"ਅਸੀਂ ਪਹਿਲਾਂ ਵੀ (2018) ਲੰਬੀ ਯਾਤਰਾ ਵੇਲੇ ਟਰਪਾ ਖੇਡਿਆ ਸੀ ਅਤੇ ਅਸੀਂ ਹੁਣ ਵੀ ਟਰਪਾ ਖੇਡ ਰਹੇ ਹਾਂ। ਅਸੀਂ ਖਾਸ ਮੌਕਿਆਂ ਵੇਲੇ ਹੀ ਖੇਡਦੇ ਹਾਂ," ਆਪਣੇ ਹੱਥ ਵਿੱਚ ਫੜ੍ਹੇ ਹਵਾ-ਸਾਜ਼ ਵੱਲ ਇਸ਼ਾਰਾ ਕਰਦਿਆਂ ਰੁਪੇਸ਼ ਰੋਜ ਕਹਿੰਦਾ ਹੈ। ਰੁਪੇਸ਼ ਮਹਾਂਰਾਸ਼ਟਰ ਤੋਂ ਦਿੱਲੀ ਜਾਣ ਵਾਲੇ ਉਨ੍ਹਾਂ ਕਿਸਾਨਾਂ ਵਿੱਚੋਂ ਹੀ ਇੱਕ ਹੈ ਜੋ-ਵੈਨਾਂ, ਟੈਂਪੂਆਂ, ਜੀਪਾਂ ਅਤੇ ਕਾਰਾਂ ਵਿੱਚ ਸਵਾਰ ਹੋ ਕੇ ਰਾਜਧਾਨੀ ਦੀਆਂ ਸੀਮਾਵਾਂ 'ਤੇ ਪ੍ਰਦਰਸ਼ਨ ਵਿੱਚ ਡਟੇ ਕਿਸਾਨਾਂ ਦੀ ਹਮਾਇਤ ਕਰਨ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਕਈ ਕਿਸਾਨ ਪੰਜਾਬ-ਹਰਿਆਣਾ ਤੋਂ ਵੀ ਹਨ।
2020 ਦੇ ਸਤੰਬਰ ਮਹੀਨੇ ਸੰਸਦ ਵਿੱਚ ਪਾਸ ਹੋਏ ਇਨ੍ਹਾਂ ਨਵੇਂ ਖੇਤੀ ਕਨੂੰਨਾਂ ਤੋਂ ਬਾਅਦ ਤੋਂ ਹੀ ਦੇਸ਼ ਭਰ ਵਿੱਚ ਲੱਖਾਂ ਹੀ ਕਿਸਾਨ ਇਨ੍ਹਾਂ ਕਨੂੰਨਾਂ ਦੇ ਰੱਦ ਕੀਤੇ ਜਾਣ ਦੀ ਮੰਗ ਵਿੱਚ ਪ੍ਰਦਰਸ਼ਨ ਕਰਦੇ ਰਹੇ ਹਨ।
21 ਦਸੰਬਰ ਦੀ ਦੁਪਹਿਰ ਵੇਲੇ ਮਹਾਂਰਾਸ਼ਟਰ ਦੇ ਜ਼ਿਲ੍ਹਿਆਂ 'ਚੋਂ ਆਏ ਕਰੀਬ 2,000 ਕਿਸਾਨ, ਜਿਨ੍ਹਾਂ ਵਿੱਚ ਬਹੁਤੇਰੇ ਨਾਸ਼ਿਕ, ਨੰਦੇੜ ਅਤੇ ਪਾਲਘਰ ਵਿੱਚੋਂ ਹਨ- ਵਾਹਨ ਮੋਰਚਾ ਕੱਢਦੇ ਹੋਏ ਦਿੱਲੀ ਜਾਣ ਲਈਜੱਥਾ ਬਣਾਉਣ ਵਾਸਤੇ ਪਹਿਲਾਂ ਸੈਂਟਰ ਨਾਸ਼ਿਕ ਦੇ ਗੋਲਫ਼ ਕਲੱਬ ਗਰਾਊਂਡ ਵਿੱਚ ਇਕੱਠੇ ਹੋਏ। ਇਹ ਹਜ਼ੂਮ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵੱਲੋਂ ਮਾਨਤਾ ਪ੍ਰਾਪਤ ਕੁੱਲ ਭਾਰਤੀ ਕਿਸਾਨ ਸਭਾ ਵੱਲੋਂ ਉੱਭਾਰਿਆ ਗਿਆ ਹੈ। ਇਨ੍ਹਾਂ ਵਿੱਚੋਂ 1000 ਦੇ ਕਰੀਬ ਨੇ ਲੋਕਾਂ ਨੇ ਮੱਧ ਪ੍ਰਦੇਸ਼ ਸੀਮਾ ਤੋਂ ਯਾਤਰਾ ਜਾਰੀ ਰੱਖੀ ਹੋਈ ਹੈ ਅਤੇ ਉਹ ਦੇਸ਼ ਦੀ ਰਾਜਧਾਨੀ ਵੱਲ ਨੂੰ ਵੱਧ ਰਹੇ ਹਨ।
ਨਾਸ਼ਿਕ ਵਿੱਚ ਇਕੱਠੇ ਹੋਏ ਹਮਦਰਦਾਂ ਵਿੱਚੋਂ ਹੀ 40 ਸਾਲਾ ਰੁਪੇਸ਼ ਵੀ ਹੈ ਜੋ ਪਾਲਘਰ ਦੇ ਵਾੜਾ ਕਸਬੇ ਦਾ ਰਹਿਣ ਵਾਲਾ ਹੈ ਅਤੇ ਉਹ ਵਰਲੀ ਭਾਈਚਾਰੇ ਨਾਲ਼ ਸਬੰਧ ਰੱਖਦਾ ਹੈ। "ਸਾਡੇ ਆਦਿਵਾਸੀਆਂ ਵਿੱਚ ਆਪਣੇ ਟਰਪਾ ਪ੍ਰਤੀ ਅਪਾਰ ਸ਼ਰਧਾ (ਆਦਰ) ਹੈ," ਉਹ ਕਹਿੰਦਾ ਹੈ। "ਅਸੀਂ ਦਿੱਲੀ ਤੱਕ ਦੇ ਆਪਣੇ ਸਫ਼ਰ ਵਿੱਚ ਨੱਚਦੇ ਅਤੇ ਖੇਡਦੇ ਜਾਵਾਂਗੇ।"ਤਰਜਮਾ: ਕਮਲਜੀਤ ਕੌਰ