ਗ੍ਰਾਮੀਣ ਇਲਾਕਿਆਂ ਵਿੱਚ ਇਹ ਆਵਾਜਾਈ ਦਾ ਇੱਕ ਸਧਾਰਣ ਰੂਪ ਹੈ ਅਤੇ ਇਹ ਉਨ੍ਹਾਂ ਟਰੱਕਾਂ ਜਾਂ ਟਰੱਕ ਚਾਲਕਾਂ ਵਾਸਤੇ ਆਮਦਨੀ ਦਾ ਇੱਕ ਵਸੀਲਾ ਬਣ ਜਾਂਦਾ ਹੈ ਜੋ ਮਾਲ ਢੋਂਹਦੇ ਹਨ ਜਾਂ ਆਪਣੀਆਂ ਮੰਜ਼ਲਾਂ ਵੱਲ ਪਰਤ ਰਹੇ ਹੁੰਦੇ ਹਨ। ਕੋਈ ਵੀ ਇਸ ਰਾਹੀਂ ਸਫ਼ਰ ਕਰ ਸਕਦਾ ਹੈ- ਤੁਸੀਂ ਵੀ ਕਰ ਸਕਦੇ, ਹਾਲਾਂਕਿ ਹਫ਼ਤਾਵਰੀ ਹਾਟ (ਗ੍ਰਾਮੀਣ ਮੰਡੀ) ਤੋਂ ਘਰ ਪਰਤਣ ਦੇ ਇਛੁੱਕ ਲੋਕਾਂ ਦੀ ਭੀੜ ਵਿਚਾਲੇ ਇਹਨੂੰ ਵਾਹਨਾਂ ਲੱਭਣਾ ਜਾਂ ਇਨ੍ਹਾਂ ਤੱਕ ਪਹੁੰਚਣਾ ਅਸਾਨ ਨਹੀਂ ਹੁੰਦਾ। ਗ੍ਰਾਮੀਣ ਭਾਰਤ ਦੇ ਦੂਰ-ਦੁਰਾਡੇ ਇਲਾਕਿਆਂ ਹਰੇਕ ਟਰੱਕ ਜਾਂ ਲਾਰੀ ਚਾਲਕ ਇੱਕ ਸੁਤੰਤਰ ਟੈਕਸੀ ਚਾਲਕ ਹੁੰਦਾ ਹੈ ਜਦੋਂ ਮਾਲਕ ਦੇਖ ਨਹੀਂ ਰਿਹਾ ਹੁੰਦਾ। ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਢੁੱਕਵੀਂ ਆਵਾਜਾਈ ਦੁਰਲੱਭ ਹੈ, ਇਹ ਆਪਣੀ ਅਨਮੋਲ ਸੇਵਾ ਪ੍ਰਦਾਨ ਕਰਦਾ ਹੈ ਅਤੇ ਬੇਸ਼ੱਕ ਮਿਹਨਤਾਨਾ ਲੈ ਕੇ।
ਵਾਹਨ ਉਸ ਸਮੇਂ ਉੜੀਸਾ ਦੇ ਕੋਰਾਪੁਟ ਦੇ ਹਾਈਵੇਅ ਦੇ ਕੋਲ਼ ਇੱਕ ਪਿੰਡ ਦੇ ਨੇੜੇ ਸੀ ਅਤੇ ਲੋਕ ਹਨ੍ਹੇਰੇ ਵਿੱਚ ਘਰ ਜਾਣ ਲਈ ਹੱਥ-ਪੈਰ ਮਾਰ ਰਹੇ ਸਨ। ਇਹ ਜਾਣ ਸਕਣਾ ਔਖਾ ਹੈ ਕਿ ਉਸ ਹਾਲਤ ਵਿੱਚ ਕਿੰਨੇ ਲੋਕ ਸਵਾਰ ਹੋਏ। ਸਿਰਫ਼ ਡਰਾਈਵਰ ਨੂੰ ਹੀ ਮੋਟੀ-ਮੋਟੀ ਅੰਦਾਜਾ ਹੁੰਦਾ ਕਿਉਂਕਿ ਉਹਨੇ ਸਾਰਿਆਂ ਤੋਂ ਕਿਰਾਇਆ ਵਸੂਲਿਆ ਹੁੰਦਾ। ਹਾਲਾਂਕਿ, ਉਹਦਾ ਅੰਦਾਜਾ ਸਹੀ ਨਹੀਂ ਹੋ ਸਕਦਾ ਕਿਉਂਕਿ ਉਹ ਵੱਖੋ-ਵੱਖਰੇ ਸਮੂਹਾਂ ਲਈ ਜਾਂ ਕੁਝ ਪੋਲਟਰੀ ਜਾਂ ਬੱਕਰੀ ਜਾਂ ਵੱਡੀਆਂ ਪੰਡਾਂ ਲਿਜਾਂਦੇ ਲੋਕਾਂ ਲਈ ਥੋੜ੍ਹਾ ਵੱਖਰਾ ਕਿਰਾਇਆ ਵਸੂਲ ਸਕਦਾ ਹੁੰਦਾ ਹੈ। ਉਹ ਕੁਝ ਪੁਰਾਣੇ ਯਾਤਰੀਆਂ ਜਾਂ ਪੁਰਾਣੇ ਗਾਹਕਾਂ ਪਾਸੋਂ ਥੋੜ੍ਹਾ ਘੱਟ ਕਿਰਾਇਆ ਵੀ ਵਸੂਲ ਸਕਦਾ ਹੁੰਦਾ ਹੈ। ਇਹ ਮੁਸਾਫ਼ਰਾਂ ਨੂੰ ਮੁੱਖ ਮਾਰਗ 'ਤੇ ਕੁਝ ਜਾਣ-ਪਛਾਣ ਵਾਲ਼ੀਆਂ ਥਾਵਾਂ 'ਤੇ ਲਾਹੁੰਦਾ ਜਾਂਦਾ ਹੈ। ਉੱਥੋਂ ਉਹ ਇਕੱਠੇ ਹਨ੍ਹੇਰੇ ਵਿੱਚ, ਜੰਗਲਾਂ ਵਿੱਚੋਂ ਦੀ ਹੁੰਦੇ ਹੋਏ ਛੋਹਲੇ ਪੈਰੀਂ ਆਪੋ-ਆਪਣੇ ਘਰਾਂ ਨੂੰ ਪਰਤਦੇ ਜਾਂਦੇ ਹਨ।
ਕਈਆਂ ਨੇ ਹਾਟ ਤੱਕ ਪਹੁੰਚਣ ਲਈ ਕਰੀਬ 30 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ ਅਤੇ ਅਕਸਰ ਉਨ੍ਹਾਂ ਦੇ ਘਰ ਹਾਈਵੇਅ ਤੋਂ ਦੂਰ ਹੁੰਦੇ। ਉਸ ਸਮੇਂ 1994 ਵਿੱਚ ਕੋਰਾਪੁਟ ਵਿੱਚ ਜ਼ਮੀਨੀ ਹਾਲਤਾਂ ਅਤੇ ਕਠਿਨਾਈਆਂ ਦੇ ਅਧਾਰ 'ਤੇ ਉੱਥੋਂ ਦੇ ਲੋਕ ਦੋ ਤੋਂ ਪੰਜ ਰੁਪਏ ਵਿੱਚ ਕਰੀਬ 20 ਕਿਲੋਮੀਟਰ ਤੱਕ ਦੀ ਯਾਤਰਾ ਕਰ ਸਕਦੇ ਸਨ। ਹਰੇਕ ਡਰਾਈਵਰ ਜ਼ਰੂਰਤ ਅਤੇ ਦੋਵਾਂ ਧਿਰਾਂ ਦੀ ਤਤਕਾਰ ਸੌਦੇਬਾਜੀ (ਬਹਿਸਬਾਜੀ) ਦੀ ਸ਼ਕਤੀ ਦੇ ਅਧਾਰ 'ਤੇ ਥੋੜ੍ਹੀ ਵੱਖਰੀ ਕੀਮਤ ਮੰਗ ਸਕਦਾ ਹੁੰਦਾ ਸੀ। ਭਾਵੇਂ ਕਿ ਮੈਂ ਆਵਾਜਾਈ ਦੇ ਇਸ ਸਾਧਨ ਜ਼ਰੀਏ ਹਜਾਰਾਂ ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ ਪਰ ਮੇਰੀ ਸਮੱਸਿਆ ਡਰਾਈਵਰ ਨੂੰ ਇਹ ਯਕੀਨ ਦਵਾਉਣ ਵਿੱਚ ਬਣੀ ਰਹਿੰਦੀ ਕਿ ਮੈਂ ਉਹਦੇ ਮਾਲ-ਅਸਬਾਬ ਦੇ ਨਾਲ਼ ਮਗਰਲੇ ਪਾਸੇ ਬੈਠਣਾ ਚਾਹੁੰਦਾ ਹਾਂ। ਉਹ ਥਾਂ ਉਹਦੇ ਕੈਬਿਨ ਦੇ ਉੱਪਰ ਵੀ ਹੋ ਸਕਦੀ ਹੈ ਪਰ ਕੈਬਿਨ ਦੇ ਅੰਦਰ ਨਹੀਂ।



