ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੰਬਈ ਦੇ ਨੇੜੇ 3600 ਕਰੋੜ ਦੀ ਲਾਗਤ ਨਾਲ਼ ਤਿਆਰ ਸ਼ਿਵਾਜੀ ਦੇ ਬੁੱਤ ਦਾ ਉਦਘਾਟਨ ਕੀਤਿਆਂ 24 ਘੰਟੇ ਵੀ ਨਹੀਂ ਸਨ ਜਦੋਂ ਕ੍ਰਿਸਮਮ ਦੀ ਸਵੇਰ, ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਮੁੰਬਈ ਤੋਂ 200 ਕਿਲੋਮੀਟਰ ਦੂਰ ਢੋਂਡੇਗਾਓਂ ਵਿਖੇ, ਯਸ਼ਵੰਤ ਤੇ ਹੀਰਾਬਾਈ ਬੇਂਡਕੁਲੇ ਆਪਣੇ ਖੇਤ ਵਿੱਚ ਪੱਕੇ ਹੋਏ ਟਮਾਟਰਾਂ ਦੀਆਂ ਵੇਲ਼ਾਂ ਨੂੰ ਪੁੱਟ ਰਹੇ ਹਨ। ਇਸ ਆਦਿਵਾਸੀ ਜੋੜੇ ਵੱਲੋਂ ਚੰਗੀ-ਭਲੀ ਖੜ੍ਹੀ ਫ਼ਸਲ, ਜਿਸ ਵਿਚ ਉਨ੍ਹਾਂ ਨੇ 20,000 ਰੁਪਏ ਦੇ ਖ਼ਰਚੇ ਤੋਂ ਇਲਾਵਾ ਹੱਥੀਂ ਕਿਰਤ ਵੀ ਕੀਤੀ ਸੀ, ਨੂੰ ਉਜਾੜਨ ਦਾ ਕਾਰਨ ਦੱਸਦਿਆਂ ਯਸ਼ਵੰਤ ਬੁੜਬੁੜਾਉਂਦੇ ਹਨ, “ਇਕ ਮਹੀਨੇ ਤੋਂ ਕੀਮਤਾਂ ਡਿੱਗੀਆਂ ਹੋਈਆਂ ਹਨ। ਹੁਣ ਫ਼ਸਲ ਨੂੰ ਖੜ੍ਹੀ ਰੱਖਣਾ ਵੀ ਸਾਡੇ ਲਈ ਘਾਟੇ ਦਾ ਸੌਦਾ ਹੈ।” ਹੁਣ ਉਹ ਜ਼ਮੀਨ ਦੀ ਵਹਾਈ ਕਰਕੇ ਇਸ ਵਿਚ ਕਣਕ ਬੀਜਣਗੇ। “ਇਸ ਨਾਲ ਘੱਟੋ-ਘੱਟ ਸਾਡੇ ਕੋਲ ਗਰਮੀਆਂ ਵਿਚ ਖਾਣ ਲਈ ਅਨਾਜ ਤਾਂ ਹੋਵੇਗਾ,” ਹੀਰਾਬਾਈ ਕਹਿੰਦੇ ਹਨ।
8 ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੁਆਰਾ ਨੋਟਬੰਦੀ ਦੇ ਐਲਾਨ ਤੋਂ ਬਾਅਦ ਪੈਦਾ ਹੋਈ ਨਕਦੀ ਦੀ ਘਾਟ ਦੇ ਕਾਰਨ ਟਮਾਟਰ ਦੀ ਕੀਮਤਾਂ ਹੋਰ ਥੱਲੇ ਡਿੱਗ ਪਈਆਂ ਜੋ ਪਹਿਲਾਂ ਹੀ ਹੇਠਾਂ ਚੱਲ ਰਹੀਆਂ ਸਨ। ਨਾਸਿਕ ਸ਼ਹਿਰ ਤੋਂ 20 ਕਿਲੋਮੀਟਰ ਦੂਰ ਗਿਰਨਾਰੇ ਮੰਡੀ ਵਿਚ ਹੁਣ ਟਮਾਟਰ ਦੀਆਂ ਕੀਮਤਾਂ 50 ਪੈਸੇ ਤੋਂ ਲੈ ਕੇ 2 ਰੁਪਏ ਪ੍ਰਤੀ ਕਿਲੋ ਤੱਕ ਰਹਿ ਗਈਆਂ ਹਨ। ਇਹ ਕੀਮਤਾਂ ਏਨੀਆਂ ਘੱਟ ਹਨ ਕਿ ਕਿਸਾਨ ਆਪਣੀ ਉਪਜ ਦੀ ਵਾਢੀ ਅਤੇ ਢੋਆ-ਢੁਆਈ ਦਾ ਖ਼ਰਚ ਵੀ ਨਹੀਂ ਕੱਢ ਪਾ ਰਹੇ। ਪਰਚੂਨ ਬਜ਼ਾਰ ਵਿਚ ਇਹ ਕੀਮਤਾਂ 6 ਤੋਂ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਚੱਲ ਰਹੀਆਂ ਹਨ। ਭਾਰਤ ਦੇ ਪ੍ਰਸਿੱਧ ਬਾਗਬਾਨੀ ਜ਼ਿਲ੍ਹਿਆਂ ਵਿਚੋਂ ਇਕ, ਪੂਰੇ ਨਾਸਿਕ ਵਿਚ, ਮਾਯੂਸ ਕਿਸਾਨ ਆਪਣੀ ਖੜ੍ਹੀ ਫ਼ਸਲ ਨੂੰ ਪੁੱਟ ਰਹੇ ਹਨ, ਇਸ ਨੂੰ ਬਾਹਰ ਢੇਰ ਕਰ ਰਹੇ ਹਨ, ਅਤੇ ਪਸ਼ੂਆਂ ਨੂੰ ਸਬਜ਼ੀਆਂ ਦੇ ਖੇਤਾਂ ਵਿਚ ਚਰਨ ਲਈ ਭੇਜਿਆ ਜਾ ਰਿਹਾ ਹੈ। ਜਦਕਿ ਵਰਖਾ ਰੁੱਤ (ਮੌਨਸੂਨ) ਵਿਚ ਇਨ੍ਹਾਂ ਕਿਸਾਨਾਂ ਨੇ ਖੇਤਾਂ ਵਿਚ ਪ੍ਰਤੀ ਏਕੜ 30,000 ਰੁਪਏ ਤੋਂ ਲੈ ਕੇ 1.5 ਲੱਖ ਰੁਪਏ ਤੱਕ ਨਿਵੇਸ਼ ਕੀਤਾ ਹੈ।






