,''ਤਾਲਾਬੰਦੀ ਤੋਂ ਬਾਅਦ, ਮੇਰੇ ਮਾਪਿਆਂ ਨੇ ਮੈਨੂੰ ਕਾਲਜ ਭੇਜਣ ਤੋਂ ਮਨ੍ਹਾ ਕਰ ਦਿੱਤਾ। ਕਾਲਜ ਆਉਣ-ਜਾਣ 'ਤੇ ਕਾਫ਼ੀ ਪੈਸੇ ਲੱਗ ਜਾਂਦੇ। ਜਦੋਂ ਤੱਕ ਮੈਂ 12ਵੀਂ ਜਮਾਤ ਵਿੱਚ ਰਹੀ ਮੇਰੇ ਕੋਲ਼ ਮੁਫ਼ਤ ਬੱਸ ਪਾਸ ਸੀ।'' ਜਮਾਤ 12ਵੀਂ ਤੋਂ ਬਾਅਦ ਉਨ੍ਹਾਂ ਸਾਰੀਆਂ ਦੀ ਪੜ੍ਹਾਈ ਛੁੱਟ ਗਈ। ਦੱਸਿਆ ਜਾਂਦਾ ਹੈ ਕਿ ਟ੍ਰਾਂਸਪੋਰਟ ਵਿੱਚ ਲੱਗਣ ਵਾਲ਼ੇ ਕਿਰਾਏ ਰੂਪੀ ਖਰਚੇ ਵੀ ਅਕਸਰ ਪਰਿਵਾਰਾਂ ਸਾਹਮਣੇ ਕੁੜੀਆਂ ਦੀ ਪੜ੍ਹਾਈ ਰੋਕਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਛੱਡਦੇ।
ਉਸੇ ਦਿਨ, ਮੈਂ ਪੌਡ ਅਤੇ ਕੋਲਵਣ ਵਿਚਾਲੇ ਪੈਦਲ ਹੀ 12 ਕਿਲੋਮੀਟਰ ਦੀ ਦੂਰ ਤੈਅ ਕਰ ਰਹੇ ਸਕੂਲੀ ਵਿਦਿਆਰਥੀਆਂ ਦੇ ਕਰੀਬ ਅੱਠ ਸਮੂਹਾਂ ਨੂੰ ਦੇਖਿਆ। ਆਪਣੇ ਪਿੰਡ ਸਤੇਸਾਈ ਤੋਂ ਤੇਜ਼ੀ ਨਾਲ਼ ਤੁਰਦੇ ਹੋਏ ਪੌਡ ਸਥਿਤ ਆਪਣੇ ਸਕੂਲ ਜਾ ਰਹੀ ਇੱਕ ਵਿਦਿਆਰਥਣ ਨੇ ਮੈਨੂੰ ਦੱਸਿਆ,''ਅਸੀਂ ਸਕੂਲ (ਕੋਵਿਡ-19 ਤਾਲਾਬੰਦੀ ਤੋਂ ਬਾਅਦ) ਖੁੱਲ੍ਹਣ ਦੀ ਬੇਸਬਰੀ ਨਾਲ਼ ਉਡੀਕ ਕਰ ਰਹੇ ਸਾਂ। ਪਰ ਬੱਸਾਂ ਨਾ ਹੋਣ ਕਾਰਨ ਸਾਨੂੰ ਪੈਦਲ ਹੀ ਤੁਰਨਾ ਪੈਂਦਾ ਹੈ।'' ਰਾਜ ਟ੍ਰਾਂਸਪੋਰਟ ਦੀਆਂ ਬੱਸਾਂ ਵਿੱਚ, 5ਵੀਂ-12ਵੀਂ ਦੀਆਂ ਵਿਦਿਆਰਥਣਾਂ ਨੂੰ ਸਫ਼ਰ ਕਰਨ ਲਈ ਮੁਫ਼ਤ ਪਾਸ ਦਿੱਤਾ ਜਾਂਦਾ ਹੈ, ਪਰ ਜੇ ਬੱਸਾਂ ਚੱਲਦੀਆਂ ਹੋਣ ਫਿਰ ਹੀ ਪਾਸ ਦਾ ਕੋਈ ਮਤਲਬ ਰਹਿੰਦਾ ਹੈ।
''ਅਸੀਂ ਸਮਾਜ ਦੇ ਸਭ ਤੋਂ ਗ਼ਰੀਬ ਲੋਕਾਂ ਨੂੰ ਸੇਵਾਵਾਂ ਦਿੰਦੇ ਹਾਂ। ਸਾਨੂੰ ਪਤਾ ਹੈ ਉਹ ਬਹੁਤ ਕੁਝ ਬਰਦਾਸ਼ਤ ਕਰ ਰਹੇ ਹਨ ਪਰ ਅਸੀਂ ਕੀ ਕਰੀਏ ਨਾ... ਅਸੀਂ ਵੀ ਮਜ਼ਬੂਰ ਹਾਂ। ਮੈਨੂੰ ਯਕੀਨ ਹੈ ਲੋਕ ਸਾਡੀ ਸਮੱਸਿਆ ਨੂੰ ਸਮਝਣਗੇ,'' ਮੇਹੰਦਲੇ ਕਹਿੰਦੇ ਹਨ। ਉਹ ਪਿਛਲੇ 27 ਸਾਲਾਂ ਤੋਂ ਐੱਮਐੱਸਆਰਟੀਸੀ ਵਿੱਚ ਸੇਵਾ ਦੇ ਰਹੇ ਹਨ। ਉਨ੍ਹਾਂ ਨੇ ਸਾਲ 2020 ਵਿੱਚ ਟ੍ਰੈਫ਼ਿਕ ਕੰਟਰੋਲਰ ਦੀ ਪ੍ਰੀਖਿਆ ਪਾਸ ਕੀਤੀ ਸੀ; ਅਤੇ ਉਮੀਦ ਰੱਖੀ ਬੈਠੇ ਹਨ ਕਿ ਉਨ੍ਹਾਂ ਨੂੰ ਉਸ ਪਦ 'ਤੇ ਨਿਯੁਕਤ ਕੀਤਾ ਜਾਵੇਗਾ। ਪਰ ਉਹ ਜਾਣਦੇ ਹਨ ਕਿ ਇੰਝ ਤਾਂ ਹੀ ਹੋ ਸਕਦਾ ਹੈ, ਜੇਕਰ ਐੱਸਟੀ ਬੱਸਾਂ ਦੋਬਾਰਾ ਤੋਂ ਸੜਕਾਂ 'ਤੇ ਘੁੰਮਣ। ਫਿਲਹਾਲ ਤਾਂ ਉਹ ਜਿਹੜੇ ਬੱਸ ਸਟੈਂਡ ਦੀ ਦੇਖਭਾਲ਼ ਕਰਦੇ ਹਨ ਉਹੀ ਉਨ੍ਹਾਂ ਦੀ ਵਾਪਸੀ ਦੀ ਉਡੀਕ ਵਿੱਚ ਹੈ...
ਤਰਜਮਾ: ਕਮਲਜੀਤ ਕੌਰ