“ਕੀ ਤੁਸੀਂ ਜਾਣਦੇ ਹੋ ਉਹ ਕਿਹੜੀ ਸ਼ੈਅ ਹੈ ਜੋ ਇਸ ਗੱਲ ਨੂੰ ਸੰਭਵ ਬਣਾਉਂਦੀ ਹੈ ਕਿ ਅਸੀਂ ਆਪਣੇ ਅਧਿਕਾਰਾਂ ਅਤੇ ਸੁਤੰਤਰਤਾਵਾਂ ਨੂੰ ਜਾਣ ਵੀ ਸਕੀਏ ਤੇ ਮਾਣ ਵੀ ਸਕੀਏ? ਉਹ ਹੈ ਭਾਰਤ ਦਾ ਸੰਵਿਧਾਨ।” ਰਾਮਪਿਆਰੀ ਨੇ ਆਪਣੀ ਕਿਤਾਬਾਂ ਦੀ ਮੋਬਾਇਲ (ਤੁਰਦੀ-ਫਿਰਦੀ) ਦੁਕਾਨ ਵਿਖੇ ਕਿਤਾਬਾਂ ਦੇਖ ਰਹੇ ਇੱਕ ਗਾਹਕ ਨੂੰ ਸੰਵਿਧਾਨ ਦੀ ਕਾਪੀ ਦਿਖਾਉਂਦਿਆਂ ਕਹਿੰਦੇ ਹਨ। ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਵਿਖੇ ਪੈਂਦੇ ਪਿੰਡ ‘ਘੋਟਗਾਓਂ’ ਦੇ ਹਾਟ ਬਜ਼ਾਰ ਵਿਖੇ ਕਿਤਾਬਾਂ ਦੇ ਇਸ ਸਟਾਲ ‘ਤੇ ਰੱਖੀਆਂ ਕਿਤਾਬਾਂ ਵਿੱਚੋਂ ਸਭ ਤੋਂ ਮੋਟੀ ਕਿਤਾਬ ਸੀ ਭਾਰਤ ਦਾ ਸੰਵਿਧਾਨ। ਇਹ ਹਫ਼ਤਾਵਰੀ ਬਜ਼ਾਰ, ਧਮਤਰੀ ਜ਼ਿਲ੍ਹੇ ਦੇ ਨਗਰੀ ਬਲਾਕ ਵਿੱਚ ਸਥਿਤ ਰਾਮਪਿਆਰੀ ਦੇ ਪਿੰਡ ਜੋਰਾਡਬਰੀ ਰੈਯਤ ਤੋਂ ਕਰੀਬ 13 ਕਿਲੋਮੀਟਰ ਦੂਰ ਲੱਗਦਾ ਹੈ।
ਰਾਮਪਿਆਰੀ, ਜੋ ਖ਼ੁਦ ਪੜ੍ਹ ਜਾਂ ਲਿਖ ਤਾਂ ਨਹੀਂ ਸਕਦੇ, ਪਰ ਕਿਤਾਬਾਂ ਦੇ ਆਪਣੇ ਸਟਾਲ ’ਤੇ ਆਉਣ ਵਾਲ਼ੇ ਹਰੇਕ ਗਾਹਕ ਨੂੰ ਭਾਰਤ ਦੇ ਸੰਵਿਧਾਨ ਦਾ ਮਹੱਤਵ ਸਮਝਾ ਰਹੇ ਸਨ। ਉਨ੍ਹਾਂ ਵਾਂਗਰ ਹੀ, ਉਨ੍ਹਾਂ ਦੇ ਸੰਭਾਵਨਾ-ਸੰਪੰਨ ਗਾਹਕ ਉਸੇ ਇਲਾਕੇ ਦੇ ਆਦਿਵਾਸੀ ਭਾਈਚਾਰਿਆਂ ਨਾਲ਼ ਤਾਅਲੁੱਕ ਰੱਖਦੇ ਸਨ; ਅਤੇ ਇਸ ਕਿਤਾਬ ਵੇਚਣ ਵਾਲ਼ੇ ਦੀ ਮੁੱਖ ਦਿਲਚਸਪੀ ਉਨ੍ਹਾਂ ਨੂੰ ਸਿਰਫ਼ ਸੰਵਿਧਾਨ ਤੋਂ ਜਾਣੂ ਕਰਾਉਣ ਵਿੱਚ ਹੀ ਸੀ।
ਇਹ “ਐਨੀ ਪਵਿੱਤਰ ਕਿਤਾਬ” ਹੈ ਕਿ ਹਰੇਕ ਨੂੰ ਇਹਨੂੰ ਆਪਣੇ ਘਰੇ ਰੱਖਣਾ ਚਾਹੀਦਾ ਹੈ ਅਤੇ ਇਸ ਨੂੰ ਪੜ੍ਹ ਕੇ ਆਪਣੇ ਹੱਕਾਂ ਅਤੇ ਫ਼ਰਜ਼ਾਂ ਬਾਰੇ ਜਾਣਨਾ ਚਾਹੀਦਾ ਹੈ, ਰਾਮਪਿਆਰੀ ਨੇ ਕਿਹਾ। “ਕੀ ਤੁਸੀਂ ਜਾਣਦੇ ਹੋ ਕਿ ਸਾਨੂੰ ਆਦਿਵਾਸੀਆਂ ਅਤੇ ਦਲਿਤਾਂ ਨੂੰ ਰਾਖਵਾਂਕਰਨ (ਉੱਚੇਰੀ ਸਿੱਖਿਆ ਅਤੇ ਸਰਕਾਰੀ ਨੌਕਰੀਆਂ ਵਿੱਚ) ਪ੍ਰਾਪਤ ਹੈ ਜੋ ਭਾਰਤ ਦੇ ਸੰਵਿਧਾਨ ਅਤੇ ਇਹਦੇ ਪ੍ਰੋਵੀਜ਼ਨਾਂ ਅਤੇ ਪੰਜਵੀਂ ਅਤੇ ਛੇਵੀਂ ਅਨੁਸੂਚੀ (ਆਦਿਵਾਸੀ ਭਾਈਚਾਰਿਆਂ ਦੀ ਸੁਰੱਖਿਆ ਕਰਨ ਵਾਲ਼ੀ) ਦੁਆਰਾ ਹੀ ਹਾਸਲ ਹੋਇਆ ਹੈ?” ਰਾਮਪਿਆਰੀ ਨੇ ਇਹ ਗੱਲਾਂ ਘੋਟਗਾਓਂ ਦੇ ਉਨ੍ਹਾਂ ਲੋਕਾਂ ਨੂੰ ਕਹੀਆਂ ਜੋ ਹਾਟ ਵਿਖੇ ਰਾਸ਼ਨ, ਸਬਜ਼ੀਆਂ ਅਤੇ ਹੋਰ ਲੋੜਵੰਦੀਆਂ ਵਸਤੂਆਂ ਖਰੀਦਣ ਆਏ ਹੋਏ ਸਨ।
ਰਾਮਪਿਆਰੀ ਦਾ ਚਿਹਰਾ-ਮੋਹਰਾ ਦੇਖ ਕੇ ਉਨ੍ਹਾਂ ਦੀ ਉਮਰ 50 ਸਾਲ ਦੇ ਕਰੀਬ ਲੱਗਦੀ ਹੈ। ਉਹ ਛੱਤੀਸਗੜ੍ਹ ਦੇ ਸਭ ਤੋਂ ਵੱਡੇ ਆਦਿਵਾਸੀ ਸਮੂਹ ‘ਗੋਂਡ’ ਨਾਲ਼ ਤਾਅਲੁੱਕ ਰੱਖਦੇ ਹਨ- ਜਿੱਥੇ ਰਾਜ ਦੀ ਕੁੱਲ ਅਬਾਦੀ ਵਿੱਚ ਇੱਕ ਤਿਹਾਈ ਵਸੋਂ ਇਸੇ ਕਬੀਲੇ ਦੀ ਹੀ ਹੈ। ਉਹ ਜਿਹੜੀਆਂ ਕਿਤਾਬਾਂ ਵੇਚ ਰਹੇ ਹਨ ਉਨ੍ਹਾਂ ਵਿੱਚੋਂ ਬਹੁਤੇਰੀਆਂ ਕਿਤਾਬਾਂ ਹਿੰਦੀ ਵਿੱਚ ਹਨ। ਜਿਨ੍ਹਾਂ ਵਿੱਚੋਂ ਕੁਝ ਕੁ ਕਿਤਾਬਾਂ ਦੇ ਸਿਰਲੇਖ ਇੰਝ ਹਨ ਤੀਸਰੀ ਅਜ਼ਾਦੀ ਕਾ ਸਿੰਹਗਰਜਨਾ; ਬਿਰਸਾ ਮੁੰਡਾ: ਸਚ੍ਰਿਤਰ ਜੀਵਨੀ ; ਭ੍ਰਿਸ਼ਟਾਚਾਰ; ਹਿੰਦੂ ਆਦਿਵਾਸੀ ਨਹੀਂ ਹੈਂ। ਹਾਲਾਂਕਿ ਉਹ ਗੋਂਡੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਵੀ ਕੁਝ ਕੁਝ ਕਿਤਾਬਾਂ ਰੱਖਦੇ ਹਨ। ਜਿਵੇਂ ਹੀ ਕੋਈ ਗਾਹਕ ਕਿਸੇ ਕਿਤਾਬ ਨੂੰ ਹੱਥ ਪਾਉਂਦਾ ਹੈ, ਰਾਮਪਿਆਰੀ ਉਸ ਕਿਤਾਬ ਬਾਰੇ ਦੱਸਣ ਲੱਗਦੇ ਹਨ, ਜੋ ਕਿਸੇ ਵੀ ਕਿਤਾਬ ਦੀ ਸੰਖੇਪ ਸਮੀਖਿਆ ਵਾਂਗ ਲੱਗਦਾ ਹੈ।







