“ਮੈਨੂੰ ਰਾਸ਼ਨ ਦੀ ਦੁਕਾਨ ਤੋਂ ਚੌਲ਼ ਕਿਉਂ ਨਹੀਂ ਮਿਲ਼ ਰਹੇ?” ਮੋਹੰਮਦ ਨੇ ਜਨਮਭੂਮੀ ਵਾਸਤੇ ਤੁੰਮਾਲਾ ਦੇ ਸਰਕਾਰੀ ਸਕੂਲ ਵਿੱਚ ਜਮ੍ਹਾ ਹੋਏ ਮੰਡਲ ਅਧਿਕਾਰੀਆਂ ਤੋਂ ਪੁੱਛਿਆ, ਇਹ ਇਕੱਠ ਜਨਵਰੀ ਵਿੱਚ ਰਾਜ ਸਰਕਾਰ ਦੁਆਰਾ ਅਯੋਜਿਤ ਇੱਕ ਇੰਟਰੈਕਟਿਵ (ਵਾਰਤਾਲਾਪ) ਸਭਾ ਦੌਰਾਨ ਹੋਇਆ ਸੀ।
ਤੁੰਮਾਲਾ ਪਿੰਡ ਦੇ ਆਪਣੇ ਰਾਸ਼ਨ ਕਾਰਡ ਵਿੱਚੋਂ ਮੋਹੰਮਦ ਦਾ ਨਾਮ ਗਾਇਬ ਹੋ ਗਿਆ ਸੀ, ਜਦੋਂਕਿ ਉਨ੍ਹਾਂ ਦੀ ਤਸਵੀਰ ਕਰਨੂਲ ਸ਼ਹਿਰ ਦੇ ਇੱਕ ਰਾਸ਼ਨ ਕਾਰਡ ‘ਤੇ ਦਿਖਾਈ ਦਿੱਤੀ। ਇਹ ਥਾਂ ਉਨ੍ਹਾਂ ਦੇ ਘਰੋਂ ਕੋਈ 250 ਕਿਲੋਮੀਟਰ ਦੂਰ ਹੈ। “ਕਈਆਂ ਦੇ ਨਾਮ ਤਾਂ ਵਾਈਜ਼ੈਗ (ਵਿਸ਼ਾਖਾਪਟਨਮ, ਕਰੀਬ 800 ਕਿਲੋਮੀਟਰ ਦੂਰ) ਜਿਹੀਆਂ ਥਾਵਾਂ ‘ਤੇ ਨਸ਼ਰ ਹੋ ਰਹੇ ਹਨ।”
ਮਾਮਲਾ ਇਹ ਹੈ ਕਿ ਪਠਾਣ ਮੋਹੰਮਦ ਅਲੀ ਖਾਨ ਨੂੰ ਅਕਤੂਬਰ 2016 ਤੋਂ ਹੀ, ਉਨ੍ਹਾਂ ਦੇ ਹਿੱਸੇ ਆਉਂਦਾ ਰਾਸ਼ਨ ਦੇਣ ਤੋਂ ਮਨ੍ਹਾ ਕੀਤਾ ਜਾਂਦਾ ਰਿਹਾ ਸੀ-ਖ਼ਾਸ ਕਰਕੇ ਜਦੋਂ ਤੋਂ ਉਨ੍ਹਾਂ ਨੇ ਆਪਣਾ ਆਧਾਰ ਕਾਰਡ ਆਪਣੇ ਰਾਸ਼ਨ ਕਾਰਡ ਨਾਲ਼ ਜੁੜਵਾਇਆ। ਅਲੀ (52 ਸਾਲਾ), ਜੋ ਇੱਕ ਸਬਜ਼ੀ ਵਿਕ੍ਰੇਤਾ ਹਨ, ਨੇ ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਆਏ ਇਸ ਲਾਜ਼ਮੀ ਆਦੇਸ਼ ਤੋਂ ਫ਼ੌਰਨ ਬਾਅਦ ਹੀ ਆਪਣੇ ਆਧਾਰ ਅਤੇ ਰਾਸ਼ਨ ਕਾਰਡ ਨੂੰ ਲਿੰਕ ਕਰਵਾ ਲਿਆ ਸੀ। ਕੁਝ ਹਫ਼ਤਿਆਂ ਅੰਦਰ ਹੀ, ਅਨੰਤਪੁਰ ਜ਼ਿਲ੍ਹੇ ਦੇ ਅਮਦਾਗੁਰ ਮੰਡਲ ਦੇ ਤੁੰਮਾਲਾ ਪਿੰਡ ਵਿਖੇ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਦੀ ਰਾਸ਼ਨ ਦੁਕਾਨ ਵਿੱਚ ਉਨ੍ਹਾਂ ਨੂੰ ਦਿੱਕਤਾਂ ਪੇਸ਼ ਆਉਣ ਲੱਗੀਆਂ।
ਜਦੋਂ ਕਦੇ ਵੀ ਅਲੀ ਜਿਹੇ ਬੀਪੀਐੱਲ ਰਾਸ਼ਨ ਕਾਰਡ ਧਾਰਕ ਪੀਡੀਐੱਸ ਦੁਕਾਨ ‘ਤੇ ਜਾਂਦੇ ਹਨ ਤੇ ਦੁਕਾਨਦਾਰ ਉਨ੍ਹਾਂ ਦੇ ਪਰਿਵਾਰ ਦੇ ਰਾਸ਼ਨ ਕਾਰਡ ਦਾ ਨੰਬਰ ਮੰਗਦਾ ਹੈ ਅਤੇ ਉਨ੍ਹਾਂ ਅੰਕਾਂ ਨੂੰ ਇੱਕ ਛੋਟੀ ਜਿਹੀ ਮਸ਼ੀਨ ਵਿੱਚ ਭਰਦਾ ਹੈ। ਫਿਰ ਮਸ਼ੀਨ ਪਰਿਵਾਰ ਦੇ ਮੈਂਬਰਾਂ ਦੀ ਸੂਚੀ ਦਿਖਾਉਂਦੀ ਹੈ ਅਤੇ ਉੱਥੇ ਮੌਜੂਦ ਵਿਅਕਤੀ ਨੂੰ ਆਪਣੇ ਫਿੰਗਰਪ੍ਰਿੰਟ ਰਾਹੀਂ ਉਹਨੂੰ ਪ੍ਰਮਾਣਤ ਕਰਨਾ ਹੁੰਦਾ ਹੈ। ਡੀਲਰ, ਮਸ਼ੀਨ ਵਿੱਚ ਦਿਖਾਈ ਸੂਚੀ ਮੁਤਾਬਕ ਹੀ ਰਾਸ਼ਨ ਦਿੰਦਾ ਹੈ। ਪਰ ਅਲੀ ਦਾ ਨਾਮ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਵਾਂ ਦੀ ਆਨਲਾਈਨ ਸੂਚੀ ਵਿੱਚੋਂ ਗਾਇਬ ਹੋਇਆ ਪਿਆ ਹੈ। ਉਹ ਕਹਿੰਦੇ ਹਨ,“ਮੈਂ ਕਈ ਵਾਰੀ ਗੇੜੇ ਮਾਰੇ ਪਰ ਮੇਰਾ ਨਾਮ ਸੂਚੀ ਵਿੱਚ ਨਾ ਆਉਂਦਾ। ਜਦੋਂ ਉਹ ਸਾਡਾ ਨੰਬਰ ਭਰਦੇ ਹਨ ਤਾਂ ਮਸ਼ੀਨ ਨੂੰ ਪੰਜ ਨਾਮ ਦਿਖਾਉਣੇ ਚਾਹੀਦੇ ਹਨ ਪਰ ਉਹ ਸਿਰਫ਼ ਚਾਰ ਹੀ ਨਾਮ ਦਿਖਾਉਂਦੀ ਹੈ, ਮੇਰਾ ਨਾਮ ਗਾਇਬ ਹੈ। ਜੇਕਰ ਸੂਚੀ ਵਿੱਚ ਤੁਹਾਡਾ ਨਾਮ ਹੋਵੇਗਾ ਤਾਂ ਹੀ ਫ਼ਿੰਗਰਪ੍ਰਿੰਟ ਕੰਮ ਆਉਂਦੇ ਹਨ। ਨਹੀਂ ਤਾਂ ਨਹੀਂ ਆਉਂਦੇ।”










