''ਅਸਾਂ ਉਨ੍ਹਾਂ 58 ਊਠਾਂ ਨੂੰ ਜ਼ਬਤ ਨਹੀਂ ਕੀਤਾ,'' ਅਮਰਾਵਤੀ ਜ਼ਿਲ੍ਹੇ ਦੇ ਤਲੇਗਾਓਂ ਦਾਸ਼ਾਸਰ ਪੁਲਿਸ ਥਾਣੇ ਦੇ ਇੰਚਾਰਜ ਇੰਸਪੈਕਟਰ ਅਜੈ ਅਕਾਰੇ ਦ੍ਰਿੜਤਾਪੂਰਵਕ ਕਹਿੰਦੇ ਹਨ। '' ਸਾਡੇ ਕੋਲ਼ ਇਹ ਕਦਮ ਚੁੱਕਣ ਦੀ ਤਾਕਤ ਹੀ ਨਹੀਂ ਕਿਉਂਕਿ ਮਹਾਰਾਸ਼ਟਰ ਕੋਲ਼ ਇਨ੍ਹਾਂ ਜਾਨਵਰਾਂ 'ਤੇ ਹੁੰਦੇ ਤਸ਼ੱਦਦਾਂ ਨੂੰ ਰੋਕਣ ਖ਼ਿਲਾਫ਼ ਕੋਈ ਕਨੂੰਨ ਹੀ ਨਹੀਂ।''
''ਊਠ... ਉਹ ਹਿਰਾਸਤ ਵਿੱਚ ਨੇ,'' ਉਹ ਕਹਿੰਦੇ ਹਨ।
ਅਮਰਾਵਤੀ ਵਿੱਚ ਸਥਾਨਕ ਅਦਾਲਤ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨ ਲਈ ਊਠ-ਪਾਲਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਪੰਜੋ ਖ਼ਾਨਾਬਦੋਸ਼ਾਂ ਵਾਂਗਰ ਰਹਿਣ ਵਾਲ਼ੇ ਊਠ-ਪਾਲਕ ਹਨ। ਇਹ ਗੁਜਰਾਤ ਦੇ ਕੱਛ ਤੋਂ ਹਨ ਅਤੇ ਉਨ੍ਹਾਂ ਵਿੱਚੋਂ ਚਾਰ ਰਬਾਰੀ ਅਤੇ ਇੱਕ ਫ਼ਕੀਰਨੀ ਜਾਟ ਭਾਈਚਾਰੇ ਤੋਂ ਹੈ। ਸਦੀਆਂ ਤੋਂ ਇਹ ਦੋਵੇਂ ਭਾਈਚਾਰੇ ਪੀੜ੍ਹੀ-ਦਰ-ਪੀੜ੍ਹੀ ਊਠ ਪਾਲਣ ਦਾ ਕੰਮ ਕਰਦੇ ਆਏ ਹਨ। ਮੈਜਿਸ੍ਰਟੇਟ ਨੇ ਪੰਜਾਂ ਨੂੰ ਬਿਨਾਂ-ਸ਼ਰਤ ਤਤਕਾਲ ਜ਼ਮਾਨਤ ਦੇ ਦਿੱਤੀ। ਇਨ੍ਹਾਂ ਨੂੰ ਇੱਕ 'ਪਸ਼ੂ ਅਧਿਕਾਰ ਕਾਰਕੁੰਨ' ਦੀ ਕਲਪਨਾ ਵਿੱਚ ਘੜ੍ਹੀ ਕਹਾਣੀ ਦੇ ਅਧਾਰ 'ਤੇ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਸੀ।
''ਮੁਲਜ਼ਮਾਂ ਕੋਲ਼ ਊਠਾਂ ਦੀ ਖ਼ਰੀਦੋ-ਫ਼ਰੋਖਤ ਅਤੇ ਆਪਣੇ ਕੋਲ਼ ਰੱਖੀ ਰੱਖਣ ਸਬੰਧੀ ਕਿਸੇ ਵੀ ਕਿਸਮ ਦੇ ਕਾਗ਼ਜ਼ਾਤ ਨਹੀਂ ਸਨ ਅਤੇ ਨਾ ਹੀ ਆਪਣੀ ਰਿਹਾਇਸ਼ ਸਬੰਧੀ ਕੋਈ ਕਨੂੰਨੀ ਸਬੂਤ ਹੀ ਸਨ,'' ਅਕਾਰੇ ਕਹਿੰਦੇ ਹਨ। ਇਸ ਤੋਂ ਬਾਅਦ ਇਨ੍ਹਾਂ ਊਠਾਂ ਅਤੇ ਆਪਣੀ ਪਛਾਣ ਪੱਤਰ ਸਬੰਧੀ ਕਾਗ਼ਜ਼ਾਤ ਪੇਸ਼ ਕਰਨ ਦਾ ਇੱਕ ਪੂਰੇ ਦਾ ਪੂਰਾ ਅਜੀਬ ਤਮਾਸ਼ਾ ਬਣਿਆ ਰਿਹਾ। ਇਹ ਸਬੂਤ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਖ਼ਾਨਾਬਦੋਸ਼ ਆਜੜੀਆਂ ਦੇ ਸਮੂਹਾਂ ਵੱਲੋਂ ਭੇਜੇ ਅਤੇ ਪੇਸ਼ ਕੀਤੇ ਜਾਂਦੇ ਰਹੇ
ਆਪਣੇ ਪਾਲਕਾਂ ਤੋਂ ਅੱਡ ਕਰਕੇ ਊਠਾਂ ਨੂੰ ਗੌਰਕਸ਼ਾ ਕੇਂਦਰ ਵਿਖੇ ਰੱਖਿਆ ਹੋਇਆ ਹੈ। ਜਿੱਥੇ ਗਾਵਾਂ ਦੀ ਦੇਖਭਾਲ਼ ਕਰਨ ਵਾਲ਼ਿਆਂ ਨੂੰ ਨਹੀਂ ਪਤਾ ਕਿ ਊਠਾਂ ਨੂੰ ਕਿਵੇਂ ਸਾਂਭਣਾ ਹੈ। ਭਾਵੇਂਕਿ ਊਠ ਅਤੇ ਗਾਂ ਦੋਵੇਂ ਜੁਗਾਲ਼ੀ ਕਰਨ ਵਾਲ਼ੇ ਪਸ਼ੂ ਹਨ, ਪਰ ਦੋਵਾਂ ਦਾ ਚਾਰਾ ਅਤੇ ਖ਼ੁਰਾਕਾਂ ਕਾਫ਼ੀ ਅੱਡ ਅੱਡ ਹੁੰਦੀਆਂ ਹਨ। ਜੇ ਮਾਮਲਾ ਜ਼ਿਆਦਾ ਖਿੱਚਿਆ ਜਾਂਦਾ ਹੈ ਤਾਂ ਗਾਵਾਂ ਦੇ ਬਸੇਰੇ ਵਿੱਚ ਰੱਖੇ ਇਨ੍ਹਾਂ ਊਠਾਂ ਦੀ ਹਾਲਤ ਮਾੜੀ ਹੋਣ ਦੀ ਪੂਰੀ ਸੰਭਾਵਨਾ ਹੈ।
*****
ਊਠ ਰਾਜਸਥਾਨ ਦਾ ਰਾਜ ਪਸ਼ੂ ਹੈ ਅਤੇ ਇਹ ਹੋਰਨਾਂ ਰਾਜਾਂ
ਦੀ ਜਲਵਾਯੂ ਦਾ ਆਦੀ ਨਹੀਂ ਹੋ ਸਕਦਾ।
ਜਸਰਾਜ ਸ਼੍ਰੀਸ਼੍ਰੀਮਲ,
ਭਾਰਤੀਯ ਪ੍ਰਾਣੀ ਮਿੱਤਰ ਸੰਘ, ਹੈਦਰਾਬਾਦ
ਇਹ ਪੂਰਾ ਵਾਕਿਆ ਡੂੰਘੇ ਸ਼ੱਕ ਨਾਲ਼ ਸ਼ੁਰੂ ਹੋਇਆ।
7 ਜਨਵਰੀ, 2022 ਨੂੰ, ਹੈਦਰਾਬਾਦ-ਅਧਾਰਤ ਪਸ਼ੂ ਕਲਿਆਣ ਕਾਰਕੁੰਨ, 71 ਸਾਲਾ ਜਸਰਾਜ ਸ਼੍ਰੀਸ਼੍ਰੀਮਲ ਨੇ ਤਲੇਗਾਓਂ ਦਾਸ਼ਾਸਰ ਪੁਲਿਸ ਨੂੰ ਇੱਕ ਸ਼ਿਕਾਇਤ ਦਰਜ ਕਰਾਈ ਕਿ ਪੰਜ ਆਜੜੀ ਕਥਿਤ ਤੌਰ 'ਤੇ ਪੰਜ ਊਠਾਂ ਦੀ ਤਸਕਰੀ ਕਰਕੇ ਹੈਦਰਾਬਾਦ ਦੇ ਬੁੱਚੜਖਾਨਿਆਂ ਵਿੱਚ ਲਿਜਾ ਰਹੇ ਹਨ। ਪੁਲਿਸ ਨੇ ਤੁਰਤ-ਫੁਰਤ ਕਾਰਵਾਈ ਕਰਦੇ ਹੋਏ ਪੰਜੋ ਵਿਅਕਤੀਆਂ ਅਤੇ ਉਨ੍ਹਾਂ ਦੇ ਊਠਾਂ ਨੂੰ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ, ਸ਼੍ਰੀਸ਼੍ਰੀਮਲ ਨੇ ਇਨ੍ਹਾਂ ਆਜੜੀਆਂ ਨੂੰ ਮਹਾਰਾਸ਼ਟਰ ਦੇ ਵਿਦਰਭਾ ਇਲਾਕੇ ਵਿੱਚ ਦੇਖਿਆ ਸੀ ਨਾ ਕਿ ਹੈਦਰਾਬਾਦ।
''ਮੈਂ ਆਪਣੇ ਇੱਕ ਸਹਿਕਰਮੀ ਨਾਲ਼ ਅਮਰਾਵਤੀ ਲਈ ਰਵਾਨਾ ਹੋਇਆ ਅਤੇ ਅਸੀਂ ਨਿਮਗਵ੍ਹਾਣ ਪਿੰਡ (ਚੰਦੌਰ ਰੇਲਵੇ ਤਹਿਸੀਲ ) ਅੱਪੜੇ ਜਿੱਥੇ 4-5 ਲੋਕਾਂ ਨੇ ਆਪਣੇ ਊਠਾਂ ਦੇ ਨਾਲ਼ ਡੇਰਾ ਪਾਇਆ ਹੋਇਆ ਸੀ। ਗਿਣਤੀ ਕਰਕੇ ਅਸੀਂ ਦੇਖਿਆ ਕਿ ਉਹ 58 ਊਠ ਸਨ ਅਤੇ ਉਨ੍ਹਾਂ ਦੀਆਂ ਧੌਣਾਂ ਅਤੇ ਲੱਤਾਂ ਬੰਨ੍ਹੀਆਂ ਹੋਈਆਂ ਸਨ ਜਿਸ ਕਾਰਨ ਕਰਕੇ ਉਹ ਚੰਗੀ ਤਰ੍ਹਾਂ ਤੁਰ ਵੀ ਨਹੀਂ ਪਾ ਰਹੇ ਸਨ। ਜਾਨਵਰਾਂ ਪ੍ਰਤੀ ਇਹ ਸਲੂਕ ਤਸ਼ੱਦਦ ਭਰਿਆ ਸੀ। ਕਈ ਊਠਾਂ ਦੇ ਜ਼ਖ਼ਮ ਹੋਏ ਪਏ ਸਨ ਅਤੇ ਇਨ੍ਹਾਂ ਬੰਦਿਆਂ ਨੇ ਉਨ੍ਹਾਂ ਦੇ ਮੱਲ੍ਹਮ ਤੱਕ ਨਹੀਂ ਲਾਈ ਸੀ। ਊਠ ਰਾਜਸਥਾਨ ਦਾ ਰਾਜ ਪਸ਼ੂ ਹੈ ਇਸਲਈ ਉਹ ਹੋਰਨਾਂ ਰਾਜਾਂ ਦੀ ਜਲਵਾਯੂ ਦਾ ਆਦੀ ਨਹੀਂ ਹੋ ਸਕਦਾ। ਉਨ੍ਹਾਂ ਬੰਦਿਆਂ ਕੋਲ਼ ਕੋਈ ਦਸਤਾਵੇਜ਼ ਤੱਕ ਨਹੀਂ ਸੀ ਅਤੇ ਨਾ ਹੀ ਉਹ ਇਹ ਸਪੱਸ਼ਟ ਕਰ ਸਕੇ ਕਿ ਉਹ ਊਠਾਂ ਨੂੰ ਲਿਜਾ ਕਿੱਥੇ ਰਹੇ ਸਨ,''ਸ਼੍ਰੀਸ਼੍ਰੀਰਾਮ ਦੀ ਸ਼ਿਕਾਇਤ ਦੱਸਦੀ ਹੈ।
ਦਰਅਸਲ, ਭਾਰਤ ਅੰਦਰ ਊਠ ਰਾਜਸਥਾਨ, ਗੁਜਰਾਤ ਅਤੇ ਹਰਿਆਣਾ ਵਿਖੇ ਮਿਲ਼ਦੇ ਹਨ ਅਤੇ ਹੋਰ ਵੀ ਕਈ ਥਾਵਾਂ 'ਤੇ ਮਿਲ਼ ਸਕਦੇ ਹਨ। ਹਾਲਾਂਕਿ, ਇਨ੍ਹਾਂ ਦਾ ਪ੍ਰਜਨਨ ਰਾਜਸਥਾਨ ਅਤੇ ਗੁਜਰਾਤ ਤੱਕ ਹੀ ਸੀਮਤ ਹੈ। 20ਵੀਂ ਪਸ਼ੂ ਗਣਨਾ-2019 ਮੁਤਾਬਕ ਦੇਸ਼ ਵਿੱਚ ਕੁੱਲ ਊਠਾਂ ਦੀ ਗਿਣਤੀ ਸਿਰਫ਼ 250,000 ਹੀ ਹੈ। ਜੋ 2012 ਦੀ ਪਸ਼ੂ ਗਣਨਾ ਦੀ ਆਪਣੀ ਗਿਣਤੀ ਨਾਲ਼ੋਂ 37 ਫ਼ੀਸਦ ਘੱਟ ਗਈ ਹੈ।
ਇਹ ਪੰਜੋ ਆਦਮੀ ਵੱਡੇ ਜਾਨਵਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਵਿੱਚ ਮੁਹਾਰਤ ਹਾਸਲ ਊਠ-ਪਾਲਕ ਹਨ। ਇਹ ਸਾਰੇ ਦੇ ਸਾਰੇ ਗੁਜਰਾਤ ਦੇ ਕੱਛ ਦੇ ਰਹਿਣ ਵਾਲ਼ੇ ਹਨ ਅਤੇ ਇਸ ਤੋਂ ਪਹਿਲਾਂ ਕਦੇ ਹੈਦਰਾਬਾਦ ਨਹੀਂ ਗਏ।
''ਮੈਨੂੰ ਉਨ੍ਹਾਂ ਬੰਦਿਆਂ ਪਾਸੋਂ ਕੋਈ ਵੀ ਤਸੱਲੀਬਖ਼ਸ਼ ਜਵਾਬ ਨਾ ਮਿਲ਼ਿਆ ਜਿਹਨੇ ਮੇਰੇ ਸ਼ੱਕ ਨੂੰ ਵਧਾ ਦਿੱਤਾ,'' ਹੈਦਰਾਬਾਦ ਤੋਂ ਸ਼੍ਰੀਸ਼੍ਰੀਮਲ ਨੇ ਫ਼ੋਨ 'ਤੇ ਪਾਰੀ (PARI) ਨਾਲ਼ ਗੱਲ ਕਰਦਿਆਂ ਦੱਸਿਆ। ''ਊਠਾਂ ਦੀਆਂ ਹੱਤਿਆਵਾਂ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ,'' ਉਹ ਕਹਿੰਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਭਾਰਤੀ ਪ੍ਰਾਣੀ ਮਿੱਤਰ ਸੰਘ ਨੇ ਪਿਛਲੇ 5 ਸਾਲਾਂ ਦੌਰਾਨ 600 ਤੋਂ ਵੱਧ ਊਠਾਂ ਨੂੰ ਬਚਾਇਆ ਹੈ।
ਉਹ ਦਾਅਵਾ ਕਰਦੇ ਹਨ ਕਿ ਬਚਾਅ ਦੀਆਂ ਇਹ ਕਾਰਵਾਈਆਂ ਗੁਲਬਰਗ, ਬੰਗਲੁਰੂ, ਅਕੋਲਾ ਅਤੇ ਹੈਦਰਾਬਾਦ ਸਮੇਤ ਹੋਰ ਕਈ ਥਾਵਾਂ 'ਤੇ ਨੇਪਰੇ ਚਾੜ੍ਹੀਆਂ ਗਈਆਂ ਅਤੇ 'ਬਚਾਏ ਗਏ' ਜਾਨਵਰਾਂ ਨੂੰ ਉਨ੍ਹਾਂ ਦੀ ਸੰਸਥਾ ਨੇ ਰਾਜਸਥਾਨ 'ਵਾਪਸ ਭੇਜ ਦਿੱਤਾ'। ਭਾਰਤ ਦੇ ਹੋਰਨਾਂ ਕਈ ਕੇਂਦਰਾਂ ਵਿੱਚੋਂ ਹੈਦਰਾਬਾਦ ਇੱਕ ਅਜਿਹੀ ਥਾਂ ਹੈ ਜਿੱਥੇ ਊਠਾਂ ਦੇ ਮਾਸ ਦੀ ਮੰਗ ਵਿੱਚ ਵਾਧਾ ਦੇਖਿਆ ਗਿਆ ਹੈ। ਪਰ ਖ਼ੋਜਾਰਥੀਆਂ ਅਤੇ ਵਪਾਰੀਆਂ ਦਾ ਕਹਿਣਾ ਹੈ ਕਿ ਸਿਰਫ਼ ਤੇ ਸਿਰਫ਼ ਬੁੱਢੇ ਨਰ ਊਠਾਂ ਨੂੰ ਹੀ ਬੁੱਚੜਖਾਨੇ ਭੇਜਿਆ ਜਾਂਦਾ ਹੈ।
ਸ਼੍ਰੀਸ਼੍ਰੀਮਲ, ਭਾਰਤੀ ਜਨਤਾ ਪਾਰਟੀ ਐੱਮਪੀ ਅਤੇ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੇ ਨਾਲ਼ ਨੇੜਿਓਂ ਜੁੜੇ ਹੋਏ ਹਨ, ਜੋ ਕਿ ਪੀਪਲ ਫਾਰ ਐਨੀਮਲ ਸੰਗਠਨ ਦੀ ਅਗਵਾਈ ਕਰਦੀ ਹਨ। ਗਾਂਧੀ ਦੇ ਹਵਾਲੇ ਨਾਲ਼ ਦਿ ਟਾਈਮਸ ਆਫ਼ ਇੰਡੀਆ ਵਿੱਚ ਕਿਹਾ ਗਿਆ ਸੀ,''ਇੱਥੇ ਇੱਕ ਵੱਡਾ ਰੈਕੇਟ ਚੱਲ ਰਿਹਾ ਹੈ ਅਤੇ ਕਾਰੋਬਾਰ ਦਾ ਇਹ ਸੰਘ (ਅੱਡਾ) ਉੱਤਰ ਪ੍ਰਦੇਸ਼ ਦੇ ਬਾਗਪਤ ਤੋਂ ਚਲਾਇਆ ਜਾਂਦਾ ਹੈ। ਇਹ ਊਠ ਫਿਰ ਬੰਗਲਾਦੇਸ਼ ਲਿਜਾਏ ਜਾਂਦੇ ਹਨ। ਇੰਨੇ ਸਾਰੇ ਊਠ ਇਕੱਠੇ ਰੱਖਣ/ਲਿਜਾਏ ਜਾਣ 'ਤੇ ਕਿਤੇ ਕੋਈ ਵਜਾਹਤ ਨਹੀਂ ਪੁੱਛੀ ਜਾਂਦੀ।
ਮੁੱਢਲੀ ਪੁਣਛਾਣ ਤੋਂ ਬਾਅਦ ਪੁਲਿਸ ਨੇ 8 ਜਨਵਰੀ ਨੂੰ ਐੱਫ਼ਆਈਆਰ ਦਾਇਰ ਕੀਤੀ। ਕਿਉਂਕਿ ਮਹਾਰਾਸ਼ਟਰ ਅੰਦਰ ਊਠਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਖ਼ਾਸ ਕਨੂੰਨ ਨਹੀਂ ਹੈ, ਸੋ ਪੁਲਿਸ ਨੇ ਪਸ਼ੂ ਕਰੂਰਤਾ ਰੋਕਥਾਮ ਐਕਟ, 1960 ਦੀ ਧਾਰਾ 11(1) (d) ਤਹਿਤ ਕੇਸ ਦਰਜ ਕੀਤਾ ਹੈ।
ਜਿਨ੍ਹਾਂ ਬੰਦਿਆਂ 'ਤੇ ਦੋਸ਼ ਲੱਗੇ ਸਨ ਉਨ੍ਹਾਂ ਵਿੱਚੋਂ ਹਨ- ਪ੍ਰਭੂ ਰਾਣਾ, ਜਗ ਹੀਰਾ, ਮੂਸਾਭਾਈ ਹਾਮਿਦ ਜਾਟ, ਇਨ੍ਹਾਂ ਸਾਰਿਆਂ ਦੀ ਉਮਰ 40-45 ਦੇ ਆਸਪਾਸ ਹੈ ਅਤੇ ਇੱਕ ਹਨ ਵੇਰਸੀਭਾਈ ਰਾਣਾ ਰਬਾਰੀ ਜੋ ਕਰੀਬ 70 ਸਾਲਾਂ ਦੇ ਹਨ।
ਇੰਸਪੈਕਟ ਅਕਾਰੇ ਕਹਿੰਦੇ ਹਨ ਕਿ 58 ਊਠਾਂ ਦੀ ਦੇਖਭਾਲ਼ ਕਰਨਾ ਆਪਣੇ-ਆਪ ਵਿੱਚ ਇੱਕ ਚੁਣੌਤੀ ਹੈ। ਪੁਲਿਸ ਨੇ ਅਮਰਾਵਤੀ ਦੀ ਵੱਡੀ ਗੌਸ਼ਾਲਾ ਪੁੱਜਣ ਵਾਸਤੇ ਦੋ ਦਿਨਾਂ ਲਈ ਨੇੜਲੀ ਛੋਟੀ ਜਿਹੀ ਗੌਸ਼ਾਲਾ ਕੇਂਦਰ ਵਾਲ਼ਿਆਂ ਦੀ ਮਦਦ ਲਈ। ਅਮਰਾਵਤੀ ਦੇ ਦਸਤੂਰ ਨਗਰ ਸਥਿਤ ਕੇਂਦਰ ਨੇ ਸਵੈ-ਇੱਛਾ ਨਾਲ਼ ਕੰਮ ਕੀਤਾ ਅਤੇ ਅਖ਼ੀਰ ਊਠਾਂ ਨੂੰ ਉੱਥੇ ਪਹੁੰਚਾ ਦਿੱਤਾ ਗਿਆ ਕਿਉਂਕਿ ਉਨ੍ਹਾਂ ਕੋਲ਼ ਊਠਾਂ ਵਾਸਤੇ ਕਾਫ਼ੀ ਥਾਂ ਮੌਜੂਦ ਸੀ।
ਵਿਡੰਬਨਾ ਦੇਖੋ ਕਿ ਉਨ੍ਹਾਂ (ਊਠਾਂ) ਨੂੰ ਲੈ ਜਾਣ ਦਾ ਕੰਮ ਵੀ ਮੁਲਜ਼ਮਾਂ ਦੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲ਼ਿਆਂ ਸਿਰ ਆਣ ਪਿਆ, ਜਿੰਨ੍ਹਾਂ ਨੇ ਇਨ੍ਹਾਂ ਜਾਨਵਰਾਂ ਨੂੰ ਦੋ ਦਿਨਾਂ ਤੱਕ ਤੋਰੀ ਰੱਖਿਆ ਅਤੇ ਤੇਲਗਾਓਂ ਦਸ਼ਾਸਰ ਤੋਂ ਅਮਰਾਵਤੀ ਦਾ 55 ਕਿਲੋਮੀਟਰ ਦਾ ਪੈਂਡਾ ਦੋ ਦਿਨਾਂ ਵਿੱਚ ਪੂਰਾ ਕੀਤਾ।
ਊਠ-ਪਾਲਕਾਂ ਦੇ ਹਿੱਤ ਵਿੱਚ ਸਮਰਥਨ ਆ ਰਿਹਾ ਹੈ। ਕੱਛ ਦੀਆਂ ਘੱਟੋਘੱਟ ਤਿੰਨ ਗ੍ਰਾਮ ਪੰਚਾਇਤਾਂ ਨੇ ਅਮਰਾਵਤੀ ਪੁਲਿਸ ਸਟੇਸ਼ਨ ਅਤੇ ਜ਼ਿਲ੍ਹਾ ਅਧਿਕਾਰੀਆਂ ਕੋਲ਼ ਫ਼ਰਿਆਦ ਭੇਜੀ ਕਿ ਇਨ੍ਹਾਂ ਊਠਾਂ ਨੂੰ ਖੁੱਲ੍ਹੇ ਵਿੱਚ ਚਰਨ ਦਿੱਤਾ ਜਾਵੇ... ਨਹੀਂ ਤਾਂ ਉਹ ਭੁੱਖੇ ਮਰ ਸਕਦੇ ਹਨ। ਨਾਗਪੁਰ ਜ਼ਿਲ੍ਹੇ ਦੀ ਮਕਰਧੋਕੜਾ ਗ੍ਰਾਮ ਪੰਚਾਇਤ, ਜਿੱਥੇ ਰਬਾਰੀਆਂ ਦਾ ਵੱਡਾ ਡੇਰਾ (ਬਸਤੀ) ਹੈ, ਨੇ ਵੀ ਇਨ੍ਹਾਂ ਭਾਈਚਾਰਿਆਂ ਦੀ ਹਮਾਇਤ ਵਿੱਚ ਗੱਲ ਕੀਤੀ ਅਤੇ ਕਿਹਾ ਕਿ ਉਹ ਰਵਾਇਤੀ ਊਠ-ਪਾਲਕ ਹਨ ਅਤੇ ਉਹ ਆਪਣੇ ਊਠਾਂ ਨੂੰ ਹੈਦਰਾਬਾਦ ਬੁੱਚੜਖਾਨੇ ਨਹੀਂ ਲਿਜਾ ਰਹੇ ਸਨ। ਹੁਣ ਇੱਕ ਹੇਠਲੀ ਅਦਾਲਤ ਹੀ ਫ਼ੈਸਲਾ ਕਰੇਗੀ ਕਿ ਉਨ੍ਹਾਂ (ਊਠਾਂ) ਨੂੰ ਇੱਥੇ ਲਿਆਉਣ ਵਾਲ਼ੇ ਮੁਲਜ਼ਮਾਂ ਹਵਾਲੇ ਕੀਤਾ ਜਾਵੇ ਜਾਂ ਵਾਪਸ ਕੱਛ ਭੇਜਿਆ ਜਾਵੇ?
ਅੰਤਮ ਨਤੀਜਾ ਤਾਂ ਹੁਣ ਅਦਾਲਤ 'ਤੇ ਹੀ ਨਿਰਭਰ ਕਰਦਾ ਹੈ ਦੇਖੋ ਉਹ ਇਨ੍ਹਾਂ ਬੰਦਿਆਂ ਨੂੰ ਊਠਾਂ ਦੇ ਰਵਾਇਤੀ ਪਾਲਕ ਮੰਨਦੀ ਵੀ ਹੈ ਜਾਂ ਨਹੀਂ।
*****
ਸਾਡੀ ਜਹਾਲਤ ਦੀ ਹੀ ਨਿਸ਼ਾਨੀ ਹੈ ਜੋ ਇਨ੍ਹਾਂ ਰਵਾਇਤੀ ਊਠ-ਪਾਲਕਾਂ
ਪ੍ਰਤੀ ਸਾਡੇ ਸ਼ੱਕ ਦੀ ਸੂਈ ਨੂੰ ਘੁਮਾਉਂਦੀ ਹੈ ਕਿਉਂਜੋ ਉਹ ਸਾਡੇ ਵਾਂਗਰ ਦਿੱਸਦੇ ਜਾਂ ਬੋਲਦੇ
ਨਹੀਂ
।
ਖ਼ੋਜਾਰਥੀ ਸਜਲ ਕੁਲਕਰਨੀ, ਖ਼ਾਨਾਬਦੋਸ਼ ਭਾਈਚਾਰੇ, ਨਾਗਰਪੁਰ
ਪੰਜਾਂ ਊਠ-ਪਾਲਕਾਂ ਵਿੱਚੋਂ ਉਮਰਦਰਾਜ ਵੇਰਸੀਭਾਈ ਰਾਣਾ ਰਬਾਰੀ ਦੀ ਸਾਰੀ ਉਮਰ ਊਠਾਂ ਅਤੇ ਭੇਡਾਂ ਦੇ ਇੱਜੜਾਂ ਨੂੰ ਦੇਸ਼ ਭਰ ਵਿੱਚ ਘੁਮਾਉਂਦਿਆਂ (ਪੈਦਲ) ਬੀਤੀ ਹੈ ਪਰ ਉਨ੍ਹਾਂ 'ਤੇ ਇੰਜ ਕਦੇ ਵੀ ਪਸ਼ੂਆਂ ਪ੍ਰਤੀ ਤਸ਼ੱਦਦ ਕਰਨ ਦਾ ਦੋਸ਼ ਨਹੀਂ ਲਾਇਆ ਗਿਆ।
''ਇਹ ਪਹਿਲੀ ਦਫ਼ਾ ਹੈ,'' ਝੁਰੜਾਏ ਚਿਹਰੇ ਵਾਲ਼ੇ ਬਜ਼ੁਰਗ ਆਦਮੀ ਨੇ ਕੱਛੀ ਬੋਲੀ ਵਿੱਚ ਬੋਲਦਿਆਂ ਕਹਿੰਦੇ ਹਨ। ਉਹ ਥਾਣੇ ਦੇ ਇੱਕ ਰੁੱਖ ਹੇਠਾਂ ਲੱਤਾਂ ਮੋੜੀ ਬੈਠੇ ਹੋਏ ਹਨ ਉਨ੍ਹਾਂ ਦੇ ਚਿਹਰੇ 'ਤੇ ਚਿੰਤਾ ਦੀਆਂ ਲਕੀਰਾਂ ਹਨ ਅਤੇ ਸ਼ਰਮਿੰਦਗੀ ਮਹਿਸੂਸ ਕਰ ਰਹੇ ਹਨ।
''ਅਸੀਂ ਇਨ੍ਹਾਂ ਊਠਾਂ ਨੂੰ ਕੱਛ ਤੋਂ ਲਿਆਂਦਾ ਏ ਅਤੇ ਮਹਾਰਾਸ਼ਟਰ ਅਤੇ ਛੱਤੀਸਗੜ੍ਹ ਵਿਖੇ ਰਹਿੰਦੇ ਆਪਣੇ ਰਿਸ਼ਤੇਦਾਰਾਂ ਤੱਕ ਪਹੁੰਚਾਉਣਾ ਏ,'' ਪ੍ਰਭੂ ਰਾਣਾ ਰਬਾਰੀ ਨੇ 13 ਜਨਵਰੀ ਨੂੰ ਤਲੇਗਾਓਂ ਦਸ਼ਾਸਰ ਪੁਲਿਸ ਥਾਣੇ ਵਿੱਚ ਸਾਡੇ ਨਾਲ਼ ਗੱਲਬਾਤ ਦੌਰਾਨ ਦੱਸਿਆ, ਜੋ ਪੰਜਾਂ ਮੁਲਜ਼ਮਾਂ ਵਿੱਚੋਂ ਇੱਕ ਹਨ। ਇਹ ਗੱਲ ਉਨ੍ਹਾਂ ਦੇ 14 ਜਨਵਰੀ ਨੂੰ ਰਸਮੀ ਤੌਰ 'ਤੇ ਗ੍ਰਿਫ਼ਤਾਰ ਹੋ ਕੇ ਅਤੇ ਫਿਰ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਇੱਕ ਦਿਨ ਪਹਿਲਾਂ ਦੀ ਹੈ।
ਉਨ੍ਹਾਂ ਨੂੰ ਕੱਛ ਦੇ ਭੁੱਜ ਤੋਂ ਅਮਰਾਵਤੀ ਦੇ ਰੂਟ 'ਤੇ ਕਿਸੇ ਨੇ ਕਿਤੇ ਵੀ ਨਹੀਂ ਰੋਕਿਆ ਗਿਆ। ਕਿਸੇ ਨੂੰ ਵੀ ਉਨ੍ਹਾਂ ਵੱਲ਼ੋਂ ਗ਼ਲਤ ਕੰਮ ਕੀਤੇ ਜਾਣ ਨੂੰ ਲੈ ਕੇ ਸ਼ੱਕ ਨਹੀਂ ਹੋਇਆ। ਅਚਾਨਕ ਇੱਕ ਅਣਕਿਆਸਿਆ ਮੋੜ ਆਇਆ ਅਤੇ ਉਨ੍ਹਾਂ ਦੀ ਬੇਮਿਸਾਲ ਯਾਤਰਾ ਵਿਚਾਲੇ ਹੀ ਰੁੱਕ ਗਈ।
ਊਠਾਂ ਨੂੰ ਵਰਧਾ, ਨਾਗਪੁਰ, ਭੰਡਾਰਾ (ਮਹਾਰਾਸ਼ਟਰ ਵਿੱਚ) ਅਤੇ ਛੱਤੀਸਗੜ੍ਹ ਦੇ ਰਬਾਰੀ ਡੇਰਿਆਂ ਵਿਖੇ ਪਹੁੰਚਾਇਆ ਜਾਣਾ ਸੀ।
ਰਬਾਰੀ ਖ਼ਾਨਾਬਦੋਸ਼ ਊਠ-ਪਾਲਕ ਭਾਈਚਾਰਾ ਹੈ ਜੋ ਕੱਛ ਅਤੇ ਰਾਜਸਥਾਨ ਤੋਂ ਹਨ ਅਤੇ ਦੋ ਜਾਂ ਤਿੰਨ ਹੋਰਨਾਂ ਝੁੰਡਾਂ ਨਾਲ਼ ਰਲ਼ ਕੇ ਆਪਣੀ ਰੋਜ਼ੀਰੋਟੀ ਵਾਸਤੇ ਬੱਕਰੀਆਂ ਅਤੇ ਭੇਡਾਂ ਚਾਰਦੇ ਹਨ ਅਤੇ ਖੇਤਾਂ ਅਤੇ ਆਵਾਜਾਈ ਦੇ ਕੰਮਾਂ ਲਈ ਵਰਤੀਂਦੇ ਊਠਾਂ ਨੂੰ ਪਾਲ਼ਦੇ ਹਨ ਅਤੇ ਉਨ੍ਹਾਂ ਦਾ ਪ੍ਰਜਨਨ ਕਰਦੇ ਹਨ ਅਤੇ ਇਹ ਸਾਰਾ ਕੁਝ ਕੱਛ ਊਠ ਪ੍ਰਜਨਕ ਐਸੋਸੀਏਸ਼ਨ ਦੁਆਰਾ ਦਸਤਾਵੇਜੀ ਤੌਰ 'ਤੇ ਸਥਾਪਤ ' ਬਾਇਓਕਲਚਰਲ ਕਮਿਊਨਿਟੀ ਪ੍ਰੋਟੋਕਾਲ ' ਦੇ ਦਾਇਰੇ ਅੰਦਰ ਰਹਿ ਕੇ ਹੁੰਦਾ ਹੈ।
ਭਾਈਚਾਰਿਆਂ ਦੇ ਅੰਦਰਲਾ ਇੱਕ ਵਰਗ, ਢੇਬਰਿਆ, ਰਬਾਰੀ ਸਾਲ ਦਾ ਬਹੁਤੇਰਾ ਸਮਾਂ ਪਾਣੀ ਅਤੇ ਚਾਰੇ ਦੀ ਬਹੁਲਤਾ ਵਾਲ਼ੀਆਂ ਥਾਵਾਂ ਵੱਲ ਨੂੰ ਪ੍ਰਵਾਸ ਕਰਦੇ ਰਹਿੰਦੇ ਹਨ; ਕਈ ਪਰਿਵਾਰ ਤਾਂ ਅਜਿਹੇ ਹਨ ਜੋ ਸਾਲ ਦਾ ਬਹੁਤਾ ਸਮਾਂ ਮੱਧ ਭਾਰਤ ਵਿੱਚ ਬਣੇ ਡੇਰਿਆਂ ਜਾਂ ਬਸਤੀਆਂ ਵਿਖੇ ਹੀ ਰਹਿੰਦੇ ਹਨ। ਉਨ੍ਹਾਂ ਵਿੱਚੋਂ ਕੁਝ ਹਨ ਜੋ ਦੀਵਾਲੀ ਤੋਂ ਬਾਅਦ ਮੌਸਮੀ ਪਲਾਇਨ ਕਰਦੇ ਹਨ ਅਤੇ ਕੱਛ ਤੋਂ ਦੂਰ ਸਥਿਤ ਥਾਵਾਂ ਜਿਵੇਂ ਤੇਲੰਗਾਨਾ, ਆਂਧਰਾ ਪ੍ਰਦੇਸ਼, ਓਡੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਵਿਦਰਭਾ ਇਲਾਕਿਆਂ ਵੱਲ ਚਲੇ ਜਾਂਦੇ ਹਨ।
ਮੱਧ ਭਾਰਤ ਵਿੱਚ ਢੇਬਰਿਆ ਰਬਾਰੀਆਂ ਦੇ ਕਰੀਬ 3,000 ਦੇ ਡੇਰੇ ਹਨ, ਸਜਲ ਕੁਲਕਰਨੀ ਕਹਿੰਦੇ ਹਨ, ਜੋ ਨਾਗਪੁਰ ਅਧਾਰਤ ਖ਼ੋਜਾਰਥੀ ਹਨ ਅਤੇ ਊਠ-ਪਾਲਕਾਂ ਅਤੇ ਰਵਾਇਤੀ ਪਸ਼ੂ ਪਾਲਕਾਂ ਨੂੰ ਲੈ ਕੇ ਖ਼ੋਜ ਕਰਦੇ ਹਨ। ਕੁਲਕਰਨੀ ਜੋ ਰਿਵਾਇਟਲਾਈਜ਼ਿੰਗ ਰੇਨਫੇਡ ਐਗਰੀਕਲਚਰ ਨੈਟਵਰਕ (RRAN) ਦੇ ਇੱਕ ਫੈਲੋ ਹਨ, ਕਹਿੰਦੇ ਹਨ ਕਿ ਇੱਕ ਡੇਰੇ ਵਿੱਚ ਕਰੀਬ 5-10 ਪਰਿਵਾਰ ਰਹਿੰਦੇ ਹਨ ਅਤੇ ਉਨ੍ਹਾਂ ਦੇ ਨਾਲ਼ ਉਨ੍ਹਾਂ ਦੇ ਊਠ, ਭੇਡਾਂ ਅਤੇ ਬੱਕਰੀਆਂ ਦੇ ਵੱਡੇ ਵੱਡੇ ਇੱਜੜ ਵੀ ਹੁੰਦੇ ਹਨ ਜਿਨ੍ਹਾਂ ਨੂੰ ਰਬਾਰੀ ਮਾਸ ਵਾਸਤੇ ਪਾਲ਼ਦੇ ਹਨ।
ਕੁਲਕਰਨੀ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਊਠ-ਪਾਲਕਾਂ ਬਾਰੇ ਅਧਿਐਨ ਕਰਦੇ ਰਹੇ ਹਨ ਜਿਨ੍ਹਾਂ ਵਿੱਚ ਰਬਾਰੀਆਂ ਅਤੇ ਉਨ੍ਹਾਂ ਦੇ ਪਸ਼ੂ-ਪਾਲਣ ਸੱਭਿਆਚਾਰ ਦਾ ਅਧਿਐਨ ਵੀ ਸ਼ਾਮਲ ਹੈ। ''ਇਹ ਘਟਨਾ ਇਸ਼ਾਰਾ ਕਰਦੀ ਹੈ ਕਿ ਸਾਨੂੰ ਊਠ-ਪਾਲਕਾਂ ਬਾਰੇ ਕਿੰਨੀ ਘੱਟ ਜਾਣਕਾਰੀ ਹੈ। ਸਾਡੀ ਜਹਾਲਤ ਦੀ ਹੀ ਨਿਸ਼ਾਨੀ ਹੈ ਜੋ ਇਨ੍ਹਾਂ ਰਵਾਇਤੀ ਊਠ-ਪਾਲਕਾਂ ਪ੍ਰਤੀ ਸਾਡੇ ਸ਼ੱਕ ਦੀ ਸੂਈ ਨੂੰ ਘੁਮਾਉਂਦੀ ਹੈ ਕਿਉਂਜੋ ਉਹ ਸਾਡੇ ਵਾਂਗਰ ਦਿੱਸਦੇ ਜਾਂ ਬੋਲਦੇ ਨਹੀਂ,'' ਉਹ, ਇਨ੍ਹਾਂ ਊਠ-ਪਾਲਕਾਂ ਦੀ ਗ੍ਰਿਫ਼ਤਾਰੀ ਅਤੇ ਊਠਾਂ ਦੇ 'ਹਿਰਾਸਤ' ਵਿੱਚ ਲਏ ਜਾਣ ਤੋਂ ਖ਼ਫ਼ਾ ਹੋ ਕੇ ਕਹਿੰਦੇ ਹਨ।
ਕੁਰਕਰਨੀ ਕਹਿੰਦੇ ਹਨ ਕਿ ਸਮੇਂ ਦੇ ਨਾਲ਼ ਨਾਲ਼ ਕੁਝ ਰਬਾਰੀਆਂ ਨੇ ਜ਼ਿੰਦਗੀ ਦੇ ਵੱਖਰੇ ਰਾਹ ਚੁਣ ਲਏ ਹਨ। ਗੁਜਰਾਤ ਵਿਖੇ ਉਹ ਆਪਣੇ ਰਵਾਇਤੀ ਕੰਮ ਨੂੰ ਛੱਡ ਰਹੇ ਹਨ ਅਤੇ ਪੜ੍ਹ-ਲਿਖ ਕੇ ਹੋਰ ਨੌਕਰੀਆਂ ਕਰ ਰਹੇ ਹਨ। ਮਹਾਰਾਸ਼ਟਰ ਅੰਦਰ ਕੁਝ ਵਿਰਲੇ ਪਰਿਵਾਰ ਅਜਿਹੇ ਵੀ ਹਨ ਜਿਨ੍ਹਾਂ ਕੋਲ਼ ਆਪਣੀ ਜ਼ਮੀਨ ਹੈ ਅਤੇ ਸਥਾਨਕ ਕਿਸਾਨਾਂ ਨਾਲ਼ ਰਲ਼ ਕੇ ਕੰਮ ਕਰਦੇ ਹਨ।
''ਉਨ੍ਹਾਂ ਅਤੇ ਕਿਸਾਨਾਂ ਦਰਮਿਆਨ ਸਾਂਝ ਭਿਆਲ਼ੀ ਦਾ ਰਿਸ਼ਤਾ ਹੈ,'' ਕੁਲਕਰਨੀ ਕਹਿੰਦੇ ਹਨ। ਮਿਸਾਲ ਵਜੋਂ, 'ਪੇਨਿੰਗ'- ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਰਬਾਰੀ ਆਪਣੀਆਂ ਭੇਡਾਂ ਅਤੇ ਬੱਕਰੀਆਂ ਦੇ ਝੁੰਡ ਨੂੰ ਖੇਤ ਵਿੱਚ ਚਰਾਉਂਦੇ ਹਨ ਖ਼ਾਸ ਕਰਕੇ ਜਿਹੜੇ ਖੇਤ ਵਾਢੀ ਤੋਂ ਬਾਅਦ ਖਾਲੀ ਪਏ ਹੁੰਦੇ ਹਨ। ਉਹ ਆਪਣੀਆਂ ਭੇਡਾਂ ਅਤੇ ਬੱਕਰੀਆਂ ਦੇ ਇੱਜੜਾਂ ਨੂੰ ਖੇਤਾਂ ਵਿੱਚ ਖੁੱਲ੍ਹਿਆਂ ਛੱਡ ਦਿੰਦੇ ਹਨ। ਇਨ੍ਹਾਂ ਪਸ਼ੂਆਂ ਦੇ ਮਲ਼-ਮੂਤਰ ਨਾਲ਼ ਇਸ ਭੂਮੀ ਦੀ ਜ਼ਰਖੇਜ਼ਤਾ ਵੱਧਦੀ ਹੈ। ''ਜੋ ਕਿਸਾਨ ਇਨ੍ਹਾਂ ਭਾਈਚਾਰਿਆਂ ਨਾਲ਼ ਸਾਂਝ ਦਾ ਇਹ ਰਿਸ਼ਤਾ ਰੱਖਦੇ ਹਨ ਉਹ ਇਸ ਕਿਰਿਆ ਦੀ ਕੀਮਤ ਵੀ ਜਾਣਦੇ ਹਨ,'' ਉਹ ਕਹਿੰਦੇ ਹਨ।
ਜੋ ਰਬਾਰੀ ਇਨ੍ਹਾਂ 58 ਊਠਾਂ ਨੂੰ ਲੈਣ ਵਾਲ਼ੇ ਸਨ ਉਹ ਮਹਾਰਾਸ਼ਟਰ ਜਾਂ ਛੱਤੀਸਗੜ੍ਹ ਵਿਖੇ ਸਥਿਤ ਡੇਰਿਆਂ ਵਿੱਚ ਰਹਿੰਦੇ ਹਨ। ਉਹ ਤਾਉਮਰ ਇਨ੍ਹਾਂ ਰਾਜਾਂ ਦੀਆਂ ਬਸਤੀਆਂ ਵਿੱਚ ਹੀ ਕਿਉਂ ਨਾ ਰਹਿੰਦੇ ਆਏ ਹੋਣ ਪਰ ਫਿਰ ਵੀ ਉਨ੍ਹਾਂ ਕੱਛ ਵਿਖੇ ਆਪਣੇ ਰਿਸ਼ਤੇਦਾਰਾਂ ਨਾਲ਼ ਨੇੜਿਓਂ ਰਿਸ਼ਤੇ ਕਾਇਮ ਕਰੀ ਰੱਖੇ। ਦੂਜੇ ਹੱਥ, ਫਕੀਰਾਨੀ ਜਾਟ ਲੰਬੀ ਦੂਰੀ ਦਾ ਪ੍ਰਵਾਸ ਨਹੀਂ ਕਰਦੇ ਪਰ ਸ਼ਾਨਦਾਰ ਊਠ ਪ੍ਰਜਨਕ (ਕੈਮਲ ਬ੍ਰੀਡਰ) ਹੁੰਦੇ ਹਨ ਅਤੇ ਰਬਾਰੀਆਂ ਦੇ ਨਾਲ਼ ਆਪਣੇ ਸੱਭਿਆਚਾਰਕ ਰਿਸ਼ਤੇ ਸਾਂਝੇ ਕਰਦੇ ਹਨ।
ਭੁੱਜ ਵਿਖੇ ਊਠ-ਪਾਲਕਾਂ ਲਈ ਕੇਂਦਰ ਚਲਾਉਣ ਵਾਲ਼ੀ ਸਹਿਜੀਵਨ ਨਾਮਕ ਐੱਨਜੀਓ ਮੁਤਾਬਕ, ਕੱਛ ਦੇ ਸਾਰੇ ਊਠ-ਪਾਲਕ ਭਾਈਚਾਰਿਆਂ ਅੰਦਰ ਤਕਰੀਬਨ 500 ਊਠ ਪ੍ਰਜਨਕ (ਕੈਮਲ ਬ੍ਰੀਡਰ) ਹਨ ਜਿਨ੍ਹਾਂ ਵਿੱਚ ਰਬਾਰੀ, ਸਮਸ ਅਤੇ ਜਾਟ ਵੀ ਸ਼ਾਮਲ ਹਨ।
''ਅਸੀਂ ਤਸਦੀਕ ਕੀਤਾ ਹੈ ਅਤੇ ਇਹ ਸੱਚ ਹੈ ਕਿ ਇਹ 58 ਊਠ ਕੱਛ ਊਂਟ ਊਚੇਰਕ ਮਾਲਧਾਰੀ ਸੰਗਠਨ (ਕੱਛ ਊਠ ਪ੍ਰਜਨਕ ਐਸੋਸੀਏਸ਼ਨ) ਦੇ 11 ਬ੍ਰੀਡਰ-ਮੈਂਬਰਾਂ ਪਾਸੋਂ ਖਰੀਦੇ ਗਏ ਸਨ ਅਤੇ ਮੱਧ ਭਾਰਤ ਵਿਖੇ ਰਹਿਣ ਵਾਲ਼ੇ ਰਿਸ਼ਤੇਦਾਰਾਂ ਕੋਲ਼ ਭੇਜੇ ਜਾਣੇ ਸਨ,'' ਸਹਿਜੀਨ ਦੇ ਪ੍ਰੋਗਰਾਮ ਡਾਇਰੈਕਟਰ ਰਮੇਸ਼ ਭੱਟੀ ਨੇ ਭੁੱਜ ਤੋਂ ਫ਼ੋਨ 'ਤੇ ਪਾਰੀ (PARI) ਨਾਲ਼ ਹੋਈ ਗੱਲਬਾਤ ਦੌਰਾਨ ਦੱਸਿਆ।
ਇਹ ਪੰਜੋ ਆਦਮੀ ਬੜੇ ਹੁਨਰਮੰਦ ਹਨ ਅਤੇ ਊਠਾਂ ਦੇ ਸਿਖਲਾਇਕ ਹਨ, ਬੱਸ ਇਹ ਉਨ੍ਹਾਂ ਦੀ ਮੁਹਾਰਤ ਹੀ ਸੀ ਜੋ ਉਨ੍ਹਾਂ ਨੂੰ ਇਨ੍ਹਾਂ ਜਾਨਵਰਾਂ ਨੂੰ ਇੰਨੀ ਲੰਬੀ, ਬਿਖੜੀ ਸਫ਼ਰ ਤੈਅ ਕਰਾ ਕੇ ਛੱਡ ਕੇ ਆਉਣ ਲਈ ਚੁਣਿਆ ਗਿਆ, ਭੱਟੀ ਦੱਸਦੇ ਹਨ। ਵੇਰਸੀਭਾਈ ਕੱਛ ਦੇ ਸਭ ਤੋਂ ਪੁਰਾਣੇ ਅਤੇ ਸਰਗਰਮ ਸਿਖਲਾਇਕ ਹਨ ਅਤੇ ਜਾਨਵਰਾਂ ਨੂੰ ਇੱਧਰ-ਉੱਧਰ ਲੈ ਕੇ ਜਾਣ ਵਿੱਚ ਮਾਹਰ ਵੀ।
*****
ਅਸੀਂ ਖ਼ਾਨਾਬਦੋਸ਼ ਭਾਈਚਾਰੇ ਤੋਂ ਹਾਂ
;
ਕਈ ਵਾਰੀ ਸਾਡੇ ਕੋਲ਼ ਦਸਤਾਵੇਜ਼ ਨਹੀਂ ਹੁੰਦੇ...
ਮਸ਼ਰੂਭਾਈ ਰਬਾਰੀ,
ਵਰਧਾ ਤੋਂ ਭਾਈਚਾਰੇ ਦੇ ਆਗੂ
ਉਨ੍ਹਾਂ ਨੂੰ ਸਹੀ ਸਹੀ ਤਰੀਕ ਵੀ ਨਹੀਂ ਚੇਤੇ ਕਿ ਕਿਸ ਦਿਨ ਉਹ ਕੱਛ ਤੋਂ ਤੁਰੇ ਸਨ।
''ਅਸੀਂ ਨੌਵੇਂ ਮਹੀਨੇ (ਸਤੰਬਰ 2021) ਅੱਡੋ-ਅੱਡ ਥਾਵਾਂ ਦੇ ਆਪਣੇ ਪ੍ਰਜਨਕਾਂ (ਪਾਲਕਾਂ) ਪਾਸੋਂ ਜਾਨਵਰਾਂ ਨੂੰ ਇਕੱਠਿਆਂ ਕਰਨਾ ਸ਼ੁਰੂ ਕੀਤਾ ਅਤੇ ਦੀਵਾਲੀ ਤੋਂ ਫ਼ੌਰਨ ਬਾਅਦ (ਚੜ੍ਹਦੇ ਨਵੰਬਰ) ਭਾਚਾਊ (ਕੱਛ ਦੀ ਤਹਿਸੀਲ) ਤੋਂ ਕੂਚ ਕੀਤਾ,'' ਪਰੇਸ਼ਾਨ ਅਤੇ ਫ਼ਿਕਰਾਂ 'ਚ ਡੁੱਬੇ ਪ੍ਰਭੂ ਰਾਣਾ ਰਬਾਰੀ ਕਹਿੰਦੇ ਹਨ। ''ਅਸੀਂ ਇਸ ਸਾਲ ਅੱਧ ਫਰਵਰੀ ਜਾਂ ਮਹੀਨੇ ਦੇ ਅਖ਼ੀਰ ਤੱਕ ਬਿਲਾਸਪੁਰ (ਛੱਤੀਸਗੜ੍ਹ) ਆਪਣੀ ਮੰਜ਼ਲ 'ਤੇ ਅੱਪੜ ਜਾਣਾ ਸੀ।''
ਇਨ੍ਹਾਂ ਪੰਜੋ ਊਠ-ਪਾਲਕਾਂ ਨੇ ਹਿਰਾਸਤ ਵਿੱਚ ਲਏ ਜਾਣ ਦੇ ਦਿਨ ਤੱਕ ਇਨ੍ਹਾਂ ਨੇ ਕਰੀਬ 1,200 ਕਿਲੋਮੀਟਰ ਦਾ ਪੈਂਡਾ ਤੈਅ ਕਰ ਲਿਆ ਜੋ ਕਿ ਉਨ੍ਹਾਂ ਦੀ ਸਰਜ਼ਮੀਨ ਕੱਛ ਤੋਂ ਸ਼ੁਰੂ ਹੋਇਆ ਸੀ। ਭਾਚਾਊ ਤੋਂ ਚੱਲ ਕੇ ਅਹਿਮਦਾਬਾਦ ਵੱਲ ਦੀ ਹੁੰਦੇ ਹੋਏ ਫਿਰ ਮਹਾਰਾਸ਼ਟਰ ਦੇ ਨੰਦਰੁਬਾਰ, ਭੂਸਾਵਾਲ, ਅਕੋਲਾ, ਕਾਰੰਜਾ ਅਤੇ ਤਾਲੇਗਾਓਂ ਦਸ਼ਾਸਰ ਨੂੰ ਪਾਰ ਕੀਤਾ।
ਉਹ ਵਰਧਾ, ਨਾਗਪੁਰ, ਭੰਡਾਰਾ (ਮਹਾਰਾਸ਼ਟਰ ਲਈ ਵੀ) ਰਵਾਨਾ ਹੋਏ ਅਤੇ ਫਿਰ ਦੁਰਗ ਅਤੇ ਫਿਰ ਬਿਲਾਸਪੁਰ ਅਪੜਨ ਵਾਸਤੇ ਰਾਇਪੁਰ ਤੋਂ ਬਿਲਾਸਪੁਰ (ਤਿੰਨੋਂ ਛੱਤੀਸਗੜ੍ਹ ਦਾ ਹਿੱਸਾ) ਹੁੰਦੇ ਹੋਏ ਅੱਗੇ ਵੱਧਦੇ ਗਏ। ਉਹ ਵਾਸ਼ਿਮ ਜ਼ਿਲ੍ਹੇ ਦੇ ਕਾਰੰਜਾ ਸ਼ਹਿਰ ਨੂੰ ਛੂੰਹਦੇ ਹੋਏ ਨਵੇਂ ਬਣੇ ਸਮਰੁੱਧੀ ਹਾਈਵੇਅ ਦੇ ਨਾਲ਼ ਨਾਲ਼ ਤੁਰਦੇ ਗਏ।
''ਉਹ ਇੱਕ ਦਿਨ ਵਿੱਚ 12-15 ਕਿਲੋਮੀਟਰ ਦੂਰੀ ਤੈਅ ਕਰਦੇ ਰਹੇ ਸਨ, ਹਾਲਾਂਕਿ ਇੱਕ ਜਵਾਨ ਊਠ ਸੌਖਿਆਂ ਹੀ 20 ਕਿਲੋਮੀਟਰ ਪੈਂਡਾ ਤੈਅ ਕਰ ਸਕਦਾ ਹੈ,'' ਮੁਸਾਭਾਈ ਹਾਮਿਦ ਦੱਸਦੇ ਹਨ, ਜੋ ਸ਼ਾਇਦ ਇਨ੍ਹਾਂ ਪੰਜੋਂ ਜਣਿਆਂ ਵਿੱਚੋਂ ਸਭ ਤੋਂ ਛੋਟੇ ਹਨ। ''ਅਸੀਂ ਇੱਕ ਰਾਤ ਰੁਕਦੇ ਅਤੇ ਅਗਲੀ ਸਵੇਰ ਦੋਬਾਰਾ ਚਾਲੇ ਪਾ ਲੈਂਦੇ।'' ਉਹ ਆਪਣਾ ਖਾਣਾ ਆਪ ਪਕਾਉਂਦੇ, ਦੁਪਹਿਰੇ ਝਪਕੀ ਲੈਂਦੇ ਅਤੇ ਊਠਾਂ ਨੂੰ ਵੀ ਅਰਾਮ ਕਰਾਉਂਦੇ ਅਤੇ ਦੋਬਾਰਾ ਚੱਲ ਪੈਂਦੇ।
ਉਹ ਤਾਂ ਊਠਾਂ ਦੇ ਪਾਲਕ ਹਨ... ਸੁਭੈਂਕੀ ਹੋਈ ਇਸ ਤਰ੍ਹਾਂ ਹੋਈ ਗ਼੍ਰਿਫਤਾਰੀ ਤੋਂ ਡੌਰ-ਭੌਰ ਹੋਏ ਪਏ ਹਨ।
''ਅਸੀਂ ਆਪਣੀਆਂ ਊਠਣੀਆਂ ਨੂੰ ਕਦੇ ਨਹੀਂ ਵੇਚਦੇ ਅਤੇ ਸਿਰਫ਼ ਆਵਾਜਾਈ ਵਾਸਤੇ ਆਪਣੇ ਊਠਾਂ ਦੀ ਵਰਤੋਂ ਕਰਦੇ ਆਂ। ਊਠ ਹੀ ਤਾਂ ਸਾਡੇ ਪੈਰ ਨੇ,'' ਮਾਸ਼ਰੂਭਾਈ ਰਬਾਰੀ ਨੇ ਸਾਨੂੰ ਦੱਸਿਆ ਜੋ ਭਾਈਚਾਰੇ ਦੇ ਸਭ ਤੋਂ ਬਜ਼ੁਰਗ ਆਗੂ ਹਨ ਅਤੇ ਵਰਧਾ ਜ਼ਿਲ੍ਹੇ ਵਿੱਚ ਰਹਿੰਦੇ ਹਨ। 'ਨਿਗਰਾਨੀ ਹੇਠ' ਰੱਖੇ ਗਏ ਸਾਰੇ 58 ਊਠ (ਨਰ) ਹਨ।
'ਮਾਸ਼ਰੂ ਮਾਮਾ ( ਪਿਆਰ ਨਾਲ਼ ਉਨ੍ਹਾਂ ਨੂੰ ਇਹੀ ਕਿਹਾ ਜਾਂਦਾ ਹੈ) ਨੇ ਗ਼੍ਰਿਫ਼ਤਾਰੀ ਦੇ ਦਿਨ ਤੋਂ ਪੰਜਾਂ ਊਠ-ਪਾਲਕਾਂ ਦੇ ਨਾਲ਼ ਹੀ ਥਾਣੇ ਡੇਰਾ ਲਾਇਆ ਹੋਇਆ ਹੈ। ਉਹ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ਼ ਤਾਲਮੇਲ਼ ਕਰ ਰਹੇ ਹਨ ਅਤੇ ਉਹੀ ਅਮਰਾਵਤੀ ਵਿਖੇ ਵਕੀਲਾਂ ਦਾ ਬੰਦੋਬਸਤ ਕਰ ਰਹੇ ਹਨ, ਇੰਨਾ ਹੀ ਨਹੀਂ ਉਹ ਪੁਲਿਸ ਲਈ ਅਨੁਵਾਦ ਦਾ ਕੰਮ ਕਰਨ ਦੇ ਨਾਲ਼ ਨਾਲ਼ ਉਨ੍ਹਾਂ ਦੇ ਬਿਆਨਾਂ ਦੀ ਰਿਕਾਰਡਿੰਗ ਵੀ ਕਰਵਾ ਰਹੇ ਹਨ। ਉਹ ਮਰਾਠੀ ਅਤੇ ਕੱਛੀ ਦੋਵੇਂ ਭਾਸ਼ਾਵਾਂ ਧਾਰਾਪ੍ਰਵਾਹ ਬੋਲ਼ ਲੈਂਦੇ ਹਨ ਅਤੇ ਉਹੀ ਰਬਾਰੀਆਂ ਦੀਆਂ ਖਿੰਡੀਆਂ-ਪੁੰਡੀਆਂ ਬਸਤੀਆਂ ਵਿੱਚ ਇੱਕ ਅਹਿਮ ਕੜੀ ਵਜੋਂ ਕੰਮ ਕਰਦੇ ਹਨ।
''ਇਨ੍ਹਾਂ ਊਠਾਂ ਨੂੰ ਵਿਦਰਭਾ, ਤੇਲੰਗਾਨਾ ਅਤੇ ਛੱਤੀਸਗੜ੍ਹ ਵਿਖੇ ਵੱਖ ਵੱਖ ਡੇਰਿਆਂ ਰਹਿੰਦੇ ਸਾਡੇ 15-16 ਲੋਕਾਂ ਤੱਕ ਪਹੁੰਚਾਇਆ ਜਾਣਾ ਸੀ,'' ਮਾਸ਼ਰੂਭਾਈ ਕਹਿੰਦੇ ਹਨ। ''ਉਨ੍ਹਾਂ ਵਿੱਚੋਂ ਹਰੇਕ ਨੇ 3-4 ਊਠ ਲੈਣੇ ਸਨ।'' ਜਦੋਂ ਕਦੇ ਉਨ੍ਹਾਂ ਨੇ ਚਾਲ਼ੇ ਪਾਉਣੇ ਹੁੰਦੇ ਹਨ ਤਾਂ ਰਬਾਰੀ ਇਨ੍ਹਾਂ ਊਠਾਂ 'ਤੇ ਆਪਣਾ ਸਾਰਾ ਮਾਲ਼-ਅਸਬਾਬ ਲੱਦ ਲੈਂਦੇ ਹਨ, ਛੋਟੇ ਬੱਚੇ, ਕਦੇ ਕਦੇ ਤਾਂ ਭੇਡਾਂ ਦੇ ਵੱਛਿਆਂ ਤੱਕ ਨੂੰ ਵੀ ਲੱਦ ਲੈਂਦੇ ਹਨ.... ਕਹਿ ਸਕਦੇ ਹਾਂ ਕਿ ਆਪਣੀ ਪੂਰੀ ਦੁਨੀਆ ਨੂੰ ਹੀ। ਉਹ ਮਹਾਰਾਸ਼ਟਰ ਦੇ ਊਠ-ਪਾਲਕ ਭਾਈਚਾਰੇ, ਧਨਗਰਾਂ ਵਾਂਗਰ ਗੱਡਿਆਂ ਦੀ ਵਰਤੋਂ ਨਹੀਂ ਕਰਦੇ।
''ਅਸੀਂ ਇਨ੍ਹਾਂ ਊਠਾਂ ਨੂੰ ਆਪਣੇ ਇਲਾਕੇ ਦੇ ਪ੍ਰਜਨਕਾਂ ਪਾਸੋਂ ਹੀ ਖ਼ਰੀਦਦੇ ਹਾਂ'' ਮਾਸ਼ਰੂਭਾਈ ਕਹਿੰਦੇ ਹਨ। ''ਜਦੋਂ ਕਦੇ ਇੱਥੇ ਰਹਿੰਦੇ 10-15 ਲੋਕਾਂ ਨੂੰ ਆਪਣੇ ਬੁੱਢੇ ਊਠਾਂ ਦੇ ਬਦਲੇ ਜੁਆਨ ਨਰ ਊਠ ਚਾਹੀਦੇ ਹੁੰਦੇ ਨੇ ਤਾਂ ਅਸੀਂ ਕੱਛ ਵਿਖੇ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਆਰਡਰ ਭੇਜ ਦੇਨੇ ਆਂ। ਫਿਰ ਪ੍ਰਜਨਕ ਉਨ੍ਹਾਂ ਕੋਲ਼ ਊਠਾਂ ਦਾ ਵੱਡਾ ਪੂਰ ਭੇਜ ਦਿੰਦੇ ਹਨ ਜਿਨ੍ਹਾਂ ਦੇ ਨਾਲ਼ ਸਿਖਲਾਇਕ ਵੀ ਹੁੰਦੇ ਨੇ। ਸੋ ਖ਼ਰੀਦਦਾਰ ਇਨ੍ਹਾਂ ਸਿਖਲਾਇਕਾਂ ਨੂੰ ਊਠ ਛੱਡਣ ਆਉਣ ਬਦਲੇ 6,000 ਅਤੇ 7,000 ਰੁਪਏ (ਜੇਕਰ ਪੈਂਡਾ ਲੰਬਾ ਰਿਹਾ ਹੋਵੇ) ਤਨਖ਼ਾਹ ਵਜੋਂ ਦਿੰਦੇ ਹਨ। ਮਾਸ਼ਰੂਭਾਈ ਦੱਸਦੇ ਹਨ ਕਿ ਇੱਕ ਜੁਆਨ ਊਠ ਦੀ ਕੀਮਤ 10,000 ਤੋਂ 20,000 ਰੁਪਏ ਹੁੰਦੀ ਹੈ। ਇੱਕ ਊਠ ਤਿੰਨ ਸਾਲ ਦੀ ਉਮਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਕਰੀਬ 20-22 ਸਾਲ ਜਿਊਂਦਾ ਹੈ। ''ਇੱਕ ਊਠ (ਨਰ) ਦੀ ਕੰਮ ਕਰਨ ਦੀ ਉਮਰ 15 ਸਾਲ ਹੁੰਦੀ ਐ,'' ਉਹ ਕਹਿੰਦੇ ਹਨ।
''ਇਹ ਸੱਚ ਆ ਕਿ ਇਨ੍ਹਾਂ ਬੰਦਿਆਂ ਕੋਲ਼ ਕਾਗ਼ਜ਼-ਪੱਤਰ ਨਹੀਂ ਸਨ,'' ਮਾਸ਼ਰੂਭਾਈ ਮੰਨਦੇ ਹਨ। ''ਇਸ ਤੋਂ ਪਹਿਲਾਂ ਸਾਨੂੰ ਕਦੇ ਲੋੜ ਵੀ ਤਾਂ ਨਹੀਂ ਪਈ। ਪਰ ਇਹ ਪੱਕੀ ਗੱਲ ਆ ਬਈ ਭਵਿੱਖ ਵਿੱਚ ਸਾਨੂੰ ਸੁਚੇਤ ਰਹਿਣ ਦੀ ਲੋੜ ਹੋਵੇਗੀ। ਹਾਲਾਤ ਬਦਲ ਰਹੇ ਨੇ।''
ਉਹ ਬੁੜਬੁੜਾਉਂਦਿਆਂ ਕਹਿੰਦੇ ਹਨ, ਇਸ ਸ਼ਿਕਾਇਤ ਨੇ ਵਿਚਾਰੇ ਬੰਦਿਆਂ ਅਤੇ ਉਨ੍ਹਾਂ ਦੇ ਊਠਾਂ ਨੂੰ ਫ਼ਾਲਤੂ ਦੇ ਯੱਭ ਵਿੱਚ ਪਾ ਛੱਡਿਆ ਹੈ। '' ਅਮੀ ਘੁਮਨਤੂ ਸਮਜ ਆਹੇ, ਅਮਚਯਾ ਬਰਯਾਚ ਲੋਕੇ ਕਡ ਕਢੀ ਕਢੀ ਕਾਗਦ ਪਤਰ ਨਾਸਤੇ, '' ਮਰਾਠੀ ਵਿੱਚ ਕਹਿੰਦੇ ਹਨ। ''ਅਸੀਂ ਇੱਕ ਖ਼ਾਨਾਬਦੋਸ਼ ਭਾਈਚਾਰੇ ਤੋਂ ਹਾਂ; ਕਈ ਵਾਰੀ ਸਾਡੇ ਕੋਲ਼ ਦਸਤਾਵੇਜ਼ ਨਹੀਂ ਹੁੰਦੇ (ਇੱਥੇ ਇਹੀ ਤਾਂ ਕੇਸ ਪਿਆ ਹੈ)।''
*****
ਸਾਡੇ ਖ਼ਿਲਾਫ਼ ਦੋਸ਼ ਆ ਬਈ ਅਸੀਂ ਊਠਾਂ ਦੇ ਨਾਲ਼ ਬੇਰਹਿਮੀ ਭਰਿਆ ਸਲੂਕ
ਕੀਤਾ। ਪਰ ਜਿਵੇਂ ਉਨ੍ਹਾਂ ਨੂੰ ਇੱਥੇ ਨਜ਼ਰਬੰਦ ਕੀਤਾ ਹੋਇਐ ਇਹ ਕਿਤੇ ਵੱਧ ਬੇਰਹਿਮੀ ਭਰਿਆ ਸਲੂਕ
ਆ... ਉਸ ਸਮੇਂ ਜਦੋਂ ਉਨ੍ਹਾਂ ਨੂੰ ਖੁੱਲ੍ਹੇ ਮੈਦਾਨੀ ਚਰਨ ਦੀ ਲੋੜ ਹੋਵੇ।
ਪ੍ਰਭਾਤ ਰਬਾਰੀ,
ਨਾਗਪੁਰ ਤੋਂ ਤਜ਼ਰਬੇਕਾਰ ਰਬਾਰੀ ਊਠ ਰਖਵਾਲੇ
ਨਿਗਰਾਨੀ ਹੇਠ ਰੱਖੇ ਗਏ ਸਾਰੇ ਦੇ ਸਾਰੇ ਊਠ (ਨਰ) ਹਨ ਅਤੇ ਉਨ੍ਹਾਂ ਦੀ ਉਮਰ 2 ਸਾਲ ਤੋਂ ਲੈ ਕੇ ਪੰਜ ਸਾਲਾਂ ਦੇ ਵਿਚਾਲੇ ਹੀ ਹੈ। ਉਹ ਕੱਛੀ ਨਸਲ ਦੇ ਹਨ ਅਤੇ ਆਮ ਤੌਰ 'ਤੇ ਕੱਛ ਦੀ ਧਰਤੀ ਦੀ ਜਲਵਾਯੂ ਵਿੱਚ ਹੀ ਪਾਏ ਜਾਂਦੇ ਹਨ। ਅੱਜ ਕੱਛ ਵਿਖੇ ਅੰਦਾਜ਼ਨ 8,000 ਅਜਿਹੇ ਊਠ ਹਨ।
ਇਸ ਨਸਲ ਦੇ ਊਠਾਂ ਦਾ ਭਾਰ 400 ਤੋਂ 600 ਕਿਲੋ ਦੇ ਕਰੀਬ ਹੁੰਦਾ ਹੈ ਜਦੋਂ ਕਿ ਊਠਣੀਆਂ ਦਾ ਭਾਰ 300 ਅਤੇ 540 ਕਿਲੋ ਤੱਕ ਹੁੰਦਾ ਹੈ। ਵਰਲਡ ਐਟਲਸ ਟਿੱਪਣੀ ਕਰਦਾ ਹੈ ਕਿ ਸੌੜੀ ਛਾਤੀ, ਇਕਹਿਰਾ ਕੁਹਾਨ, ਲੰਬੀ, ਘੁਮਾਓਦਾਰ ਧੌਣ, ਕੁਹਾਨ, ਮੋਢਿਆਂ ਅਤੇ ਗ਼ਲੇ 'ਤੇ ਲੰਬੇ ਵਾਲ਼ ਹੋਣੇ ਊਠ ਦੇ ਵਿਸ਼ੇਸ਼ ਗੁਣ ਹਨ। ਚਮੜੀ ਦਾ ਰੰਗ ਭੂਰੇ, ਕਾਲ਼ੇ ਤੋਂ ਲੈ ਚਿੱਟਾ ਤੱਕ ਹੋ ਸਕਦਾ ਹੈ।
ਭੂਰੇ ਰੰਗੀ ਇਹ ਕੱਛੀ ਨਸਲਾਂ ਦੇ ਊਠ ਖੁੱਲ੍ਹੇ ਵਿੱਚ ਚਰਨਾ ਪਸੰਦ ਕਰਦੇ ਹਨ ਅਤੇ ਬੂਟਿਆਂ ਅਤੇ ਪੱਤਿਆਂ ਦੀਆਂ ਵੰਨ-ਸੁਵੰਨੀਆਂ ਕਿਸਮਾਂ ਨੂੰ ਚਰਦੇ ਹਨ। ਜੰਗਲਾਂ ਦੇ ਦਰੱਖਤਾਂ ਪੱਤਿਆਂ ਨੂੰ ਖਾ ਕੇ ਵੀ ਗੁਜ਼ਾਰਾ ਕਰ ਸਕਦੇ ਹਨ ਪਰ ਵੈਸੇ ਇਹ ਚਰਾਂਦਾਂ ਜਾਂ ਸਨਮੀ ਪਏ ਖੇਤਾਂ ਵਿੱਚ ਚਰਦੇ ਰਹਿਣਾ ਪਸੰਦ ਕਰਦੇ ਹਨ।
ਅੱਜ ਦੇ ਸਮੇਂ ਰਾਜਸਥਾਨ ਅਤੇ ਗੁਜਰਾਤ ਵਿੱਚ ਊਠਾਂ ਦੀ ਚਰਾਈ ਦਾ ਕੰਮ ਔਖ਼ੇਰਾ ਹੁੰਦਾ ਜਾ ਰਿਹਾ ਹੈ। ਦੋਵਾਂ ਰਾਜਾਂ ਵਿੱਚ, ਪਿਛਲੇ ਇੱਕ ਜਾਂ ਦੋ ਦਹਾਕਿਆਂ ਤੋਂ ਜੰਗਲਾਂ ਅਤੇ ਸਦਾਬਹਾਰ ਦਲਦਲਾਂ ਅੰਦਰ ਪ੍ਰਵੇਸ ਨੂੰ ਲੈ ਕੇ ਕੁਝ ਜ਼ਿਆਦਾ ਹੀ ਪਾਬੰਦੀਆਂ ਦੇਖੀਆਂ ਗਈਆਂ ਹਨ। ਉਨ੍ਹਾਂ ਦੇ ਇਲਾਕਿਆਂ ਅੰਦਰਲੇ ਵਿਕਾਸ ਦੇ ਇਸ ਖ਼ਾਸੇ ਨੇ ਊਠਾਂ ਅਤੇ ਉਨ੍ਹਾਂ ਦੇ ਪ੍ਰਜਨਕਾਂ ਦੇ ਨਾਲ਼ ਨਾਲ਼ ਉਨ੍ਹਾਂ ਦੇ ਮਾਲਕਾਂ ਵਾਸਤੇ ਵੀ ਸਮੱਸਿਆਵਾਂ ਦੀ ਝੜੀ ਲਾ ਛੱਡੀ ਹੈ। ਸੋ ਇੰਝ ਪਸ਼ੂਆਂ ਨੇ ਕੁਦਰਤੀ ਚਰਾਂਦਾਂ ਅਤੇ ਜੰਗਲੀ ਪੱਤਿਆਂ ਤੱਕ ਆਪਣੀ ਪਹੁੰਚ ਤੋਂ ਹੱਥ ਧੋ ਲਏ ਹਨ... ਜੋ ਪਹਿਲਾਂ ਕਦੇ ਰੱਜਵੀਂ ਮਾਤਰਾ ਵਿੱਚ ਮਿਲ਼ ਜਾਂਦੇ ਹੁੰਦੇ ਸਨ।
ਪੰਜੋ ਬੰਦੇ ਹੁਣ ਜ਼ਮਾਨਤ 'ਤੇ ਬਾਹਰ ਹਨ ਅਤੇ ਉਹ ਅਮਰਾਵਤੀ ਵਿੱਚ ਊਠਾਂ ਦੇ ਬਸੇਰੇ (ਮੌਜੂਦਾ) ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਜਾ ਮਿਲ਼ੇ ਹਨ। ਊਠਾਂ ਦਾ ਇਹ ਬਸੇਰਾ ਇੱਕ ਖੁੱਲ੍ਹੀ ਥਾਂ 'ਤੇ ਹੈ ਜਿੱਥੇ ਚੁਫ਼ੇਰੇ ਵਲ਼ਗਣ ਹੈ। ਰਬਾਰੀਆਂ ਉਨ੍ਹਾਂ ਦੀ ਦੇਖਭਾਲ਼ ਨੂੰ ਲੈ ਕੇ ਬੜੇ ਫ਼ਿਕਰਮੰਦ ਸਨ ਕਿਉਂਕਿ ਜਿਹੜਾ ਚਾਰਾ ਉਹ ਖਾਂਦੇ ਹਨ ਉਹ ਉਨ੍ਹਾਂ ਨੂੰ ਮਿਲ਼ ਨਹੀਂ ਰਿਹਾ।
ਰਬਾਰੀ ਕਹਿੰਦੇ ਹਨ ਕਿ ਇਸ ਗੱਲ ਵਿੱਚ ਮਾਸਾ ਵੀ ਸੱਚਾਈ ਨਹੀਂ ਹੈ ਕਿ ਉਹ ਊਠ ਕੱਛ (ਜਾਂ ਰਾਜਸਥਾਨ) ਤੋਂ ਇਲਾਵਾ ਕਿਤੇ ਹੋਰ ਨਹੀਂ ਰਹਿ ਸਕਦੇ। ''ਉਹ ਸਾਲਾਂ ਤੋਂ ਸਾਡੇ ਨਾਲ਼ ਪੂਰੇ ਦੇਸ਼ ਅੰਦਰ ਘੁੰਮਦੇ ਆਏ ਨੇ,'' ਅਸਾਭਾਈ ਜੇਸਾ ਕਹਿੰਦੇ ਹਨ ਜੋ ਰਬਾਰੀ ਹਨ ਅਤੇ ਊਠਾਂ ਦੇ ਮਾਹਰ ਰਾਖੇ ਹਨ ਅਤੇ ਭੰਡਾਰਾ ਜ਼ਿਲ੍ਹੇ ਦੇ ਪੌਨੀ ਬਲਾਕ ਦੇ ਅਸਗਾਓਂ ਵਿਖੇ ਰਹਿੰਦੇ ਹਨ।
''ਇਹ ਇੱਕ ਵਿਡੰਬਨਾ ਐ,'' ਇੱਕ ਹੋਰ ਤਜ਼ਰਬੇਕਾਰ ਪ੍ਰਵਾਸੀ ਊਠ-ਪਾਲਕ ਪਰਬਤ ਰਬਾਰੀ ਕਹਿੰਦੇ ਹਨ, ਜੋ ਨਾਗਪੁਰ ਦੇ ਉਮਰੇਡ ਸ਼ਹਿਰ ਦੇ ਨੇੜੇ ਇੱਕ ਪਿੰਡ ਵਿੱਚ ਵੱਸ ਗਏ ਹਨ। ''ਸਾਡੇ ਖ਼ਿਲਾਫ਼ ਦੋਸ਼ ਆ ਬਈ ਅਸੀਂ ਊਠਾਂ ਦੇ ਨਾਲ਼ ਬੇਰਹਿਮੀ ਭਰਿਆ ਸਲੂਕ ਕੀਤਾ। ਪਰ ਜਿਵੇਂ ਉਨ੍ਹਾਂ ਨੂੰ ਇੱਥੇ ਨਜ਼ਰਬੰਦ ਕੀਤਾ ਹੋਇਐ ਇਹ ਕਿਤੇ ਵੱਧ ਬੇਰਹਿਮੀ ਭਰਿਆ ਸਲੂਕ ਆ... ਉਸ ਸਮੇਂ ਜਦੋਂ ਉਨ੍ਹਾਂ ਨੂੰ ਖੁੱਲ੍ਹੇ ਮੈਦਾਨੀ ਚਰਨ ਦੀ ਲੋੜ ਹੋਵੇ।''
''ਊਠ ਉਹ ਨਹੀਂ ਖਾਂਦੇ ਜੋ ਦੂਜੇ ਡੰਗਰ ਖਾਂਦੇ ਨੇ,'' ਜਕਰਾ ਰਬਾਰੀ ਦਾ ਕਹਿਣਾ ਹੈ ਜੋ ਨਾਗਪੁਰ ਜ਼ਿਲ੍ਹੇ ਦੀ ਉਮਰੇਡ ਤਾਲੁਕਾ ਦੇ ਸਿਰਸੀ ਪਿੰਡ ਵਿਖੇ ਰਹਿੰਦੇ ਹਨ। ਜਕਰਾਭਾਈ ਨੇ ਊਠਾਂ ਦੇ ਉਸ ਪੂਰ ਵਿੱਚੋਂ ਤਿੰਨ ਊਠ ਲੈਣੇ ਸਨ।
ਕੱਛੀ ਊਠ ਵੰਨ-ਸੁਵੰਨੇ ਪੌਦੇ ਅਤੇ ਨਿੰਮ, ਬਬੂਲ (ਕਿੱਕਰ), ਪਿੱਪਲ ਜਿਹੇ ਪੱਤਿਆਂ ਦੇ ਨਾਲ਼ ਨਾਲ਼ ਹੋਰ ਵੀ ਕਈ ਤਰ੍ਹਾਂ ਦੇ ਪੱਤੇ ਖਾਂਦੇ ਹਨ। ਕੱਛ ਵਿਖੇ, ਉਹ ਦਰੱਖਤਾਂ ਦੇ ਪੱਤਿਆਂ ਨੂੰ ਖਾਂਦੇ ਹਨ ਅਤੇ ਸੁੱਕੇ ਅਤੇ ਪਹਾੜੀ ਢਲਾਣਾਂ 'ਤੇ ਉੱਗਿਆ ਘਾਹ ਚਰਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਕਾਫ਼ੀ ਪੋਸ਼ਕ ਤੱਤ ਮਿਲ਼ ਜਾਂਦੇ ਹਨ ਜਿਸ ਕਰਕੇ ਉਨ੍ਹਾਂ ਦਾ ਦੁੱਧ ਬਹੁਤ ਵਧੀਆ ਹੁੰਦਾ ਹੈ। ਇਸ ਨਸਲ ਦੀ ਊਠਣੀ ਇੱਕ ਦਿਨ ਵਿੱਚ 3-4 ਲੀਟਰ ਦੁੱਧ ਦਿੰਦੀ ਹੈ। ਕੱਛੀ ਦੇ ਇਹ ਊਠ-ਪਾਲਕ ਕੋਸ਼ਿਸ਼ ਕਰਦੇ ਹਨ ਅਤੇ ਹਰੇਕ ਦੂਜੇ ਦਿਨ ਆਪਣੇ ਊਠਾਂ ਨੂੰ ਪਾਣੀ ਪਿਆਉਣ। ਵੈਸੇ ਤਾਂ ਜਦੋਂ ਇਹ ਜਾਨਵਰ ਤਿਆਹਿਆ ਹੋਵੇ ਤਾਂ 15-20 ਮਿੰਟਾਂ ਦੇ ਅੰਦਰ ਅੰਦਰ 70-80 ਲੀਟਰ ਪਾਣੀ ਪੀ ਜਾਂਦਾ ਹੈ। ਪਰ ਉਹ ਬਗ਼ੈਰ ਪਾਣੀ ਪੀਤਿਆਂ ਵੀ ਲੰਬੇ ਸਮੇਂ ਤੱਕ ਰਹਿ ਸਕਦਾ ਹੁੰਦਾ ਹੈ।
ਪਰਬਤ ਰਬਾਰੀ ਕਹਿੰਦੇ ਹਨ ਕਿ ਇਨ੍ਹਾਂ 58 ਊਠਾਂ ਨੂੰ ਦਾਇਰੇ ਵਿੱਚ ਬੱਝੀ ਇਸ ਤਰੀਕੇ ਦੀ ਵਿਵਸਥਾ ਵਿਚਾਲੇ ਚਰਨ ਦੀ ਆਦਤ ਨਹੀਂ ਹੈ। ਵੱਡੇ ਊਠ ਮੂੰਗਫਲੀ ਦਾ (ਰਹਿੰਦ-ਖੂੰਹਦ ਦਾ) ਚਾਰਾ ਖਾ ਲੈਂਦੇ ਹਨ ਪਰ ਇਨ੍ਹਾਂ ਜੁਾਨ ਅਤੇ ਛੋਟੇ ਊਠਾਂ ਨੇ ਇਸ ਤਰੀਕੇ ਦਾ ਚਾਰਾ ਕਦੇ ਨਹੀਂ ਖਾਧਾ ਹੈ। ਅਮਰਾਵਤੀ ਦੀ ਇਸ ਥਾਂ ਤੱਕ ਪਹੁੰਚਣ ਦੇ ਰਸਤੇ ਵਿੱਚ ਉਹ ਸੜਕ ਅਤੇ ਖ਼ੇਤਾਂ ਦੇ ਦੋਪਾਸੀਂ ਲੱਗੇ ਰੁੱਖਾਂ ਦੇ ਪੱਤੇ ਖਾਂਦੇ ਆਏ ਹਨ।
ਪਰਬਤ ਸਾਨੂੰ ਦੱਸਦੇ ਹਨ ਕਿ ਇੱਕ ਜੁਆਨ ਊਠ ਇੱਕ ਦਿਨ ਵਿੱਚ 30 ਕਿਲੋ ਤੱਕ ਚਾਰਾ ਖਾ ਜਾਂਦਾ ਹੈ।
ਇੱਥੋਂ ਦੇ ਡੇਰੇ ਵਿੱਚ ਇਨ੍ਹਾਂ ਡੰਗਰਾਂ ਨੂੰ ਚਾਰੇ ਵਿੱਚ ਕਈ ਤਰ੍ਹਾਂ ਦੀਆਂ ਫ਼ਸਲਾਂ ਜਿਵੇਂ ਸੋਇਆਬੀਨ, ਕਣਕ, ਜਵਾਰ , ਮੱਕੀ, ਛੋਟੇ ਅਤੇ ਵੱਡੇ ਬਾਜਰੇ ਦੀ ਰਹਿੰਦ-ਖੂੰਹਦ ਅਤੇ ਸਦਾਬਹਾਰੀ ਘਾਹ ਦਿੱਤਾ ਜਾਂਦਾ ਹੈ। ਹਿਰਾਸਤ ਵਿੱਚ ਰੱਖੇ ਇਨ੍ਹਾਂ ਊਠਾਂ ਦੀ ਖ਼ੁਰਾਕ ਤਾਂ ਬੱਸ ਹੁਣ ਇਹੀ ਕੁਝ ਹੀ ਹੈ।
ਪਰਬਤ, ਜਾਕਰਾ ਅਤੇ ਦਰਜ਼ਨ ਕੁ ਹੋਰ ਰਬਾਰੀ ਜੋ ਦਹਾਕਿਆਂ ਪਹਿਲਾਂ ਹੀ ਮਹਾਰਾਸ਼ਟਰ ਅਤੇ ਛੱਤੀਸਗੜ੍ਹ ਵਿਖੇ ਜਾ ਵੱਸੇ ਸਨ, ਅਮਰਾਵਤੀ ਵੱਲ ਛੂਟਾਂ ਵੱਟ ਗਏ ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਉਨ੍ਹਾਂ ਦੇ ਬੰਦਿਆਂ ਅਤੇ ਊਠਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਨੇ ਇਨ੍ਹਾਂ ਜਾਨਵਰਾਂ 'ਤੇ ਆਪਣੀ ਉਤਸੁਕ ਨਜ਼ਰ ਟਿਕਾਈ ਹੋਈ ਹੈ।
''ਸਾਰੇ ਊਠਾਂ ਨੂੰ ਬੰਨ੍ਹਿਆ ਨਹੀਂ ਗਿਆ ਸੀ; ਪਰ ਕੁਝ ਕੁ ਨੂੰ ਬੰਨ੍ਹੇ ਜਾਣ ਦੀ ਲੋੜ ਹੈ, ਨਹੀਂ ਤਾਂ ਉਹ ਇੱਕ ਦੂਜੇ ਨੂੰ ਦੰਦੀਆਂ ਵੱਢ ਦੇਣਗੇ ਜਾਂ ਆਉਣ-ਜਾਣ ਵਾਲ਼ਿਆਂ ਲਈ ਮੁਸੀਬਤ ਖੜ੍ਹੀ ਕਰਨਗੇ,'' ਜਾਕਰਾ ਰਬਾਰੀ ਕਹਿੰਦੇ ਹਨ, ਜੋ ਇਸ ਸਮੇਂ ਗੌਰਕਸ਼ਾ ਕੇਂਦਰ ਵਿਖੇ ਹੀ ਤਾਇਨਾਤ ਹਨ ਅਤੇ ਅਦਾਲਤ ਦੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ। ''ਇਹ ਜੁਆਨ ਊਠ (ਨਰ) ਬੜੇ ਹਮਲਾਵਰ ਹੋ ਸਕਦੇ ਹੁੰਦੇ ਨੇ,'' ਉਹ ਕਹਿੰਦੇ ਹਨ।
ਰਬਾਰੀਆਂ ਇਸ ਗੱਲ 'ਤੇ ਅੜ੍ਹੇ ਹੋਏ ਹਨ ਕਿ ਊਠਾਂ ਨੂੰ ਖੁੱਲ੍ਹੇ ਵਿੱਚ ਚਰਾਏ ਜਾਣ ਦੀ ਲੋੜ ਹੈ। ਅਤੀਤ ਦੀਆਂ ਕਈ ਮਿਸਾਲਾਂ ਸਾਹਮਣੇ ਹਨ ਜਦੋਂ ਪੁਲਿਸ ਦੁਆਰਾ ਹਿਰਾਸਤ ਵਿੱਚ ਲਏ ਗਏ ਊਠਾਂ ਦੀ ਕੈਦ ਦੌਰਾਨ ਮੌਤ ਤੱਕ ਹੋ ਗਈ।
ਇਸੇ ਮਸਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੇ ਸਥਾਨਕ ਵਕੀਲ, ਮਨੋਜ ਕਾਲਾ ਦੁਆਰਾ ਹੇਠਲੀ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਜਾ ਰਹੀ ਹੈ ਜਿਸ ਵਿੱਚ ਊਠਾਂ ਦੀ ਜਿੰਨੀ ਛੇਤੀ ਸੰਭਵ ਹੋਵੇ ਰਿਹਾਅ ਕਰਕੇ ਰਬਾਰੀਆਂ ਹੱਥ ਸੌਂਪੇ ਜਾਣ ਦੀ ਅਰਜ਼ੋਈ ਕੀਤੀ ਹੈ। ਕੱਛ ਵਿਖੇ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ, ਭਾਈਚਾਰੇ ਦੇ ਸਥਾਨਕ ਮੈਂਬਰਾਂ ਨੇ ਅਤੇ ਅਲੱਗ-ਅਲੱਗ ਥਾਵਾਂ ਤੋਂ ਆਉਣ ਵਾਲ਼ੇ ਖਰੀਦਦਾਰਾਂ ਨੇ... ਇਨ੍ਹਾਂ ਸਾਰਿਆਂ ਨੇ ਰਲ਼ ਕੇ ਕੇਸ ਲੜਨ, ਵਕੀਲਾਂ ਨੂੰ ਪੈਸੇ ਦੇਣ, ਆਪਣੇ ਰਹਿਣ-ਖਾਣ ਦਾ ਅਤੇ ਸਭ ਤੋਂ ਅਹਿਮ ਇਨ੍ਹਾਂ ਊਠਾਂ ਤੱਕ ਸਹੀ ਚਾਰਾ ਪਹੁੰਚਾਏ ਜਾਣ ਦੇ ਸਾਰੇ ਵਸੀਲਿਆਂ ਰੂਪੀ ਮਦਦ ਦਾ ਬੰਦੋਬਸਤ ਕਰ ਲਿਆ ਹੈ।
ਇਸ ਸਭ ਦੇ ਦਰਮਿਆਨ ਗਾਵਾਂ ਦਾ ਇਹ ਬਸੇਰਾ ਹੀ ਊਠਾਂ ਦੀ ਠ੍ਹਾਰ ਹੈ।
ਗੌਸ਼ਾਲਾ ਚਲਾਉਣ ਵਾਲ਼ੀ ਕਮੇਟੀ ਦੇ ਸਕੱਤਰ ਦੀਪਕ ਮੰਤਰੀ ਕਹਿੰਦੇ ਹਨ,''ਸ਼ੁਰੂ ਸ਼ੁਰੂ ਵਿੱਚ ਉਨ੍ਹਾਂ ਨੂੰ ਖੁਆਉਣ ਨੂੰ ਲੈ ਕੇ ਸਾਨੂੰ ਦਿੱਕਤਾਂ ਆਈਆਂ ਪਰ ਹੁਣ ਅਸੀਂ ਜਾਣਦੇ ਆਂ ਕਿ ਉਨ੍ਹਾਂ ਨੂੰ ਕਿੰਨਾ ਕੁ ਚਾਰਾ ਦੇਣਾ ਹੈ ਅਤੇ ਕਿਸ ਕਿਸਮ ਦਾ ਚਾਰਾ ਦੇਣਾ ਹੈ। ਇਸ ਕੰਮ ਵਿੱਚ ਰਬਾਰੀ ਵੀ ਸਾਡੀ ਮਦਦ ਕਰ ਰਹੇ ਹਨ। ਨੇੜੇ ਹੀ ਸਾਡੀ 300 ਏਕੜ ਖੇਤੀ ਦੀ ਜ਼ਮੀਨ ਹੈ, ਜਿੱਥੋਂ ਅਸੀਂ ਇਨ੍ਹਾਂ ਊਠਾਂ ਵਾਸਤੇ ਹਰਾ ਅਤੇ ਸੁੱਕਾ ਘਾਹ ਲਿਜਾਂਦੇ ਹਾਂ।'' ਉਨ੍ਹਾਂ ਦਾ ਦਾਅਵਾ ਹੈ ਕਿ ''ਇੱਥੇ ਚਾਰੇ ਦੀ ਕੋਈ ਘਾਟ ਨਹੀਂ ਹੈ।'' ਕਮੇਟੀ ਦੇ ਹੀ ਡਾਕਟਰਾਂ ਦੀ ਇੱਕ ਟੀਮ ਨੇ ਇਨ੍ਹਾਂ ਊਠਾਂ ਦੀ ਜਾਂਚ ਕੀਤੀ ਅਤੇ ਸੱਟਾਂ ਦਾ ਇਲਾਜ ਵੀ ਕੀਤਾ। ਦੀਪਕ ਦਾ ਕਹਿਣਾ ਹੈ,''ਸਾਨੂੰ ਇਨ੍ਹਾਂ ਊਠਾਂ ਦੀ ਦੇਖਭਾਲ਼ ਕਰਨ ਵਿੱਚ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੈ।''
ਪਰਬਤ ਰਬਾਰੀ ਕਹਿੰਦੇ ਹਨ,''ਊਠ ਸਹੀ ਢੰਗ ਨਾਲ਼ ਚਾਰਾ ਨਹੀਂ ਖਾ ਰਹੇ।'' ਉਨ੍ਹਾਂ ਨੂੰ ਉਮੀਦ ਹੈ ਕਿ ਅਦਾਲਤ ਉਨ੍ਹਾਂ ਨੂੰ ਹਿਰਾਸਤ 'ਚੋਂ ਕੱਢ ਕੇ ਉਨ੍ਹਾਂ ਦੇ ਮਾਲਕਾਂ ਹਵਾਲੇ ਕਰ ਦਵੇਗੀ। ਉਹ ਕਹਿੰਦੇ ਹਨ,''ਇਹ ਥਾਂ ਉਨ੍ਹਾਂ ਲਈ ਜੇਲ੍ਹ ਵਾਂਗਰ ਹੈ।''
ਇਸੇ ਦਰਮਿਆਨ ਜ਼ਮਾਨਤ 'ਤੇ ਬਾਹਰ ਆਏ ਵੇਰਸੀਭਾਈ ਅਤੇ ਚਾਰ ਹੋਰ ਲੋਕ ਆਪਣੇ ਘਰਾਂ ਨੂੰ ਮੁੜਨ ਲਈ ਬੇਸਬਰੇ ਹੋਏ ਪਏ ਹਨ, ਪਰ ਇਹ ਤਾਂ ਹੀ ਸੰਭਵ ਹੈ ਜਦੋਂ ਊਠਾਂ ਨੂੰ ਰਿਹਾਈ ਮਿਲ਼ੂਗੀ। ਰਬਾਰੀਆਂ ਦੀ ਨੁਮਾਇੰਦਗੀ ਕਰਨ ਵਾਲ਼ੇ ਵਕੀਲ ਮਨੋਜ ਕੱਲਾ ਨੇ ਪਾਰੀ (PARI) ਨੂੰ ਦੱਸਿਆ,''ਸ਼ੁੱਕਰਵਾਰ 21 ਜਨਵਰੀ ਨੂੰ, ਧਾਮਨਗਾਓਂ (ਹੇਠਲੀ ਅਦਾਲਤ) ਦੇ ਨਿਆਇਕ ਮੈਜਿਸਟ੍ਰੇਟ ਨੇ ਪੰਜੋਂ ਊਠ-ਪਾਲਕਾਂ ਨੂੰ 58 ਊਠਾਂ 'ਤੇ ਆਪਣੀ ਮਾਲਕੀ ਨੂੰ ਸਾਬਤ ਕਰਦੇ ਦਸਤਾਵੇਜ ਪੇਸ਼ ਕਰਨ ਨੂੰ ਕਿਹਾ ਹੈ। ਇਹ ਉਨ੍ਹਾਂ ਲੋਕਾਂ ਦੁਆਰਾ ਜਾਰੀ ਕੀਤੀਆਂ ਗਈਆਂ ਰਸੀਦਾਂ ਦੇ ਰੂਪ ਵਿੱਚ ਹੋ ਸਕਦੇ ਹਨ ਜਿਨ੍ਹਾਂ ਕੋਲ਼ੋਂ ਜਾਨਵਰ ਖਰੀਦੇ ਜਾਣ ਦਾ ਦਾਅਵਾ ਕੀਤਾ ਜਾਂਦਾ ਰਿਹਾ ਹੈ।''
ਇਸੇ ਦਰਮਿਆਨ, ਫਿਰ ਤੋਂ ਇਨ੍ਹਾਂ ਊਠਾਂ ਦਾ ਸੰਰਖਣ ਮਿਲ਼ਣ ਦੀ ਉਡੀਕ ਕਰ ਰਹੇ ਰਬਾਰੀ ਵੀ ਆਪਣੇ ਰਿਸ਼ਤੇਦਾਰਾਂ ਅਤੇ ਊਠ ਖਰੀਦਦਾਰਾਂ ਦੇ ਨਾਲ਼, ਅਮਰਾਵਤੀ ਦੇ ਪਸ਼ੂ ਬਸੇਰੇ ਵਿਖੇ ਡੇਰਾ ਪਾਈ ਬੈਠੇ ਹੋਏ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ ਧਾਮਨਗਾਓਂ ਦੀ ਅਦਾਲਤ ਦੇ ਫ਼ੈਸਲੇ 'ਤੇ ਹੀ ਟਿਕੀਆਂ ਹੋਈਆਂ ਹਨ।
ਇਸ ਪੂਰੇ ਘਟਨਾਕ੍ਰਮ ਤੋਂ ਅਣਜਾਣ ਵਿਚਾਰੇ 58 ਊਠ... ਅਜੇ ਵੀ ਕੈਦ ਵਿੱਚ ਹੀ ਹਨ।
ਤਰਜਮਾ: ਕਮਲਜੀਤ ਕੌਰ