''ਅੱਜ ਤੁਸੀਂ ਦੁਕਾਨ ਤੋਂ ਹਰ ਸ਼ੈਅ ਖਰੀਦ ਸਕਦੇ ਹੋ। ਪਰ, ਧਾਰਮਿਕ ਰਿਵਾਜਾਂ ਵਿੱਚ ਇਸਤੇਮਾਲ ਹੋਣ ਵਾਲ਼ੇ ਮਿੱਟੀ ਦੇ ਭਾਂਡੇ ਸਿਰਫ਼ ਸਾਡੇ ਭਾਈਚਾਰੇ ਭਾਵ ਕੋਟਾ ਕਬੀਲੇ ਦੀਆਂ ਔਰਤਾਂ ਦੁਆਰਾ ਹੀ ਬਣਾਏ ਜਾਂਦੇ ਹਨ,'' ਸੁਗੀ ਰਾਧਾਕ੍ਰਿਸ਼ਨ ਕਹਿੰਦੀ ਹਨ। ਉਹ 63 ਸਾਲਾਂ ਦੀ ਹਨ ਤੇ ਆਦਿਵਾਸੀ ਬਸਤੀ ਤਿਰੂਚਿਗੜੀ, ਜਿਹਨੂੰ ਉਹ 'ਤਿਰਚਕਾੜ' ਕਹਿੰਦੀ ਹਨ, ਦੀ ਔਰਤ ਘੁਮਿਆਰਾਂ ਦੀ ਇੱਕ ਲੰਬੀ ਕਤਾਰ ਵਿੱਚੋਂ ਇੱਕ ਹਨ- ਕੋਟਾ ਲੋਕ ਆਪਣੀਆਂ ਬਸਤੀਆਂ ਨੂੰ ਥੋੜ੍ਹਾ ਅੱਡ ਨਾਮ ਲੈ ਕੇ ਸੱਦਦੇ ਹਨ। ਇਹ ਬਸਤੀ ਤਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਦੇ ਕੋਟਾਗਿਰੀ ਸ਼ਹਿਰ ਦੇ ਨੇੜੇ ਉਧਗਮੰਡਲਮ ਤਾਲੁਕਾ ਵਿਖੇ ਪੈਂਦੀ ਹੈ।
ਘਰੇ, ਸੁਗੀ ਆਮ ਤੌਰ 'ਤੇ ਕੋਟਾ ਔਰਤਾਂ ਦੀ ਰਵਾਇਤੀ ਪੁਸ਼ਾਕ ਵਿੱਚ ਚਿੱਟੀ ਚਾਦਰ (ਜਿਹਨੂੰ ਕੋਟਾ ਭਾਸ਼ਾ ਵਿੱਚ ਦੁਪਿਟ ਕਹਿੰਦੇ ਹਨ) ਅਤੇ ਇੱਕ ਚਿੱਟੀ ਸ਼ਾਲ ਹੀ ਪਹਿਨਦੀ ਹਨ, ਜਿਹਨੂੰ ਵਰਾਦ ਕਿਹਾ ਜਾਂਦਾ ਹੈ। ਕੋਟਾਗਿਰੀ ਅਤੇ ਹੋਰ ਸ਼ਹਿਰਾਂ ਵਿੱਚ ਕੰਮ ਕਰਦੇ ਸਮੇਂ, ਤਿਰੂਚਿਗੜੀ ਦੀਆਂ ਔਰਤਾਂ ਤੇ ਪੁਰਸ਼ ਸਦਾ ਰਵਾਇਤੀ ਕੱਪੜੇ ਨਹੀਂ ਪਾਉਂਦੇ, ਜੋ ਕੱਪੜੇ ਉਹ ਆਪਣੀ ਬਸਤੀ ਵਿਖੇ ਪਾਉਂਦੇ ਹਨ। ਸੁਗੀ ਨੇ ਤੇਲ ਲੱਗੇ ਆਪਣੇ ਵਾਲ਼ਾਂ ਨੂੰ ਵਲੇਵਾਂ ਪਾ ਕੇ ਲੇਟਵਾਂ (ਚਪਟਾ) ਜੂੜਾ ਬਣਾਇਆ ਹੋਇਆ ਹੈ, ਵਾਲ਼ ਬੰਨ੍ਹਣ ਦਾ ਇਹ ਤਰੀਕਾ ਉਨ੍ਹਾਂ ਦੇ ਭਾਈਚਾਰੇ ਦਾ ਹੈ। ਉਹ ਆਪਣੇ ਘਰ ਨਾਲ਼ ਲੱਗਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਸਾਡਾ ਸੁਆਗਤ ਕਰਦੀ ਹਨ ਜਿੱਥੇ ਉਨ੍ਹਾਂ ਵੱਲੋਂ ਮਿੱਟੀ ਦੇ ਭਾਂਡੇ ਬਣਾਏ ਜਾਂਦੇ ਹਨ।
''ਭਾਂਡੇ ਬਣਾਉਣ ਦੇ ਤਰੀਕੇ ਨੂੰ 'ਸਿਖਾਉਣ' ਦਾ ਕੋਈ ਰਸਮੀ ਢੰਗ ਨਹੀਂ ਹੈ। ਮੈਂ ਆਪਣੀ ਦਾਦੀ ਦੇ ਕੰਮ ਕਰਦੇ ਹੱਥਾਂ ਨੂੰ ਦੇਖਿਆ ਹੈ। ਵੇਲ਼ਣਾਕਾਰ ਭਾਂਡਿਆਂ ਨੂੰ ਗੋਲ਼ਾਕਾਰ ਬਣਾਉਣ ਲਈ ਬਾਹਰੀ ਪਰਤ 'ਤੇ ਲੱਕੜ ਨਾਲ਼ ਘੰਟਿਆਂ-ਬੱਧੀ ਥਪੇੜੇ ਮਾਰਨੇ ਪੈਂਦੇ ਹਨ, ਜਦੋਂਕਿ ਅੰਦਰਲੇ ਪਾਸਿਓਂ ਇੱਕ ਗੋਲ਼ ਪੱਥਰ ਦੀ ਸਹਾਇਤਾ ਨਾਲ਼ ਲਗਾਤਾਰ ਰਗੜਦੇ ਵੀ ਰਹਿਣਾ ਪੈਂਦਾ ਹੈ। ਇੰਝ ਕਰਨ ਨਾਲ਼ ਮਿੱਟੀ ਦੇ ਛੇਕ ਮੁੱਕਣ ਲੱਗਦੇ ਹਨ ਪਰ ਪੱਥਰ ਤੇ ਥਾਪ ਦਾ ਇਕਸਾਰ ਚੱਲਣਾ ਲਾਜ਼ਮੀ ਹੈ ਤਾਂਕਿ ਨਮੀ ਸੁੱਕਣ ਕਾਰਨ ਤ੍ਰੇੜਾਂ ਨਾ ਉੱਭਰ ਆਉਣ। ਇਹੋ ਜਿਹੇ ਭਾਂਡੇ ਵਿੱਚ ਬਹੁਤ ਹੀ ਲਜੀਜ਼ ਚੌਲ਼ ਬਣਦੇ ਹਨ। ਅਸੀਂ ਸਾਂਭਰ ਬਣਾਉਣ ਲਈ ਘੁੱਟਵੇਂ ਮੂੰਹ ਵਾਲ਼ੇ ਭਾਂਡੇ ਦਾ ਇਸਤੇਮਾਲ ਕਰਦੇ ਹਾਂ। ਇਹ ਬੜਾ ਸੁਆਦੀ ਬਣਦਾ ਹੈ, ਤੁਹਾਨੂੰ ਵੀ ਜ਼ਰੂਰ ਖਾਣਾ ਚਾਹੀਦਾ ਹੈ।''









