ਰਾਜਿੰਦਰ ਦੋ ਪੱਤੇ ਅਤੇ ਇੱਕ ਕਲੀ ਦੀ ਸਖ਼ਤ ਭਾਲ਼ ਕਰ ਰਿਹਾ ਹੈ। ਉਸ ਦੀਆਂ ਉਂਗਲਾਂ ਢਲਾਣਦਾਰ ਪਹਾੜੀ 'ਤੇ ਲਗਾਏ ਚਾਹ ਦੇ ਪੌਦਿਆਂ ਨੂੰ ਛੂਹ ਕੇ ਅੱਗੇ ਵੱਧਦੀਆਂ ਜਾਂਦੀਆਂ ਹਨ। ਉਸ ਦੀ ਪਤਨੀ ਸੁਮਨਾ ਦੇਵੀ ਉਸ ਦੇ ਕੋਲ਼ ਹੀ ਟੋਕਰੀ ਫੜ੍ਹ ਕੇ ਖੜ੍ਹੀ ਹੈ। ਹਿਮਾਲਿਆ ਦੀ ਧੌਲਾਧਾਰ ਪਹਾੜੀ ਲੜੀ 'ਤੇ ਉੱਗੇ ਚਾਹ ਦੇ ਬੂਟਿਆਂ ਦੇ ਕੰਢਿਆਂ 'ਤੇ ਲੱਗੇ ਓਹੀ ਦੇ ਰੁੱਖਾਂ ਦੇ ਪਰਛਾਵਿਆਂ ਸਾਹਵੇਂ ਮਨੁੱਖ ਵੀ ਬੌਣਾ ਜਾਪਣ ਲੱਗਦਾ ਹੈ।
ਇਹ ਵਾਢੀ ਦਾ ਸਮਾਂ ਸੀ ਪਰ ਰਾਜਿੰਦਰ ਸਿੰਘ ਦੇ ਹੱਥ ਕਰੂੰਬਲਾਂ ਨਹੀਂ ਆ ਰਹੀਆਂ। ਉਹ ਹਰ ਰੋਜ਼ ਕਾਂਗੜਾ ਜ਼ਿਲ੍ਹੇ ਦੇ ਟਾਂਡਾ ਪਿੰਡ ਦੇ ਖੇਤ ਵਿੱਚ ਆਉਂਦਾ ਹੈ ਅਤੇ ਸੁਮਨਾ ਜਾਂ ਆਪਣੇ 20 ਸਾਲਾ ਬੇਟੇ ਆਰੀਅਨ ਨੂੰ ਆਪਣੇ ਨਾਲ਼ ਲੈ ਆਉਂਦਾ ਹੈ। ਅਪ੍ਰੈਲ ਅਤੇ ਮਈ ਦੇ ਮਹੀਨੇ ਉਹ ਸਮਾਂ ਹੁੰਦਾ ਹੈ ਜਦੋਂ ਚਾਹ ਦੇ ਬੂਟਿਆਂ ਤੋਂ ਪੱਤੀਆਂ ਨੂੰ ਤੋੜਿਆ ਜਾਂਦਾ ਹੈ, ਜਿਸ ਨੂੰ ਪਹਿਲੀ ਖੇਪ (ਫ਼ਸਲ) ਕਿਹਾ ਜਾਂਦਾ ਹੈ। ਪਰ ਉਸ ਦਿਨ ਵਾਢੀ ਦੇ ਨਾਮ 'ਤੇ ਉਨ੍ਹਾਂ ਕੋਲ਼ ਤੋੜਨ ਲਈ ਇੱਕ ਵੀ ਪੱਤਾ ਨਹੀਂ ਸੀ।
"ਤੁਸੀਂ ਗਰਮੀ ਤਾਂ ਮਹਿਸੂਸ ਕਰ ਸਕਦੇ ਹੋ ਪਰ ਮੀਂਹ ਦਾ ਕੋਈ ਅਤਾ-ਪਤਾ ਨਹੀਂ!'' ਉਸ ਨੇ ਕਿਹਾ। ਦਰਅਸਲ ਉਹ ਹਿਮਾਚਲ ਪ੍ਰਦੇਸ਼ ਦੀ ਪਾਲਮਪੁਰ ਤਹਿਸੀਲ ਵਿੱਚ ਆਪਣੀਆਂ ਚਾਹ ਦੀਆਂ ਝਾੜੀਆਂ ਬਾਰੇ ਚਿੰਤਤ ਹੋ ਰਿਹਾ ਸੀ।
ਰਾਜਿੰਦਰ ਦੀ ਚਿੰਤਾ ਨੂੰ ਸਮਝਿਆ ਜਾ ਸਕਦਾ ਹੈ ਕਿਉਂਕਿ ਪਿਛਲੇ ਦੋ ਸਾਲਾਂ ਤੋਂ ਮੀਂਹ ਬਹੁਤ ਹੀ ਘੱਟ ਪਿਆ ਹੈ। 2016 ਦੀ ਐੱਫਏਓ ਦੀ ਅੰਤਰ-ਸਰਕਾਰੀ ਰਿਪੋਰਟ ਵਿੱਚ ਨੋਟ ਕੀਤਾ ਗਿਆ ਹੈ ਕਿ "ਅਨਿਯਮਿਤ ਬਾਰਸ਼ ਨੇ ਚਾਹ ਦੇ ਬਾਗ਼ਾਂ ਨੂੰ ਨੁਕਸਾਨ ਪਹੁੰਚਾਉਣ ਵਿੱਚ ਯੋਗਦਾਨ ਪਾਇਆ ਹੈ"। ਰਿਪੋਰਟ ਵਿੱਚ ਚਾਹ 'ਤੇ ਪੈਣ ਵਾਲ਼ੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਦਾ ਅਧਿਐਨ ਕੀਤਾ ਗਿਆ ਹੈ, ਜਿਸਦੀ ਖੇਤੀ ਵਾਸਤੇ ਫਰਵਰੀ ਅਤੇ ਅਪ੍ਰੈਲ ਦੇ ਵਿਚਕਾਰ ਵਰਖਾ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਅਪ੍ਰੈਲ ਦੀ ਪਹਿਲੀ ਫ਼ਸਲ ਦੀ ਕੀਮਤ ਸਭ ਤੋਂ ਵੱਧ ਹੁੰਦੀ ਹੈ। ਇਹ ਆਮ ਤੌਰ 'ਤੇ 800 ਰੁਪਏ ਅਤੇ ਕਦੇ-ਕਦਾਈਂ 1,200 ਰੁਪਏ ਪ੍ਰਤੀ ਕਿਲੋਗ੍ਰਾਮ ਹੁੰਦੀ ਹੈ।
2022 ਰਾਜਿੰਦਰ ਲਈ ਇੱਕ ਵਿਸ਼ੇਸ਼ ਸਾਲ ਸੀ, ਜਿਸ ਦੌਰਾਨ ਉਹਨੇ ਦੋ ਹੈਕਟੇਅਰ ਹੋਰ ਜ਼ਮੀਨ ਲੀਜ਼ 'ਤੇ ਲਈ ਸੀ ਅਤੇ ਜਿਵੇਂ ਕਿ ਉਹ ਜ਼ਿਕਰ ਕਰਦਾ ਹੈ, "ਮੈਂ ਸੋਚਿਆ ਸੀ ਕਿ ਮੇਰੀ ਆਮਦਨੀ ਵਧੇਗੀ।'' ਇਸ ਵੇਲ਼ੇ ਖੇਤੀ ਹੇਠ ਤਿੰਨ ਹੈਕਟੇਅਰ ਜ਼ਮੀਨ ਤੋਂ ਉਹਨੇ ਸੀਜ਼ਨ ਦੇ ਅਖ਼ੀਰ ਤੱਕ 4,000 ਕਿਲੋ ਚਾਹ ਪੈਦਾ ਹੋਣ ਦੀ ਉਮੀਦ ਪਾਲ਼ੀ ਸੀ। ਉਸ ਨੇ 20,000 ਰੁਪਏ ਲੀਜ਼ 'ਤੇ ਖਰਚ ਕੀਤੇ ਅਤੇ ਕਿਹਾ ਕਿ ਚਾਹ ਦੀ ਫ਼ਸਲ 'ਤੇ ਮਜ਼ਦੂਰਾਂ ਦੀ ਦਿਹਾੜੀ-ਮਜ਼ਦੂਰੀ ਦਾ ਖ਼ਰਚਾ ਉਤਪਾਦਨ ਲਾਗਤ ਦਾ 70 ਪ੍ਰਤੀਸ਼ਤ ਹਿੱਸਾ ਬਣਦਾ ਹੈ। ਉਸ ਨੇ ਦੱਸਿਆ, "ਬਗ਼ੀਚੇ ਦੀ ਸਾਂਭ-ਸੰਭਾਲ ਲਈ ਬਹੁਤ ਮਿਹਨਤ ਅਤੇ ਲਾਗਤਾਂ [ਇਨਪੁਟ] ਦੀ ਲੋੜ ਹੁੰਦੀ ਹੈ ਅਤੇ ਫਿਰ ਪੱਤਿਆਂ ਦੀ ਪ੍ਰੋਸੈਸਿੰਗ ਕਰਨ 'ਤੇ ਹੋਰ ਖਰਚੇ ਕਰਨੇ ਪੈਂਦੇ ਹਨ।


















