ਉਹ ਦੁਕਾਨ ਦਾ ਮਾਲਕ ਨਹੀਂ ਸੀ ਉਹਨੇ ਕਿਹਾ, ਉਹ ਤਾਂ ਸਿਰਫ਼ ਉਹਦਾ ਬੇਲੀ ਸੀ। ਕੁਝ ਚਿਰ ਬਾਅਦ, ਉਹਨੇ ਖ਼ੁਦ ਨੂੰ ''ਉਸ ਮਾਲਕ ਦਾ ਰਿਸ਼ਤੇਦਾਰ'' ਦੱਸਿਆ। ਫਿਰ ਹੌਲ਼ੀ ਹੌਲ਼ੀ ਉਹ ''ਉਸ ਦੁਕਾਨ ਵਿੱਚ ਕੰਮ ਕਰਨ ਵਾਲ਼ਾ ਰਿਸ਼ਤੇਦਾਰ ਬਣ ਗਿਆ।'' ਇਸ ਗੱਲ ਦੀ ਪੂਰੀ ਪੂਰੀ ਸੰਭਾਵਨਾ ਸੀ ਕਿ ਜੇ ਉਸ 'ਤੇ ਥੋੜ੍ਹੇ ਹੋਰ ਸਵਾਲ ਦਾਗ਼ੇ ਜਾਂਦੇ ਤਾਂ ਉਹਨੇ ਖ਼ੁਦ ਨੂੰ ਮਾਲਕ ਐਲਾਨ ਹੀ ਦੇਣਾ ਸੀ। ਉਹਨੇ ਸਾਨੂੰ ਤਸਵੀਰਾਂ ਲੈਣ ਤੋਂ ਮਨ੍ਹਾ ਕਰ ਦਿੱਤਾ ਅਤੇ ਨਾ ਹੀ ਸਾਨੂੰ ਦੁਕਾਨ ਦੇ ਅੰਦਰ ਫ਼ੋਟੋਆਂ ਖਿੱਚਣ ਦੀ ਆਗਿਆ ਦਿੱਤੀ। ਭਾਵੇਂ ਕਿ ਉਹ ਬਾਹਰ ਲੱਗੀ ਸਾਈਨਬੋਰਡ ਦੀ ਫ਼ੋਟੋ ਖਿੱਚਣ ਦੇਣ ਲਈ ਖ਼ੁਸ਼ੀ ਖ਼ੁਸ਼ੀ ਰਾਜੀ ਹੋ ਗਿਆ।
ਪ੍ਰਵੇਸ ਦੁਆਰ ਤੋਂ ਥੋੜ੍ਹਾ ਦੂਰ ਲੱਗੀ ਤਖ਼ਤੀ 'ਤੇ ਲਿਖਿਆ ਸੀ ਵਿਦੇਸ਼ੀ ਸ਼ਰਾਬ ਦੀ ਦੁਕਾਨ । ਲਾਈਸੈਂਸੀ: ਰਮੇਸ਼ ਪ੍ਰਸਾਦ। ਛੱਤੀਸਗੜ੍ਹ ਦੇ (ਉਸ ਸਮੇਂ ਮੱਧ ਪ੍ਰਦੇਸ਼) ਸਰਗੁਜਾ ਜ਼ਿਲ੍ਹੇ ਅੰਦਰ ਪੈਂਦੀ ਇਹ ਥਾਂ ਕਟਘੋਰਾ ਕਸਬੇ ਦੇ ਸਿਰੇ 'ਤੇ ਸਥਿਤ ਸੀ। ਜਿਸ ਵਿਅਕਤੀ ਨਾਲ਼ ਸਾਡੀ ਖ਼ੁਫੀਆ ਗੱਲਬਾਤ ਹੋ ਰਹੀ ਸੀ ਉਹ ਰਮੇਸ਼ ਪ੍ਰਸ਼ਾਦ ਨਹੀਂ ਸੀ। ਅਸੀਂ ਤਾਂ ਇਹ ਮੰਨਣ ਲੱਗ ਪਏ ਸਾਂ ਕਿ ਵਿਦੇਸ਼ੀ ਸ਼ਰਾਬ ਦੀ ਇਸ ਵੱਡੀ ਸਾਰੀ ਦੁਕਾਨ ਨਾਲ਼ ਉਹਦਾ ਰਾਬਤਾ ਇੱਕ ਗਾਹਕ ਦਾ ਹੀ ਹੈ।
ਵਿਦੇਸ਼ੀ ਸ਼ਰਾਬ? ਖ਼ੈਰ... ਮਾਸਾ ਵੀ ਨਹੀਂ। ਮੈਂ ਚੇਤੇ ਹੀ ਨਹੀਂ ਕਰ ਸਕਦਾ ਕਿ ਮੈਂ ਪਿਛਲੀ ਦਫ਼ਾ ਸ਼ਬਦ ਆਈਐੱਮਐੱਫ਼ਐੱਲ (IMFL) ਕਦੋਂ ਸੁਣਿਆ ਸੀ। 1994 ਵਿੱਚ ਜਦੋਂ ਇਹ ਤਸਵੀਰ ਖਿੱਚੀ ਗਈ ਸੀ ਉਸ ਸਮੇਂ IMFL ਬਨਾਮ ਦੇਸੀ ਸ਼ਰਾਬ ਵਿਚਾਲੇ ਭਖਵੀਂ ਬਹਿਸ ਛਿੜੀ ਹੋਈ ਸੀ।
ਸ਼ਬਦ IMFL ਦਾ ਮਤਲਬ, ਜਿਵੇਂ ਕਿ ਮੈਂ ਲਾਅ ਇਨਸਾਈਡ ਵੈੱਬਸਾਈਟ ਤੋਂ ਸਿੱਖਿਆ,''ਵਿਦੇਸ਼ਾਂ ਤੋਂ ਮੰਗਵਾਈ ਗਈ ਜਿਨ, ਬ੍ਰਾਂਡੀ, ਵ੍ਹਿਸਕੀ ਜਾਂ ਰਮ ਦੇ ਤਰੀਕੇ ਵਾਂਗਰ ਹੀ ਭਾਰਤ ਵਿੱਚ ਤਿਆਰ, ਉਤਪਾਦਤ ਜਾਂ ਰਲ਼ੇਵਾਂ ਕਰ ਤਿਆਰ ਕੀਤੀ ਸ਼ਰਾਬ ਹੈ ਅਤੇ ਇਸ ਮਿਸ਼ਰਣ ਅੰਦਰ ਮਿਲਕ ਪੰਚ (ਸ਼ਰਬਤ) ਸ਼ਾਮਲ ਹੋਣ ਦੇ ਨਾਲ਼ ਨਾਲ਼ ਸੁਆਦ ਵਧਾਉਣ ਵਾਲ਼ੇ ਹੋਰ ਤਰਲ ਪਦਾਰਥ ਵੀ ਰਲ਼ਾਏ ਜਾਂਦੇ ਹਨ, ਪਰ ਇਸ ਅੰਦਰ ਬੀਅਰ, ਵਾਈਨ ਜਾਂ ਵਿਦੇਸ਼ੀ ਸ਼ਰਾਬ ਨਹੀਂ ਹੁੰਦੀ।'' ਚੇਤੇ ਰਹੇ ਇਸ ਅੰਦਰ ''ਬੀਅਰ, ਵਾਈਨ ਅਤੇ ਵਿਦੇਸ਼ੀ ਸ਼ਰਾਬ '' ਨਹੀਂ ਰਲ਼ਾਈ ਜਾਂਦੀ।
IMFL ਵਿੱਚ ਦੋਵੇਂ ਹੀ- ਅਯਾਤ ਹੋਈ ਸ਼ਰਾਬ ਅਤੇ ਲਾਜ਼ਮੀ ਤੌਰ 'ਤੇ ਘਰੇਲੂ ਕੰਪੋਨੈਂਟ ਸ਼ਾਮਲ ਹੁੰਦੇ ਹਨ (ਕਹਿਣ ਦਾ ਭਾਵ ਅਯਾਤਤ ਸਮੱਗਰੀ ਅੰਦਰ ਸੰਭਾਵਤ ਤੌਰ 'ਤੇ ਗੁੜ/ਰਾਬ ਜਾਂ ਸ਼ਾਇਦ ਸਥਾਨਕ ਮਿਸ਼ਰਣ ਦਾ ਰਲ਼ੇਵਾਂ ਕੀਤਾ ਜਾਂਦਾ ਹੈ ਫਿਰ ਬੋਤਲਬੰਦੀ ਹੁੰਦੀ ਹੈ)। ਕੀ ਅਤੇ ਕਿਵੇਂ ਹੁੰਦਾ ਹੈ ਅਸੀਂ ਅਸਲ ਵਿੱਚ ਨਹੀਂ ਜਾਣਦੇ।
ਦੇਸੀ ਸ਼ਰਾਬ ਬਣਾਉਣ ਵਾਲ਼ਿਆਂ ਅੰਦਰ ਗੁੱਸਾ ਫੁੱਟਣਾ ਤਾਂ ਜਾਇਜ਼ ਸੀ। ਤਾੜੀ, ਅਰਾਕ, ਹੋਰ ਦੇਸੀ (ਲਾਨ੍ਹ) ਦਾਰੂ ਨੂੰ ਲੈ ਕੇ ਸਮੇਂ ਸਮੇਂ 'ਤੇ ਵੱਖ ਵੱਖ ਰਾਜਾਂ ਵਿੱਚ ਪਾਬੰਦੀ ਲੱਗਦੀ ਰਹੀ ਹੈ। ਪਰ IMFL ਦੀ ਵਿਕਰੀ ਪੂਰੇ ਜੋਬਨ 'ਤੇ ਰਹਿੰਦੀ ਰਹੀ। ਮੇਰੇ ਚੇਤਿਆਂ ਵਿੱਚ 1993 ਦੀ ਇੱਕ ਯਾਦ ਸਮਾਈ ਹੋਈ ਹੈ ਕਿ ਇੱਕ ਵਿਦੇਸ਼ੀ ਸ਼ਰਾਬ ਦੀ ਦੁਕਾਨ ਅੰਦਰ ਝਾਕਣ ਲਈ ਜਦੋਂ ਹੀ ਅਸੀਂ ਰੁਕੇ ਸਾਂ ਤਾਂ ਉਸ ਵੇਲ਼ੇ ਪੁਦੁਕੋਟਾਈ (ਤਮਿਲਨਾਡੂ ਤੋਂ 1700 ਕਿਲੋਮੀਟਰ ਦੂਰ) ਦੀ ਉਸ ਦੁਕਾਨ ਅੰਦਰ ਮੈਂ ਕੀ ਦੇਖਿਆ ਸੀ। ਮੈਂ ਦੱਖਣੀ ਤਮਿਲਨਾਡੂ ਦੇ ਆਈਐੱਮਐੱਫ਼ਐੱਲ ਆਊਟਲੈੱਟਾਂ ਦੇ ਜਿਨ੍ਹਾਂ ਐਂਟੀ-ਅਰਾਕ ਅਥਾਰਿਟੀ ਨੂੰ ਮਿਲ਼ਣ ਲਈ ਗਿਆ ਸਾਂ, ਉਹ 'ਬ੍ਰਾਂਡੀ ਸ਼ਾਪਸ' ਦੀ ਨੀਲਾਮੀ ਵਿੱਚ ਰੁੱਝੇ ਹੋਏ ਸਨ। ਅਰਾਕ ਇੱਕ ਸਿਰ ਦਰਦ ਸੀ ਕਿਉਂਕਿ ਇਹਨੇ ਕਨੂੰਨੀ ਅਲਕੋਹਲ ਦੀ ਵਿਕਰੀ ਤੋਂ ਨਿਕਲ਼ਦੀ ਆਬਕਾਰੀ ਆਮਦਨੀ ਨੂੰ ਪ੍ਰਭਾਵਤ ਕੀਤਾ ਹੋਇਆ ਸੀ।
ਇੱਕ ਜਨਤਕ ਬੈਠਕ ਵਿਖੇ, ਸ਼ਰਾਬਬੰਦੀ ਨੂੰ ਹੱਲ੍ਹਾਸ਼ੇਰੀ ਦੇਣ ਵਾਲ਼ੇ ਇੱਕ ਅਧਿਕਾਰੀ ਨੂੰ, ਡੀਐੱਮਕੇ ਦੇ ਇੱਕ ਕਾਰਕੁੰਨ ਦੁਆਰਾ ਸ਼ਰਮਿੰਦਿਆ ਕੀਤਾ ਗਿਆ ਜਿਹਨੇ ਇੱਕ ਪ੍ਰਮੁੱਖ ਮਾਲੀਆ ਅਧਿਕਾਰੀ ਨੂੰ 5 ਰੁਪਏ ਦਾ ਚੜ੍ਹਾਵਾ ਚੜ੍ਹਾਉਂਦਿਆਂ ਕਿਹਾ,''ਇੱਕ ਪਾਸੇ ਤੁਸੀਂ ਬ੍ਰਾਂਡੀ ਦੀਆਂ ਦੁਕਾਨਾਂ ਦਾ ਪ੍ਰਚਾਰ ਕਰਦੇ ਹੋ ਅਤੇ ਦੂਜੇ ਪਾਸੇ ਸ਼ਰਾਬਬੰਦੀ ਦਾ ਢਿੰਡੋਰਾ ਪਿੱਟਦੇ ਹੋ... ਤੁਹਾਡੀ ਇਸ ਲੜਾਈ ਨੂੰ ਸ਼ਰਧਾਂਜਲੀ।''
ਮੁੜ ਗੱਲ 1994 ਦੇ ਕਟਘੋਰਾ ਦੀ... ਜਦੋਂ ਸਾਨੂੰ ਅਹਿਸਾਸ ਹੋਇਆ ਕਿ ਸਾਨੂੰ ਦੇਰੀ ਹੋ ਰਹੀ ਸੀ ਤਾਂ ਅਸੀਂ ਆਪਣੇ ਸ਼ਰਾਬ ਦੇ ਨਸ਼ੇ ਵਿੱਚ ਚੂਰ ਹੋਏ ਗਾਈਡ ਨੂੰ ਹਲ਼ੂਣਿਆ ਜਿਹਨੇ ਵਿਦੇਸ਼ੀ (ਸ਼ਰਾਬ ਦੀਆਂ) ਗੱਲਾਂ ਤੋਂ ਪ੍ਰਭਾਵਤ ਹੋ ਕੇ ਚੌਥਾ ਪੈੱਗ ਫੜ੍ਹਿਆ ਹੋਇਆ ਸੀ। ਵਿਦੇਸ਼ੀ ਸ਼ਰਾਬ ਦੀ ਦੁਕਾਨ ਦੇ ਲਾਈਸੈਂਸੀ ਰਾਮੇਸ਼ ਪ੍ਰਸਾਦ ਨਾਲ਼ ਸਾਡੀ ਮੁਲਾਕਾਤ ਤਾਂ ਭਾਵੇਂ ਨਾ ਹੋ ਸਕੀ ਪਰ ਅੰਬਿਕਾਪੁਰ ਅੱਪੜਨ ਵਾਸਤੇ ਸਾਨੂੰ ਤਿੰਨ ਘੰਟੇ ਦੇਸੀ ਹਾਈਵੇਅ ਨਾਲ਼ ਦੋ ਹੱਥ ਹੋਣਾ ਪਿਆ।
ਮੇਰੇ ਅੰਦਰ IMFL ਦੀ ਯਾਦ ਉਦੋਂ ਤਾਜ਼ਾ ਹੋਈ ਜਦੋਂ ਇਸੇ 22 ਦਸੰਬਰ ਨੂੰ ਮੱਧ ਪ੍ਰਦੇਸ਼ ਦੇ ਆਬਕਾਰੀ ਮੰਤਰੀ ਜਗਦੀਸ਼ ਦੇਵੜਾ ਨੇ ਰਾਜ ਵਿਧਾਨਸਭਾ (ਫ਼ਖਰ ਨਾਲ਼) ਨੂੰ ਇਹ ਦੱਸਿਆ ਕਿ ''2020-21 ਵਿੱਚ IMFL ਦਾ ਸੇਵਨ ਵੱਧ ਕੇ 420.65 ਲੱਖ ਪਰੂਫ਼ ਲੀਟਰ ਹੋ ਗਿਆ ਹੈ ਜੋ 2010-11 ਦੇ 341.86 ਲੱਖ ਪਰੂਫ਼ ਲੀਟਰ ਦੇ ਮੁਕਾਬਲੇ 23.05 ਫ਼ੀਸਦ ਵੱਧ ਹੈ।''
ਇਹ ਪਰੂਫ਼ ਲੀਟਰ ਵਿਚਲਾ 'ਪਰੂਫ਼' ਕੀ ਹੈ? ਇਹ ਸ਼ਬਦ ਇੰਗਲੈਂਡ ਅੰਦਰ ਸਦੀਆਂ ਪਹਿਲਾਂ ਸ਼ਰਾਬ ਅੰਦਰ ਅਲਕੋਹਲ ਦੀ ਮਾਤਰਾ ਜਾਂ ਪੱਧਰ ਨੂੰ ਜਾਂਚਣ ਲਈ ਕੀਤੇ ਗਏ ਇੱਕ ਪਰੀਖਣ ਵਜੋਂ ਸਾਹਮਣੇ ਆਇਆ ਸੀ। ਮਾਹਰ ਦਾ ਕਹਿਣਾ ਹੈ ਕਿ ਅਲਕੋਹਲ ਦੀ ਮਾਤਰਾ ਜਾਂਚਣ ਦੀ 'ਪਰੂਫ਼' ਵਿਧੀ ਹੁਣ ਇਤਿਹਾਸਕ ਹੋ ਗਈ ਹੈ। ਓਹ... ਅੱਛਾ, ਮੱਧ ਪ੍ਰਦੇਸ਼ ਦਾ ਇਹ ਮੰਤਰੀ ਦੇਵੜਾ ਬਹਿਸ ਕਰਕੇ ਹੀ ਕੋਈ ਇਤਿਹਾਸ ਰਚ ਰਿਹਾ ਹੈ ਸ਼ਾਇਦ...। ਉਸੇ ਦਹਾਕੇ ਅੰਦਰ, ਭਾਰਤ ਨਿਰਮਤ ਵਿਦੇਸ਼ੀ ਸ਼ਰਾਬ ਛਾਲ਼ ਮਾਰ 23 ਚੜ੍ਹ ਗਈ, ਦੇਸੀ ਸ਼ਰਾਬ 8.2 ਫੀਸਦੀ ਦੀ ਤੇਜ਼ੀ ਨਾਲ਼ ਵਧੀ-ਹਾਲਾਂਕਿ ਇਹਦੀ ਕੁੱਲ ਖ਼ਪਤ ਦਾ ਅੰਕੜਾ ਅਜੇ ਵੀ IMFL ਨਾਲ਼ੋਂ ਦੋਗੁਣਾ ਸੀ । ਭਾਵ ਇਹ ਕਿ ਦੇਸੀ (ਸ਼ਰਾਬ) ਚੜ੍ਹਤ ਵਿੱਚ ਰਹਿੰਦੀ ਹੈ ਪਰ ਵਿਦੇਸ਼ੀ ਨੇ ਵੀ ਆਪਣੀ ਵਾਧਾ ਦਰ ਦੋਗੁਣੀ ਰਫ਼ਤਾਰ ਨਾਲ਼ ਵੱਧਦਿਆਂ ਦੇਖੀ ਹੈ। ਇਹ ਤਾਂ ਸਿਰਫ਼ ਇੱਕ ਕਿਸਮ ਦਾ ਵਿਰੋਧਾਭਾਸ ਹੈ ਜੋ ਸਵੈ-ਮਾਣੀ ਦੇਸ਼ਭਗਤਾਂ ਨੂੰ ਉਲਝਾ ਕੇ ਰੱਖ ਦਵੇਗਾ।
ਤਰਜਮਾ: ਕਮਲਜੀਤ ਕੌਰ