ਪਾਰਾਈ ਢੋਲ ਵੱਜਦਾ ਹੈ ਅਤੇ ਰੈਲੀ ਸ਼ੁਰੂ ਹੋ ਜਾਂਦੀ ਹੈ।
“60 ਕੁ ਲੋਕਾਂ ਦੀ ਭੀੜ ਵਿੱਚੋਂ ਅਵਾਜ਼ ਆਉਂਦੀ ਹੈ: ਜੈ ਜੈ ਜੈ ਜੈ ਭੀਮ, ਜੈ ਅੰਬੇਦਕਰ ਜੈ ਭੀਮ,” ਇਹ ਮੁੰਬਈ ਦੇ ਧਾਰਾਵੀ ਵਿੱਚ ਮਹਾਪਰੀਨਿਰਵਾਣ ਰੈਲੀ ਹੈ ਜੋ ਹਰ ਸਾਲ 6 ਦਸੰਬਰ ਨੂੰ ਡਾ. ਬੀ.ਆਰ. ਅੰਬੇਡਕਰ ਦੀ ਬਰਸੀ ਮੌਕੇ ਆਯੋਜਿਤ ਕੀਤੀ ਜਾਂਦੀ ਹੈ
ਇਕ-ਇਕ ਕਰਕੇ ਲੋਕ ਆਪਣੀਆਂ ਮੋਮਬੱਤੀਆਂ ਜਗਾਉਂਦੇ ਹਨ ਅਤੇ ਧਾਰਾਵੀ ਦੇ ਪੇਰੀਆਰ ਚੌਕ ਵਿਚ ਇਕੱਠੇ ਹੁੰਦੇ ਹਨ ਅਤੇ ਇੱਕਦਮ ਮੁੰਬਈ ਸ਼ਹਿਰ ਵਿਚ ਸਥਿਤ ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ-ਝੌਂਪੜੀ ਦਾ ਇਹ ਹਿੱਸਾ ਜਸ਼ਨ ਦੇ ਇਸ ਮੌਕੇ ਜਗਮਗਾਉਣ ਲੱਗਦਾ ਹੈ। ਜੈ ਭੀਮ ਫਾਊਂਡੇਸ਼ਨ ਵੱਲੋਂ (ਉਹਨਾਂ ਦੀ ਬਰਸੀ ਦੇ ਸਬੰਧ ਵਿੱਚ) ਇਹ ਮਹਾਪਰੀਨਿਰਵਾਨ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਇਹ ਰੈਲੀ ਲਗਭਗ ਦੋ ਘੰਟੇ ਚੱਲੇਗੀ ਅਤੇ ਈ.ਵੀ. ਰਾਮਾਸਵਾਮੀ (ਪੇਰੀਆਰ) ਚੌਕ ਤੋਂ ਚੱਲ ਕੇ ਲਗਭਗ 1.5 ਕਿਲੋਮੀਟਰ ਦੂਰ ਗਣੇਸ਼ਨ ਕੋਵਿਲ ਵਿੱਚ ਲੱਗੇ ਅੰਬੇਦਕਰ ਦੇ ਬੁੱਤ ਤੱਕ ਜਾਵੇਗੀ।
“ਅੱਜ ਦਾ ਦਿਨ ਸਾਡੇ ਲਈ ਤਿਉਹਾਰ ਵਰਗਾ ਹੈ। 14 ਅਪ੍ਰੈਲ (ਅੰਬੇਦਕਰ ਦਾ ਜਨਮ ਦਿਨ) ਅਤੇ 6 ਦਸੰਬਰ ਦਾ ਦਿਨ ਪੂਰਾ ਮੁੰਬਈ ਸ਼ਹਿਰ ਉਸ ਮਹਾਨ ਨੇਤਾ ਅਤੇ ਜਾਤੀ ਵਿਤਕਰੇ ਦੇ ਸ਼ਿਕਾਰ ਲੋਕਾਂ ਲਈ ਉਹਨਾਂ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਉਤਸਵ ਵਜੋਂ ਮਨਾਉਂਦਾ ਹੈ,” ਵੇਨੀਲਾ ਅਤੇ ਸੁਰੇਸ਼ ਕੁਮਾਰ ਰਾਜੂ ਦਾ ਕਹਿਣਾ ਹੈ ਜੋ ਫਾਊਂਡੇਸ਼ਨ ਦੇ ਪ੍ਰਮੁੱਖ ਮੈਂਬਰਾਂ ਵਿੱਚੋਂ ਹਨ।। “ਅਸੀਂ ਨੀਲੇ ਝੰਡਿਆਂ ਨਾਲ ਰਸਤੇ ਨੂੰ ਸਜਾਇਆ ਹੈ ਅਤੇ ਲੋਕਾਂ ਦੇ ਘਰ-ਘਰ ਜਾ ਕੇ ਸਾਡੇ ਨਾਲ ਜੁੜਨ ਦਾ ਸੱਦਾ ਦੇ ਕੇ ਆਏ ਹਾਂ।”
ਉਹ ਧਾਰਾਵੀ ਵਿੱਚ ਸਥਿਤ ਅੰਬੇਦਕਰ ਦੇ ਇਕਲੌਤੇ ਬੁੱਤ ਨੂੰ ਫੁੱਲਾਂ ਦੀ ਮਾਲਾ ਪਹਿਨਾਉਂਦੀ ਹਨ ਅਤੇ ਬਾਅਦ ਵਿੱਚ ਸਮੂਹ ਵਿੱਚ ਸ਼ਾਮਿਲ ਹੋ ਕੇ ਆਪਣੇ ਨੇਤਾ ਦੇ ਯੋਗਦਾਨ ਨੂੰ ਸਮਰਪਿਤ ਇੱਕ ਤਾਮਿਲ ਗੀਤ ਗਾਉਂਦੀ ਹਨ।
ਸੁਰੇਸ਼, ਜਿਹਨਾਂ ਦੀ ਉਮਰ 45 ਸਾਲ ਹੈ, ਉੱਤਰੀ ਮੁੰਬਈ ਦੀ ਇੱਕ ਫਰਮ ਵਿੱਚ ਡਰਾਈਵਰ ਵਜੋਂ ਕੰਮ ਕਰਦੇ ਹਨ। ਉਹ 14 ਘੰਟੇ ਦੀ ਸ਼ਿਫਟ ਕਰਕੇ ਲਗਭਗ 25,000 ਰੁਪਏ ਪ੍ਰਤੀ ਮਹੀਨਾ ਕਮਾਉਂਦੇ ਹਨ। ਵੇਨੀਲਾ, 41, ਇੱਕ ਘਰੇਲੂ ਕਰਮੀ ਹਨ ਜੋ ਹਰ ਰੋਜ਼ ਧਾਰਾਵੀ ਨੇੜੇ ਇੱਕ ਅਪਾਰਟਮੈਂਟ ਵਿੱਚ ਖਾਣਾ ਬਣਾਉਣ ਅਤੇ ਸਾਫ਼-ਸਫ਼ਾਈ ਦਾ ਕੰਮ ਕਰਨ ਜਾਂਦੀ ਹਨ। ਇਸ ਕੰਮ ਦੇ ਬਦਲੇ ਉਹ 15,000 ਰੁਪਏ ਪ੍ਰਤੀ ਮਹੀਨਾ ਕਮਾਉਂਦੀ ਹਨ।
ਇਸ ਜੋੜੇ ਦੇ ਦੋ ਬੇਟੇ ਕਾਰਤਿਕ (17) ਅਤੇ ਅਰਨ (12) ਹਨ, ਜੋ ਸ਼ਹਿਰ ਦੇ ਪ੍ਰਾਈਵੇਟ ਅਦਾਰਿਆਂ ਵਿੱਚ ਪੜ੍ਹਦੇ ਹਨ। “ਅਸੀਂ ਵੀ ਸ਼ਹਿਰ ਦੇ ਹੋਰ ਹਿੱਸਿਆਂ, ਜਿਵੇਂ ਕਿ ਦਾਦਰ ਵਿੱਚ, ਚੈਤਯਭੂਮੀ ਵਿੱਚ, ਹੋਣ ਵਾਲੇ ਜਸ਼ਨਾਂ ਵਿੱਚ ਹਿੱਸਾ ਲੈਂਦੇ ਹਾਂ। ਇਹ ਜਿਆਦਾਤਰ ਪਰਯਾਰ ਭਾਈਚਾਰਾ ਹੈ ਜੋ ਅੰਬੇਦਕਰ ਨੂੰ ਮੰਨਦਾ ਹੈ ਅਤੇ ਧਾਰਾਵੀ ਵਿੱਚ ਹੋਣ ਵਾਲੇ ਜਸ਼ਨਾਂ ਵਿੱਚ ਹਿੱਸਾ ਲੈਂਦਾ ਹੈ,” ਵੇਨੀਲਾ ਕਹਿੰਦੀ ਹਨ।
ਵੇਨੀਲਾ ਅਤੇ ਸੁਰੇਸ਼ ਮੂਲ ਰੂਪ ਵਿੱਚ ਤਾਮਿਲਨਾਡੂ ਦੇ ਰਹਿਣ ਵਾਲੇ ਹਨ ਅਤੇ ਪਰਯਾਰ ਭਾਈਚਾਰੇ ਨਾਲ ਸਬੰਧਤ ਹਨ, ਜੋ ਉਹਨਾਂ ਦੇ ਗ੍ਰਹਿ ਰਾਜ ਵਿੱਚ ਇੱਕ ਅਨੁਸੂਚਿਤ ਜਾਤੀ ਵਜੋਂ ਸੂਚੀਬੱਧ ਹਨ। ਉਹ ਕਹਿੰਦੀ ਹਨ, “ਮੇਰੇ ਪਿਤਾ 1965 ਵਿੱਚ ਤਿਰੂਨਲਵੇਲੀ ਤੋਂ ਧਾਰਾਵੀ ਵਿੱਚ ਨੌਕਰੀ ਦੀ ਭਾਲ ਵਿੱਚ ਆਏ ਸਨ।” ਸਿੰਚਾਈ ਦੇ ਸਾਧਨਾਂ ਦੀ ਘਾਟ ਅਤੇ ਹੋਰ ਮੁੱਦਿਆਂ ਕਾਰਨ ਉਹ ਖੇਤੀਬਾੜੀ ਤੋਂ ਬਹੁਤੀ ਕਮਾਈ ਕਰਨ ਦੇ ਯੋਗ ਨਹੀਂ ਸਨ ਇਸ ਲਈ ਸਾਰਾ ਪਰਿਵਾਰ ਪਰਵਾਸ ਕਰ ਗਿਆ ਸੀ।
ਧਾਰਾਵੀ ਵਿੱਚ ਜਿੱਥੇ ਉਹ ਰਹਿੰਦੇ ਹਨ ਉੱਥੇ ਅਤੇ ਆਲੇ-ਦੁਆਲੇ ਅੰਬੇਦਕਰਵਾਦੀਆਂ ਨੂੰ ਸੰਗਠਿਤ ਕਰਨ ਵਿੱਚ ਇਹ ਜੋੜਾ ਮੁੱਖ ਭੂਮਿਕਾ ਨਿਭਾਉਂਦਾ ਹੈ। ਸੁਰੇਸ਼ ਦਾ ਕਹਿਣਾ ਹੈ ਕਿ 2012 ਵਿੱਚ ਉਨ੍ਹਾਂ ਅਤੇ ਰਾਜਾ ਕੁੱਟੀ ਰਾਜੂ, ਨਿਤਿਆਨੰਦ ਪਲਾਨੀ, ਅਨਿਲ ਸੰਤਿਨੀ ਅਤੇ ਹੋਰਨਾਂ ਮੈਂਬਰਾਂ ਨੇ, “ਅੰਬੇਦਕਰ ਅਤੇ ਉਨ੍ਹਾਂ ਦੇ ਯੋਗਦਾਨ ਬਾਰੇ ਜਾਗਰੂਕਤਾ ਫੈਲਾਉਣ ਲਈ 14 ਅਪ੍ਰੈਲ ਅਤੇ 6 ਦਸੰਬਰ ਨੂੰ ਧਾਰਾਵੀ ਵਿੱਚ ਸਮੂਹਿਕ ਜਸ਼ਨਾਂ ਦੇ ਤੌਰ ’ਤੇ ਮਨਾਉਣਾ ਸ਼ੁਰੂ ਕੀਤਾ ਸੀ।”
ਜਦੋਂ ਸੁਰੇਸ਼ ਗੱਡੀ ਨਹੀਂ ਚਲਾ ਰਹੇ ਹੁੰਦੇ, ਉਹ ਜੈ ਭੀਮ ਫਾਊਂਡੇਸ਼ਨ ਲਈ ਕੰਮ ਕਰਦੇ ਹਨ। ਉਹ ਕਹਿੰਦੇ ਹਨ ਕਿ 2012 ਵਿੱਚ ਇਸਦੇ ਸਿਰਫ਼ 20 ਮੈਂਬਰ ਸਨ ਅਤੇ ਹੁਣ 150 ਹੋ ਗਏ ਹਨ। “ਸਾਡੇ ਬਹੁਤੇ ਮੈਂਬਰ ਪ੍ਰਵਾਸੀ ਹਨ। ਉਹਨਾਂ ਵਿੱਚੋਂ ਕੁਝ ਡਰਾਈਵਰ ਹਨ ਅਤੇ ਕੁਝ ਰੇਲਵੇ ਵਿੱਚ ਕੰਮ ਕਰਦੇ ਹਨ ਪਰ ਰੈਲੀਆਂ ਵਿੱਚ ਸਾਡੇ ਨਾਲ ਸ਼ਾਮਲ ਹੁੰਦੇ ਹਨ,” ਉਹ ਦੱਸਦੇ ਹਨ।
ਵੇਨੀਲਾ ਨੇ 9ਵੀਂ ਜਮਾਤ ਤੱਕ ਪੜ੍ਹਾਈ ਕੀਤੀ ਅਤੇ ਫਿਰ ਪੜ੍ਹਾਈ ਛੱਡ ਕੇ ਕਮਾਈ ਕਰਨੀ ਕਮਾਈ ਸ਼ੁਰੂ ਕਰ ਦਿੱਤੀ। ਉਹ ਦੱਸਦੀ ਹਨ ਕਿ ਉਹਨਾਂ ਨੇ ਇੱਕ ਰਸੋਈਏ ਵਜੋਂ ਅਤੇ ਦਫ਼ਤਰ ਵਿੱਚ ਕੰਮ ਕਰਦੇ ਹੋਏ ਅੰਗਰੇਜ਼ੀ ਬੋਲਣੀ ਸਿੱਖੀ। 2016 ਵਿੱਚ ਵੇਨੀਲਾ ਅਤੇ ਕੁਝ ਹੋਰਨਾਂ ਔਰਤਾਂ ਨੇ ਰਲ਼ ਕੇ ਇੱਕ ਸਵੈ-ਸਹਾਇਤਾ ਸਮੂਹ (ਐਸ.ਐਚ.ਜੀ.) ਦੀ ਸਥਾਪਨਾ ਕੀਤੀ ਅਤੇ ਉਹਨਾਂ ਨੇ ਇਸਨੂੰ ਮਾਗਿਚੀ ਮਾਗਾਲਿਰ ਪੇਰਵਈ ਦਾ ਨਾਮ ਦਿੱਤਾ। “ਸਾਡੇ ਕੋਲ ਇੱਥੇ ਕਰਨ ਲਈ ਕੋਈ ਬਹੁਤੀਆਂ ਮਨੋਰੰਜਨ ਗਤੀਵਿਧੀਆਂ ਨਹੀਂ ਹਨ, ਇਸ ਲਈ ਅਸੀਂ ਇਸ ਵਿਸ਼ੇਸ਼ ਮਹਿਲਾ ਸਮੂਹ ਦੁਆਰਾ, “ਪ੍ਰੋਗਰਾਮਾਂ ਦਾ ਆਯੋਜਨ ਕਰਦੇ ਹਾਂ ਅਤੇ ਇਕੱਠੇ ਫਿਲਮਾਂ ਵੀ ਦੇਖਣ ਲਈ ਜਾਂਦੇ ਹਾਂ।” ਲੌਕਡਾਊਨ ਦੇ ਦੌਰਾਨ, SHG ਨੇ ਧਾਰਾਵੀ ਵਿੱਚ ਲੋਕਾਂ ਨੂੰ ਭੋਜਨ, ਕਰਿਆਨੇ ਅਤੇ ਥੋੜ੍ਹੀ ਜਿਹੀ ਵਿੱਤੀ ਸਹਾਇਤਾ ਵੀ ਦਿੱਤੀ, ਜਿਸ ਵਿੱਚ ਵੇਨੀਲਾ ਦੇ ਜਾਣ-ਪਛਾਣ ਦੇ ਲੋਕਾਂ ਦੁਆਰਾ ਸਹਿਯੋਗ ਦਿੱਤਾ ਗਿਆ ਸੀ।
“ਤਾਮਿਲ ਵਿੱਚ ‘ਮਾਗਿਚੀ’ ਦਾ ਮਤਲਬ ਖੁਸੀ ਹੈ,” ਉਹ ਮੁਸਕਰਾਉਂਦੇ ਹੋਏ ਦੱਸਦੀ ਹਨ। “ਔਰਤਾਂ ਹਮੇਸ਼ਾ ਜ਼ੁਲਮ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਆਪਣੇ ਘਰਾਂ ਵਿੱਚ ਉਦਾਸ ਮਹਿਸੂਸ ਕਰਦੀਆਂ ਹਨ। ਇਹ ਇੱਕ ਅਜਿਹੀ ਥਾਂ ਹੈ ਜਿੱਥੇ ਅਸੀਂ ਸਾਰੇ ਇੱਕ ਦੂਜੇ ਨਾਲ ਗੱਲ ਕਰ ਕੇ ਖੁਸ਼ੀ ਮਹਿਸੂਸ ਕਰਦੀਆ ਹਾਂ।”
ਤਰਜਮਾ: ਇੰਦਰਜੀਤ ਸਿੰਘ