ਮੁਕੇਸ਼ ਰਾਮ ਦਿਵਾਲੀ ਤੋਂ 10 ਦਿਨ ਪਹਿਲਾਂ ਆਪਣੇ ਪਿੰਡ ਮੁਹੰਮਦਪੁਰ ਪਰਤ ਆਏ ਸਨ। ਉਹ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਵਿਖੇ ਨਿਰਮਾਣ-ਮਜ਼ਦੂਰ ਵਜੋਂ ਕੰਮ ਕਰਦੇ ਸਨ।
40 ਸਾਲਾ ਮੁਕੇਸ਼ ਹਰ ਸਾਲ ਛਠ ਪੂਜਾ ਮੌਕੇ ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਵਿਖੇ ਪੈਂਦੇ ਆਪਣੇ ਘਰ ਮੁੜ ਹੀ ਆਉਂਦੇ ਸਨ। ਇਹ ਤਿਓਹਾਰ ਦੀਵਾਲੀ ਦੇ ਛੇਵੇਂ ਦਿਨ ਚੜ੍ਹਦੇ ਸੂਰਜ ਨਾਲ਼ ਮਨਾਇਆ ਜਾਂਦਾ ਹੈ। ਉਨ੍ਹਾਂ ਦੀ ਪਤਨੀ ਪ੍ਰਭਾਵਤੀ ਦੇਵੀ ਆਪਣੇ ਪਤੀ ਅਤੇ ਉਨ੍ਹਾਂ ਦੇ ਚਾਰੇ ਬੱਚੇ ਪਿਤਾ ਦੇ ਘਰ ਮੁੜਨ 'ਤੇ ਬੜੇ ਖ਼ੁਸ਼ ਸਨ।
ਪਿੰਡ ਮੁੜਨ ਤੋਂ ਬਾਅਦ, ਉਹ ਘਰੋਂ ਕਰੀਬ ਛੇ ਕਿਲੋਮੀਟਰ ਦੂਰ ਪੈਂਦੇ ਮੰਗਲਪੁਰ ਪੁਰਾਣੇ ਬਜ਼ਾਰ ਵਿੱਚ ਇੱਕ ਉਸਾਰੀ ਵਾਲ਼ੀ ਥਾਂ 'ਤੇ ਮਜ਼ਦੂਰੀ ਕਰਨ ਲੱਗੇ ਸਨ। ਉਹ ਸਵੇਰੇ 8 ਵਜੇ ਘਰੋਂ ਨਿਕਲ਼ਦੇ ਸਨ ਤੇ ਸ਼ਾਮੀਂ 6 ਵਜੇ ਘਰ ਮੁੜਦੇ।
ਪਰ 2 ਨਵੰਬਰ, 2021 ਨੂੰ ਉਹ ਦੇਰੀ ਨਾਲ਼ ਘਰ ਮੁੜੇ ਤੇ ਥੋੜ੍ਹੀ ਹੀ ਦੇਰ ਬਾਅਦ ਪੀੜ੍ਹ ਨਾਲ਼ ਫੱਟਦੇ ਜਾਂਦੇ ਸਿਰ ਦੀ ਸ਼ਿਕਾਇਤ ਕਰਨ ਲੱਗੇ।
ਉਹ ਸਵੇਰ ਤੱਕ ਪੀੜ੍ਹ ਨਾਲ਼ ਵਿਲ਼ਕਦੇ ਰਹੇ ਤੇ ਉਹ ਆਪਣੀ ਅੱਖਾਂ ਵੀ ਖੁੱਲ੍ਹੀਆਂ ਨਾ ਰੱਖ ਸਕੇ।
ਹਾਲਾਂਕਿ, ਸਵੇਰ ਦੇ ਵੇਲ਼ੇ ਮੁਕੇਸ਼ ਇੱਕ ਵਾਰ ਕੰਮ 'ਤੇ ਜਾਣ ਲਈ ਤਿਆਰ ਵੀ ਹੋਏ, ਪਰ ਪੀੜ੍ਹ ਕਾਰਨ ਜਾ ਨਾ ਸਕੇ।
ਉਨ੍ਹਾਂ ਦੀ ਹਾਲਤ ਦੇਖਦੇ ਹੋਏ, ਪ੍ਰਭਾਵਤੀ ਨੇ ਕਿਰਾਏ 'ਤੇ ਨਿੱਜੀ ਵਾਹਨ ਬੁੱਕ ਕੀਤਾ ਤੇ ਉਨ੍ਹਾਂ ਨੂੰ 35 ਕਿਲੋਮੀਟਰ ਦੂਰ ਗੋਪਾਲਗੰਜ ਸ਼ਹਿਰ ਦੇ ਨਿੱਜੀ ਹਸਪਤਾਲ ਲੈ ਗਈ। ''ਸੁਬੇਰੇ ਲੇ ਜਾਤ, ਲੇ ਜਾਤ, 11 ਬਜੇ ਮਊਗਤ ਲੇ ਗਇਲ (ਸਵੇਰੇ ਹਸਪਤਾਲ ਲਿਜਾਂਦਿਆਂ 11 ਵਜੇ ਉਨ੍ਹਾਂ ਦੀ ਮੌਤ ਹੋ ਗਈ)''।
ਪਤੀ ਦੀ ਮੌਤ ਨਾਲ਼ ਟੁੱਟ ਚੁੱਕੀ ਪ੍ਰਭਾਵਤੀ (35 ਸਾਲ) ਸ਼ਾਮ ਨੂੰ ਜਦੋਂ ਆਪਣੇ ਮ੍ਰਿਤਕ ਪਤੀ ਦੇ ਨਾਲ਼ ਘਰ ਮੁੜੀ ਤਾਂ ਉਨ੍ਹਾਂ ਦੇ ਪੱਕੇ ਮਕਾਨ ਨੂੰ ਸੀਲ ਕੀਤਾ ਜਾ ਚੁੱਕਿਆ ਸੀ। ਮੁਹੰਮਦਪੁਰ ਥਾਣੇ ਦੀ ਪੁਲਿਸ ਨੇ ਉਨ੍ਹਾਂ ਦੇ ਘਰੇ ਛਾਪੇਮਾਰੀ ਕੀਤੀ ਸੀ।










