3 ਜਨਵਰੀ 2023 ਦੀ ਸਵੇਰ ਵੇਲ਼ੇ ਵਾਪਰੀਆਂ ਮੰਦਭਾਗੀ ਘਟਨਾਵਾਂ ਨੂੰ ਚੇਤੇ ਕਰਦਿਆਂ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਜੋਸ਼ੀਮਠ ਕਸਬੇ ਦੇ ਵਾਸੀ, ਅਜੀਤ ਰਾਘਵ ਕਹਿੰਦੇ ਹਨ,''ਸ਼ੁਰੂਆਤ ਰਸੋਈ ਤੋਂ ਹੋਈ।''
37 ਸਾਲਾ ਇਸ ਜੀਪ ਟੈਕਸੀ ਡਰਾਈਵਰ ਦਾ ਕਹਿਣਾ ਹੈ ਕਿ ਵੱਡੀਆਂ ਤ੍ਰੇੜਾਂ ਸਭ ਤੋਂ ਪਹਿਲਾਂ ਰਸੋਈ ਵਿੱਚ ਦਿੱਸੀਆਂ ਤੇ ਫਿਰ ਯਕਦਮ ਘਰ ਦੇ ਬਾਕੀ ਹਿੱਸਿਆਂ ਵੱਲ ਫੈਲਣ ਲੱਗੀਆਂ। ਉਨ੍ਹਾਂ ਦੇ ਸਧਾਰਣ ਜਿਹੇ ਦੋ-ਮੰਜ਼ਲਾ ਘਰ ਵਿੱਚ, ਤ੍ਰੇੜਾਂ ਤੋਂ ਸੱਖਣੇ ਕਮਰੇ ਨੂੰ ਆਰਜੀ ਰਸੋਈ ਬਣਾ ਦਿੱਤਾ ਗਿਆ। ਅੱਖ ਦੇ ਫਰੱਕੇ ਨਾਲ਼ ਇਸ ਅੱਠ ਮੈਂਬਰੀ ਪਰਿਵਾਰ ਦੇ ਸਿਰ ਤੋਂ ਛੱਤ ਗਾਇਬ ਹੋ ਗਈ ਤੇ ਪਰਿਵਾਰ ਬਿਪਤਾ ਵਿੱਚ ਘਿਰ ਗਿਆ।
ਰਾਘਵ ਕਹਿੰਦੇ ਹਨ,''ਮੈਂ ਆਪਣੀਆਂ ਵੱਡੀਆਂ ਧੀਆਂ- 12 ਸਾਲਾ ਐਸ਼ਵਰਿਆ ਤੇ 9 ਸਾਲਾ ਸ਼੍ਰਿਸ਼ਟੀ ਨੂੰ ਆਪਣੀ ਵੱਡੀ ਭੈਣ ਕੋਲ਼ ਭੇਜ ਦਿੱਤਾ।'' ਬਾਕੀ ਬਚੇ ਪਰਿਵਾਰ ਵਿੱਚ ਰਾਘਵ, ਉਨ੍ਹਾਂ ਦੀ ਪਤਨੀ ਗੌਰੀ ਦੇਵੀ, ਛੇ ਸਾਲਾ ਧੀ ਅਯੇਸ਼ਾ ਅਤੇ ਦੋ ਬਜ਼ੁਰਗ ਚਾਚੀਆਂ ਨੂੰ ਇੱਥੇ ਹੀ ਰਹਿਣਾ ਪਿਆ ਹੈ। ਦਿਨ ਵੇਲ਼ੇ ਉਹ ਆਪਣੇ ਘਰ ਹੀ ਰਹਿੰਦੇ ਹਨ ਪਰ ਤਿਰਕਾਲਾਂ ਵੇਲ਼ੇ ਸਾਰਾ ਪਰਿਵਾਰ ਸੌਣ ਵਾਸਤੇ ਸੰਸਕ੍ਰਿਤ ਮਹਾਂਵਿਦਿਆਲੇ ਸਕੂਲ ਚਲਾ ਜਾਂਦਾ ਹੈ ਜਿੱਥੇ ਇਸ ਹਿਮਾਲਿਅਨ ਕਸਬੇ ਦੇ ਬਾਸ਼ਿੰਦਿਆਂ ਲਈ ਆਰਜੀ ਠ੍ਹਾਰ ਸਥਾਪਤ ਕੀਤੀ ਗਈ ਹੈ। ਉਜੜੇ ਪਰਿਵਾਰਾਂ ਵਿੱਚੋਂ ਤਕਰੀਬਨ 25-30 ਪਰਿਵਾਰ ਇੱਥੇ ਰਹਿਣ ਆ ਗਏ ਹਨ।
21 ਜਨਵਰੀ 2023 ਨੂੰ ਚਮੋਲੀ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਜਾਰੀ ਇੱਕ ਬੁਲੇਟਿਨ ਮੁਤਾਬਕ ਜੋਸ਼ੀਮਠ ਦੇ ਨੌ ਵਾਰਡਾਂ ਦੇ ਕਰੀਬ 181 ਢਾਂਚਿਆਂ ਨੂੰ ਅਸੁਰੱਖਿਅਤ ਐਲਾਨ ਦਿੱਤਾ ਗਿਆ ਹੈ ਅਤੇ 863 ਇਮਾਰਤਾਂ ਅਜਿਹੀਆਂ ਹਨ ਜਿਨ੍ਹਾਂ ਦੀਆਂ ਕੰਧਾਂ, ਛੱਤਾਂ ਤੇ ਫ਼ਰਸ਼ਾਂ 'ਤੇ ਤ੍ਰੇੜਾਂ ਤੇ ਪਾੜ ਉੱਭਰ ਆਏ ਹਨ। ਰਾਘਵ, ਪਾਰੀ ਨੂੰ ਆਪਣੇ ਗੁਆਂਢ ਦੇ ਘਰਾਂ ਵਿੱਚ ਆਈ ਤ੍ਰੇੜਾਂ ਦਿਖਾਉਂਦੇ ਹਨ। ਉਹ ਜੋਸ਼ੀਮਠ ਨੂੰ ਇਸ ਬਿਪਤਾ ਵਿੱਚ ਲਿਆ ਸੁੱਟਣ ਵਾਲ਼ੇ ਬੇਲਗਾਮ ਵਿਕਾਸ ਦਾ ਹਵਾਲਾ ਦਿੰਦਿਆਂ ਕਹਿੰਦੇ ਹਨ,''ਇੱਥੇ ਹਰ ਘਰ ਜੋਸ਼ੀਮਠ ਦੀ ਕਹਾਣੀ ਸੁਣਾਉਂਦਾ ਜਾਪਦਾ ਹੈ।''
ਰਾਘਵ ਕਹਿੰਦੇ ਹਨ ਕਿ 3 ਜਨਵਰੀ 2023 ਦਾ ਦਿਨ ਸੀ ਜਦੋਂ ਜੋਸ਼ੀਮਠ ਦੀਆਂ ਇਮਾਰਤਾਂ ਦੀਆਂ ਕੰਧਾਂ, ਛੱਤਾਂ 'ਤੇ ਤ੍ਰੇੜਾਂ ਉੱਭਰਣ ਲੱਗੀਆਂ ਤੇ ਫ਼ਰਸ਼ ਦਰੜੇ ਜਾਣ ਲੱਗੇ। ਕੁਝ ਹੀ ਦਿਨਾਂ ਵਿੱਚ ਇਹ ਪੂਰਾ ਇਲਾਕਾ ਡੂੰਘੇ ਸੰਕਟ ਵਿੱਚ ਤਬਦੀਲ ਹੋ ਗਿਆ। ਇਹੀ ਉਹ ਸਮਾਂ ਸੀ, ਜਦੋਂ ਭਾਰਤੀ ਪੁਲਾੜ ਸੰਗਠਨ (ਇਸਰੋ) ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (ਐੱਨਆਰਐੱਸਸੀ) ਨੇ ਜੋਸ਼ੀਮਠ ਵਿਖੇ ਦਸੰਬਰ 2022 ਦੇ ਅਖ਼ੀਰਲੇ ਸਮੇਂ ਅਤੇ ਜਨਵਰੀ 2023 ਦੇ ਸ਼ੁਰੂਆਤੀ ਸਮੇਂ ਦਰਮਿਆਨ 5.4 ਸੈਮੀ ਜ਼ਮੀਨ ਦੇ ਧਸਣ ਦੀਆਂ ਤਸਵੀਰਾਂ ਜਾਰੀ ਕੀਤੀਆਂ। ਵੈਸੇ ਉਹ ਤਸਵੀਰਾਂ ਐੱਨਆਰਐੱਸਸੀ ਵੈੱਬਸਾਈਟ 'ਤੇ ਲੱਭੀਆਂ ਨਹੀਂ ਜਾ ਸਕੀਆਂ।
ਸਿੰਘਦਾਰ ਵਾਰਡ, ਜਿੱਥੇ ਉਹ ਰਹਿੰਦੇ ਹਨ, ਵਿਖੇ 151 ਇਮਾਰਤਾਂ ਅਜਿਹੀਆਂ ਹਨ ਜਿੱਥੇ ਤ੍ਰੇੜਾਂ ਹੀ ਤ੍ਰੇੜਾਂ ਉੱਭਰ ਆਈਆਂ ਤੇ ਉਨ੍ਹਾਂ ਵਿੱਚੋਂ 98 ਇਮਾਰਤਾਂ ਅਸੁਰੱਖਿਅਤ ਜ਼ੋਨ ਵਿੱਚ ਹਨ। ਉਨ੍ਹਾਂ ਸਾਰੀਆਂ ਥਾਵਾਂ ਨੂੰ ਜ਼ਿਲ੍ਹਾ ਅਧਿਕਾਰੀਆਂ ਦੁਆਰਾ ਰੈੱਡ ਕਰਾਸ ਦੇ ਨਿਸ਼ਾਨ ਲਾ ਦਿੱਤੇ ਗਏ ਹਨ ਤਾਂ ਕਿ ਅਢੁੱਕਵੇਂ ਤੇ ਅਸੁਰੱਖਿਅਤ ਨਿਵਾਸਾਂ ਦੀ ਅੱਡ ਤੋਂ ਪਛਾਣ ਦੱਸੀ ਜਾ ਸਕੇ।
















