ਇੱਕ ਹਵਾਹਾਰੀ ਦੁਪਹਿਰ ਵਿੱਚ ਊਸ਼ਾ ਸ਼ਿੰਦੇ ਆਪਣੇ ਪੋਤੇ ਨੂੰ ਲੱਕ 'ਤੇ ਟਿਕਾ ਕੇ ਨਦੀ ਪਾਰ ਕਰਨ ਲਈ ਬੇੜੀ 'ਤੇ ਸਵਾਰ ਹੋਣ ਲਈ ਅੱਗੇ ਵਧੀ। ਜਿਓਂ ਹੀ ਉਹਨੇ ਆਪਣਾ ਪੈਰ ਬੇੜੀ 'ਤੇ ਟਿਕਾਉਣਾ ਚਾਹਿਆ, ਹਲੋਰੇ ਖਾਂਦੀ ਬੇੜੀ ਯਕਦਮ ਟੇਢੀ ਹੋ ਗਈ ਅਤੇ ਊਸ਼ਾ ਦਾ ਸੰਤੁਲਨ ਵਿਗੜ ਗਿਆ ਅਤੇ ਬੱਚੇ ਸਣੇ ਉਹ ਨਦੀ ਵਿੱਚ ਜਾ ਡਿੱਗੀ, ਉਹਨੂੰ ਦੋਵਾਂ ਦੀ ਜਾਨ ਦੇ ਲਾਲੇ ਪੈ ਗਏ।
ਇਹ ਸਭ ਮਾਰਚ ਮਹੀਨੇ ਵਿੱਚ ਉਦੋਂ ਵਾਪਰਿਆ ਜਦੋਂ ਮੁਲਕ ਵਿੱਚ ਕੋਵਿਡ-19 ਦੀ ਦੂਸਰੀ ਲਹਿਰ ਆਪਣੇ ਪੈਰ ਪਸਾਰ ਰਹੀ ਸੀ। ਊਸ਼ਾ ਦੇ ਚਾਰ ਸਾਲਾ ਪੋਤੇ ਸ਼ੰਭੂ ਨੂੰ ਬੁਖਾਰ ਸੀ। ''ਮੈਨੂੰ ਇਸ ਗੱਲ ਦਾ ਡਰ ਸੀ ਕਿ ਕਿਤੇ ਉਹਨੂੰ ਕਰੋਨਾ (ਵਾਇਰਸ) ਦਾ ਸੰਕਰਮਣ ਤਾਂ ਨਹੀਂ ਹੋ ਗਿਆ,'' 65 ਸਾਲਾ ਊਸ਼ਾ ਕਹਿੰਦੀ ਹਨ। ''ਉਹਦੇ (ਸ਼ੰਭੂ) ਮਾਪੇ ਮੌਸਮੀ ਮਜ਼ਦੂਰ ਹਨ ਅਤੇ ਉਸ ਵੇਲ਼ੇ ਮਜ਼ਦੂਰੀ ਖਾਤਰ ਪੱਛਮੀ ਮਹਾਂਰਾਸ਼ਟਰ ਗਏ ਹੋਏ ਸਨ। ਇਸਲਈ ਮੈਂ ਕਾਹਲੀ-ਕਾਹਲੀ ਉਹਨੂੰ ਡਾਕਟਰ ਕੋਲ਼ ਲਿਜਾਣ ਬਾਰੇ ਸੋਚਿਆ।''
ਪਰ ਇਸ ਭੱਜਨੱਸ ਵਿੱਚ ਉਨ੍ਹਾਂ ਨੂੰ ਇੱਕ ਕੰਮਚਲਾਊ ਬੇੜੀ ਦੇ ਸਹਾਰੇ ਪਿੰਡ ਵਿੱਚ ਵਹਿੰਦੀ ਨਦੀ ਪਾਰ ਕਰਨੀ ਸੀ। ''ਮੈਂ ਆਪਣਾ ਸੰਤੁਲਨ ਗੁਆ ਲਿਆ ਅਤੇ ਸ਼ੰਭੂ ਸਣੇ ਨਦੀ ਵਿੱਚ ਜਾ ਡਿੱਗੀ। ਮੈਨੂੰ ਤੈਰਨਾ ਨਹੀਂ ਆਉਂਦਾ। ਮੇਰੀ ਕਿਸਮਤ ਚੰਗੀ ਸੀ ਕਿ ਮੇਰਾ ਭਤੀਜਾ ਵੀ ਨੇੜੇ ਹੀ ਸੀ। ਉਹਨੇ ਪਾਣੀ ਵਿੱਚ ਛਾਲ਼ ਮਾਰੀ ਅਤੇ ਸਾਨੂੰ ਨਦੀ ਕੰਢੇ ਲੈ ਆਇਆ। ਮੈਂ ਸਹਿਮੀ ਹੋਈ ਸਾਂ, ਮੈਂ ਨਹੀਂ ਚਾਹੁੰਦੀ ਸਾਂ ਕਿ ਮੇਰੇ ਕਾਰਨ ਸ਼ੰਭੂ ਨੂੰ ਕੁਝ ਹੋ ਜਾਵੇ,'' ਊਸ਼ਾ ਦੱਸਦੀ ਹਨ।
ਊਸ਼ਾ ਦਾ ਪਿੰਡ, ਸੌਤਾਡਾ ਮਹਾਰਾਸ਼ਟਰ ਜ਼ਿਲ੍ਹੇ ਵਿੱਚ ਵਿੰਚਰਣਾ ਨਦੀ ਦੇ ਕੰਢੇ ਸਥਿਤ ਹੈ। ਰਾਮੇਸ਼ਵਰ ਦੇ ਸ਼ਾਨਦਾਰ ਝਰਨੇ ਦਾ ਪਾਣੀ 225 ਫੁੱਟ ਦੀ ਉਚਾਈ ਤੋਂ ਨਦੀ ਵਿੱਚ ਡਿੱਗਦਾ ਹੈ। ਇਹ ਝਰਨਾ ਪਿੰਡ ਤੋਂ 1.5 ਕਿਲੋਮੀਟਰ ਦੂਰ ਪਟੋਦਾ ਤਾਲੁਕਾ ਵਿੱਚ ਸਥਿਤ ਹੈ। ਨਦੀ ਸੌਤਾਡਾ ਪਿੰਡ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ, ਫਲਸਰੂਪ ਪਿੰਡ ਦਾ ਇੱਕ ਹਿੱਸਾ ਮੁੱਖ ਹਿੱਸੇ ਨਾਲ਼ੋਂ ਅੱਡ ਹੋ ਜਾਂਦਾ ਹੈ। ਨਦੀ 'ਤੇ ਪੁੱਲ ਨਾ ਹੋਣ ਕਾਰਨ ਕਰਕੇ ਸ਼ਿੰਦੇ ਬਸਤੀ ਦੇ ਲੋਕ, ਜੋ ਸੌਤਾਡਾ ਪਿੰਡ ਦਾ ਅਲੱਗ-ਥਲੱਗ ਹਿੱਸਾ ਹੈ, ਦੁਕਾਨਾਂ ਤੋਂ ਲੈ ਕੇ ਹਸਪਤਾਲਾਂ ਤੱਕ ਪਹੁੰਚਣ ਲਈ ਨਦੀ ਪਾਰ ਕਰਨ ਲਈ ਜਾਨ ਤਲ਼ੀ 'ਤੇ ਰੱਖਦੇ ਹਨ।









