ਔਰਤ ਕਿਸਾਨ, ਸੁਨੰਦਾ ਸੂਪੇ ਜੂਨ ਦੀ ਆਮਦ ਅਤੇ ਇਸ ਤੋਂ ਬਾਅਦ ਦੇ ਮਾਨਸੂਨੀ ਮਹੀਨਿਆਂ ਤੋਂ ਸਹਿਮ ਜਾਂਦੀ ਹਨ। ਇਸ ਦਾ ਕਾਰਨ ਵਿਸ਼ਾਲ ਅਫ਼ਰੀਕੀ ਘੋਗੇ ਹਨ, ਜਿਨ੍ਹਾਂ ਨੂੰ ਸਥਾਨਕ ਭਾਸ਼ਾ ਵਿੱਚ ਮੋਟੇ ਗੋਗਲਗੇ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਇਨ੍ਹਾਂ ਮਹੀਨਿਆਂ ਦੌਰਾਨ ਹੀ ਉਨ੍ਹਾਂ ਦੇ ਖੇਤਾਂ, ਬਾਗਾਂ 'ਤੇ ਹਮਲਾ ਕਰਨਾ ਹੁੰਦਾ ਹੈ। ਪਿਛਲੇ ਸਾਲ ਇਸੇ ਸਮੇਂ ਇਨ੍ਹਾਂ ਕੀੜਿਆਂ ਨੇ ਉਨ੍ਹਾਂ ਦੀ ਇੱਕ ਏਕੜ ਦੀ ਪੈਲ਼ੀ ਤਬਾਹ ਕਰ ਦਿੱਤੀ ਸੀ।
ਉਹ ਕਹਿੰਦੀ ਹਨ, "ਅਸੀਂ ਜੋ ਵੀ ਬੀਜਦੇ ਹਾਂ, ਉਹ ਖਾ ਜਾਂਦੇ ਹਨ - ਝੋਨਾ, ਸੋਇਆਬੀਨ, ਮੂੰਗਫਲੀ, ਕਾਲਾ ਘੇਵੜਾ [ਕਾਲ਼ੇ ਰਾਜਮਾਂਹ], ਲਾਲ ਰਾਜਮਾਂਹ। ਇੱਥੋਂ ਤੱਕ ਕਿ ਅੰਬ, ਚੀਕੂ [ਸਾਪੋਟਾ], ਪਪੀਤਾ ਅਤੇ ਅਮਰੂਦ ਵਰਗੇ ਫਲ ਵੀ ਇਨ੍ਹਾਂ ਤੋਂ ਸੁਰੱਖਿਅਤ ਨਹੀਂ ਰਹਿੰਦੇ। 42 ਸਾਲਾ ਇਹ ਕਿਸਾਨ ਔਰਤ ਕਹਿੰਦੀ ਹਨ, "ਇਸ ਸਮੇਂ ਦੌਰਾਨ ਅਸੀਂ ਹਜ਼ਾਰਾਂ ਘੋਗੇ ਦੇਖ ਸਕਦੇ ਹਾਂ।''
ਮਹਾਰਾਸ਼ਟਰ ਵਿੱਚ ਅਨੁਸੂਚਿਤ ਕਬੀਲੇ ਦੇ ਅਧੀਨ ਸੂਚੀਬੱਧ ਮਹਾਦੇਵ ਕੋਲੀ ਭਾਈਚਾਰੇ ਦੀ ਮੈਂਬਰ, ਸੁਨੰਦਾ, ਚਸਕਾਮਨ ਡੈਮ ਦੇ ਕੋਲ਼ ਆਪਣੀ ਮਾਂ ਅਤੇ ਭਰਾ ਨਾਲ਼ ਰਹਿੰਦੀ ਹਨ। ਉਨ੍ਹਾਂ ਦਾ ਘਰ ਡੈਮ ਦੇ ਇੱਕ ਪਾਸੇ ਹੈ ਅਤੇ ਜ਼ਮੀਨ ਦੂਜੇ ਪਾਸੇ। ਉਨ੍ਹਾਂ ਨੂੰ ਘਰ ਤੋਂ ਖੇਤ ਜਾਣ ਲਈ ਅੱਧਾ ਘੰਟਾ ਕਿਸ਼ਤੀ 'ਤੇ ਵੀ ਸਵਾਰ ਹੋਣਾ ਪੈਂਦਾ ਹੈ।
ਗਲੋਬਲ ਇਨਵੈਸਿਵ ਸਪੀਸੀਜ਼ ਡਾਟਾਬੇਸ ਵਿੱਚ ਕਿਹਾ ਗਿਆ ਹੈ ਕਿ ਵਿਸ਼ਾਲ ਅਫ਼ਰੀਕੀ ਘੋਗੇ (ਅਚਾਟੀਨਾ ਫੁਲਿਕਾ) ਭਾਰਤ ਵਿੱਚ ਇੱਕ ਧਾੜਵੀ ਪ੍ਰਜਾਤੀ ਹੈ ਅਤੇ ਇਹ ਕਈ ਤਰ੍ਹਾਂ ਦੀਆਂ ਫ਼ਸਲਾਂ ਖਾਂਦੀ ਹੈ। ਮਾਨਸੂਨ ਦੇ ਦੌਰਾਨ, ਜੂਨ ਤੋਂ ਸਤੰਬਰ ਤੱਕ, ਉਹ ਤਿਵਾਈ ਪਹਾੜੀਆਂ ਦੀ ਤਲਹਟੀ 'ਤੇ ਖੇਤਾਂ ਵਿੱਚ ਕਬਜ਼ਾ ਕਰ ਲੈਂਦੇ ਹਨ। ਕਈ ਵਾਰ ਇਹ ਕੁਝ ਹੋਰ ਮਹੀਨਿਆਂ ਤੱਕ ਰਹਿ ਸਕਦੀਆਂ ਹਨ। ਸੁਨੰਦਾ ਨੇ 2022 ਦੇ ਅੰਤ ਵਿੱਚ ਇਸ ਪੱਤਰਕਾਰ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਇਸ ਸਮੱਸਿਆ ਦਾ ਸਾਹਮਣਾ ਕਰ ਰਹੀ ਹਨ।












