''ਕਲਫ਼ ਲਾਉਣ ਨਾਲ਼ ਹੋਰ ਵੱਧ ਧੌਲ਼ੇ ਆ ਜਾਣਗੇ,'' ਪੁਸ਼ਪਵੇਣੀ ਪਿੱਲਾਈ ਐਲਾਨ ਕਰਨ ਦੇ ਅੰਦਾਜ ਵਿੱਚ ਕਹਿੰਦੀ ਹਨ। ''ਬਿਲਕੁਲ ਇਵੇਂ ਦੇ'' ਉਹ ਚਿੱਟੇ-ਨੀਲੇ ਚੈੱਕ ਨਾਲ਼ ਭਰੇ ਫ਼ਰਸ਼ ਦੀ ਇੱਕ ਟਾਈਲ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹਨ। ਇਸ ਵਾਰ ਉਹ ਆਪਣੀ ਗੱਲ ਨੂੰ ਵਜ਼ਨ ਦਿੰਦੀ ਹਨ। ਉਨ੍ਹਾਂ ਦੀ ਉਮਰ ਹੁਣ ਕਰੀਬ 70 ਸਾਲ ਹੈ, ਪਰ ਫਿਰ ਵੀ ਉਨ੍ਹਾਂ ਦੇ ਟਾਂਵੇਂ-ਟਾਂਵੇਂ ਹੀ ਧੌਲ਼ੇ ਆਏ ਹਨ। ਉਹ ਅੱਗੇ ਕਹਿੰਦੀ ਹਨ,''ਨਾਰੀਅਲ ਦਾ ਤੇਲ ਅਤੇ ਲਾਈਫ਼ਬੁਆਏ ਸਾਬਣ 'ਓਨਲੀ' (only)।'' ਉਹ ਅੰਗਰੇਜ਼ੀ ਦੇ 'ਓਨਲੀ' ਸ਼ਬਦ 'ਤੇ ਜ਼ੋਰ ਦਿੰਦਿਆਂ ਕਹਿੰਦੀ ਹਨ ਕਿ ਇਹੀ ਮੇਰੇ ਵਾਲ਼ਾਂ ਦੀ ਸੁੰਦਰਤਾ ਦਾ ਰਾਜ ਹੈ।
ਇੱਕ ਦੁਪਹਿਰੇ ਉਹ ਟਾਈਲਾਂ ਲੱਗੇ ਫ਼ਰਸ਼ 'ਤੇ ਭੁੰਜੇ ਬੈਠਿਆਂ ਬੀਤੇ ਸਮੇਂ ਦੀਆਂ ਗੱਲਾਂ ਵਿੱਚ ਮਸ਼ਰੂਫ਼ ਹੋ ਜਾਂਦੀ ਹਨ। ''ਮੇਰੀ ਮਾਂ ਨੂੰ ਉਨ੍ਹਾਂ ਦੀ ਸੱਸ, ਨਾਰੀਅਲ ਦਾ ਇੱਕ ਟੁਕੜਾ ਦਿੰਦੀ ਅਤੇ ਮਾਂ ਨਹਾਉਣ ਵੇਲ਼ੇ ਉਹਨੂੰ ਚਬਾ ਕੇ ਕੁਤਰਦੀ ਅਤੇ ਆਪਣੇ ਵਾਲ਼ਾਂ 'ਤੇ ਮਲ਼ ਲੈਂਦੀ। ਉਨ੍ਹਾਂ ਲਈ ਉਹੀ ਨਾਰੀਅਲ ਤੇਲ਼ ਹੁੰਦਾ।''
ਉਨ੍ਹਾਂ ਦੇ ਨਾਲ਼ ਬੈਠੀ ਵਾਸੰਤੀ ਪਿੱਲਾਈ ਉਨ੍ਹਾਂ ਦੀ ਇਸ ਗੱਲ ਨਾਲ਼ ਸਹਿਮਤ ਹਨ। ਦੋਵਾਂ (ਦੂਰ ਦੀਆਂ ਰਿਸ਼ਤੇਦਾਰ) ਔਰਤਾਂ ਨੇ ਧਾਰਾਵੀ ਦੀ ਇੱਕੋ ਗਲ਼ੀ ਵਿੱਚ, ਆਪਣੇ ਇੱਕ ਇੱਕ ਕਮਰੇ ਦੇ ਘਰ ਵਿੱਚ ਰਹਿੰਦਿਆਂ 50 ਵਰ੍ਹੇ ਬਿਤਾਏ ਹਨ। ਦੋਵੇਂ ਹੀ ਆਪਣੇ ਜੀਵਨ ਦੀਆਂ ਹੱਡ-ਬੀਤੀਆਂ ਬਾਰੇ ਬੋਲਦੀਆਂ ਹਨ, ਦੋਵੇਂ ਕਈ ਦਹਾਕਿਆਂ ਤੋਂ ਇੱਕ-ਦੂਜੇ ਦੀਆਂ ਸਾਥੀ ਰਹੀਆਂ ਹਨ ਅਤੇ ਦੋਵਾਂ ਦੇ ਕੋਲ਼ ਇਸ ਬਦਲਦੀ ਦੁਨੀਆ ਦੀਆਂ ਬੇਸ਼ੁਮਾਰ ਯਾਦਾਂ ਹਨ।
ਪੁਸ਼ਪਵੇਣੀ 14-15 ਸਾਲ ਦੀ ਉਮਰੇ ਦੁਲਹਨ ਬਣੀ ਅਤੇ ਧਾਰਾਵੀ ਵਿਖੇ ਰਹਿਣ ਲਈ ਆ ਗਈ। ਵਿਆਹ ਦੀਆਂ ਰਸਮਾਂ ਉਸੇ ਗਲ਼ੀ ਦੇ ਇੱਕ ਮੈਦਾਨ ਵਿੱਚ ਸੱਜੇ ਮੰਡਪ ਵਿੱਚ ਹੋਈਆਂ ਸਨ; ਦੁਲਹਾ ਧਾਰਾਵੀ ਦਾ ਵਾਸੀ ਸੀ। ਉਨ੍ਹਾਂ ਨੇ ਦੱਸਿਆ,''ਉਹ ਵਿਆਹ ਵੇਲ਼ੇ ਹੀ 40 ਸਾਲ ਦਾ ਸੀ।'' ਇੰਨਾ ਵੱਡਾ? ''ਹਾਂ, ਉਹ ਮੱਧਰੇ ਕੱਦ ਦਾ ਸੀ (ਇਸਲਈ ਸਾਨੂੰ ਪਤਾ ਹੀ ਨਾ ਲੱਗਾ) ਅਤੇ ਉਨ੍ਹੀਂ ਦਿਨੀਂ ਕੋਈ ਵੀ ਇਨ੍ਹਾਂ ਚੀਜ਼ਾਂ ਦੀ ਜਾਂਚ-ਪੜਤਾਲ਼ ਨਹੀਂ ਸੀ ਕਰਦਾ ਹੁੰਦਾ,'' ਉਹ ਚੇਤੇ ਕਰਦੀ ਹਨ। ''ਵਿਆਹ ਦੇ ਸਮਾਰੋਹ ਦੇ ਖਾਣੇ ਵਿੱਚ ਸਾਂਭਰ-ਚੌਲ਼ ਸਨ। ਖਾਣਾ ਸਿਰਫ਼ 'ਸ਼ਾਕਾਹਾਰੀ' ਸੀ।''
ਵਿਆਹ ਤੋਂ ਬਾਅਦ ਉਹ ਉਸੇ ਕਮਰੇ ਵਿੱਚ ਰਹਿਣ ਚਲੀ ਗਈ ਜੋ ਉਨ੍ਹਾਂ ਦੇ ਪਤੀ, ਚਿੰਨਾਸਾਮੀ ਨੇ ਕਾਫ਼ੀ ਪਹਿਲਾਂ 500 ਰੁਪਏ ਵਿੱਚ ਖਰੀਦਿਆ ਸੀ। ਇਹ ਉਸ ਵੇਲ਼ੇ ਇੱਕ ਵੱਡੀ ਰਕਮ ਸੀ। ਉਹ ਇੱਕ ਸਥਾਨਕ ਵਰਕਸ਼ਾਪ ਵਿਖੇ ਨੌਕਰੀ ਕਰਦੇ ਸਨ, ਜਿੱਥੇ ਸਰਜੀਕਲ ਧਾਗੇ ਅਤੇ ਤਾਰਾਂ ਬਣਾਈਆਂ ਜਾਂਦੀਆਂ ਸਨ, ਜਿੱਥੇ ਸ਼ੁਰੂ-ਸ਼ੁਰੂ ਵਿੱਚ ਉਨ੍ਹਾਂ ਨੂੰ 60 ਰੁਪਏ ਮਹੀਨਾ ਤਨਖ਼ਾਹ ਮਿਲ਼ਦੀ ਸੀ ਅਤੇ 1990ਵਿਆਂ ਦੇ ਅੱਧ ਵਿੱਚ ਜਦੋਂ ਉਹ ਸੇਵਾਮੁਕਤ ਹੋਏ ਤਾਂ ਉਨ੍ਹਾਂ ਦੀ ਤਨਖਾਹ 25,000 ਰੁਪਏ ਸੀ।
ਕਰੀਬ 200 ਵਰਗ ਫੁੱਟ ਦਾ ਉਹ ਕਮਰਾ (ਪਰਿਵਾਰ ਵੱਡਾ ਹੋਣ ਕਾਰਨ ਉਸ ਕਮਰੇ ਵਿੱਚ ਇੱਕ ਮੇਜ਼ਾਨਾਇਨ ਲੌਫਟ ਲਾ ਦਿੱਤਾ ਗਿਆ ਸੀ- ''ਇੱਕ ਸਮਾਂ ਸੀ, ਜਦੋਂ ਕਮਰੇ ਵਿੱਚ ਨੌ ਲੋਕ ਰਹਿੰਦੇ ਸਨ'') ਅਗਲੇ 50 ਸਾਲਾਂ ਲਈ ਇਹੀ ਕਮਰਾ ਉਨ੍ਹਾਂ ਦਾ ਘਰ ਬਣ ਕੇ ਰਹਿ ਗਿਆ। ਉਨ੍ਹਾਂ ਦਾ ਘਰ ਧਾਰਾਵੀ ਦੀ 'ਟੀ-ਜੰਕਸ਼ਨ' ਦੇ ਮੋੜ 'ਤੇ ਸਥਿਤ ਸੀ। ਉਸ 'ਟੀ-ਜੰਕਸ਼ਨ' ਦੇ ਕੋਲ਼ ਸਦਾ ਟੈਂਪੂ ਅਤੇ ਆਟੋਰਿਕਸ਼ਾ ਖੜ੍ਹੇ ਰਹਿੰਦੇ ਹਨ। ''ਇੱਥੇ ਰਹਿੰਦਿਆਂ ਮੇਰੇ ਤਿੰਨ ਬੱਚੇ ਪੈਦਾ ਹੋਏ, ਇੱਥੇ ਰਹਿੰਦਿਆਂ ਉਹ ਸਾਰੇ ਵਿਆਹੇ ਗਏ, ਉਸੇ ਕਮਰੇ ਵਿੱਚ ਰਹਿੰਦਿਆਂ ਉਨ੍ਹਾਂ ਦੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਦੇਖਿਆ।''
63 ਸਾਲ ਦੀ ਵਾਸੰਤੀ, 20 ਸਾਲ ਦੀ ਉਮਰੇ ਵਿਆਹੇ ਜਾਣ ਬਾਅਦ ਉਸ ਗਲ਼ੀ ਵਿੱਚ ਰਹਿਣ ਆਈ ਸਨ। ਉਨ੍ਹਾਂ ਦੀ ਸੱਸ ਅਤੇ ਪੁਸ਼ਪਵਾਣੀ ਦੇ ਪਤੀ ਭਰਾ-ਭੈਣ ਸਨ, ਇਸਲਈ ਜਦੋਂ ਉਹ ਇੱਥੇ ਰਹਿਣ ਆਈ ਤਾਂ ਵਸੰਤੀ ਦਾ ਧਾਰਾਵੀ ਵਿੱਚ ਪਹਿਲਾਂ ਤੋਂ ਇੱਕ ਪਰਿਵਾਰ ਸੀ। ਉਹ ਕਹਿੰਦੀ ਹਨ,''ਮੈਂ ਉਦੋਂ ਤੋਂ ਹੀ ਇਸ ਗਲ਼ੀ ਵਿੱਚ ਰਹਿ ਰਹੀ ਹਾਂ। ਕਿਤੇ ਹੋਰ ਰਹਿਣ ਨਹੀਂ ਗਈ।''
1970 ਦੇ ਦਹਾਕੇ ਵਿੱਚ ਜਦੋਂ ਦੋਵੇਂ ਔਰਤਾਂ ਧਾਰਾਵੀ ਆਈਆਂ, ਉਸ ਸਮੇਂ ਇਹ ਇਲਾਕਾ ਬਿਲਕੁਲ ਅਲੱਗ-ਥਲੱਗ ਹੋਇਆ ਕਰਦਾ ਸੀ। ਪੁਸ਼ਪਵੇਣੀ ਕਹਿੰਦੀ ਹਨ,''ਕਮਰੇ ਛੋਟੇ ਸਨ। ਪਰ ਫੈਲੇ ਹੋਏ (ਵਿਹੜੇਨੁਮਾ) ਸਨ, ਉੱਥੇ ਕਿਤੇ ਕਿਤੇ ਖੁੱਲ੍ਹੀ ਥਾਂ ਹੋਇਆ ਕਰਦੀ ਸੀ।'' ਉਨ੍ਹਾਂ ਦਾ ਘਰ ਪਹਿਲੀ ਮੰਜ਼ਲ 'ਤੇ ਸੀ। ਸਿਰਫ਼ ਇੱਕ ਕਮਰਾ ਹੀ ਉਨ੍ਹਾਂ ਦੀ ਮੁਕੰਮਲ ਦੁਨੀਆ ਹੁੰਦੀ ਸੀ ਅਤੇ ਉਨ੍ਹਾਂ ਨੂੰ ਗਲ਼ੀ ਤੋਂ ਕੁਝ ਦੂਰੀ 'ਤੇ ਸਥਿਤ ਜਨਤਕ ਪਖ਼ਾਨਾ ਇਸਤੇਮਾਲ ਕਰਨਾ ਪੈਂਦਾ ਸੀ। ਉਹ ਦੱਸਦੀ ਹਨ,''ਹੁਣ ਬਿਲਡਿੰਗ ਵਿੱਚ ਇੰਨੀ ਭੀੜ ਹੋ ਗਈ ਹੈ ਕਿ ਤੁਸੀਂ ਤੁਰ ਫਿਰ ਵੀ ਨਹੀਂ ਸਕਦੇ।'' ਭੀੜੀ ਥਾਂ ਦਾ ਬਿੰਬ ਉਲੀਕਣ ਦੋਵਾਂ ਹੱਥਾਂ ਨੂੰ ਸਮਾਨਾਂਤਰ ਰੱਖਕੇ ਦਿਖਾਉਂਦੀ। (ਸਮਾਂ ਬੀਤਣ ਦੇ ਨਾਲ਼ ਨਾਲ਼, ਉੱਤਰ-ਮੱਧ ਮੁੰਬਈ ਵਿੱਚ ਸਥਿਤ ਧਾਰਾਵੀ ਦੀ ਅਬਾਦੀ ਕਰੀਬ ਦੱਸ ਲੱਖ ਹੋ ਚੁੱਕੀ ਹੈ। ਉਸ ਇੱਕ ਵਰਗ ਮੀਲ਼ ਤੋਂ ਵੱਧ ਦੀ ਥਾਂ ਵਿੱਚ ਝੁੱਗੀਆਂ, ਇਮਾਰਤਾਂ, ਦੁਕਾਨਾਂ ਅਤੇ ਕਾਰਜਸ਼ਾਲਾਵਾਂ ਫ਼ੈਲੀਆਂ ਹੋਈਆਂ ਹਨ।)
''ਇਹ ਥਾਂ ਇੱਕ ਖਾੜੀ (ਕ੍ਰੀਕ) ਸੀ, ਪੂਰੇ ਦਾ ਪੂਰਾ ਜੰਗਲ ਸੀ,'' ਚੇਤਾ ਕਰਦਿਆਂ ਵਾਸੰਤੀ ਕਹਿੰਦੀ ਹਨ। ''ਮਾਹਿਮ ਖਾੜੀ ਦਾ ਪਾਣੀ ਪੁਲਿਸ ਚੌਕੀ (ਟੀ-ਜੰਕਸ਼ਨ 'ਤੇ) ਤੱਕ ਆ ਜਾਂਦਾ ਸੀ। ਉਦੋਂ ਉਨ੍ਹਾਂ ਟੋਇਆਂ ਨੂੰ ('ਜ਼ਮੀਨ' ਸਾਫ਼ ਕਰਕੇ) ਭਰਤੀ ਪਾ ਪਾ ਕੇ ਪੂਰਿਆ ਉੱਥੇ ਕਮਰੇ ਉਸਾਰ ਲਏ।'' ਉਹ ਚੇਤੇ ਕਰਦੀ ਹਨ ਕਿ ਨੇੜਲਾ ਇਹ ਬਾਂਦਰਾ-ਕੁਰਲਾ ਕੰਪਲੈਕਸ, ਪਹਿਲਾਂ ਮੈਂਗ੍ਰੋਵ ਨਾਲ਼ ਢੱਕਿਆ ਇੱਕ ਬੀਆਬਾਨ ਦਲਦਲੀ ਇਲਾਕਾ ਹੋਇਆ ਕਰਦਾ ਸੀ। ''ਅਸੀਂ ਨੇੜੇ-ਤੇੜੇ ਜਾਣ ਤੋਂ ਵੀ ਡਰਿਆ ਕਰਦੇ। ਅਸੀਂ ਸਾਰੀਆਂ ਔਰਤਾਂ ਇਕੱਠੀਆਂ ਹੋ ਨੇੜਲੀ ਪਾਈਪ ਲਾਈਨ 'ਤੇ ਕੱਪੜੇ ਧੋਣ ਜਾਇਆ ਕਰਦੀਆਂ- ਨੇੜਲੀ ਉਹ ਥਾਂ ਕਲਾਨਗਰ ਬੱਸ ਸਟਾਪ ਹੁੰਦਾ ਸੀ। ਹੁਣ ਇਹ ਸਾਰੀਆਂ ਥਾਵਾਂ ਢੱਕੀਆਂ ਗਈਆਂ ਹਨ।''
ਪਹਿਲਾਂ ਵੀ ਉਹ ਜੋ ਕੁਝ ਖਰੀਦਦਾਰੀ ਕਰਦੀਆਂ, ਪੈਸਿਆਂ ਨਾਲ਼ ਹੀ ਕਰਦੀਆਂ। ਪੁਸ਼ਪਵੇਣੀ ਪੂਨੇ ਵਿੱਚ ਬਿਤਾਏ ਆਪਣੇ ਬਚਪਨ ਨੂੰ ਚੇਤਿਆਂ ਕਰਦੀ ਹਨ, ਜਿੱਥੇ ਉਨ੍ਹਾਂ ਦੇ ਪਿਤਾ ਖੜਕੀ ਦੀ ਜਿਹੜੀ ਫ਼ੈਕਟਰੀ ਵਿੱਚ ਕੰਮ ਕਰਦੇ ਸਨ ਉੱਥੇ ਯੁੱਧ ਸਮੱਗਰੀ ਬਣਿਆ ਕਰਦੀ ਸੀ। ਉਹ ਉੱਥੇ ਪੈਕਿੰਗ ਦਾ ਕੰਮ ਕਰਦੇ। (ਉਨ੍ਹਾਂ ਦੀ ਮਾਂ ਇੱਕ ਘਰੇਲੂ ਔਰਤ ਸਨ, ਜੋ ਹੁਣ ਕਰੀਬ 80 ਸਾਲਾਂ ਦੀ ਹਨ ਅਤੇ ਪੂਨੇ ਵਿਖੇ ਹੀ ਰਹਿੰਦੀ ਹਨ।) ਉਹ ਕਹਿੰਦੀ ਹਨ,''1 ਪੈਸਾ ਦੇ ਕੇ ਅਸੀਂ ਮੁੱਠੀਭਰ ਮਟਰ ਖਰੀਦ ਲੈਂਦੇ।'' ਹਾਲਾਂਕਿ, ਉਸ ਸਮੇਂ ਦੀਆਂ ਕੀਮਤਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਚੇਤੇ ਨਹੀਂ, ਪਰ ਉਨ੍ਹਾਂ ਦੀਆਂ ਗੱਲਾਂ ਬਾਤਾਂ ਤੋਂ ਉਸ ਸਮੇਂ ਦੀਆਂ ਚੀਜ਼ਾਂ ਦੇ ਭਾਆਂ ਬਾਰੇ ਪਤਾ ਤਾਂ ਲੱਗ ਜਾਂਦਾ ਹੈ। ਉਹ ਦੱਸਦੀ ਹਨ,''ਸੋਨਾ 50 ਰੁਪਏ ਤੋਲਾ ਸੀ ਅਤੇ ਉਸ ਸਮੇਂ ਵੀ ਅਸੀਂ ਉਹਨੂੰ ਖਰੀਦ ਨਹੀਂ ਸਾ ਪਾਉਂਦੇ ਹੁੰਦੇ; ਖ਼ਾਲਸ ਸੂਤੀ ਸਾੜੀ 10 ਰੁਪਏ ਵਿੱਚ ਆਉਂਦੀ ਸੀ। ਮੇਰੇ ਪਿਤਾ ਦੀ ਸ਼ੁਰੂ ਸ਼ੁਰੂ ਵਿੱਚ 11 ਰੁਪਏ ਤਨਖ਼ਾਹ ਸੀ, ਪਰ ਫਿਰ ਵੀ ਉਹ ਘੋੜਾ ਗਾੜੀ (ਟਾਂਗਾ) ਭਰ ਕੇ ਰਾਸ਼ਨ ਦਾ ਲਿਆਉਂਦੇ।''
''ਅਸੀਂ ਪੂਰਾ ਸੰਸਾਰ ਰੋਜ਼ ਦੇ ਇੱਕ ਰੁਪਏ ਖ਼ਰਚੇ ਵਿੱਚ ਸਮੇਟੀ ਰੱਖਿਆ ਸੀ। 20 ਪੈਸੇ ਵਿੱਚ ਸਬਜ਼ੀਆਂ, 10 ਪੈਸੇ ਵਿੱਚ ਕਣਕ, 5 ਪੈਸੇ ਵਿੱਚ ਚੌਲ਼ ਅਤੇ ਫਿਰ ਵੀ ਸਾਡੀ ਸੱਸ ਕਹਿੰਦੀ ਹੁੰਦੀ ਸੀ ਕਿ ਰੋਜ਼ ਦੇ ਖਰਚਿਆਂ ਵਿੱਚੋਂ ਘੱਟੋ-ਘੱਟ 10 ਪੈਸੇ ਤਾਂ ਬਚਾਓ।''
ਜਦੋਂ ਉਹ ਧਾਰਾਵੀ ਗਈ ਉਦੋਂ ਤੱਕ ਉਸ ਬੇਸ਼ਕੀਮਤੀ ਲਾਈਫਬੁਆਏ ਸਾਬਣ ਦੀ ਕੀਮਤ ਸਿਰਫ਼ 30 ਪੈਸੇ ਹੁੰਦੀ ਸੀ। ਵਾਸੰਤੀ ਕਹਿੰਦੀ ਹਨ,''ਸਾਬਣ ਇੰਨਾ ਵੱਡਾ ਹੋਇਆ ਕਰਦਾ ਸੀ ਕਿ ਤੁਸੀਂ ਹੱਥ ਵਿੱਚ ਫੜ੍ਹ ਨਹੀਂ ਸਕਦੇ ਸੋ। ਕਦੇ-ਕਦੇ, ਅਸੀਂ ਉਹਨੂੰ ਸਿਰਫ਼ 15 ਪੈਸੇ ਵਿੱ ਹੀ ਖਰੀਦ ਲੈਂਦੇ ਸਾਂ।
1980 ਦੇ ਅੱਧ-ਦਹਾਕੇ ਵਿੱਚ, ਜਦੋਂ ਉਹ ਪੂਰੇ ਸ਼ਹਿਰ ਵਿੱਚ ਨਿਰਮਾਣ-ਥਾਵਾਂ 'ਤੇ ਮਜ਼ਦੂਰੀ ਕਰਦੀ ਸਨ, ਤਾਂ ਉਨ੍ਹਾਂ ਨੂੰ 15 ਰੁਪਏ ਦਿਹਾੜੀ ਮਿਲ਼ਦੀ। ਉਹ ਕਹਿੰਦੀ ਹਨ,''ਮੈਨੂੰ ਜਿੱਥੇ ਵੀ ਕੰਮ ਮਿਲ਼ਦਾ, ਮੈਂ ਉੱਥੇ ਚਲੀ ਜਾਂਦੀ ਸਾਂ।'' 17 ਸਾਲ ਦੀ ਉਮਰੇ ਉਹ ਮਾਸੀ ਨਾਲ਼ ਰਹਿਣ ਲਈ, ਸਲੇਮ ਤੋਂ ਮੁੰਬਈ ਆਈ ਸਨ। ਸ਼ੁਰੂਆਤ ਦੇ ਕੁਝ ਸਾਲਾਂ ਤੱਕ ਉਨ੍ਹਾਂ ਨੇ ਸੇਵਰੀ ਅਤੇ ਚਕਲਾ ਵਿਖੇ ਸਾਬਣ ਦੀਆਂ ਫ਼ੈਕਟਰੀਆਂ ਵਿੱਚ ਕੰਮ ਕੀਤਾ। ਉਹ ਅੱਗੇ ਕਹਿੰਦੀ ਹਨ,''ਮੈਂ ਸਾਬਣ ਪੈਕ ਕਰਿਆ ਕਰਦੀ। ਉਸ ਸਮੇਂ ਪਵਿਤਰਤਾ ਨਾਮਕ ਇੱਕ ਸਾਬਣ ਆਉਂਦਾ ਸੀ।'' ਬਾਅਦ ਵਿੱਚ ਉਨ੍ਹਾਂ ਨੂੰ ਮਸਜਿਦ ਬੰਦਰ ਵਿੱਚ, ਮੱਛੀ-ਪੈਕਿੰਗ ਦੀ ਯੂਨਿਟ ਵਿੱਚ ਨੌਕਰੀ ਮਿਲ਼ ਗਈ ਅਤੇ ਉਹਦੇ ਬਾਅਦ ਉਨ੍ਹਾਂ ਨੇ ਕਈ ਸਾਲਾਂ ਤੱਕ ਕਰੀਬ ਅੱਧਾ ਦਰਜਨ ਘੜਾਂ ਵਿੱਚ ਬਤੌਰ ਘਰੇਲੂ ਸਹਾਇਕ ਕੰਮ ਕੀਤਾ।
ਤਮਿਲਨਾਡੂ ਵਿਖੇ ਉਨ੍ਹਾਂ ਦੇ ਪਿਤਾ ਇੱਕ ਪੁਲਿਸ ਕਾਂਸਟੇਬਲ ਸਨ। ਜਦੋਂ ਵਾਸੰਤੀ ਤਿੰਨ ਸਾਲ ਦੀ ਸਨ, ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ 10ਵੀਂ ਤੱਕ ਪੜ੍ਹਾਈ ਕੀਤੀ ਅਤੇ ਜੇ ਪੁਰਾਣੀਆਂ ਯਾਦਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਯਾਦਦਾਸ਼ਤ ਕਾਫ਼ੀ ਤੇਜ਼ ਹੈ। ਇਹਦਾ ਸਿਹਰਾ ਉਹ ਉਦੋਂ ਦੇ '' ਅਸਲੀ ਮਾਲ '' (ਖ਼ਾਲਸ ਚੀਜ਼ਾਂ) ਸਿਰ ਬੰਨ੍ਹਦੀ ਹਨ। ''ਅਸੀਂ ਨੇੜਲੇ ਖੇਤਾਂ 'ਚੋਂ ਤੋੜ ਤੋੜ ਕੇ ਮਟਰ, ਇਮਲੀ, ਔਲ਼ੇ ਖਾਂਦੇ ਅਤੇ ਗੰਨੇ ਚੂਪਦੇ। ਅਸੀਂ ਰੱਸੀ ਦੀ ਗਾਂਟੀ ਸੁੱਟ ਸੁੱਟ ਕੇ ਇਮਲੀ ਦੀਆਂ ਫਲ਼ੀਆਂ ਤੋੜਿਆ ਕਰਦੇ ਅਤੇ ਲੂਣ-ਮਿਰਚ ਲਾ ਲਾ ਖਾਂਦੇ।'' ਉਹ ਇਸੇ ਖ਼ੁਰਾਕ ਨੂੰ ਤੇਜ਼ ਯਾਦਦਾਸ਼ਤ ਦਾ ਰਾਜ਼ ਦੱਸਦੀ ਹਨ; ਜਿਵੇਂ ਪੁਸ਼ਪਵੇਣੀ ਵਾਲ਼ਾਂ ਨੂੰ ਕਾਲ਼ਾ ਬਣਾਈ ਰੱਖਣ ਵਾਸਤੇ, ਨਾਰੀਅਲ-ਸਾਬਣ ਲਾਉਣ ਦੀ ਗੱਲ ਕਰਦੀ ਹਨ।
ਚਕਲਾ ਦੀ ਸਾਬਣ ਫ਼ੈਕਟਰੀ ਵਿੱਚ ਵਾਸੰਤੀ ਉਸ ਨੌਜਵਾਨ ਨਾਲ਼ ਮਿਲ਼ੀ ਜਿਨ੍ਹਾਂ ਦੇ ਨਾਲ਼ ਬਾਅਦ ਵਿੱਚ ਉਨ੍ਹਾਂ ਦਾ ਵਿਆਹ ਹੋਇਆ। ਉਹ ਕਹਿੰਦੀ ਹਨ,''ਸਾਨੂੰ ਆਪਸ ਵਿੱਚ ਪਿਆਰ ਹੋ ਗਿਆ ਸੀ ਅਤੇ ਅਸੀਂ ਸਭ ਦੀ ਰਜ਼ਾਮੰਦੀ ਨਾਲ਼ ਵਿਆਹ ਕਰ ਲਿਆ।'' ਗੱਲ ਕਰਦੇ ਵੇਲ਼ੇ ਇੱਕ ਮੁਸਕਾਨ ਉਨ੍ਹਾਂ ਦੇ ਚਿਹਰੇ 'ਤੇ ਫਿਰ ਗਈ। ''ਜਵਾਨੀ ਵਿੱਚ ਕੌਣ ਹੈ ਜੋ ਪਿਆਰ ਨਹੀਂ ਕਰਦਾ? ਫਿਰ ਮੇਰੀ ਚਾਚੀ ਨੇ ਲਾਜ਼ਮੀ ਛਾਣਬੀਣ ਮੁਕੰਮਲ ਕੀਤੀ ਅਤੇ ਤਿੰਨ ਸਾਲ ਬਾਅਦ 1979 ਵਿੱਚ, ਸਾਰਿਆਂ ਦੀ ਰਜ਼ਾਮੰਦੀ ਨਾਲ਼ ਵਿਆਹ ਹੋ ਗਿਆ।''
ਉਹ ਆਪਣੇ ਪਤੀ ਦਾ ਨਾਮ ਨਹੀਂ ਲੈਂਦੀ ਅਤੇ ਪੁਸ਼ਪਵੇਣੀ ਨੂੰ ਨਾਮ ਲੈਣ ਲਈ ਕਹਿੰਦੀ ਹਨ। ਫਿਰ ਨਾਮ ਦਾ ਇੱਕ-ਇੱਕ ਅੱਖਰ ਬੋਲ਼ ਕੇ ਇਸ ਤਰੀਕੇ ਨਾਲ਼ ਕਹਿੰਦੀ ਹਨ: ਆਸਾਈ ਥਾਂਬੀ। ਉਹ ਅੱਜ ਵੀ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਹਨ। ''ਉਹ ਬਹੁਤ ਹੀ ਬਿਹਤਰੀਨ ਇਨਸਾਨ ਸਨ,'' ਉਹ ਕਹਿੰਦੀ ਹਨ। '' ਇਤਨਾ ਸੋਨਾ ਆਦਮੀ ,'' ਸ਼ਾਂਤ ਅਤੇ ਭੱਦਰ। ਅਸੀਂ ਇਕੱਠਿਆਂ ਬਹੁਤ ਹੀ ਖ਼ੁਸ਼ਹਾਲ ਜੀਵਨ ਬਿਤਾਇਆ। ਮੇਰੇ ਸਹੁਰੇ ਘਰ (ਚੇਨੱਈ) ਵੀ ਮੈਨੂੰ ਕਿਸੇ ਚੀਜ਼ ਦੀ ਘਾਟ ਨਹੀਂ ਸੀ। ਨਾ ਸਿਰਫ਼ ਮੇਰੇ ਪਤੀ ਚੰਗੇ ਇਨਸਾਨ ਸਨ ਸਗੋਂ ਮੇਰੀ ਸੱਸ ਵੀ ਬੜੀ ਚੰਗੀ ਸਨ। ਮੈਂ ਜੋ ਚਾਹਿਆ ਮੈਨੂੰ ਸਭ ਮਿਲ਼ਿਆ।''
2009 ਵਿੱਚ ਆਸਾਈ ਥਾਂਬੀ ਦਾ ਦੇਹਾਂਤ ਹੋ ਗਿਆ ਸੀ। ਵਾਸੰਤੀ ਚੇਤੇ ਕਰਦਿਆਂ ਕਹਿੰਦੀ ਹਨ,''ਉਹ ਸ਼ਰਾਬ ਪੀਂਦੇ ਸਨ ਅਤੇ ਸਾਹ ਸਬੰਧੀ ਸ਼ਿਕਾਇਤ ਰਹਿੰਦੀ ਸੀ। ਪਰ ਸਾਡਾ ਜੀਵਨ ਬੜੇ ਸਕੂਨ 'ਚ ਲੰਘਿਆ... ਸਾਡਾ 35 ਸਾਲ ਦਾ ਸਾਥ ਸੀ ਅਤੇ ਅੱਜ ਵੀ ਜਦੋਂ ਮੈਂ ਉਨ੍ਹਾਂ ਨੂੰ ਚੇਤੇ ਕਰਦੀ ਹਾਂ ਤਾਂ ਹੰਝੂ ਵਹਿਣੋ ਨਹੀਂ ਰੁੱਕਦੇ।'' ਉਨ੍ਹਾਂ ਨੇ ਆਪਣੇ ਹੰਝੂ ਲੁਕਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਖਾਂ ਸਨ ਕਿ ਨਮ ਹੋ ਹੀ ਗਈਆਂ।
ਉਨ੍ਹਾਂ ਘਰ ਸਿਰਫ਼ ਇੱਕੋ ਬੱਚਾ ਪੈਦਾ ਹੋਇਆ, ਜਿਹਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ ਸੀ। ਉਹ ਦੱਸਦੀ ਹਨ,''ਉਹਦੀ ਮੌਤ ਹਸਪਤਾਲ ਵਿੱਚ ਹੀ ਹੋ ਗਈ ਸੀ। ਮੈਂ ਇਸ ਬਾਰੇ ਜ਼ਿਆਦਾ ਗੱਲ ਨਹੀਂ ਕਰਦੀ। ਪੁਸ਼ਪਵੇਣੀ ਦੇ ਬੱਚੇ ਵੀ ਮੇਰੇ ਆਪਣੇ ਬੱਚੇ ਹਨ ਅਤੇ ਹੁਣ ਜਦੋਂ ਮੈਂ ਉਨ੍ਹਾਂ ਤੋਂ ਦੂਰ ਨਾਲਾਸੋਪਾਰਾ ਰਹਿਣ ਬਾਰੇ ਸੋਚਦੀ ਵੀ ਹਾਂ ਤਾਂ ਮੇਰਾ ਦਿਲ ਫਟ ਫਟ ਵੱਜਣ ਲੱਗਦਾ ਹੈ।
ਇਸ ਸਾਲ, ਮਈ ਵਿੱਚ ਪਹਿਲਾਂ ਪੁਸ਼ਪਵੇਣੀ ਨੇ ਧਾਰਾਵੀ ਵਾਲ਼ਾ ਆਪਣਾ ਕਮਰਾ ਵੇਚਿਆ ਅਤੇ ਫਿਰ ਅਕਤੂਬਰ ਵਿੱਚ ਵਾਸੰਤੀ ਨੇ ਆਪਣਾ ਕਮਰਾ ਵੇਚ ਦਿੱਤਾ। ਮੁੰਬਈ ਵਿਖੇ ਜ਼ਮੀਨ ਅਤੇ ਰਹਿਣ ਦੀਆਂ ਥਾਵਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹੋਣ ਕਾਰਨ, ਦੋਵਾਂ ਨੂੰ ਆਪੋ-ਆਪਣੀ ਥਾਂ (ਕਮਰਿਆਂ) ਬਦਲੇ ਲੱਖਾਂ ਰੁਪਏ ਮਿਲ਼ ਗਏ। ਪਰ ਇਸ ਮਹਿੰਗੇ ਸ਼ਹਿਰ ਵਿੱਚ ਇਹ ਲੱਖਾਂ ਰੁਪਏ ਵੀ ਮਾਹਿਮ ਕ੍ਰੀਕ ਵਿਖੇ ਰਹਿਣ ਲਈ ਸਮੁੰਦਰ ਵਿੱਚ ਇੱਕ ਬੂੰਦ ਸਮਾਨ ਹਨ।
ਧਾਰਾਵੀ, ਮੈਨੂਫ਼ੈਕਚਰਿੰਗ ਹਬ ਵਜੋਂ ਜਾਣਿਆਂ ਜਾਂਦਾ ਹੈ ਅਤੇ ਇੱਥੇ ਕੱਪੜੇ ਦੀਆਂ ਕਈ ਕਾਰਜਸ਼ਾਲਾਵਾਂ ਚੱਲਦੀਆਂ ਹਨ। ਦੋਵੇਂ ਔਰਤਾਂ ਕੱਪੜਿਆਂ ਦੀਆਂ ਕਈ ਵਰਕਸ਼ਾਪਾਂ ਲਈ ਕੰਮ ਕਰਦੀਆਂ ਹਨ ਜਿੱਥੇ ਉਨ੍ਹਾਂ ਨੂੰ ਕਾਲ਼ੀਆਂ ਜੀਨਾਂ (ਜੀਨਸ) ਦੇ ਧਾਗੇ ਕੱਟਣ ਬਦਲੇ ਪ੍ਰਤੀ ਪੀਸ 1.50 ਰੁਪਿਆ ਮਿਲ਼ਦਾ ਹੈ। ਜੇ ਉਹ ਇਕੱਠਿਆਂ ਬੈਠ ਕੇ ਦਿਨ ਤੇ 2-3 ਘੰਟੇ ਕੰਮ ਕਰਨ ਤਾਂ 50-60 ਰੁਪਏ ਕਮਾ ਲੈਂਦੀਆਂ ਹਨ। ਇਸ ਤੋਂ ਇਲਾਵਾ, ਉਹ ਸ਼ੇਰਵਾਨੀ-ਕੁੜਤੇ 'ਤੇ ਹੁੱਕ ਲਾਉਣ ਦਾ ਕੰਮ ਕਰਦੀਆਂ ਹਨ; ਅਤੇ ਪ੍ਰਤੀ ਪੀਸ ਦੇ ਹਿਸਾਬ ਨਾਲ਼ ਦੂਸਰੇ ਕੰਮ ਵੀ ਕਰਦੀਆਂ ਹਨ। ਦੁਪਹਿਰ ਵਿੱਚ ਉਹ ਉਸ ਨੀਲ਼ੇ-ਸਫ਼ੇਦ ਫਰਸ਼ 'ਤੇ ਕੱਪੜੇ ਖਲਾਰ ਕੇ ਕੰਮੇ ਲੱਗੀਆਂ ਰਹਿੰਦੀਆਂ ਹਨ।
ਧਾਰਾਵੀ, ਮੈਨੂਫ਼ੈਕਚਰਿੰਗ ਹਬ ਵਜੋਂ ਜਾਣਿਆਂ ਜਾਂਦਾ ਹੈ ਅਤੇ ਇੱਥੇ ਕੱਪੜੇ ਦੀਆਂ ਕਈ ਕਾਰਜਸ਼ਾਲਾਵਾਂ ਚੱਲਦੀਆਂ ਹਨ। ਦੋਵੇਂ ਔਰਤਾਂ ਕੱਪੜਿਆਂ ਦੀਆਂ ਕਈ ਵਰਕਸ਼ਾਪਾਂ ਲਈ ਕੰਮ ਕਰਦੀਆਂ ਹਨ ਜਿੱਥੇ ਉਨ੍ਹਾਂ ਨੂੰ ਕਾਲ਼ੀਆਂ ਜੀਨਾਂ (ਜੀਨਸ) ਦੇ ਧਾਗੇ ਕੱਟਣ ਬਦਲੇ ਪ੍ਰਤੀ ਪੀਸ 1.50 ਰੁਪਿਆ ਮਿਲ਼ਦਾ ਹੈ
ਪੁਸ਼ਪਵੇਣੀ ਨੇ ਆਪਣੇ ਕਮਰੇ ਦੀ ਵਿਕਰੀ ਤੋਂ ਮਿਲ਼ੇ ਰੁਪਏ ਨਾਲ਼, ਧਾਰਾਵੀ ਵਿੱਚ ਪਗੜੀ ਅਧਾਰ (ਸਹਿ-ਮਾਲਿਕਾਨੇ ਕਿਰਾਏ ਦੀ ਇੱਕ ਪਰੰਪਰਾ) 'ਤੇ ਦੋ ਕਮਰੇ ਲਏ ਹਨ। ਦੋਵੇਂ ਕਮਰੇ ਉਨ੍ਹਾਂ ਦੇ ਬੇਟਿਆਂ ਵਾਸਤੇ ਹਨ। ਉਹ ਆਪਣੇ ਵੱਡੇ ਬੇਟੇ ਦੇ ਨਾਲ਼ ਰਹਿੰਦੀ ਹਨ, ਜੋ 47 ਸਾਲਾਂ ਦੇ ਹਨ ਅਤੇ ਆਟੋ-ਰਿਕਸ਼ਾ ਚਲਾਉਂਦੇ ਹਨ। ਘਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚੇ ਵੀ ਰਹਿੰਦੇ ਹਨ। (1999 ਵਿੱਚ, ਪੁਸ਼ਪਵੇਣੀ ਦੇ ਪਤੀ ਦਾ ਦੇਹਾਂਤ ਹੋ ਗਿਆ ਸੀ)। ਉਨ੍ਹਾਂ ਦੇ ਇਸ ਘਰ ਵਿੱਚ ਹੇਠਲੀ ਮੰਜਲ 'ਤੇ ਇੱਕ ਛੋਟੀ ਜਿਹੀ ਰਸੋਈ ਤੇ ਗੁਸਲਖਾਨਾ ਵੀ ਹੈ। ਇਹ ਪਰਿਵਾਰ ਦੀਆਂ ਬਿਹਤਰ ਹਾਲਾਤਾਂ ਨੂੰ ਦਰਸਾਉਂਦਾ ਹੈ।
ਉਨ੍ਹਾਂ ਦੇ ਦੂਸਰੇ 42 ਸਾਲਾ ਬੇਟੇ, ਧਾਰਾਵੀ ਦੇ ਦੂਸਰੇ ਹਿੱਸੇ ਵਿੱਚ ਰਹਿੰਦੇ ਹਨ। ਉਹ ''ਸਪੋਰਟਸ'' ਦਾ ਕੰਮ ਕਰਦੇ ਹਨ; ਸਪੋਰਟਸ ਕਹਿਣ ਦਾ ਉਨ੍ਹਾਂ ਦਾ ਮਤਲਬ ਐਕਸਪੋਰਟ (ਨਿਰਯਾਤ) ਤੋਂ ਸੀ, ਜੋ ਉਹ ਸਥਾਨਕ ਫ਼ੈਕਟਰੀਆਂ ਲਈ ਕਰਦੇ ਸਨ। ਤਾਲਾਬੰਦੀ ਦੌਰਾਨ ਉਨ੍ਹਾਂ ਦਾ ਕੰਮ ਖੁੱਸ ਗਿਆ ਅਤੇ ਉਹ ਬ੍ਰੇਨ ਹੈਮਰੇਜ ਦੇ ਸ਼ਿਕਾਰ ਹੋ ਗਏ ਅਤੇ ਹੋਈ ਸਰਜਰੀ ਤੋਂ ਹਾਲੇ ਤੀਕਰ ਉੱਭਰ ਰਹੇ ਹਨ। ਹੁਣ ਉਹ ਕੰਮ ਦੀ ਭਾਲ਼ ਵਿੱਚ ਹਨ। ਪੁਸ਼ਪਵੇਣੀ ਦੀ ਧੀ 51 ਸਾਲਾਂ ਦੀ ਹਨ ਅਤੇ ਉਨ੍ਹਾਂ ਦੇ ਚਾਰ ਪੋਤੇ-ਪੋਤੀਆਂ ਹਨ। ਉਹ ਕਹਿੰਦੀ ਹਨ,''ਦੇਖੋ, ਮੈਂ ਤਾਂ ਹੁਣ ਪੜਦਾਦੀ ਹਾਂ।''
''ਮੇਰੇ ਦੋਵੇਂ ਬੇਟੇ ਮੇਰੀ ਚੰਗੀ ਦੇਖਭਾਲ਼ ਕਰਦੇ ਹਨ ਅਤੇ ਮੇਰੀਆਂ ਨੂੰਹਾਂ ਮੇਰਾ ਚੰਗੀ ਤਰ੍ਹਾਂ ਖਿਆਲ ਰੱਖਦੀਆਂ ਹਨ। ਮੈਨੂੰ ਕੋਈ ਫਿ਼ਕਰ-ਫਾਕਾ ਨਹੀਂ, ਕੋਈ ਸ਼ਿਕਾਇਤ ਨਹੀਂ। ਮੇਰੀ ਚੰਗੀ ਦੇਖਭਾਲ਼ ਹੋ ਰਹੀ ਹੈ। ਹੁਣ ਮੇਰਾ ਜੀਵਨ ਪੁਰ-ਸਕੂਨ ਲੰਘ ਰਿਹਾ ਹੈ।''
ਵਾਸੰਤੀ ਨੇ ਧਾਰਾਵੀ ਦੇ ਕਮਰੇ ਨੂੰ ਵੇਚ ਕੇ ਉੱਥੋਂ 60 ਕਿਲੋਮੀਟਰ ਦੂਰ ਨਾਲਾਸੋਪਾਰਾ ਵਿਖੇ ਦੂਸਰਾ ਕਮਰਾ ਖਰੀਦ ਲਿਆ। ਕਿਉਂਕਿ ਅਜੇ ਉਹਦੀ ਉਸਾਰੀ ਚੱਲ ਰਹੀ ਹੈ ਇਸਲਈ ਉਹ ਨੇੜੇ ਹੀ ਕਿਰਾਏ ਦੇ ਕਮਰੇ ਵਿੱਚ ਰਹਿੰਦੀ ਹਨ ਜਾਂ ਕਦੇ ਕਦੇ ਪੁਸ਼ਪਵੇਣੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ਼ ਰਹਿਣ ਧਾਰਾਵੀ ਚਲੀ ਆਉਂਦੀ ਹਨ। ਉਹ ਕਹਿੰਦੀ ਹਨ,''ਮੇਰਾ ਕਮਰਾ ਤਿਆਰ ਹੋ ਰਿਹਾ ਹੈ ਅਤੇ ਮੈਂ ਉੱਥੇ ਨੇੜੇ ਤੇੜੀ ਹੀ ਰਹਿੰਦੀ ਹਾਂ ਤਾਂ ਕਿ ਉਨ੍ਹਾਂ (ਮਿਸਤਰੀਆਂ) ਦੱਸ ਸਕਾਂ ਕਿ ਮੈਨੂੰ ਕਿਹੋ-ਜਿਹੀ ਸਜਾਵਟ ਚਾਹੀਦੀ ਹੈ-ਜਿਵੇਂ ਮੈਨੂੰ ਆਪਣਾ ਸਮਾਨ ਰੱਖਣ ਲਈ ਕਾਡੱਪਾ (ਕਾਲ਼ੇ ਚੂਨੇ ਦਾ ਪੱਥਰ) ਦੀ ਸਲੈਬ ਚਾਹੀਦੀ ਹੈ। ਜੇ ਮੈਂ ਨੇੜੇ-ਤੇੜੇ ਨਾ ਰਹਾਂ ਤਾਂ ਉਹ ਸਾਰਾ ਕੁਝ ਟੇਢਾ-ਮੇਢਾ ਕਰ ਦੇਣਗੇ।''
ਗਰਾਉਂਡ-ਫਲੋਰ ਦਾ ਕਮਰਾ ਤਿਆਰ ਹੁੰਦਿਆਂ ਹੀ ਵਾਸੰਤੀ ਉੱਥੇ ਬਿਸਕੁਟ, ਚਿਪਸ, ਸਾਬਣ ਅਤੇ ਹੋਰ ਨਿੱਕ-ਸੁੱਕ ਦੀ ਦੁਕਾਨ ਖੋਲ੍ਹਣਾ ਚਾਹੁੰਦੀ ਹਨ। ਇਸ ਨਾਲ਼ ਮੈਨੂੰ ਕਮਾਈ ਹੋਵੇਗੀ। ਉਹ ਕਹਿੰਦੀ ਹਨ,''ਹੁਣ ਮੈਂ ਬੁੱਢੀ ਹੋ ਰਹੀ ਹਾਂ, ਸੋ ਘਰ ਘਰ ਜਾ ਕੇ ਕੰਮ ਨਹੀਂ ਕਰ ਸਕਦੀ। ਮੈਂ ਗ਼ਰੀਬ ਹੀ ਸਹੀ ਪਰ ਹੁਣ ਮੈਂ ਇੱਕ ਸੁਕੂਨ ਭਰਿਆ ਜੀਵਨ ਬਿਤਾ ਰਹੀ ਹਾਂ। ਮੇਰੇ ਕੋਲ਼ ਕਿਸੇ ਚੀਜ਼ ਦੀ ਘਾਟ ਨਹੀਂ, ਮੈਨੂੰ ਕੋਈ ਚਿੰਤਾ ਨਹੀਂ, ਦੱਸੋ ਹੋਰ ਮੈਨੂੰ ਕੀ ਚਾਹੀਦਾ ਹੈ ਭਲ਼ਾ।''
ਤਰਜਮਾ: ਕਮਲਜੀਤ ਕੌਰ