25 ਮੀਟਰ ਦੀ ਉੱਚਾਈ ਤੋਂ ਹੇਠਾਂ ਵੱਲ ਦੇਖਦੇ ਹੋਏ ਹੁਮਾਯੂੰ ਸ਼ੇਖ ਹਿੰਦੀ ਵਿੱਚ ਕਹਿੰਦੇ ਹਨ, "ਪਰ੍ਹੇ ਹੋ ਜਾਓ, ਫਲ ਸਿਰ 'ਤੇ ਡਿੱਗੇਗਾ।''
ਇਹ ਯਕੀਨੀ ਬਣਾਉਂਦੇ ਹੋਏ ਕਿ ਕੋਈ ਵੀ ਰੁੱਖ ਦੇ ਹੇਠਾਂ ਨਾ ਹੋਵੇ, ਉਹ ਆਪਣੀ ਤਿੱਖੀ ਤਲਵਾਰ ਨਾਲ਼ ਨਾਰੀਅਲ ਦੇ ਗੁੱਛੇ ਨੂੰ ਕੱਟਦੇ ਹਨ ਤੇ ਅਗਲੇ ਦੀ ਪਲ ਨਾਰੀਅਲਾਂ ਦਾ ਮੀਂਹ ਵਰ੍ਹਨ ਲੱਗਦਾ ਹੈ।
ਕੁਝ ਮਿੰਟਾਂ ਵਿੱਚ ਕੰਮ ਖਤਮ ਕਰਨ ਤੋਂ ਬਾਅਦ, ਉਹ ਰੁੱਖ ਤੋਂ ਹੇਠਾਂ ਉੱਤਰ ਆਉਂਦੇ ਹਨ। ਰੁੱਖ 'ਤੇ ਚੜ੍ਹਨ ਦਾ ਉਨ੍ਹਾਂ ਦਾ ਢੰਗ ਇੰਨਾ ਸ਼ਾਨਦਾਰ ਹੁੰਦਾ ਹੈ ਕਿ ਅਗਲੇ ਚਾਰ ਮਿੰਟਾਂ ਵਿੱਚ ਉਹ ਰੁੱਖ ਦੇ ਸਿਰੇ 'ਤੇ ਹੁੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਉਹ ਰਵਾਇਤੀ ਤਰੀਕੇ ਨਾਲ਼ ਨਾਰੀਅਲ ਵੱਢਣ ਵਾਲ਼ਿਆਂ ਵਾਂਗਰ ਰੱਸੀ ਦੀ ਮਦਦ ਨਾਲ਼ ਦਰੱਖਤ 'ਤੇ ਨਹੀਂ ਚੜ੍ਹਦੇ ਸਗੋਂ ਇੱਕ ਔਜ਼ਾਰ ਦੀ ਵਰਤੋਂ ਕਰਦੇ ਹਨ। ਇਹ ਇੱਕ ਰੁੱਖ 'ਤੇ ਚੜ੍ਹਨ ਅਤੇ ਉਤਰਨ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਹੈ।
ਜਿਹੜੇ ਸੰਦ ਦੀ ਉਹ ਵਰਤੋਂ ਕਰਦੇ ਹਨ ਉਹ ਕਿਸੇ ਫੁੱਟ-ਰੈਸਟ ਵਾਂਗਰ ਜਾਪਣ ਵਾਲ਼ੀ ਜੋੜੀ ਜਿਹਾ ਲੱਗਦਾ ਹੈ। ਇਹਦੇ ਨਾਲ਼ ਲੰਬੀ ਜਿਹੀ ਰੱਸੀ ਜੁੜੀ ਹੁੰਦੀ ਹੈ ਜੋ ਟਾਹਣ ਦੇ ਦੁਆਲ਼ੇ ਲਿਪਟਦੀ ਜਾਂਦੀ ਹੈ। ਹਮਾਯੂੰ ਰੁੱਖ 'ਤੇ ਕੁਝ ਇੰਝ ਚੜ੍ਹਦੇ ਹਨ ਜਿਵੇਂ ਪੌੜੀਆਂ ਚੜੀਦੀਆਂ ਹਨ।








