ਇਹ ਕਹਾਣੀ ਪ੍ਰਕਿਰਤੀਵਾਦੀ ਅਤੇ ਫ਼ੋਟੋਗ੍ਰਾਫ਼ਰ, ਰਾਧੇਸ਼ਿਆਮ ਬਿਸ਼ਨੋਈ ਜੀ, ਨੂੰ ਸਮਰਪਤ ਹੈ।
ਰਾਧੇਸ਼ਿਆਮ ਜੀ ਦਾ 23 ਮਈ, 2025 ਨੂੰ ਜੈਸਲਮੇਰ ਜ਼ਿਲ੍ਹੇ ਵਿਖੇ ਇੱਕ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ। ਉਹ ਭਦਰੀਆ ਮਾਤਾ ਓਰਨ (ਪਵਿੱਤਰ ਬਾਗ਼/ਜੰਗਲ) ਵਿੱਚ ਸ਼ਿਕਾਰੀਆਂ ਵੱਲੋਂ ਦੇਰ ਰਾਤ ਕੀਤਾ ਜਾ ਰਹੀ ਕਾਰਵਾਈ ਦਾ ਜਵਾਬ ਦੇ ਰਹੇ ਸਨ, ਇਹ ਥਾਂ IUCN ਰੈੱਡ ਲਿਸਟ ਵਿੱਚ ਆਉਂਦੇ ਚਿੰਕਾਰਾ (ਗਜ਼ੇਲਾ ਬੇਨੇਟੀ) ਦਾ ਘਰ ਹੈ। ਰਾਧੇਸ਼ਿਆਮ ਜੀ ਦੇ ਨਾਲ਼ ਜੰਗਲਾਤ ਅਧਿਕਾਰੀ ਵੀ ਸਨ ਜਿਨ੍ਹਾਂ ਦੀ ਵੀ ਆਹਮੋ-ਸਾਹਮਣੇ ਹੋਈ ਇਸ ਟੱਕਰ ਵਿੱਚ ਮੌਤ ਹੋ ਗਈ।
ਰਾਜਸਥਾਨ ਦੇ ਪੋਖਰਣ ਤਹਿਸੀਲ ਦੇ ਇਹ ਜੰਗਲੀ ਜੀਵਾਂ ਦੇ ਫ਼ੋਟੋਗ੍ਰਾਫ਼ਰ ਤੇ ਕੁਦਰਤ ਪ੍ਰੇਮੀ, ਰਾਧੇਸ਼ਿਆਮ ਜੀ ਅੰਦਰ ਕੁਦਰਤ ਤੇ ਉਹਦੇ ਜੀਵਾਂ ਪ੍ਰਤੀ ਅਥਾਹ ਉਤਸ਼ਾਹ ਤੇ ਪ੍ਰੇਮ ਸੀ। ਉਹ ਗ੍ਰੇਟ ਇੰਡੀਅਨ ਬਸਟਰਡ (ਗੋਡਾਵਣ ਪੰਛੀ) ਅਤੇ ਹੋਰ ਪੰਛੀਆਂ ਅਤੇ ਇਲਾਕੇ ਦੇ ਬਾਕੀ ਦੇ ਜਾਨਵਰਾਂ ਦੀ ਨਿਗਰਾਨੀ ਰੱਖਣ ਦੇ ਨਾਲ਼-ਨਾਲ਼ ਉਨ੍ਹਾਂ ਨੂੰ ਸ਼ਿਕਾਰ ਹੋਣ ਤੋਂ ਬਚਾਉਣ ਦੀਆਂ ਗਤੀਵਿਧੀਆਂ ਵਿੱਚ ਤਨਦੇਹੀ ਨਾਲ਼ ਜੁੜੇ ਹੋਏ ਸਨ। ਉਹ ਆਪਣੇ ਗਿਆਨ, ਫ਼ੋਟੋਗ੍ਰਾਫ਼ੀ ਤੇ ਉਦਾਰਤਾ ਨੂੰ ਹਰ ਉਸ ਵਿਅਕਤੀ ਨਾਲ਼ ਸਾਂਝਾ ਕਰਦੇ ਜੋ ਉਨ੍ਹਾਂ ਨਾਲ਼ ਰਾਬਤਾ ਕਾਇਮ ਕਰਦਾ। ਉਨ੍ਹਾਂ ਦੀ ਮੌਤ ਨੇ ਚੁਫ਼ੇਰੇ ਇੱਕ ਖਾਲੀਪਣ ਭਰ ਦਿੱਤਾ ਹੈ। ਰਾਧੇਸ਼ਿਆਮ ਜੀ 30 ਸਾਲਾਂ ਦੇ ਸਨ ਤੇ ਆਪਣੀ ਪਤਨੀ, ਦੋ ਛੋਟੇ ਬੱਚਿਆਂ ਤੇ ਮਾਪਿਆਂ ਦੇ ਨਾਲ਼ ਢੋਲੀਆ ਪਿੰਡ ਵਿਖੇ ਰਹਿੰਦੇ ਸਨ। ਉਹ ਆਪਣੇ ਹਰ ਜਾਣਕਾਰ ਦੇ ਮਨ ਵਿੱਚ ਸਦਾ ਜਿਊਂਦੇ ਰਹਿਣਗੇ।

















