ਹਰ ਵਾਰ ਜਦੋਂ ਅਨਾਰੁਲ ਇਸਲਾਮ ਆਪਣੀ ਜ਼ਮੀਨ 'ਤੇ ਕੰਮ ਕਰਨ ਜਾਂਦੇ ਹਨ ਤਾਂ ਉਨ੍ਹਾਂ ਨੂੰ ਅੰਤਰਰਾਸ਼ਟਰੀ ਸੀਮਾ ਪਾਰ ਕਰਨੀ ਪੈਂਦੀ ਹੈ। ਇੰਝ ਕਰਨ ਤੋਂ ਪਹਿਲਾਂ, ਉਨ੍ਹਾਂ ਨੂੰ ਇੱਕ ਲੰਮੇ-ਚੌੜੇ ਪ੍ਰੋਟੋਕਾਲ ਅਤੇ ਸੁਰੱਖਿਆ ਜਾਂਚ ਦਾ ਪਾਲਣ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਆਈਡੀ ਪਰੂਫ਼ ਜਮ੍ਹਾ ਕਰਨਾ ਪੈਂਦਾ ਹੈ (ਉਹ ਆਪਣਾ ਵੋਟਰ ਕਾਰਡ ਨਾਲ਼ ਰੱਖਦੇ ਹਨ), ਰਜਿਸਟਰ 'ਤੇ ਹਸਤਾਖ਼ਰ ਕਰਨ ਦੇ ਨਾਲ਼-ਨਾਲ਼ ਪੂਰੇ ਸਰੀਰ ਦੀ ਜਾਂਚ ਕਰਾਉਣੀ ਪੈਂਦੀ ਹੈ। ਉਹ ਖੇਤੀ ਦੇ ਜੋ ਵੀ ਸੰਦ ਆਪਣੇ ਨਾਲ਼ ਲਿਜਾਂਦੇ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਕਿਸੇ ਦਿਨ ਜੇਕਰ ਉਨ੍ਹਾਂ ਦੀ ਗਾਂ ਵੀ ਨਾਲ਼ ਹੁੰਦੀ ਹੈ ਤਾਂ ਉਹਦੀ ਫੋਟੋ ਦੀ ਹਾਰਡ-ਕਾਪੀ ਜਮ੍ਹਾਂ ਕਰਾਉਣੀ ਪੈਂਦੀ ਹੈ।
"ਦੋ ਤੋਂ ਵੱਧ ਗਾਵਾਂ ਦੀ (ਇੱਕ ਵਾਰ ਵਿੱਚ) ਇਜਾਜ਼ਤ ਨਹੀਂ ਹੈ," ਅਨਾਰੁਲ ਕਹਿੰਦੇ ਹਨ। "ਮੁੜਦੇ ਸਮੇਂ, ਮੈਨੂੰ ਦੋਬਾਰਾ ਹਸਤਾਖ਼ਰ ਕਰਨੇ ਪੈਂਦੇ ਹਨ ਅਤੇ ਮੇਰੇ ਦਸਤਾਵੇਜ ਵਾਪਸ ਕਰ ਦਿੱਤੇ ਜਾਂਦੇ ਹਨ। ਜੇਕਰ ਕਿਸੇ ਕੋਲ਼ ਆਈਡੀ ਪਰੂਫ਼ ਨਹੀਂ ਹੁੰਦਾ ਤਾਂ ਉਹਨੂੰ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।"
ਅਨਾਰੁਲ ਇਸਲਾਮ- ਇੱਥੇ ਹਰੇਕ ਉਨ੍ਹਾਂ ਨੂੰ ਬਾਬੁਲ ਦੇ ਨਾਮ ਨਾਲ਼ ਜਾਣਦਾ ਹੈ- ਮੇਘਾਲਿਆ ਦੇ ਦੱਖਣ ਪੱਛਮੀ ਗਾਰੋ ਹਿਲਸ ਜਿਲ੍ਹੇ ਦੇ ਬਾਗੀਚਾ ਪਿੰਡ ਵਿੱਚ ਆਪਣੇ ਸਪਰਿਵਾਰ ਰਹਿੰਦੇ ਸਨ। ਰਾਜ ਦੀ ਸੀਮਾ ਦਾ ਲਗਭਗ 443 ਕਿਲੋਮੀਟਰ ਹਿੱਸਾ, ਭਾਰਤ ਤੇ ਬੰਗਲਾਦੇਸ ਦਰਮਿਆਨ ਕਰੀਬ 4,140 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸੀਮਾ- ਦੁਨੀਆ ਦੀ ਪੰਜਵੀਂ ਸਭ ਤੋਂ ਲੰਬੀ ਭੂਮੀ ਸੀਮਾ- ਨਾਲ਼ ਖਹਿੰਦਾ ਹੈ। ਮੇਘਾਲਿਆ ਨਾਲ਼ ਲੱਗੀ ਸੀਮਾ ਕੰਡਿਆਲ਼ੀ ਤਾਰ ਅਤੇ ਕੰਕਰੀਟ ਨਾਲ਼ ਬਣੀ ਹੋਈ ਹੈ।
ਵਾੜ ਲਾਉਣ ਦਾ ਕੰਮ 1980 ਦੇ ਦਹਾਕੇ ਦੇ ਨੇੜੇ-ਤੇੜੇ ਸ਼ੁਰੂ ਹੋਇਆ- ਹਾਲਾਂਕਿ ਸਦੀਆਂ ਤੋਂ ਪ੍ਰਵਾਸ ਇਸ ਖੇਤਰ ਦੀ ਅਰਥਵਿਵਸਥਾ ਅਤੇ ਗ੍ਰਾਮੀਣਾਂ ਦੀ ਰੋਜ਼ੀਰੋਟੀ ਦਾ ਇੱਕ ਅਟੁੱਟ ਹਿੱਸਾ ਰਿਹਾ ਹੈ। ਉਪਮਹਾਂਦੀਪ ਦੀ ਵੰਡ ਅਤੇ ਬਾਅਦ ਵਿੱਚ ਬੰਗਲਾਦੇਸ਼ ਦੇ ਨਿਰਮਾਣ ਨੇ ਇਸ ਆਵਾਜਾਈ ਨੂੰ ਰੋਕ ਦਿੱਤਾ। ਦੋਵਾਂ ਦੇਸ਼ਾਂ ਦਰਮਿਆਨ ਸਮਝੌਤੇ ਦੇ ਤਹਿਤ, ਵਾੜ ਨਾਲ਼ ਖਹਿੰਦੀ 150 ਗਜ਼ ਦੀ ਦੂਰੀ ਨੂੰ ਇੱਕ ਤਰ੍ਹਾਂ ਨਾਲ਼ 'ਬਫ਼ਰ ਜ਼ੋਨ' ਦੇ ਰੂਪ ਵਿੱਚ ਬਰਕਰਾਰ ਰੱਖਿਆ ਗਿਆ ਹੈ।
47 ਸਾਲਾ ਅਨਾਰੁਲ ਇਸਲਾਮ ਨੂੰ ਇਹ ਜ਼ਮੀਨੀ ਹਿੱਸਾ ਵਿਰਾਸਤ ਵਿੱਚ ਮਿਲ਼ਿਆ ਹੈ। ਜਦੋਂ ਉਹ ਸੱਤ ਸਾਲ ਦੇ ਸਨ ਤਾਂ ਉਨ੍ਹਾਂ ਨੇ ਆਪਣੇ ਪਿਤਾ ਦੀ ਮਦਦ ਕਰਨ ਲਈ ਸਕੂਲ ਜਾਣਾ ਤੱਕ ਛੱਡ ਦਿੱਤਾ ਸੀ। ਉਨ੍ਹਾਂ ਦੇ ਤਿੰਨ ਭਰਾਵਾਂ ਨੂੰ ਵੀ ਜ਼ਮੀਨ ਦੇ ਹਿੱਸੇ ਵਿਰਾਸਤ ਵਿੱਚ ਮਿਲ਼ੇ, ਜਿਸ 'ਤੇ ਉਹ ਜਾਂ ਤਾਂ ਖੁਦ ਖੇਤੀ ਕਰਦੇ ਹਨ ਜਾਂ ਕਿਸੇ ਨੂੰ ਹੋਰ ਨੂੰ ਪਟੇ 'ਤੇ ਦਿੰਦੇ ਹਨ (ਅਤੇ ਉਨ੍ਹਾਂ ਦੀਆਂ ਚਾਰੋ ਭੈਣਾਂ ਗ੍ਰਹਿਣੀਆਂ ਹਨ)।









