ਸਾਡਾ ਆਦਿਵਾਸੀਆਂ ਦਾ ਨਵ-ਜੰਮੇ ਬੱਚਿਆਂ ਦਾ ਨਾਮ ਰੱਖਣ ਦਾ ਆਪਣਾ ਹੀ ਤਰੀਕਾ ਹੁੰਦਾ ਹੈ। ਅਸੀਂ ਇਹ ਨਾਮ ਨਦੀਆਂ, ਜੰਗਲਾਂ, ਆਪਣੀਆਂ ਜ਼ਮੀਨਾਂ, ਦਿਨਾਂ ਜਾਂ ਖ਼ਾਸ ਤਰੀਕਾਂ ਜਾਂ ਆਪਣੇ ਪੁਰਖ਼ਿਆਂ ਦੇ ਨਾਵਾਂ ਤੋਂ ਰੱਖ ਲਿਆ ਕਰਦੇ ਸਾਂ। ਪਰ, ਸਮੇਂ ਦੇ ਨਾਲ਼ ਨਾਲ਼, ਸਾਡਾ ਨਾਮ ਰੱਖਣ ਦਾ ਇਹ ਤਰੀਕਾ ਵੀ ਖੋਹ ਲਿਆ ਗਿਆ। ਸੰਗਠਤ ਧਰਮ ਅਤੇ ਧਰਮ ਪਰਿਵਰਤਨ ਦੀ ਹਨ੍ਹੇਰੀ ਨੇ ਇਸ ਵਿਲੱਖਣ ਤੇ ਮੂਲ਼ ਅਧਿਕਾਰ ਨੂੰ ਹੀ ਖੋਹ ਲਿਆ। ਸਮੇਂ ਦੇ ਨਾਲ਼ ਨਾਲ਼ ਸਾਡੇ ਨਾਮ ਬਦਲੇ ਜਾਂਦੇ ਰਹੇ। ਜਦੋਂ ਇਹ ਆਦਿਵਾਸੀ ਬੱਚੇ ਸ਼ਹਿਰਾਂ ਦੇ ਆਧੁਨਿਕ ਸਕੂਲਾਂ ਵਿੱਚ ਪੜ੍ਹਨ ਜਾਂਦੇ ਹਨ ਤਾਂ ਕੋਈ ਵੀ ਸੰਗਠਤ ਧਰਮ ਆਪਣੇ ਹਿਸਾਬ ਨਾਲ਼ ਉਨ੍ਹਾਂ ਦੇ ਨਾਮ ਰੱਖ ਦਿੰਦਾ ਹੈ। ਸਰਟੀਫ਼ਿਕੇਟ ਵੀ ਉਨ੍ਹਾਂ ਦੇ ਜ਼ਬਰਦਸਤੀ ਰੱਖੇ ਨਾਵਾਂ ‘ਤੇ ਹੀ ਜਾਰੀ ਹੁੰਦੇ ਹਨ। ਇਸ ਤਰੀਕੇ ਨਾਲ਼ ਉਨ੍ਹਾਂ ਦੀ ਭਾਸ਼ਾ, ਉਨ੍ਹਾਂ ਦੇ ਨਾਵਾਂ, ਉਨ੍ਹਾਂ ਦੇ ਸੱਭਿਆਚਾਰ, ਉਨ੍ਹਾਂ ਦੇ ਪੂਰੇ ਇਤਿਹਾਸ ਦੀ ਹੱਤਿਆ ਹੁੰਦੀ ਹੀ ਰਹਿੰਦੀ ਹੈ। ਇਹ ਸਾਜ਼ਸ਼ ਹੈ ਨਾਮ ਖੋਹਣ ਦੀ ਤੇ ਨਾਮ ਰੱਖਣ ਦੀ। ਅੱਜ ਅਸੀਂ ਉਸ ਜ਼ਮੀਨ ਦੀ ਤਲਾਸ਼ ਕਰ ਰਹੇ ਹਾਂ ਜਿਸ ਨਾਲ਼ ਸਾਡਾ ਇਤਿਹਾਸ ਜੁੜਿਆ ਹੈ ਤੇ ਜਿਸ ਜ਼ਮੀਨ ਵਿੱਚ ਸਾਡੀਆਂ ਜੜ੍ਹਾਂ ਹਨ। ਅਸੀਂ ਉਨ੍ਹਾਂ ਦਿਨਾਂ ਅਤੇ ਤਰੀਕਾਂ ਦੀ ਭਾਲ਼ ਵਿੱਚ ਹਾਂ ਜਿਨ੍ਹਾਂ ਨਾਲ਼ ਸਾਡਾ ਵਜੂਦ ਜੁੜਿਆ ਹੈ।

ਜਸਿੰਤਾ ਕੇਰਕੇਟਾ ਦੀ ਅਵਾਜ਼ ਵਿੱਚ, ਹਿੰਦੀ ਵਿੱਚ ਇਸ ਕਵਿਤਾ ਦਾ ਪਾਠ ਸੁਣੋ

ਪ੍ਰਤਿਸ਼ਠਾ ਪਾਂਡਿਆ ਦੀ ਅਵਾਜ਼ ਵਿੱਚ, ਇਸ ਕਵਿਤਾ ਦਾ ਅੰਗਰੇਜ਼ੀ ਤਰਜ਼ਮਾ ਸੁਣੋ

ਇਹ ਕਿਹਦਾ ਨਾਮ ਹੈ ?

ਮੈਂ ਸੋਮਵਾਰ ਨੂੰ ਜੰਮਿਆ
ਸੋ ਸੋਮਰਾ ਕਹਾਇਆ
ਮੈਂ ਮੰਗਲਵਾਰ ਨੂੰ ਜੰਮਿਆ
ਸੋ ਮੰਗਲ, ਮੰਗਰ ਜਾਂ ਮੰਗਰਾ ਕਹਾਇਆ
ਮੈਂ ਬੁੱਧਵਾਰ (ਬ੍ਰਹਿਸਪਤਿਵਾਰ) ਨੂੰ ਜੰਮਿਆ
ਸੋ ਬੁੱਧ (ਬਿਰਸਾ) ਕਹਾਇਆ

ਮੈਂ ਦਿਨ, ਤਰੀਕ ਵਾਂਗਰ
ਸਮੇਂ ਦੀ ਹਿੱਕ ‘ਤੇ ਸਾਂ ਖੜ੍ਹਿਆ
ਪਰ ਉਹ ਆਏ ਤੇ ਉਨ੍ਹਾਂ ਮੇਰਾ ਨਾਮ ਬਦਲ ਦਿੱਤਾ
ਉਹ ਦਿਨ, ਤਰੀਕਾਂ ਸਭ ਮਿਟਾ ਛੱਡੀਆਂ
ਜਿਨ੍ਹਾਂ ਨਾਲ਼ ਮੇਰਾ ਵਜੂਦ ਜੁੜਿਆ ਸੀ

ਹੁਣ ਮੈਂ ਰਮੇਸ਼, ਨਰੇਸ਼ ਅਤੇ ਮਹੇਸ਼ ਹਾਂ
ਅਲਬਰਟ, ਗਿਲਬਰਟ ਜਾਂ ਅਲਫ੍ਰੈਡ ਹਾਂ
ਹਰ ਉਸ ਦੁਨੀਆ ਦਾ ਨਾਮ ਮੇਰੇ ਕੋਲ਼ ਹੈ
ਜਿਸ ਨਾਲ਼ ਮੇਰਾ ਕੋਈ ਵਾਹ-ਵਾਸਤਾ ਨਹੀਂ
ਜਿਹਦਾ ਇਤਿਹਾਸ ਮੇਰਾ ਇਤਿਹਾਸ ਨਹੀਂ

ਮੈਂ ਉਨ੍ਹਾਂ ਦੇ ਇਤਿਹਾਸ ਦੇ ਅੰਦਰ
ਆਪਣਾ ਇਤਿਹਾਸ ਪਿਆਂ ਲੱਭਦਾ
ਤੇ ਦੇਖ ਰਿਹਾਂ ਕਿ
ਦੁਨੀਆ ਦੇ ਹਰ ਖੂੰਝੇ, ਹਰ ਥਾਵੇਂ
ਮੇਰੀ ਹੀ ਹੱਤਿਆ ਆਮ ਹੈ
ਤੇ ਹਰ ਹੱਤਿਆ ਦਾ
ਕੋਈ ਨਾ ਕੋਈ ਸੁੰਦਰ ਨਾਮ ਹੈ।


ਤਰਜਮਾ: ਕਮਲਜੀਤ ਕੌਰ

Poem and Text : Jacinta Kerketta

ਉਰਾਂਵ ਆਦਿਵਾਸੀ ਭਾਈਚਾਰੇ ਨਾਲ਼ ਤਾਅਲੁਕ ਰੱਖਣ ਵਾਲ਼ੀ ਜੰਸਿਤਾ ਕੇਰਕੇਟਾ, ਝਾਰਖੰਡ ਦੇ ਪੇਂਡੂ ਇਲਾਕਿਆਂ ਵਿੱਚ ਯਾਤਰਾਵਾਂ ਕਰਦੀ ਹਨ ਅਤੇ ਸੁਤੰਤਰ ਲੇਖਕ ਅਤੇ ਰਿਪੋਰਟ ਵਜੋਂ ਕੰਮ ਕਰਦੀ ਹਨ। ਉਹ ਆਦਿਵਾਸੀ ਭਾਈਚਾਰਿਆਂ ਦੇ ਸੰਘਰਸ਼ਾਂ ਨੂੰ ਬਿਆਨ ਕਰਨ ਵਾਲ਼ੀ ਕਵਿਤਰੀ ਵੀ ਹਨ ਅਤੇ ਆਦਿਵਾਸੀਆਂ ਖ਼ਿਲਾਫ਼ ਹੋਣ ਵਾਲ਼ੇ ਅਨਿਆ ਖ਼ਿਲਾਫ਼ ਅਵਾਜ਼ ਵੀ ਬੁਲੰਦ ਕਰਦੀ ਹਨ।

Other stories by Jacinta Kerketta
Painting : Labani Jangi

ਲਾਬਨੀ ਜਾਂਗੀ 2020 ਤੋਂ ਪਾਰੀ ਦੀ ਫੈਲੋ ਹਨ, ਉਹ ਵੈਸਟ ਬੰਗਾਲ ਦੇ ਨਾਦਿਆ ਜਿਲ੍ਹਾ ਤੋਂ ਹਨ ਅਤੇ ਸਵੈ-ਸਿੱਖਿਅਤ ਪੇਂਟਰ ਵੀ ਹਨ। ਉਹ ਸੈਂਟਰ ਫਾਰ ਸਟੱਡੀਜ ਇਨ ਸੋਸ਼ਲ ਸਾਇੰਸ, ਕੋਲਕਾਤਾ ਵਿੱਚ ਮਜ਼ਦੂਰ ਪ੍ਰਵਾਸ 'ਤੇ ਪੀਐੱਚਡੀ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹਨ।

Other stories by Labani Jangi
Editor : Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Other stories by Pratishtha Pandya
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur