ਕੇਹਲਿਆ ਵਸਾਵੇ ਮੱਛਰਦਾਨੀ ਲੱਗੀ ਚਾਰਪਾਈ 'ਤੇ ਪਿੱਠ ਪਰਨੇ ਲੇਟੇ ਹੋਏ ਹਨ ਅਤੇ ਪੀੜ੍ਹ, ਬੇਚੈਨੀ ਕਾਰਨ ਨੀਂਦ ਵਿੱਚ ਹੀ ਵਿਲ਼ਕ ਰਹੇ ਸਨ। ਉਨ੍ਹਾਂ ਦੀ ਬੇਚੈਨੀ ਨੂੰ ਦੇਖ ਕੇ ਉਨ੍ਹਾਂ ਦੀ 18 ਸਾਲਾ ਧੀ ਲੀਲਾ ਨੇ ਕਾਹਲੀ-ਕਾਹਲੀ ਉਨ੍ਹਾਂ ਦੇ ਪੈਰ ਮਲ਼ਣੇ ਸ਼ੁਰੂ ਕਰ ਦਿੱਤੇ ਤਾਂਕਿ ਉਨ੍ਹਾਂ ਨੂੰ ਕੁਝ ਰਾਹਤ ਮਿਲ਼ ਸਕੇ।
ਕਈ ਮਹੀਨਿਆਂ ਤੋਂ, ਉਹ ਪੂਰਾ ਪੂਰਾ ਦਿਨ ਉਸੇ ਮੰਜੇ 'ਤੇ ਲੇਟੇ ਰਹਿੰਦੇ ਹਨ- ਉਨ੍ਹਾਂ ਦੀ ਖੱਬੀ ਗੱਲ੍ਹ 'ਤੇ ਇੱਕ ਫੋੜਾ ਹੈ ਅਤੇ ਸੱਜੀ ਨਾਸ ਥਾਣੀ ਖਾਣਾ ਖੁਆਉਣ ਵਾਲ਼ੀ ਟਿਊਬ ਲੱਗੀ ਹੋਈ ਹੈ। ''ਉਹ ਬਹੁਤਾ ਹਿੱਲ-ਜੁੱਲ ਨਹੀਂ ਕਰਦੇ ਨਾ ਹੀ ਗੱਲ ਕਰਦੇ ਹਨ। ਫ਼ੋੜਾ ਦੁਖਦਾ ਵੀ ਹੈ,'' ਉਨ੍ਹਾਂ ਦੀ ਪਤਨੀ, 42 ਸਾਲਾ ਪੇਸਰੀ ਦੱਸਦੀ ਹਨ।
ਇਸ ਸਾਲ 21 ਜਨਵਰੀ ਨੂੰ, 45 ਸਾਲਾ ਕੇਹਲਿਆ ਨੂੰ ਉੱਤਰ-ਪੱਛਮੀ ਮਹਾਰਾਸ਼ਟਰ ਦੇ ਨੰਦੁਰਬਾਰ ਜ਼ਿਲ੍ਹੇ ਦੇ ਚਿੰਚਾਪਾੜਾ ਕ੍ਰਿਸ਼ਚਿਅਨ ਹਸਪਤਾਲ ਵਿੱਚ ਗੱਲ੍ਹ ਦੇ ਅੰਦਰੂਨੀ ਕੈਂਸਰ (ਬੁੱਕਲ ਮਿਊਕੋਸਾ/ਮੂੰਹ ਦੀ ਝਿੱਲੀ ਦਾ ਕੈਂਸਰ) ਦੀ ਤਸ਼ਖੀਸ ਹੋਈ ਸੀ।
ਉਨ੍ਹਾਂ ਦੀ ਬੀਮਾਰੀ- ਕੈਂਸਰ ਸਿਹਤ ਅਤੇ ਪਰਿਵਾਰ ਕਲਿਆਣਾ ਮੰਤਰਾਲੇ ਦੁਆਰਾ 45 ਤੋਂ 59 ਉਮਰ ਵਰਗ ਦੀ ਟੀਕਾ ਯੋਗਤਾ ਲਈ ਸੂਚੀਬੱਧ 20 ਗੰਭੀਰ ਬੀਮਾਰੀਆਂ ਵਿੱਚੋਂ ਇੱਕ ਸੀ, ਭਾਰਤ ਅੰਦਰ ਜਿਹਦੀ ਸ਼ੁਰੂਆਤ ਕੋਵਿਡ-19 ਟੀਕਾਕਰਨ ਦੇ ਦੂਸਰੇ ਪੜਾਅ ਵਿੱਚ, 1 ਮਾਰਚ ਤੋਂ ਕੀਤੀ ਗਈ ਸੀ। ਮੰਤਰਾਲੇ ਦੇ ਦਿਸ਼ਾ-ਨਿਰਦੇਸ਼ ਕਹਿੰਦੇ ਹਨ ਕਿ ਟੀਕਾਕਰਨ ''ਢੁੱਕਵੀਂ ਉਮਰ-ਸ਼੍ਰੇਣੀਆਂ ਦੇ ਨਾਗਰਿਕਾਂ ਲਈ, ਜਿਸ ਵਿੱਚ 60 ਸਾਲ ਤੋਂ ਵੱਧ ਉਮਰ ਦੇ ਲੋਕ ਅਤੇ ਗੰਭੀਰ ਬੀਮਾਰੀਆਂ ਤੋਂ ਪੀੜਤ 45 ਤੋਂ 60 ਸਾਲ ਦੀ ਉਮਰ ਦੇ ਲੋਕ ਸ਼ਾਮਲ ਹਨ।'' (1 ਅਪ੍ਰੈਲ ਤੋਂ, 45 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਲਈ ਟੀਕਾਕਰਣ ਨੂੰ ਖੋਲ੍ਹ ਦਿੱਤਾ ਗਿਆ ਹੈ, ਭਾਵੇਂ ਉਨ੍ਹਾਂ ਨੂੰ ਕੋਈ ਗੰਭੀਰ ਬੀਮਾਰੀ ਹੋਵੇ ਜਾਂ ਨਾ ਹੋਵੇ)।
ਪਰ ਕੇਲਹਿਆ ਅਤੇ ਪੇਸਰੀ ਲਈ ਉਮਰ ਦੀ ਸੀਮਾ, ਗੰਭੀਰ ਬੀਮਾਰੀਆਂ ਦੀ ਸੂਚੀ ਜਾਂ ਵਿਸਤ੍ਰਿਤ ਯੋਗਤਾ/ਸਮਰੱਥਾ ਅਰਥਹੀਣੇ ਹਨ। ਵਸਾਵੇ ਪਰਿਵਾਰ, ਉਹ ਭੀਲ ਭਾਈਚਾਰੇ ਨਾਲ਼ ਸਬੰਧਤ ਹੈ, ਜੋ ਇੱਕ ਪਿਛੜਿਆ ਕਬੀਲਾ ਹੈ, ਟੀਕੇ ਦੀ ਵਰਤੋਂ ਕਰਨ ਵਿੱਚ ਸਮਰੱਥ ਨਹੀਂ ਹੈ। ਅਕਰਾਨੀ ਤਾਲੁਕਾ ਵਿੱਚ ਉਨ੍ਹਾਂ ਦੀ ਬਸਤੀ, ਕੁੰਭਾਰੀ ਤੋਂ ਨੇੜਲਾ ਟੀਕਾਕਰਨ ਕੇਂਦਰ, ਧੜਗਾਓਂ ਗ੍ਰਾਮੀਣ ਹਸਪਤਾਲ ਵੀ 20 ਕਿਲੋਮੀਟਰ ਦੂਰ ਹੈ। ''ਸਾਨੂੰ ਪੈਦਲ ਤੁਰਨਾ ਪੈਂਦਾ ਹੈ। ਕੋਈ ਹੋਰ ਚਾਰਾ ਵੀ ਤਾਂ ਨਹੀਂ ਨਹੀਂ ਹੈ,'' ਪੇਸਰੀ ਕਹਿੰਦੀ ਹਨ।












