ਸੰਪਾਦਕ ਦੀ ਟਿੱਪਣੀ : ਇਹ ਸਟੋਰੀ ਤਮਿਲਨਾਡੂ ਦੀਆਂ ਸੱਤ ਫ਼ਸਲਾਂ ' ਤੇ ਅਧਾਰਤ ਲੇਖਾਂ ਦੀ ਲੜੀ ਦੀ ਪਹਿਲੀ ਕਹਾਣੀ ਹੈ ਜਿਹਦਾ ਸਿਰਲੇਖ ਹੈ ' ਉਨ੍ਹਾਂ ਨੂੰ ਚੌਲ਼ ਖਾਣ ਦਿਓ ' ਇਸ ਪੜਾਅ ਵਿੱਚ ਪਾਰੀ ਅਗਲੇ ਦੋ ਸਾਲਾਂ ਵਿੱਚ ਇਸ ਲੜੀ ਦੀਆਂ 21 ਮਲਟੀਮੀਡਿਆ ਰਿਪੋਰਟਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰੇਗਾ, ਜਿਨ੍ਹਾਂ ਵਿੱਚ ਕਿਸਾਨਾਂ ਦੀ ਹਯਾਤੀ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੀ ਦੁਨੀਆ ਦੁਆਰਾ ਦੇਖਣ ਦੀ ਇੱਕ ਕੋਸ਼ਿਸ਼ ਹੋਵੇਗੀ ਅਪਰਨਾ ਕਾਰਤੀਕੇਅਨ ਦੁਆਰਾ ਲਿਖੀ ਇਸ ਲੜੀ ਨੂੰ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ, ਬੰਗਲੁਰੂ ਪਾਸੋਂ ਵਿੱਤੀ ਸਹਾਇਤਾ ਪ੍ਰਾਪਤ ਹੋਈ ਹੈ।

ਜਿਓਂ ਹੀ ਥੁਥੁਕੁੜੀ ਦੀ ਧਰਤੀ ‘ਤੇ ਸੂਰਜ ਚੜ੍ਹਦਾ ਹੈ ਅਤੇ ਦੁਮੇਲ 'ਤੇ ਲਾਲੀ ਪਸਰਦੀ ਹੈ, ਰਾਣੀ ਆਪਣਾ ਕੰਮ ਸ਼ੁਰੂ ਕਰ ਚੁੱਕੀ ਹੁੰਦੀ ਹਨ। ਹੱਥ ਵਿੱਚ ਲੱਕੜ ਦਾ ਲੰਬਾ ਸਾਰਾ ਚੱਪੂ ਫੜ੍ਹੀ ਉਹ ਰਸੋਈ ਦਾ ਸਭ ਤੋਂ ਸਧਾਰਣ ਪਰ ਸਭ ਤੋਂ ਅਹਿਮ ਪਦਾਰਥ ਇਕੱਠਾ ਕਰਦੀ ਹਨ: ਲੂਣ।

ਜਿਸ ਚਤਰਭੁਜਨੁਮਾ ਭੂ-ਖੰਡ 'ਤੇ ਉਹ ਕੰਮੀਂ ਲੱਗੀ ਹਨ ਉਹਦੀ ਸਤ੍ਹਾ ਹੁਣ ਕੁਰਕੁਰੀ ਹੋ ਗਈ ਹੈ, ਜਿਸ ਸਤ੍ਹਾਂ ਨੂੰ ਖਰੋਚ-ਖਰੋਚ ਕੇ ਉਹ ਨਿਕਲ਼ਦੇ ਚਿੱਟੇ ਰਵੇ ਦੀ ਖੇਪ ਇੱਕ ਪਾਸੇ ਲਾਉਂਦੀ ਜਾਂਦੀ ਹਨ। ਹਰ ਵਾਰ ਜਦੋਂ ਉਹ ਉਸ ਰਵੇ ਨੂੰ ਲਿਜਾ ਕੇ ਦੂਜੀ ਸਤ੍ਹਾ 'ਤੇ ਰੱਖਦੀ ਜਾਂਦੀ ਹਨ ਤਾਂ ਹੌਲ਼ੀ ਹੌਲ਼ੀ ਇਸ ਚਿੱਟੇ ਰਵੇ ਦਾ ਇਹ ਢੇਰ ਹੋਰ ਵੱਡਾ ਹੁੰਦਾ ਚਲਾ ਜਾਂਦਾ ਹੈ ਅਤੇ ਉਨ੍ਹਾਂ ਦਾ ਕੰਮ ਹੋਰ ਔਖ਼ੇਰਾ। 60 ਸਾਲਾ ਇਸ ਮਜ਼ਦੂਰ ਵਾਸਤੇ 10 ਕਿਲੋ ਤੋਂ ਵੱਧ ਗਿੱਲੇ ਲੂਣ ਦੇ ਢੇਰ ਨੂੰ ਇੱਕ ਪਾਸਿਓਂ ਘਸੀਟ ਘਸੀਟ ਕੇ ਦੂਜੇ ਪਾਸੇ ਟਿੱਲੇ ਵਿੱਚ ਜੋੜੀ ਜਾਣਾ ਕੋਈ ਸੁਖ਼ਾਲਾ ਕੰਮ ਨਹੀਂ, ਜਦੋਂਕਿ ਉਨ੍ਹਾਂ ਦਾ ਆਪਣਾ ਭਾਰ ਹੀ 40-50 ਕਿਲੋ ਹੋਣਾ।

ਅਤੇ ਉਹ ਬਿਨਾ ਰੁਕੇ ਓਦੋਂ ਤੱਕ ਕੰਮ ਕਰਦੀ ਰਹਿੰਦੀ ਹਨ ਜਦੋਂ ਤੱਕ ਕਿ ਇਹ 120x 40 ਫੁੱਟ ਦਾ ਪਲਾਟ ਪੂਰੀ ਤਰ੍ਹਾਂ ਸਾਫ਼ ਨਹੀਂ ਹੋ ਜਾਂਦਾ ਅਤੇ ਉਸ ਪਾਣੀ ਅੰਦਰ ਸਿਰਫ਼ ਹਿੱਲਦੇ-ਜੁਲਦੇ ਉਨ੍ਹਾਂ ਦੇ ਪਰਛਾਵੇਂ ਦਾ ਪ੍ਰਤੀਬਿੰਬ ਬਾਕੀ ਨਹੀਂ ਰਹਿ ਜਾਂਦਾ। ਇਹ ਲੂਣੀ ਦੁਨੀਆ ਹੀ ਪਿਛਲੇ 52 ਸਾਲਾਂ ਤੋਂ ਉਨ੍ਹਾਂ ਦੇ ਕੰਮ ਦੀ ਥਾਂ ਰਹੀ ਹੈ, ਜੋ ਕੰਮ ਉਨ੍ਹਾਂ ਨੂੰ ਆਪਣੇ ਪਿਤਾ ਪਾਸੋਂ ਵਿਰਸੇ ਵਿੱਚ ਮਿਲ਼ਿਆ ਅਤੇ ਹੁਣ ਉਨ੍ਹਾਂ ਦੇ ਬੇਟੇ ਨੂੰ ਆਪਣੀ ਮਾਂ (ਰਾਣੀ) ਪਾਸੋਂ। ਇਸੇ ਥਾਵੇਂ ਰਾਣੀ ਮੈਨੂੰ ਆਪਣੀ ਕਹਾਣੀ ਸੁਣਾਉਂਦੀ ਹਨ। ਇਹ ਥਾਂ ਦੱਖਣ ਤਮਿਲਨਾਡੂ ਦੇ ਥੁਥੁਕੁੜੀ ਜ਼ਿਲ੍ਹੇ ਵਿੱਚ 25,000 ਏਕੜ ਵਿੱਚ ਫ਼ੈਲੀਆਂ ਲੂਣ ਕਿਆਰੀਆਂ ਵਿੱਚੋਂ ਇੱਕ ਹੈ।

ਇਸ ਤਟੀ ਜ਼ਿਲ੍ਹੇ ਅੰਦਰ ਮਾਰਚ ਤੋਂ ਅੱਧ-ਅਕਤੂਬਰ ਤੱਕ ਦਾ ਸਮਾਂ ਲੂਣ ਤਿਆਰ ਕਰਨ ਲਈ ਬੜਾ ਢੁੱਕਵਾਂ ਰਹਿੰਦਾ ਹੈ, ਕਿਉਂਕਿ ਇਹਦੀ ਗਰਮ ਅਤੇ ਖ਼ੁਸ਼ਕ ਜਲਵਾਯੂ ਕਾਰਨ ਇਨ੍ਹਾਂ ਛੇ ਮਹੀਨਿਆਂ ਵਿੱਚ ਲੂਣ ਦੇ ਲਗਾਤਾਰ ਉਤਪਾਦਨ ਦੀ ਗਰੰਟੀ ਹੁੰਦੀ ਹੈ। ਇਹ ਥਾਂ ਤਮਿਲਨਾਡੂ ਦੀ ਸਭ ਤੋਂ ਵੱਡੀ ਉਤਪਾਦਕ ਹੈ ਅਤੇ ਇਸ ਸੂਬੇ ਅੰਦਰ ਪੂਰੇ ਭਾਰਤ ਦੇ 11 ਫ਼ੀਸਦ ਲੂਣ ਦਾ 2.4 ਮਿਲੀਅਨ ਪੈਦਾ ਕੀਤਾ ਜਾਂਦਾ ਹੈ। ਹਾਲਾਂਕਿ ਸਭ ਤੋਂ ਵੱਡਾ ਹਿੱਸਾ ਗੁਜਰਾਤ ਵਿੱਚੋਂ ਹੀ ਆਉਂਦਾ ਹੈ ਜੋ ਕਿ ਦੇਸ਼ ਅੰਦਰ ਵਰਤੀਂਦੇ 22 ਮਿਲੀਅਨ ਟਨ ਲੂਣ ਦੀ ਫ਼ਸਲ ਦਾ 16 ਮਿਲੀਅਨ ਟਨ ਜਾਂ 76 ਫ਼ੀਸਦ ਬਣਦਾ ਹੈ। ਇਹ ਰਾਸ਼ਟਰੀ ਅੰਕੜਾ ਆਪਣੇ-ਆਪ ਵਿੱਚ 1947 ਵਿੱਚ ਦੇਸ਼ ਅੰਦਰ ਲੂਣ ਦੀ ਪੈਦਾਵਾਰ ਦੇ 1.9 ਮੀਟਰਿਕ ਟਨ ਦੇ ਅੰਕੜੇ ਵਿੱਚ ਮਾਰੀ ਵੱਡੀ ਛਾਲ਼ ਹੈ।

ਅੱਧ ਸਤੰਬਰ (2021) ਦਾ ਸਮਾਂ ਰਿਹਾ ਹੋਣਾ ਹੈ ਜਦੋਂ ਥੁਥੁਕੁੜੀ ਅੰਦਰਲੇ ਰਾਜਾ ਪਾਂਡੀ ਨਗਰ ਦੀਆਂ ਨੇੜਲੀਆਂ ਲੂਣ ਕਿਆਰੀਆਂ ਵਿੱਚ ਪਾਰੀ ( PARI) ਨੇ ਆਪਣੀ ਪਹਿਲੀ ਫ਼ੇਰੀ ਲਾਈ। ਤਿਰਕਾਲੀਂ ਨਿੰਮ ਦੇ ਰੁੱਖ ਹੇਠ ਰਾਣੀ ਅਤੇ ਉਨ੍ਹਾਂ ਦੇ ਸਹਿ-ਕਰਮੀਆਂ ਨੇ ਸਾਡੇ ਨਾਲ਼ ਗੱਲਾਂ ਕਰਨ ਲਈ ਕੁਰਸੀਆਂ ਦਾ ਘੇਰਾ ਘੱਤ ਲਿਆ। ਸਾਡੇ ਮਗਰ ਹੀ ਉਨ੍ਹਾਂ ਦੇ ਘਰ ਮੌਜੂਦ ਸਨ, ਕੁਝ ਘਰਾਂ ਦੀਆਂ ਕੰਧਾਂ ਇੱਟਾਂ ਦੀਆਂ ਅਤੇ ਛੱਤਾਂ ਰੇਸ਼ੇਦਾਰ ਚਾਦਰਾਂ (ਐਸਬੈਸਟਸ) ਦੀਆਂ ਬਣੀਆਂ ਸਨ ਜਦੋਂਕਿ ਕੁਝ ਘਰ ਕੱਖ-ਕਾਣ ਤੋਂ ਬਣੀਆਂ ਝੌਂਪੜੀਆਂ ਹੀ ਸਨ। 'ਲੂਣ ਕਿਆਰੀਆਂ' ਜਾਂ ਜਿੱਥੇ ਲੂਣ ਬਣਾਇਆ ਜਾਂਦਾ ਹੈ, ਸੜਕੋਂ ਪਾਰ ਹਨ- ਉਹ ਥਾਂ ਜਿੱਥੇ ਉਹ ਪੀੜ੍ਹੀਆਂ ਤੋਂ ਕੰਮ ਕਰਦੇ ਆਏ ਹਨ। ਜਿਓਂ ਹੀ ਗੁਫ਼ਤਗੂ ਸ਼ੁਰੂ ਹੁੰਦੀ ਹੈ, ਦਿਨ ਢਲ਼ਣ ਲੱਗਦਾ ਹੈ। ਇਹ ਗੁਫ਼ਤਗੂ ਜਮਾਤ ਦੀ ਥਾਂ ਲੈ ਲੈਂਦੀ ਹੈ, ਭਾਵ ਲੂਣ ਭਾਵ ਸੋਡੀਅਮ ਕਲੋਰਾਈਡ (NaCl) ਦੇ ਉਤਪਾਦਨ ਦੀ ਪੇਚੀਦਾ ਪ੍ਰਕਿਰਿਆ ਬਾਬਤ ਜਾਣਕਾਰੀ ਦਿੰਦੀ ਜਮਾਤ।

At dawn, Thoothukudi's salt pan workers walk to their workplace, and get ready for the long hard hours ahead (Rani is on the extreme right in a brown shirt)
PHOTO • M. Palani Kumar
At dawn, Thoothukudi's salt pan workers walk to their workplace, and get ready for the long hard hours ahead (Rani is on the extreme right in a brown shirt)
PHOTO • M. Palani Kumar

ਆਥਣ ਵੇਲ਼ੇ, ਥੁਥੁਕੁੜੀ ਦੇ ਲੂਣ ਮਜ਼ਦੂਰ ਆਪਣੇ ਕੰਮ ਦੀ ਥਾਂ ਵੱਲ ਜਾਣ ਲਈ ਸਾਜੋ-ਸਮਾਨ ਨਾਲ਼ ਲੈਸ ਹੁੰਦੇ ਹੋਏ ਅਤੇ ਇਨ੍ਹਾਂ ਡਾਢੇ ਘੰਟਿਆਂ ਵਾਸਤੇ ਖ਼ੁਦ ਨੂੰ ਤਿਆਰ ਕਰਦੇ ਹੋਏ, ਸਭ ਤੋਂ ਅੱਗੇ (ਰਾਣੀ ਐਨ ਸੱਜੇ ਭੂਰੀ ਕਮੀਜ਼ ਪਾਈ)

ਥੁਥੁਕੁੜੀ ਦੀ ਇਹ 'ਫ਼ਸਲ' ਭੂਮੀ ਹੇਠਲੀ ਖਾਰ ਵਿੱਚੋਂ ਪੈਦਾ ਕੀਤੀ ਜਾਂਦੀ ਹੈ ਜਿਸ ਵਿੱਚ ਕਿ ਲੂਣ ਦੀ ਸੰਘਣਤਾ ਵੱਧ ਹੁੰਦੀ ਹੈ ਅਤੇ ਸਮੁੰਦਰੀ ਪਾਣੀ ਨਾਲ਼ੋਂ ਕਿਤੇ ਵੱਧ ਖਾਰ ਹੁੰਦੀ ਹੈ। ਇਹਨੂੰ ਬੋਰਵੈੱਲਾਂ ਦੀ ਮਦਦ ਨਾਲ਼ ਬਾਹਰ ਖਿੱਚਿਆ ਜਾਂਦਾ ਹੈ। 85 ਏਕੜ ਤੱਕ ਫੈਲੀਆਂ ਇਨ੍ਹਾਂ ਲੂਣ ਕਿਆਰੀਆਂ ਵਿੱਚ, ਜਿੱਥੇ ਰਾਣੀ ਅਤੇ ਉਨ੍ਹਾਂ ਦੀਆਂ ਦੋਸਤ ਕੰਮ ਕਰਦੀਆਂ ਹਨ, ਸੱਤ ਬੋਰਵੈੱਲ ਕੰਮ ਕਰਦੇ ਹਨ ਅਤੇ ਇਨ੍ਹਾਂ ਕਿਆਰੀਆਂ ਵਿੱਚ ਚਾਰ ਇੰਚ ਤੱਕ ਪਾਣੀ ਸੁੱਟਦੇ ਜਾਂਦੇ ਹਨ (ਹਰੇਕ ਏਕੜ ਨੂੰ ਨੌਂ ਕਿਆਰੀਆਂ ਵਿੱਚ ਵੰਡਿਆ ਜਾਂਦਾ ਹੈ ਅਤੇ ਮੋਟਾ-ਮੋਟੀ ਚਾਰ ਲੱਖ ਲੀਟਰ ਪਾਣੀ ਭਰਿਆ ਜਾਂਦਾ ਹੈ। ਜੋ ਕਿ 10,000-10,000 ਲੀਟਰ ਦੇ 40 ਪਾਣੀ ਟੈਂਕਰਾਂ ਦੇ ਬਰਾਬਰ ਬਣਦਾ ਹੈ। )।

ਵਿਰਲੇ ਹੀ ਹਨ ਜੋ ਉੱਪਲਮ (ਲੂਣ ਕਿਆਰੀਆਂ) ਦੇ ਖ਼ਾਕਿਆਂ ਨੂੰ ਬੀ.ਐਂਥਨੀ ਸਾਮੀ ਨਾਲ਼ੋਂ ਬਿਹਤਰ ਸਮਝਦੇ ਜਾਂ ਸਮਝਾਉਂਦੇ ਹੋਣ, ਜਿਨ੍ਹਾਂ ਨੇ ਆਪਣੇ ਜੀਵਨ ਦੇ 56 ਸਾਲ ਇਸੇ ਕੰਮ ਦੇ ਲੇਖੇ ਲਾਏ ਹਨ। ਉਨ੍ਹਾਂ ਦਾ ਕੰਮ ਵੱਖੋ-ਵੱਖ ਕਿਆਰੀਆਂ ਅੰਦਰ ਪਾਣੀ ਦੇ ਪੱਧਰ ਦਾ ਪ੍ਰਬੰਧ ਦੇਖਣਾ ਹੈ। ਸਾਮੀ ਇਨ੍ਹਾਂ ਕਿਆਰੀਆਂ ਨੂੰ ਆਨ ਪਾਤੀ (ਨਰ ਕਿਆਰੀ) ਵਜੋਂ ਵਰਗੀਕ੍ਰਿਤ ਕਰਦੇ ਹਨ ਜਿੱਥੇ ਪਾਣੀ ਨੂੰ ਕੁਦਰਤੀ ਰੂਪ ਵਿੱਚ ਸੁਖਾਇਆ ਜਾਂਦਾ ਹੈ; ਭਾਵ ਇਹ ਲੂਣ ਦੀਆਂ ਘੱਟ ਡੂੰਘੀਆਂ ਕਿਆਰੀਆਂ ਹੁੰਦੀਆਂ ਹਨ ਜੋ 'ਪਾਣੀ ਨੂੰ ਭਾਫ਼ ਵਿੱਚ ਬਦਲਣ ਵਾਲ਼ੇ ਉਪਕਰਣ' ਵਜੋਂ ਕੰਮ ਕਰਦੀਆਂ ਹਨ  ਅਤੇ ਦੂਸਰੇ ਪਾਸੇ ਪੇੱਨ ਪਾਤੀ (ਮਾਦਾ ਕਿਆਰੀਆਂ) ਜੋ ਲੂਣ ਜਣਦੀਆਂ ਹਨ ਅਤੇ ਲੂਣ ਦੇ ਰਵੇ ਦੇ ਨਿਖੇਧਕ ਵਜੋਂ ਕੰਮ ਕਰਦੇ ਹਨ।

''ਇਸ ਖ਼ਾਰੇ ਪਾਣੀ ਨੂੰ ਪੰਪ ਕਰਕੇ ਬਾਹਰ ਕੱਢਿਆ ਜਾਂਦਾ ਹੈ ਅਤੇ ਇਨ੍ਹਾਂ ਆਨ ਪਾਤੀ (ਨਰ ਕਿਆਰੀਆਂ) ਨੂੰ ਪਹਿਲਾਂ ਭਰਿਆ ਜਾਂਦਾ ਹੈ,'' ਉਹ ਕਹਿੰਦੇ ਹਨ।

ਇਸ ਤੋਂ ਬਾਅਦ ਉਹ ਇਸ ਕੰਮ ਵਿੱਚ ਵਰਤੀਂਦੀਆਂ ਤਕਨੀਕਾਂ ਬਾਰੇ ਦੱਸਦੇ ਹਨ।

ਫਿਰ ਇਸ ਖਾਰੇ ਪਾਣੀ ਨੂੰ ਬੌਮ ਹਾਈਡ੍ਰੋਮੀਟਰ ਦੁਆਰਾ ਡਿਗਰੀ ਵਿੱਚ ਮਾਪਿਆ ਜਾਂਦਾ ਹੈ, ਅਜਿਹਾ ਯੰਤਰ ਜੋ ਤਰਲ ਪਦਾਰਥਾਂ ਦੇ ਭਾਰੀਪਣ ਨੂੰ ਮਾਪਦਾ ਹੈ। ਸ਼ੁੱਧ ਪਾਣੀ ਦੀ 'ਬੌਮ ਡਿਗਰੀ' ਸਿਫ਼ਰ ਹੁੰਦੀ ਹੈ। ਸਮੁੰਦਰੀ ਪਾਣੀ ਲਈ ਇਹਦੀ ਸੀਮਾ 2 ਤੋਂ 3 ਬੌਮ ਡਿਗਰੀ ਰਹਿੰਦੀ ਹੈ। ਬੋਰਵੈੱਲਾਂ ਦੇ ਪਾਣੀ ਦੀ ਸੀਮਾ 5 ਅਤੇ 10 ਡਿਗਰੀ ਤੱਕ ਹੋ ਸਕਦੀ ਹੈ। ਲੂਣ 24 ਡਿਗਰੀ 'ਤੇ ਬਣਾਇਆ ਜਾਂਦਾ ਹੈ। ''ਕਿਉਂਕਿ ਪਾਣੀ ਭਾਫ਼ ਬਣ ਉੱਡ ਜਾਂਦਾ ਹੈ ਅਤੇ ਖਾਰਾਪਣ ਵੱਧ ਜਾਂਦਾ ਹੈ, ਫਿਰ ਇਸਨੂੰ ਰਵੇਦਾਰ ਬਣਾਉਣ ਲਈ ਭੇਜ ਦਿੱਤਾ ਜਾਂਦਾ ਹੈ,'' ਸਾਮੀ ਕਹਿੰਦੇ ਹਨ।

The salinity is measured in degrees by a Baume hydrometer.
PHOTO • M. Palani Kumar
Carrying headloads from the varappu
PHOTO • M. Palani Kumar

ਖੱਬੇ: ਖਾਰੇ ਪਾਣੀ ਨੂੰ ਬੌਮ ਹਾਈਡ੍ਰੋਮੀਟਰ ਦੁਆਰਾ ਡਿਗਰੀ ਵਿੱਚ ਮਾਪਿਆ ਜਾਂਦਾ ਹੈ। ਸੱਜੇ: ਵਰੱਪੂ (ਵੱਟ) ਤੋਂ ਸਿਰਾਂ 'ਤੇ ਭਾਰ ਲੱਦ ਕੇ ਲਿਜਾਂਦੇ ਹੋਏ

ਅਗਲੇ ਦੇ ਹਫ਼ਤਿਆਂ ਲਈ, ਇੱਥੋਂ ਦੀਆਂ ਔਰਤਾਂ (ਮਜ਼ਦੂਰ) ਵਿਤੋਂਵੱਧ ਵੱਡੇ ਅਤੇ ਭਾਰੇ ਲੋਹੇ ਦੇ ਦੰਦੇਦਾਰ ਔਜ਼ਾਰ ਨੂੰ ਪਿੱਛਿਓਂ ਘਸੀਟਦੀਆਂ ਲਿਆਉਣਗੀਆਂ ਜਿਸਦੇ ਸਹਾਰੇ ਉਹ ਹਰ ਸਵੇਰ ਪਾਣੀ ਨੂੰ ਹਿਲਾਉਂਦੀਆਂ ਹਨ। ਉਹ ਇੱਕ ਦਿਨ ਲੰਬਾਈ ਵਿੱਚ ਅਤੇ ਦੂਸਰੇ ਦਿਨ ਚੌੜਾਈ ਵਿੱਚ ਕੰਘੀ ਜਿਹੀ ਵਾਹੁੰਦੀਆਂ ਹਨ, ਤਾਂ ਜੋ ਲੂਣ ਦੇ ਰਵੇ ਇਨ੍ਹਾਂ ਕਿਆਰੀਆਂ ਦੇ ਤਲ਼ੇ 'ਤੇ ਜਮ੍ਹਾਂ ਨਾ ਹੋ ਜਾਣ। ਕਰੀਬ 15 ਦਿਨਾਂ ਬਾਅਦ, ਫਿਰ ਔਰਤ ਅਤੇ ਪੁਰਸ਼ ਮਜ਼ਦੂਰ ਲੱਕੜ ਦੇ ਵੱਡੇ ਸਾਰੇ ਚੱਪੂ ਦੇ ਨਾਲ਼ ਲੂਣ ਇਕੱਠਾ ਕਰਦੇ ਰਹਿੰਦੇ ਹਨ। ਇਸ ਤੋਂ ਬਾਅਦ, ਉਹ ਇਹਨੂੰ ਵਰੱਪੂ 'ਤੇ ਇਕੱਠਾ ਕਰਦੇ ਹਨ, ਜੋ ਕਿਆਰੀਆਂ ਦਰਮਿਆਨ ਉੱਠਿਆ ਹੋਇਆ ਵੱਟਨੁਮਾ ਰਾਹ ਹੁੰਦਾ ਹੈ।

ਫਿਰ ਆਉਂਦਾ ਹੈ ਅਸਲੀ ਭਾਰ ਚੁੱਕਣ ਦਾ ਸਮਾਂ: ਜਦੋਂ ਔਰਤ ਅਤੇ ਪੁਰਸ਼ ਮਜ਼ਦੂਰ ਵਰੱਪੂ (ਵੱਟਾਂ) ਤੋਂ ਇਹਨੂੰ ਸਿਰਾਂ 'ਤੇ ਲੱਦ ਲੱਦ ਕੇ ਲਿਜਾਂਦੇ ਹਨ ਅਤੇ ਉਨ੍ਹਾਂ ਤਸਲਿਆਂ ਨੂੰ ਕਿਸੇ ਉੱਚੀ ਥਾਂਵੇਂ ਖਾਲੀ ਕਰਦੇ ਜਾਂਦੇ ਹਨ। ਹਰੇਕ ਵਿਅਕਤੀ ਦੇ ਹਿੱਸੇ ਕਈ ਕਈ ਵੱਟਾਂ ਆਉਂਦੀਆਂ ਹਨ, ਜਿੱਥੋਂ ਉਹ ਹਰ ਰੋਜ਼ ਕਰੀਬ 5-7 ਟਨ ਲੂਣ ਸਿਰਾਂ 'ਤੇ ਲੱਦ ਲੱਦ ਢੋਂਹਦੇ ਜਾਂਦੇ ਹਨ। ਜਿਹਦਾ ਮਤਲਬ ਹੋਇਆ ਸਿਰਾਂ 'ਤੇ ਲੱਦਿਆ ਇਹ ਭਾਰ 35 ਕਿਲੋਗ੍ਰਾਣ (ਇੱਕ ਵਾਰ ਦਾ) ਬਣਦਾ ਹੈ ਜਿਹਨੂੰ ਚੁੱਕ ਕੇ ਇੱਕ ਦਿਨ ਦੀਆਂ 150 ਗੇੜੀਆਂ ਲਾਉਂਦੇ ਹਨ ਅਤੇ ਇਸ ਇੱਕ ਗੇੜੀ ਵਿੱਚ 150 ਤੋਂ 250 ਫੁੱਟ ਦਾ ਪੈਂਡਾ ਤੈਅ ਕਰਦੇ ਹਨ। ਉਨ੍ਹਾਂ ਦੀਆਂ ਇਹ ਗੇੜੀਆਂ ਛੇਤੀ ਹੀ ਲੂਣ ਸੁੱਟੇ ਜਾਣ ਵਾਲ਼ੇ ਇਸ ਢੇਰ ਨੂੰ ਪਹਾੜ ਵਿੱਚ ਬਦਲ ਦਿੰਦੀ ਹੈ ਅਤੇ ਫਿਰ ਲੂਣ ਦਾ ਇਹ ਪਹਾੜ ਸੂਰਜ ਦੀ ਰੌਸ਼ਨੀ ਵਿੱਚ ਲਿਸ਼ਕਾਂ ਮਾਰਦੇ ਹੈ, ਬਿਲਕੁਲ ਉਵੇਂ ਜਿਵੇਂ ਕਿਸੇ ਭੂਰੀ ਜ਼ਮੀਨ 'ਤੇ ਕੋਈ ਖ਼ਜ਼ਾਨਾ ਲਿਸ਼ਕਾਂ ਮਾਰਦਾ ਹੋਵੇ।

*****

ਇੱਕ ਪ੍ਰੇਮੀ ਜੋੜੇ ਦੀ ਆਪਸੀ ਖਿੱਚੋਤਾਣ ਖਾਣੇ ਵਿੱਚ ਲੂਣ ਵਾਂਗਰ ਹੁੰਦੀ ਹੈ। ਜੇ ਜ਼ਿਆਦਾ ਹੋ ਜਾਵੇ ਤਾਂ ਚੰਗਾ ਨਹੀਂ ਹੁੰਦਾ।

ਇਹ ਸੇਂਥਿਲ ਨਾਥਨ ਦੁਆਰਾ ਕੀਤਾ ਗਿਆ ਥਿਰੂੱਕੁਰਲ (ਪਵਿੱਤਰ ਦੋਹੇ) ਦਾ ਅਨੁਵਾਦ (ਅਤੇ ਵਿਆਖਿਆ) ਹੈ। ਇਹ ਤਮਿਲ ਕਵੀ-ਸੰਤ ਤਿਰੁਵੱਲੁਵਰ ਦੁਆਰਾ ਥਿਰੂੱਕੁਰਲ ਵਿੱਚ ਰਚੇ ਗਏ 1,330 ਦੋਹਿਆਂ ਵਿੱਚੋਂ ਇੱਕ ਹੈ, ਜੋ ਕਿ ਵੱਖੋ-ਵੱਖ ਇਤਿਹਾਸਕਾਰਾਂ ਦੁਆਰਾ ਚੌਥੀ ਸਦੀ ਈਸਾ ਪੂਰਵ ਅਤੇ ਪੰਜਵੀ ਸਦੀ ਈਸਵੀ ਦੇ ਵਿਚਕਾਰ ਕਿਸੇ ਸਮੇਂ ਪੈਦਾ ਹੋਏ ਮੰਨੇ ਜਾਂਦੇ ਹਨ।

ਸਿੱਧੇ ਸ਼ਬਦਾਂ ਵਿੱਚ ਕਹੀਏ: ਕਰੀਬ ਦੋ ਹਜ਼ਾਰ ਸਾਲ ਪਹਿਲਾਂ ਹੀ ਤਮਿਲ ਸਾਹਿਤ ਅੰਦਰ ਲੂਣ ਇੱਕ ਅਲੰਕਾਰ ਵਜੋਂ ਅੱਪੜ ਗਿਆ ਸੀ ਅਤੇ ਸ਼ਾਇਦ ਉਸ ਤੋਂ ਵੀ ਪਹਿਲਾਂ ਤਮਿਲਨਾਡੂ ਦੀ ਤਟਰੇਖਾ ਦੇ ਆਸਪਾਸ ਲੂਣ ਦੀ ਖੇਤੀ ਹੋਇਆ ਕਰਦੀ ਸੀ।

ਸੇਂਥਿਲ ਨਾਥਨ ਨੇ 2,000 ਸਾਲ ਪੁਰਾਣੇ ਸੰਗਮ ਯੁੱਗ ਦੀ ਇੱਕ ਕਵਿਤਾ ਦਾ ਤਰਜ਼ਮਾ ਕੀਤਾ ਹੈ ਜਿਸ ਅੰਦਰ ਲੂਣ ਦੇ ਮੁਦਰਾ ਵਜੋਂ ਇਸਤੇਮਾਲ ਦਾ ਜ਼ਿਕਰ ਹੈ ਭਾਵ ਲੂਣ ਦੇ ਵਟਾਂਦਰੇ (ਵਸਤੂ ਬਦਲੇ) ਦਾ ਜ਼ਿਕਰ ਮਿਲ਼ਦਾ ਹੈ। ਅਤੇ ਹਾਲੇ ਵੀ, ਇਹ ਹਵਾਲਾ ਪ੍ਰੇਮੀਆਂ 'ਤੇ ਕੇਂਦਰਤ ਇੱਕ ਆਇਤ ਵਿੱਚ ਆਉਂਦਾ ਹੈ।

ਖੂੰਖਾਰ ਸ਼ਾਰਕ ਦਾ ਸ਼ਿਕਾਰ ਬਣੇ,
ਮੇਰੇ ਪਿਤਾ ਦੇ ਫਟ ਰਾਜ਼ੀ ਹੋ ਗਏ,
ਉਹ ਪਰਤ ਗਏ ਹਨ ਨੀਲ਼ੇ ਸਾਗਰ ਵੱਲ।
ਲੂਣ ਬਦਲੇ ਚੌਲ਼ ਪਾਉਣ ਖ਼ਾਤਰ
ਮੇਰੀ ਮਾਂ, ਲੂਣ ਕਿਆਰੀਆਂ ਦੇ ਗੇੜੇ ਲਾਉਂਦੀ ਹੈ।
ਚੰਗਾ ਰਹੂ ਜੇ ਕੋਈ ਬੇਲੀ ਹੁੰਦਾ
ਜੋ ਲੰਬੇ ਪੈਂਡੇ ਅਤੇ ਥਕਾਊ ਯਾਤਰਾ ਵਿੱਚ,
ਮੇਰਾ ਸਾਥ ਦਿੰਦਾ, ਖ਼ੁਸ਼ੀ-ਖ਼ੁਸ਼ੀ
ਤਾਂਕਿ ਸਮੁੰਦਰ ਦੇ ਸ਼ਾਂਤ ਕੰਢੇ ਜਾਵਾਂ ਤੇ ਉਸ ਬੰਦੇ ਨੂੰ ਕਹਾਂ
ਕਿ ਜੇ ਉਹ ਮੈਨੂੰ ਮਿਲ਼ਣਾ ਲੋਚਦਾ ਹੈ ਤਾਂ ਇਹੀ ਸਮਾਂ ਹੈ ਮੁੜਨ ਦਾ !

PHOTO • M. Palani Kumar

ਰਾਣੀ, ਹੱਥ ਵਿੱਚ ਲੱਕੜ ਦਾ ਲੰਬਾ ਚੱਪੂ ਫੜ੍ਹੀ , ਜਿਸਦੇ ਨਾਲ਼ ਉਹ ਰਸੋਈ ਦਾ ਸਭ ਤੋਂ ਅਹਿਮ ਪਦਾਰਥ ਇਕੱਠਾ ਕਰਦੀ ਹਨ : ਲੂਣ

ਲੋਕ-ਕਥਾਵਾਂ ਅਤੇ ਕਹਾਵਤਾਂ ਅੰਦਰ ਵੀ ਸਲੂਣੀਆਂ ਅਖੌਤਾਂ ਦੀ ਕਾਫ਼ੀ ਥਾਂ ਹੈ। ਰਾਣੀ ਮੈਨੂੰ ਤਮਿਲ ਦੀ ਇੱਕ ਮਸ਼ਹੂਰ ਕਹਾਵਤ ਉੱਪਿੱਲ ਪਾਂਡਮ ਕੁਪਾਯਿਲੇ ਬਾਰੇ ਦੱਸਦੀ ਹੈ ਜਿਹਦਾ ਮਤਲਬ ਹੈ ਲੂਣ ਬਗ਼ੈਰ ਖਾਣਾ, ਸੱਚਿਓ, ਬੇਕਾਰ ਹੈ। ਉਨ੍ਹਾਂ ਦੇ ਭਾਈਚਾਰੇ ਅੰਦਰ ਲੂਣ ਨੂੰ ਦੇਵੀ ਲਕਸ਼ਮੀ ਮੰਨਦੇ ਹਨ ਜੋ ਹਿੰਦੂਆਂ ਲਈ ਧਨ ਦੀ ਦੇਵੀ ਹੈ। ''ਜਦੋਂ ਕੋਈ ਘਰ ਬਦਲਦਾ ਹੈ ਤਾਂ ਉਹ ਨਵੇਂ ਘਰ ਵਿੱਚ ਆਪਣੇ ਨਾਲ਼ ਲੂਣ, ਹਲਦੀ ਅਤੇ ਪਾਣੀ ਲਿਜਾਂਦਾ ਹੈ ਅਤੇ ਨਵੇਂ ਘਰ ਛੱਡ ਆਉਂਦਾ ਹੈ। ਇਹਨੂੰ ਸ਼ੁੱਭ ਮੰਨਿਆ ਜਾਂਦਾ ਹੈ,'' ਰਾਣੀ ਕਹਿੰਦੀ ਹਨ।

ਪ੍ਰਸਿੱਧ ਸੱਭਿਆਚਾਰਾਂ ਵਿੱਚ, ਲੂਣ ਵਫ਼ਾਦਾਰੀ ਦਾ ਪ੍ਰਤੀਕ ਹੈ। ਦਰਅਸਲ, ਬਤੌਰ ਲੇਖਕ ਏ. ਸਿਵਾਸੂਬ੍ਰਾਮਨੀਅਮ ਪਰਖਦੇ ਹਨ: 'ਸੈਲਰੀ' (ਤਨਖ਼ਾਹ) ਲਈ ਤਮਿਲ ਸ਼ਬਦ ਹੈ ਸੰਭਲਮ - ਸੰਬਾ (ਜੋ ਝੋਨੇ ਨੂੰ ਸੰਦਰਭਤ ਕਰਦਾ ਹੈ) ਅਤੇ ਉੱਪਲਮ (ਉਹ ਥਾਂ ਜਿੱਥੇ ਲੂਣ ਪੈਦਾ ਕੀਤਾ ਜਾਂਦਾ ਹੈ) ਦਾ ਇੱਕ ਸੰਯੋਜਕ ਹੈ। ਆਪਣੀ ਚਰਚਤ ਕਿਤਾਬ ਉੱਪਿਟਵਰਈ (ਤਮਿਲ ਸੱਭਿਆਚਾਰ ਮੁਤਾਬਕ ਲੂਣ 'ਤੇ ਵਿਸ਼ੇਸ਼ ਲੇਖ), ਉਹ ਤਮਿਲ ਦੀ ਕਹਾਵਤ- ਉੱਪਿਟਵਰਈ ਉੱਲਲਵੁਮ ਨੇਨਈ - ਵੱਲ ਇਸ਼ਾਰਾ ਕਰਦੇ ਹਨ ਜੋ ਖ਼ਾਸ ਤੌਰ 'ਤੇ ਤੁਹਾਨੂੰ ਤੁਹਾਡੇ ਖਾਣੇ ਵਾਸਤੇ ਲੂਣ ਬਣਾਉਣ ਵਾਲ਼ੇ ਨੂੰ ਚੇਤੇ ਰੱਖਣ ਲਈ ਕਹਿੰਦੀ ਹੈ। ਭਾਵ, ਤੁਹਾਡਾ ਦਾਤਾ।

ਜਿਵੇਂ ਕਿ ਮਾਰਕ ਕੁਰਲਾਂਸਕੀ ਆਪਣੀ ਲਾਸਾਨੀ ਅਤੇ ਮੰਤਰਮੁਗਧ ਕਰਕੇ ਰੱਖ ਦੇਣ ਵਾਲ਼ੀ ਕਿਤਾਬ ਸਾਲਟ : ਏ ਵਰਲਡ ਹਿਸਟਰੀ ( Salt: A World History ) ਵਿੱਚ ਕਹਿੰਦੇ ਹਨ, ''ਲੂਣ ਵਪਾਰ ਕਰਨ ਦੀਆਂ ਪਹਿਲੀ ਅੰਤਰਰਾਸ਼ਟਰੀ ਵਸਤਾਂ ਵਿੱਚੋਂ ਇੱਕ ਵੀ ਰਿਹਾ ਹੈ; ਇਹਦਾ ਉਤਪਾਦਨ ਸੰਸਾਰ ਦੀਆਂ ਸ਼ੁਰੂਆਤੀ ਉਦਯੋਗਾਂ ਇਕਾਈਆਂ ਵਿੱਚ ਸ਼ਾਮਲ ਰਿਹਾ ਹੈ ਅਤੇ ਰਾਜ ਏਕਾਧਿਕਾਰ ਹੇਠ ਆਉਣ ਵਾਲ਼ਾ ਪਹਿਲਾ ਉਤਪਾਦ ਵੀ।''

ਰੋਜ਼ਮੱਰਾ ਵਰਤੀਂਦੀ ਇਸ ਸਮੱਗਰੀ ਨੇ ਭਾਰਤ ਦੇ ਇਤਿਹਾਸ ਦੇ ਰਾਹ ਨੂੰ ਬਦਲਣ ਵਿੱਚ ਮਦਦ ਕੀਤੀ, ਜਦੋਂ ਮਾਰਚ-ਅਪ੍ਰੈਲ 1930 ਵਿੱਚ ਮਹਾਤਮਾ ਗਾਂਧੀ ਨੇ ਲੂਣ 'ਤੇ ਲੱਗਦੇ ਦਮਨਕਾਰੀ ਬ੍ਰਿਟਿਸ਼ ਰਾਜ ਟੈਕਸ ਨੂੰ ਵੰਗਾਰਿਆ ਅਤੇ ਦਾਂਡੀ, ਗੁਜਰਾਤ ਦੀਆਂ ਲੂਣ ਕਿਆਰੀਆਂ ਵਿੱਚੋਂ ਲੂਣ ਇਕੱਠਾ ਕਰਨ ਲਈ ਮਾਰਚ ਕੀਤਾ ਸੀ। ਉਸ ਤੋਂ ਬਾਅਦ ਅਪ੍ਰੈਲ  ਵਿੱਚ ਉਨ੍ਹਾਂ ਦੇ ਲੈਫ਼ਟੀਨੈਂਟ ਸੀ. ਰਾਜਾਗੋਪਾਲਾਚਾਰੀ ਨੇ ਤਮਿਲਨਾਡੂ ਦੇ ਤਿਰੁਚਿਰਾਪੱਲੀ ਤੋਂ ਵੇਦਾਰਨਯਮ ਤੱਕ ਲੂਣ ਸੱਤਿਆਗ੍ਰਹਿ ਦੀ ਅਗਵਾਈ ਕੀਤੀ। ਦਾਂਡੀ ਮਾਰਚ ਤਾਂ ਭਾਰਤ ਦੀ ਅਜ਼ਾਦੀ ਦੀ ਲੜਾਈ ਦਾ ਇੱਕ ਮਹੱਤਵਪੂਰਨ ਅਧਿਆਇ ਹੈ।

*****

'' ਇੰਨੀ ਹੱਢ-ਭੰਨ੍ਹਵੀਂ ਮੁਸ਼ੱਕਤ ਬਦਲੇ ਇੰਨੀ ਨਿਗੂਣੀ ਉਜਰਤ (ਪੈਸੇ) ।"
– ਐਂਥਨੀ ਸਾਮੀ, ਲੂਣ ਕਿਆਰੀਆਂ ਦੇ ਮਜ਼ਦੂਰ

ਰਾਣੀ ਦੀ ਪਹਿਲੀ ਤਨਖ਼ਾਹ 1.25 ਰੁਪਏ ਦਿਹਾੜੀ ਦੇ ਹਿਸਾਬ ਨਾਲ਼ ਸੀ। ਇਹ ਕੋਈ 52 ਸਾਲ ਪੁਰਾਣੀ ਗੱਲ ਹੈ, ਜਦੋਂ ਉਹ ਅੱਠ ਸਾਲਾਂ ਦੀ ਬੱਚੀ ਸਨ ਅਤੇ ਲੰਬੀ ਸਕਰਟ ਪਾਈ ਇਨ੍ਹਾਂ ਲੂਣ ਕਿਆਰੀਆਂ ਵਿੱਚ ਖੱਪਦੀ ਹੁੰਦੀ ਸੀ। ਐਂਥਨੀ ਸਾਮੀ ਵੀ ਆਪਣੀ ਪਹਿਲੀ ਤਨਖ਼ਾਹ ਨੂੰ ਚੇਤੇ ਕਰਦੇ ਹਨ: 1.75 ਰੁਪਏ; ਸਾਲਾਂ ਬਾਅਦ ਜੋ 21 ਰੁਪਏ ਤੱਕ ਪਹੁੰਚੀ। ਅੱਜ, ਇਨ੍ਹਾਂ ਹੱਢ-ਭੰਨ੍ਹਵੇਂ ਦਹਾਕਿਆਂ ਬਾਅਦ, ਔਰਤਾਂ ਦੀ ਦਿਹਾੜੀ 395 ਰੁਪਏ ਹੈ ਅਤੇ ਪੁਰਸ਼ਾਂ ਦੀ 405 ਰੁਪਏ। ਅਤੇ ਇਹ ਸਦਾ ਇੰਝ ਹੀ ਚੱਲਦਾ ਹੈ, ਉਹ ਦੱਸਦੇ ਹਨ,''ਇੰਨੀ ਹੱਢ-ਭੰਨ੍ਹਵੀ ਮੁਸ਼ੱਕਤ ਬਦਲੇ ਇੰਨੀ ਨਿਗੂਣੀ ਉਜਰਤ।''

ਵੀਡਿਓ ਦੇਖੋ : ਧਰਤੀ ਦਾ ਲੂਣ

'' ਨੇਰਮ ਆਇਟੂ, '' ਦੇਰ ਹੋ ਰਹੀ ਹੈ, ਰਾਣੀ ਦਾ ਪੁੱਤਰ ਕੁਮਾਰ ਅਗਲੀ ਸਵੇਰ 6 ਵਜੇ ਥੁਥੁਕੁੜੀ ਦੀ ਆਪਣੀ ਵੱਖਰੀ ਤਮਿਲ ਵਿੱਚ ਅਵਾਜ਼ ਮਾਰਦਾ ਹੈ। ਅਸੀਂ ਪਹਿਲਾਂ ਹੀ ਲੂਣ ਕਿਆਰੀਆਂ ਵਿਖੇ ਅੱਪੜ ਗਏ ਹਾਂ ਪਰ ਉਨ੍ਹਾਂ ਨੂੰ ਕੰਮ ਲਈ ਹੋਈ ਦੇਰੀ ਲਈ ਚਿੰਤਾ ਹੈ। ਥੋੜ੍ਹੀ ਦੂਰੀ ਤੋਂ ਦੇਖਿਆਂ, ਇਹ ਲੂਣ ਕਿਆਰੀਆਂ ਕਿਸੇ ਪੇਟਿੰਗ ਜਿਹੀਆਂ ਜਾਪਦੀਆਂ ਹਨ ਜਿਸ ਵਿੱਚ ਅਕਾਸ਼ ਲਾਲ, ਜਾਮਣੀ ਅਤੇ ਸੁਨਹਿਰੇ ਰੰਗ ਦਾ ਹੈ; ਕਿਆਰੀਆਂ ਵਿਚਲਾ ਪਾਣੀ ਲਿਸ਼ਕਾਂ ਮਾਰਦਾ ਹੈ; ਰੁਮਕਦੀ ਪੌਣ ਚੱਲਦੀ ਹੈ, ਇੱਥੋਂ ਤੱਕ ਕਿ ਨੇੜਲੀਆਂ ਫ਼ੈਕਟਰੀਆਂ ਵੀ ਦਿਆਲੂ-ਦਿਆਲੂ ਜਾਪਦੀਆਂ ਹਨ। ਕਿੰਨਾ ਸੁੰਦਰ ਨਜ਼ਾਰਾ ਹੈ। ਸਿਰਫ਼ ਅੱਧੇ ਘੰਟੇ ਦੇ ਅੰਦਰ ਅੰਦਰ ਮੈਨੂੰ ਪਤਾ ਚੱਲ ਜਾਵੇਗਾ ਕਿ ਇਹ ਨਜ਼ਾਰਾ ਕਿੰਨਾ ਬੇਹਿੱਸ ਵੀ ਹੋ ਸਕਦਾ ਹੈ, ਜਿਓਂ ਹੀ ਤੁਸੀਂ ਕੰਮ ਕਰਨਾ ਸ਼ੁਰੂ ਕਰਦੇ ਹੋ।

ਖੰਡਰ ਅਤੇ ਜਿਲ੍ਹਣ ਬਣ ਚੁੱਕੇ ਪੁਰਾਣੇ ਸ਼ੈੱਡਾਂ ਦੇ ਕੋਲ਼ ਲੂਣ ਕਿਆਰੀਆਂ ਦੇ ਐਨ ਵਿਚਕਾਰ ਕਰਕੇ ਔਰਤਾਂ ਅਤੇ ਪੁਰਸ਼ ਇਕੱਠੇ ਹੁੰਦੇ ਹਨ ਅਤੇ ਕੰਮ ਲਈ ਤਿਆਰੀ ਕੱਸਦੇ ਹਨ। ਔਰਤਾਂ ਸਾੜੀ ਦੇ ਉੱਪਰੋਂ ਦੀ ਸ਼ਰਟ ਪਾਉਂਦੀਆਂ ਹਨ ਅਤੇ ਸਿਰਾਂ 'ਤੇ ਮਣਾਂ-ਮੂੰਹੀ ਭਾਰ ਚੁੱਕਣ ਲਈ ਸੂਤੀ ਕੱਪੜੇ ਦਾ ਏਡੂਆ ਜਿਹਾ ਬੰਨ੍ਹ ਲੈਂਦੀਆਂ ਹਨ। ਫਿਰ ਕਾਮੇ ਆਪੋ-ਆਪਣੇ ਸਾਜੋ-ਸਮਾਨ ਚੁੱਕ ਲੈਂਦੇ ਹਨ ਜਿਨ੍ਹਾਂ ਵਿੱਚ ਐਲੂਮੀਨੀਅਮ ਦੀ ਸੱਟੀ (ਤਸਲੇ) ਅਤੇ ਬਾਲਟੀਆਂ, ਪਾਣੀ ਦੀਆਂ ਬੋਤਲਾਂ ਅਤੇ ਖਾਣਾ ਆਦਿ ਵੀ ਸ਼ਾਮਲ ਹੁੰਦੇ ਹਨ। ਹੱਥਾਂ ਵਿੱਚ ਸਟੀਲ ਥੂਕੁ (ਟਿਫ਼ਨ) ਲਮਕਾਈ ਤੁਰ ਪੈਂਦੇ ਹਨ, ਜਿਨ੍ਹਾਂ ਅੰਦਰ ਪੁਰਾਣੇ ਚੌਲ਼ਾ ਦਾ ਦਲੀਆ ਹੁੰਦਾ ਹੈ। ''ਅੱਜ ਅਸੀਂ ਉੱਤਰ ਵੱਲ ਵੱਧ ਰਹੇ ਹਾਂ,'' ਕੁਮਾਰ  ਆਪਣੇ ਖੱਬੇ ਪਾਸੇ ਵੱਲ ਇਸ਼ਾਰਾ ਕਰਦਿਆਂ ਕਹਿੰਦਾ ਹੈ ਅਤੇ ਇੱਕ ਦਲ ਉਹਦੇ ਮਗਰ ਉਦੋਂ ਤੱਕ ਤੁਰਦਾ ਜਾਂਦਾ ਹੈ ਜਦੋਂ ਤੱਕ ਕਿ ਉਹ ਉਨ੍ਹਾਂ ਲੂਣ ਕਿਆਰੀਆਂ ਦੇ ਦੋਵੇਂ ਪਾਸੀਂ ਨਹੀਂ ਅੱਪੜ ਜਾਂਦੇ ਜਿਨ੍ਹਾਂ ਨੂੰ ਉਨ੍ਹਾਂ ਨੇ ਅਗਲੇ ਦੋ ਘੰਟਿਆਂ ਵਿੱਚ ਸਾਫ਼ ਕਰਨਾ ਹੈ।

ਫ਼ੌਰਨ ਹੀ ਸਾਰੇ ਕੰਮੀਂ ਲੱਗ ਜਾਂਦੇ ਹਨ। ਔਰਤਾਂ ਅਤੇ ਪੁਰਸ਼ ਆਪੋ-ਆਪਣੇ ਕੱਪੜੇ ਮੋੜਨ ਲੱਗਦੇ ਹਨ; ਔਰਤਾਂ ਸਾੜੀ ਅਤੇ ਪੇਟੀਕੋਟ ਮੋੜ ਲੈਂਦੀਆਂ ਹਨ ਅਤੇ ਪੁਰਸ਼ ਆਪਣੀਆਂ ਧੋਤੀਆਂ ਨੂੰ ਗੋਡਿਆਂ ਤੀਕਰ ਮੋੜ ਲੈਂਦੇ ਹਨ। ਦੋ ਫੁੱਟੀਆਂ ਪਾਣੀ ਨਾਲ਼ ਭਰੀਆਂ ਕਿਆਰੀਆਂ ਨੂੰ ਪਾਰ ਕਰਦੇ ਹੋਏ, ਖਜ਼ੂਰ ਦੀ ਲੱਕੜ ਨਾਲ਼ ਬਣੇ ਅਸਥਾਈ 'ਪੁੱਲ' ਨੂੰ ਪਾਰ ਕਰਦੇ ਹੋਏ ਆਪਣੇ ਹੱਥਾਂ ਵਿੱਚ ਫਾਵੜੇ, ਤਸਲੇ ਅਤੇ ਬਾਲਟੀਆਂ ਚੁੱਕੀ ਤੁਰਦੇ ਜਾਂਦੇ ਹਨ। ਇੱਕ ਵਾਰ ਤਸਲੇ ਭਰੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਇੱਕ-ਦੂਜੇ ਦੇ ਸਿਰਾਂ 'ਤੇ ਟਿਕਾ ਦਿੱਤਾ ਜਾਂਦਾ ਹੈ। ਫਿਰ, ਰੱਸੀ 'ਤੇ ਤੁਰਨ ਵਾਲ਼ੇ ਕਲਾਬਾਜਾਂ ਵਾਂਗਰ ਆਪਣੇ ਸਿਰਾਂ 'ਤੇ 35-35 ਕਿੱਲੋ ਦਾ ਭਾਰ ਲੱਦੀ, ਖਜ਼ੂਰ ਦੀ ਲੱਕੜ ਦੇ ਪੁੱਲ ਤੋਂ ਹੁੰਦੇ ਹੋਏ ਉੱਬੜ-ਖਾਬੜ ਰਾਹ ਵਿੱਚੋਂ ਦੀ ਆਪਣਾ ਰਾਹ ਬਣਾਉਂਦੇ, ਡੋਲਦੇ ਜਾਂਦੇ... ਇੱਕ, ਦੋ, ਤਿੰਨ ਪੁਲਾਂਘਾਂ ਪੁੱਟਦੇ ਅੱਗੇ ਵੱਧਦੇ ਜਾਂਦੇ ਹਨ।

ਹਰੇਕ ਗੇੜੀ ਦੇ ਮੁੱਕਣ 'ਤੇ ਬੜੇ ਦਿਲ-ਖਿੱਚਵੇਂ ਲਹਿਜੇ ਨਾਲ਼ ਉਹ ਆਪਣੇ ਤਸਲੇ ਨੂੰ ਜ਼ਮੀਨ ਵੱਲ ਟੇਢਾ ਕਰਦੇ ਹਨ ਅਤੇ ਲੂਣ ਚਿੱਟੇ ਮੀਂਹ ਵਾਂਗਰ ਕਿਰਦਾ ਜਾਂਦਾ ਹੈ ਅਤੇ ਫਿਰ... ਉਹ ਦੋਬਾਰਾ ਤਸਲਾ ਭਰਨ ਲਈ ਵਾਪਸ ਮੁੜ ਜਾਂਦੇ ਹਨ। ਫਿਰ ਬਾਰ ਬਾਰ ਇਹੀ ਪ੍ਰਕਿਰਿਆ ਚੱਲਦੀ ਰਹਿੰਦੀ ਹੈ ਅਤੇ ਉਨ੍ਹਾਂ ਵਿੱਚੋਂ ਹਰ ਕੋਈ 150 ਤੋਂ 200 ਵਾਰੀਂ ਚੱਕਰ ਲਾਉਂਦਾ ਹੈ ਜਦੋਂ ਤੱਕ ਕਿ ਲੂਣ ਦੀ ਢੇਰੀ ਇੱਕ ਪਹਾੜ ਦਾ ਰੂਪ ਨਹੀਂ ਲੈ ਲੈਂਦੀ। 10 ਫੁੱਟ ਦੀ ਉੱਚਾਈ ਅਤੇ 15 ਫੁੱਟ ਦਾ ਘੇਰਾ ਹੋਣ 'ਤੇ, ਇਹ ਅੰਬਾਰਮ (ਢੇਰ), ਸਮੁੰਦਰ ਅਤੇ ਸੂਰਜ ਵੱਲੋਂ ਦਿੱਤਾ ਸਾਂਝਾ ਤੋਹਫ਼ਾ ਤਾਂ ਹੈ ਹੀ ਪਰ ਰਾਣੀ ਅਤੇ ਬਾਕੀ ਮਜ਼ਦੂਰਾਂ ਦਾ ਚੋਂਦਾ ਮੁੜ੍ਹਕਾ ਇਹਨੂੰ ਵੱਧ ਬੇਸ਼ਕੀਮਤੀ ਬਣਾਉਂਦਾ ਹੈ।

ਕਿਆਰੀ ਦੇ ਦੂਸਰੇ ਪਾਸੇ, 53 ਸਾਲਾ ਝਾਂਸੀ ਰਾਣੀ ਅਤੇ ਐਂਥਨੀ ਸਾਮੀ ਕੰਮ ਕਰਨ ਵਿੱਚ ਮਸ਼ਰੂਫ਼ ਹਨ। ਉਹ (ਝਾਂਸੀ) ਪਾਣੀ ਨੂੰ ਹਿਲਾਉਣ ਵਾਸਤੇ ਲੋਹੇ ਦੇ ਦੰਦੇਦਾਰ ਔਜ਼ਾਰ ਨੂੰ ਖਿੱਚਦੀ ਹਨ ਅਤੇ ਉਹ (ਐਂਥਨੀ) ਪਲ਼ਟੇ ਦੀ ਵਰਤੋਂ ਨਾਲ਼ ਇਕੱਠਾ ਕਰੀ ਜਾਂਦੇ ਹਨ। ਪਾਣੀ ਕੁਰਕੁਰੇ ਰਵਿਆਂ ਦੇ ਆਪਸ ਵਿੱਚ ਟਕਰਾਉਣ 'ਤੇ ਸਾਲਾ-ਸਾਲਾ ਦੀ ਅਵਾਜ਼ ਕੱਢਦਾ ਹੋਇਆ ਮਜ਼ੇ ਮਜ਼ੇ ਨਾਲ਼ ਹਿੱਲਦਾ ਜਾਂਦਾ ਹੈ, ਲੂਣ ਚਰਮਰਾਉਂਦਾ ਹੈ। ਦਿਨ ਗ਼ਰਮ ਹੁੰਦਾ ਜਾਂਦਾ ਹੈ, ਪਰਛਾਵੇਂ ਗੂੜ੍ਹੇ ਪੈਣ ਲੱਗਦੇ ਹਨ ਪਰ ਕੋਈ ਰੁੱਕਦਾ ਨਹੀਂ, ਨਾ ਹੀ ਕੋਈ ਆਪਣੀ ਪਿੱਠ ਹੀ ਸਿੱਧੀ ਕਰਦਾ ਹੈ ਜਾਂ ਕੋਈ ਦਮ ਲੈਂਦਾ ਹੈ। ਐਂਥਨੀ ਪਾਸੋਂ ਚੱਪੂ ਉਧਾਰ ਲੈਂਦਿਆਂ, ਮੈਂ ਉੱਠੀਆਂ ਹੋਈਆਂ ਵੱਟਾਂ ਤੋਂ ਲੂਣ ਖਿੱਚਣ ਦੀ ਕੋਸ਼ਿਸ਼ ਕਰਦੀ ਰਹੀ। ਮੈਨੂੰ ਇਹ ਇਨਸਾਨਾਂ ਦਾ ਨਹੀਂ ਸਗੋਂ ਪਸ਼ੂਆਂ ਦਾ ਕੰਮ ਜਾਪਿਆ। ਪੰਜ ਕੁ ਝਟਕੇ ਮਾਰਨ ਤੋਂ ਬਾਅਦ ਮੇਰੇ ਮੋਢਿਆਂ ਵਿੱਚੋਂ ਅੱਗ ਨਿਕਲ਼ਣ ਲੱਗੀ ਹੈ, ਮੇਰੀ ਪਿੱਠ ਫੋੜਾ ਬਣ ਗਈ ਹੈ ਅਤੇ ਮੁੜ੍ਹਕਾ ਚੋ-ਚੋ ਕੇ ਮੇਰੀਆਂ ਅੱਖਾਂ ਵਿੱਚ ਪੈਣ ਲੱਗਿਆ ਹੈ।

PHOTO • M. Palani Kumar

ਕਿਆਰੀ ਦੇ ਦੂਸਰੇ ਪਾਸੇ, ਝਾਂਸੀ ਰਾਣੀ ਅਤੇ ਐਂਥਨੀ ਸਾਮੀ ਕੰਮ ਕਰਨ ਵਿੱਚ ਮਸ਼ਰੂਫ਼ ਹਨ। ਉਹ ਪਾਣੀ ਨੂੰ ਹਿਲਾਉਣ ਵਾਸਤੇ ਲੋਹੇ ਦੇ ਦੰਦੇਦਾਰ ਔਜ਼ਾਰ ਨੂੰ ਖਿੱਚਦੀ ਹਨ, ਉਹ (ਐਂਥਨੀ) ਚੱਪੂ ਦੀ ਵਰਤੋਂ ਨਾਲ਼ ਰਵਾ ਇਕੱਠਾ ਕਰੀ ਜਾਂਦੇ ਹਨ

ਐਂਥਨੀ ਚੁੱਪਚਾਪ ਆਪਣਾ ਚੱਪੂ ਵਾਪਸ ਚੁੱਕਦੇ ਹਨ ਅਤੇ ਲੂਣ ਦੀ ਕਿਆਰੀਆਂ ਨੂੰ ਸਾਫ਼ ਕਰਨ ਲੱਗਦੇ ਹਨ। ਮੈਂ ਮਲ੍ਹਕੜੇ ਜਿਹੇ ਰਾਣੀ ਦੀਆਂ ਲੂਣ ਕਿਆਰੀਆਂ ਵੱਲ ਚਲੀ ਜਾਂਦੀ ਹਾਂ। ਉਹ ਆਪਣੀ ਅਖ਼ੀਰਲੀ (ਕਿਆਰੀ) ਮੁਕਾ ਰਹੀ ਹਨ, ਆਪਣੇ ਪੱਠਿਆਂ ਨੂੰ ਤਾਣੀਂ, ਪਲ਼ਟੇ ਨੂੰ ਖਿੱਚਦੀ ਹੋਈ, ਦਬਾਉਂਦੀ ਹੋਈ, ਇਸੇ ਪ੍ਰਕਿਰਿਆ ਨੂੰ ਬਾਰੰਬਾਰ ਦਹੁਰਾਉਂਦੀ ਹੋਈ ਜਦੋਂ ਤੱਕ ਕਿ ਚਿੱਟਾ ਰਵਾ ਪੂਰੀ ਤਰ੍ਹਾਂ ਇੱਕ ਪਾਸੇ ਨਹੀਂ ਲੱਗ ਜਾਂਦਾ ਅਤੇ ਕਿਆਰੀ ਮੁੜ ਭੂਰੀ ਰੰਗੀ ਨਹੀਂ ਹੋ ਜਾਂਦੀ ਅਤੇ ਪਾਣੀ ਦੀ ਨਵੀਂ ਖੇਪ ਵਾਸਤੇ ਤਿਆਰ-ਬਰ-ਤਿਆਰ ਨਹੀਂ ਹੋ ਜਾਂਦੀ ਤਾਂ ਕਿ ਹੋਰ ਲੂਣ ਪੈਦਾ ਕੀਤਾ ਜਾਵੇ।

ਇੱਕ ਵਾਰ ਪਲ਼ਟੇ ਦੀ ਸਹਾਰੇ ਊਬੜ-ਖਾਬੜ ਢੇਰਾਂ ਨੂੰ ਸਮਤਲ ਕਰਨ ਤੋਂ ਬਾਅਦ, ਰਾਣੀ ਮੈਨੂੰ ਆਪਣੇ ਕੋਲ਼ ਬੈਠਣ ਲਈ ਸੱਦਦੀ ਹਨ। ਸੋ ਅਸੀਂ ਚੁੰਧਿਆ ਦੇਣ ਵਾਲ਼ੇ ਲੂਣ ਦੀ ਢੇਰੀ ਕੋਲ਼ ਬਹਿ ਜਾਂਦੇ ਹਾਂ ਅਤੇ ਥੋੜ੍ਹੀ ਦੂਰੀ 'ਤੇ ਜਾਂਦੀ ਇੱਕ ਕਾਫ਼ੀ ਲੰਬੀ ਮਾਲ਼ ਗੱਡੀ ਨੂੰ ਦੇਖਣ ਲੱਗਦੇ ਹਾਂ।

''ਕਦੇ ਇਨ੍ਹਾਂ ਲੂਣ ਕਿਆਰੀਆਂ ਵਿੱਚੋਂ ਲੂਣ ਇਕੱਠਾ ਕਰਨ ਮਾਲ਼-ਗੱਡੀਆਂ ਆਉਂਦੀਆਂ ਸਨ,'' ਹਵਾ ਵਿੱਚ ਉਂਗਲ ਨਾਲ਼ ਇੱਕ ਪੁਰਾਣੇ ਰੂਟ ਦਾ ਖਾਕਾ ਖਿੱਚਦਿਆਂ ਰਾਣੀ ਕਹਿੰਦੀ ਹਨ। ''ਉਹ ਆਪਣੇ ਕੁਝ ਛਕੜੇ ਪੱਟੜੀਆਂ 'ਤੇ ਹੀ ਛੱਡ ਜਾਂਦੀਆਂ ਅਤੇ ਬਾਅਦ ਵਿੱਚ ਇੰਜਣ ਆਉਂਦਾ ਅਤੇ ਉਨ੍ਹਾਂ ਨੂੰ ਖਿੱਚ ਕੇ ਲੈ ਜਾਂਦਾ।'' ਉਹ ਗੱਡਿਆਂ ਅਤੇ ਟਾਂਗਿਆਂ ਅਤੇ ਅਹਾਤੇ (ਸ਼ੈੱਡ) ਬਾਰੇ ਵੀ ਗੱਲ ਕਰਦੀ ਹਨ ਜਿੱਥੇ ਕਦੇ ਲੂਣ ਦਾ ਕਾਰਖ਼ਾਨਾ ਚਲਾਇਆ ਜਾਂਦਾ ਸੀ। ਹੁਣ ਸਿਰ 'ਤੇ ਸੂਰਜ ਹੈ, ਪੈਰਾਂ ਹੇਠ ਲੂਣ ਅਤੇ ਸਾਡਾ ਇਹ ਕੰਮ, ਇਹ ਕਹਿੰਦੇ ਹੋਏ ਉਹ ਆਪਣੇ ਨੇਫ਼ੇ ਵਿੱਚੋਂ ਇੱਕ ਗੁਥਲੀ ਕੱਢਦੀ ਹਨ ਜਿਸ ਅੰਦਰ ਦੋ ਰੁਪਏ ਦਾ ਅੰਮ੍ਰਿਤਾਂਜਨ ਦਾ ਟੀਨ ਅਤੇ ਵਿਕਸ ਇਨਹੇਲਰ ਹੈ। ''ਬੱਸ ਇਹੀ (ਉਨ੍ਹਾਂ ਦੀ ਸ਼ੂਗਰ ਦੀਆਂ ਗੋਲ਼ੀਆਂ) ਕੁਝ ਹੈ ਜੋ ਮੈਨੂੰ ਤੋਰੀ ਰੱਖਦਾ ਹੈ।'' ਉਹ ਮੁਸਕਰਾਉਂਦੀ ਹਨ।

*****

'' ਜੇ ਇੱਕ ਦਿਨ ਮੀਂਹ ਪਵੇ ਤਾਂ ਅਸੀਂ ਪੂਰੇ ਹਫ਼ਤੇ ਲਈ ਬੇਰੁਜ਼ਗਾਰ ਹੋ ਜਾਈਦਾ ''
– ਥੁਥੁਕੁੜੀ ਦੇ ਲੂਣ ਕਿਆਰੀਆਂ ਦੇ ਮਜ਼ਦੂਰ

ਸਮੇਂ ਦੇ ਨਾਲ਼ ਕੰਮ ਦੇ ਘੰਟੇ ਵੀ ਬਦਲਦੇ ਜਾਂਦੇ ਹਨ। ਰਵਾਇਤੀ ਤੌਰ 'ਤੇ ਇਹ ਸਵੇਰ ਦੇ 8 ਵਜੇ ਤੋਂ ਸ਼ਾਮੀਂ 5 ਵਜੇ ਤੱਕ ਹੁੰਦਾ ਹੈ ਅਤੇ ਰੋਟੀ ਖਾਣ ਲਈ ਇੱਕ ਘੰਟੇ ਦੀ ਛੁੱਟੀ ਹੁੰਦੀ ਹੈ ਪਰ ਕੁਝ ਸਮੂਹ ਰਾਤੀਂ 2 ਵਜੇ ਤੋਂ ਸਵੇਰ ਦੇ 8 ਵਜੇ ਤੀਕਰ ਕੰਮ ਕਰਦੇ ਹਨ ਅਤੇ ਬਾਕੀ ਸਮੂਹ ਸਵੇਰ ਦੇ 5 ਵਜੇ ਤੋਂ 11 ਵਜੇ ਤੱਕ। ਇਹੀ ਉਹ ਸ਼ਿਫ਼ਟਾਂ ਹਨ ਜਿਨ੍ਹਾਂ ਵਿੱਚ ਸਭ ਤੋਂ ਔਖ਼ੇਰਾ ਕੰਮ ਕੀਤਾ ਜਾਂਦਾ ਹੈ। ਇਨ੍ਹਾਂ ਘੰਟਿਆਂ ਤੋਂ ਬਾਅਦ ਵੀ ਕੁਝ ਕੰਮ ਕਰਨੇ ਬਾਕੀ ਰਹਿ ਜਾਂਦੇ ਹਨ। ਅਤੇ ਕੁਝ ਮਜ਼ਦੂਰ ਉਨ੍ਹਾਂ ਰਹਿੰਦੇ ਕੰਮਾਂ ਨੂੰ ਨਜਿੱਠਣ ਲਈ ਰੁੱਕ ਜਾਂਦੇ ਹਨ।

''ਤਪਸ਼ ਇੰਨੀ ਜ਼ਿਆਦਾ ਹੈ ਕਿ ਸਵੇਰ ਦੇ 10 ਵਜੇ ਤੋਂ ਬਾਅਦ ਖੜ੍ਹੇ ਰਹਿਣ ਮੁਸ਼ਕਲ ਹੋ ਜਾਂਦਾ ਹੈ...,'' ਐਂਥਨੀ ਸਾਮੀ ਕਹਿੰਦੇ ਹਨ। ਉਨ੍ਹਾਂ ਨੇ ਤਾਪਮਾਨ ਅਤੇ ਜਲਵਾਯੂ ਦੀਆਂ ਡਾਵਾਂਡੋਲ ਤਬਦੀਲੀਆਂ ਨੂੰ ਨਾ ਸਿਰਫ਼ ਦੇਖਿਆ ਸਗੋਂ ਪ੍ਰਤੱਖ ਰੂਪ ਵਿੱਚ ਹੰਢਾਇਆ ਵੀ ਹੈ। ਨਿਊ ਯਾਰਕ ਟਾਈਮਜ਼ ਦੇ ਗਲੋਬਲ ਵਾਰਮਿੰਗ ਨੂੰ ਲੈ ਕੇ ਦੇ ਇੰਟਰੈਕਟਵਿਡ ਪੋਰਟਲ ਤੋਂ ਪ੍ਰਾਪਤ ਡਾਟਾ ਉਨ੍ਹਾਂ (ਐਂਥਨੀ) ਦੇ ਨਿੱਜੀ ਪਰਖ਼ ਨੂੰ ਸਹੀ ਦਰਸਾਉਂਦਾ ਹੈ ਕਿ ਕੀ ਕੀ ਤਬਦੀਲੀਆਂ ਆਈਆਂ ਹਨ।

For two weeks, the women drag behind them a very heavy iron rake with which they stir the water every morning. After about 15 days, both men and women gather the salt using a huge wooden paddle
PHOTO • M. Palani Kumar
For two weeks, the women drag behind them a very heavy iron rake with which they stir the water every morning. After about 15 days, both men and women gather the salt using a huge wooden paddle
PHOTO • M. Palani Kumar

ਦੋ ਹਫ਼ਤਿਆਂ ਤੱਕ ਹਰ ਸਵੇਰ ਔਰਤਾਂ ਲੋਹੇ ਦੇ ਦੰਦੇਦਾਰ ਔਜ਼ਾਰ ਨੂੰ ਪਿੱਛਿਓਂ ਧੂੰਹਦੀਆਂ ਰਹਿੰਦੀਆਂ ਹਨ ਤਾਂ ਕਿ ਪਾਣੀ ਹਿੱਲਦਾ ਰਹੇ। ਕਰੀਬ 15 ਦਿਨਾਂ ਬਾਅਦ, ਔਰਤਾਂ ਅਤੇ ਪੁਰਸ਼ ਰਲ਼ ਕੇ ਲੱਕੜ ਦੇ ਵੱਡੇ ਸਾਰੇ ਪਲ਼ਟੇ ਨਾਲ਼ ਲੂਣ ਵਟੋਰਦੇ ਹਨ

1965 ਵਿੱਚ ਜਦੋਂ ਐਂਥਨੀ ਦਾ ਜਨਮ ਹੋਇਆ, ਥੁਥੁਕੁੜੀ (ਉਦੋਂ ਤੁਤੀਕੋਰਿਨ ਕਿਹਾ ਜਾਂਦਾ ਸੀ) ਅੰਦਰ ਸਾਲ ਦੇ 136 ਦਿਨ 32 ਡਿਗਰੀ ਤੋਂ ਪਾਰ ਦੇ ਤਾਪਮਾਨ ਹੋਣ ਜਾਣ ਦੀ ਉਮੀਦ ਕੀਤੀ ਜਾ ਸਕਦੀ ਹੁੰਦੀ ਸੀ। ਅੱਜ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਹੀ ਤਾਪਮਾਨ ਹੁਣ ਸਾਲ ਦੇ 258 ਦਿਨ ਹੋਵੇਗਾ। ਉਨ੍ਹਾਂ ਦੇ ਜੀਵਨ ਕਾਲ਼ ਦੌਰਾਨ ਗਰਮ ਦਿਨਾਂ ਵਿੱਚ 90 ਫੀਸਦ ਦਾ ਵਾਧਾ ਹੋਇਆ।

ਨਾਲ਼ ਹੀ ਬੇਮੌਸਮੀ ਮੀਂਹ ਵਿੱਚ ਵੀ ਵਾਧਾ ਹੋਇਆ ਹੈ।

''ਜੇ ਇੱਕ ਦਿਨ ਮੀਂਹ ਪਵੇ ਤਾਂ ਅਸੀਂ ਪੂਰੇ ਹਫ਼ਤੇ ਲਈ ਬੇਰੁਜ਼ਗਾਰ ਹੋ ਜਾਈਦਾ,'' ਸਾਰੇ ਕਾਮੇ ਇੱਕੋ ਸੁਰ ਵਿੱਚ ਕਹਿੰਦੇ ਹਨ। ਉਹ ਦੱਸਦੇ ਹਨ ਕਿ ਮੀਂਹ ਪੂਰੇ ਦਾ ਪੂਰਾ ਲੂਣ, ਜਮ੍ਹਾਂ ਤਲਛਟ, ਲੂਣ ਕਿਆਰੀਆਂ ਦਾ ਪੂਰਾ ਢਾਂਚਾ  ਵਹਾ ਦਿੰਦਾ ਹੈ ਅਤੇ ਉਨ੍ਹਾਂ ਦਰਪੇਸ਼ ਬਗ਼ੈਰ ਪੈਸੇ ਵਿਹਲੇ ਬੈਠੇ ਰਹਿਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਹੁੰਦਾ।

ਕਈ ਸਥਾਨਕ ਪਰਿਵਰਤਨ ਵੀ ਮੌਸਮ ਅਤੇ ਜਲਵਾਯੂ ਵਿਚਲੀ ਡਾਵਾਂਡੋਲਤਾ ਦਾ ਸਬਬ ਬਣਦੇ ਹਨ। ਰੁੱਖ ਜੋ ਕਦੇ ਛਾਂ ਦਿੰਦੇ ਸਨ ਕੱਟ ਸੁੱਟੇ ਗਏ; ਹੁਣ ਧਰਤੀ ਤੋਂ ਲੈ ਕੇ ਅਸਮਾਨ ਤੀਕਰ ਸਭ ਰੁੰਡ-ਮਰੁੰਡਾ ਹੋ ਗਿਆ ਜੋ ਤਸਵੀਰਾਂ ਲੈਣ ਲਈ ਭਾਵੇਂ ਚੰਗਾ ਹੋਵੇ ਪਰ ਕੰਮ ਕਰਨ ਬਿਪਤਾ ਤੋਂ ਘੱਟ ਨਹੀਂ। ਲੂਣ ਕਿਆਰੀਆਂ ਵੀ ਕੰਮ ਲਈ ਕੁਰੱਖਤ ਥਾਂ ਬਣਦੀਆਂ ਜਾਂਦੀਆਂ ਹਨ ਕਿਉਂਕਿ ''ਇੱਕ ਸਮਾਂ ਸੀ ਜਦੋਂ ਮਾਲਕ ਸਾਡੇ ਪੀਣ ਲਈ ਪਾਣੀ ਰੱਖਿਆ ਕਰਦੇ ਸਨ ਹੁਣ ਸਾਨੂੰ ਘਰੋਂ ਹੀ ਆਪਣਾ ਪਾਣੀ (ਬੋਤਲਾਂ ਭਰ ਕੇ) ਖ਼ੁਦ ਲਿਜਾਣਾ ਪੈਂਦਾ ਹੈ,'' ਝਾਂਸੀ ਮੈਨੂੰ ਦੱਸਦੀ ਹਨ। ਪਖ਼ਾਨਿਆਂ ਦਾ ਕੀ ਬੰਦੋਬਸਤ ਹੈ ਮੈਂ ਸਵਾਲ ਕੀਤਾ। ਔਰਤਾਂ ਖਿੱਲੀ ਉਡਾਉਂਦੀਆਂ ਹੱਸ ਪਈਆਂ। ''ਅਸੀਂ ਲੂਣ ਕਿਆਰੀਆਂ ਮਗਰਲੇ ਖ਼ੇਤਾਂ ਵਿੱਚ ਹੀ ਕੰਮ ਚਲਾਉਂਦੀਆਂ ਹਾਂ,'' ਉਹ ਦੱਸਦੀਆਂ ਹਨ। ਕਿਉਂਕਿ ਜੇ ਪਖ਼ਾਨਾ ਬਣ ਵੀ ਗਿਆ ਤਾਂ ਪਾਣੀ ਤਾਂ ਹੋਣਾ ਨਹੀਂ। ਔਰਤਾਂ ਨੂੰ ਆਪਣੇ ਘਰਾਂ ਵਿੱਚ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਖ਼ਾਸ ਕਰਕੇ ਆਪਣੇ ਬੱਚਿਆਂ ਨੂੰ ਲੈ ਕੇ। ਜਦੋਂ ਉਹ ਛੋਟੇ ਹੁੰਦੇ ਸਨ ਤਾਂ ਉਹ ਆਪਣੇ ਬੱਚਿਆਂ ਨੂੰ ਆਪਣੇ ਨਾਲ਼ ਲੈ ਆਉਂਦੀ ਅਤੇ ਛਾਵੇਂ ਤੂਲੀ (ਕੱਪੜੇ ਦੀ ਝੱਲੀ) ਬੰਨ੍ਹ ਕੇ ਉਨ੍ਹਾਂ ਨੂੰ ਸੁਆਂ ਦਿਆ ਕਰਦੀ ਅਤੇ ਆਪ ਕੰਮ ਕਰਦੀ ਰਹਿੰਦੀ, ਰਾਣੀ ਦੱਸਦੀ ਹਨ। ''ਪਰ ਹੁਣ, ਮੈਨੂੰ ਮੇਰੇ ਪੋਤੇ-ਪੋਤੀਆਂ ਨੂੰ ਘਰ ਹੀ ਛੱਡ ਕੇ ਆਉਣਾ ਪੈਂਦਾ ਹੈ। ਲੋਕ ਕਹਿੰਦੇ ਹਨ ਕਿ ਇਹ ਲੂਣ ਕਿਆਰੀਆਂ ਬੱਚਿਆਂ ਦੇ ਖੇਡਣ ਦੀ ਥਾਂ ਨਹੀਂ।'' ਠੀਕ ਹੈ, ਪਰ ਇਹਦਾ ਮਤਲਬ ਇਹ ਨਹੀਂ ਬਈ ਬੱਚਿਆਂ ਨੂੰ ਕਿਸੇ ਗੁਆਂਢੀ ਘਰ ਜਾਂ ਕਿਸੇ ਰਿਸ਼ਤੇਦਾਰ ਘਰ ਛੱਡ ਦਿੱਤਾ ਜਾਵੇ ਜਾਂ ਉਨ੍ਹਾਂ ਵੱਲ ਕੋਈ ਧਿਆਨ ਹੀ ਨਾ ਦਿੱਤਾ ਜਾਵੇ। ''ਤੁਸੀਂ ਛੋਟੇ ਬੱਚਿਆਂ ਨੂੰ ਬਾਲਵਾੜੀ ਵੀ 3 ਸਾਲ ਦੀ ਉਮਰੇ ਹੀ ਭੇਜ ਸਕਦੇ ਹੋ। ਉਂਝ ਵੀ, ਉੱਥੇ ਸਵੇਰੇ 9 ਵਜੇ ਤੋਂ ਬਾਅਦ ਕੰਮ ਸ਼ੁਰੂ ਹੁੰਦਾ ਹੈ ਜੋ ਕਿ ਸਾਡੇ ਸਮੇਂ ਨਾਲ਼ ਮੇਲ਼ ਨਹੀਂ ਖਾਂਦਾ।''

*****

'' ਦੇਖੋ, ਮੇਰੇ ਹੱਥਾਂ ਨੂੰ ਛੂਹ ਕੇ ਮਹਿਸੂਸ ਕਰੋ ਕੀ ਇਹ ਪੁਰਸ਼ ਦੇ ਹੱਥਾਂ ਜਿਹੇ ਨਹੀਂ ? ''
–  ਲੂਣ ਕਿਆਰੀਆਂ ਦੀਆਂ ਔਰਤ ਮਜ਼ਦੂਰ

ਔਰਤਾਂ ਆਪਣੇ ਸਰੀਰ ਬਾਰੇ ਗੱਲ ਕਰਕੇ ਸਭ ਤੋਂ ਵੱਧ ਸੁਚੇਤ ਜਾਪਦੀਆਂ ਹਨ ਪਰ ਇਹ ਔਰਤਾਂ ਆਪਣੇ ਕੰਮ ਬਦਲੇ ਇੱਕ ਨਾ-ਕਾਬਿਲੇ ਬਰਦਾਸ਼ਤ ਕੀਮਤ ਅਦਾ ਕਰਦੀਆਂ ਹਨ। ਰਾਣੀ ਗੱਲ ਆਪਣੀਆਂ ਅੱਖਾਂ ਤੋਂ ਸ਼ੁਰੂ ਕਰਦੀ ਹਨ। ਚੁੰਧਿਆ ਦੇਣ ਵਾਲ਼ੀ ਜ਼ਮੀਨ ਵੱਲ ਬਿਟਰ-ਬਿਟਰ ਦੇਖਦੇ ਰਹਿਣ ਨਾਲ਼ ਉਨ੍ਹਾਂ ਦੀਆਂ ਅੱਖਾਂ ਵਿੱਚ ਅੱਥਰੂ ਆ ਜਾਂਦੇ ਹਨ ਅਤੇ ਲਿਸ਼ਕਵੀਂ ਰੌਸ਼ਨੀ ਵਿੱਚ ਉਨ੍ਹਾਂ ਨੂੰ ਟੇਢਾ ਦੇਖਣਾ ਪੈਂਦਾ ਹੈ। ''ਉਹ ਸਾਨੂੰ ਖ਼ਾਸ ਐਨਕਾਂ ਦਿਆ ਕਰਦੇ ਸਨ,'' ਉਹ ਕਹਿੰਦੀ ਹਨ,''ਪਰ ਹੁਣ, ਥੋੜ੍ਹੇ ਪੈਸੇ ਦੇ ਕੇ ਹੀ ਸਾਰ ਲੈਂਦੇ ਹਨ।'' ਆਮ ਤੌਰ 'ਤੇ ਐਨਕਾਂ ਅਤੇ ਬੂਟ ਲੈਣ ਵਾਸਤੇ ਸਾਲ ਦੇ 300 ਦਿੱਤੇ ਜਾਂਦੇ ਹਨ।

PHOTO • M. Palani Kumar

ਕੋਈ ਇੱਕ ਵੀ ਵਿਅਕਤੀ ਨਹੀਂ ਹੈ ਜੋ ਇਸ ਚਿੱਟੀ ਜ਼ਮੀਨ ਵਿੱਚੋਂ ਨਿਕਲ਼ਦੀ ਅੰਨ੍ਹੇ ਕਰ ਸੁੱਟਣ ਵਾਲ਼ੀ ਲਿਸ਼ਕੋਰ ਤੋਂ ਬਚਾਅ ਕਰਨ ਲਈ ਐਨਕਾਂ ਲਾਉਂਦਾ ਹੋਵੇ

ਟਾਂਵੀਆਂ ਔਰਤਾਂ ਹੀ ਥੋੜ੍ਹਾ ਸਜਾਉਟੀ ਤਲ਼ੇ ਵਾਲ਼ੀਆਂ ਕਾਲ਼ੀਆਂ ਜ਼ੁਰਾਬਾਂ ਪਾਉਂਦੀਆਂ ਹਨ: ਇਹ ਰਬੜ ਦੀ ਕਾਤਰ ਜਿਹੀ ਹੁੰਦੀ ਹੈ, ਜੋ ਹੇਠਾਂ ਸਿਊਂਤੀ ਹੋਈ ਹੁੰਦੀ ਹੈ। ਪਰ ਲੂਣ ਕਿਆਰੀਆਂ 'ਤੇ ਕੰਮ ਕਰਨ ਵਾਲ਼ਾ ਕੋਈ ਵਿਅਕਤੀ ਵੀ ਐਨਕਾਂ ਨਹੀਂ ਲਾਉਂਦਾ। ''ਵਧੀਆ ਤੇ ਕੰਮ ਕਰਨ ਵਾਲ਼ੀ ਐਨਕ ਕਰੀਬ 1,000 ਰੁਪਏ ਦੀ ਆਉਂਦੀ ਹੈ ਜੇ ਸਸਤੀ ਲੈ ਲਓ ਤਾਂ ਕੋਈ ਫ਼ਾਇਦਾ ਨਹੀਂ ਕਰਦੀ ਸਗੋਂ ਦੇਖਣ ਵਿੱਚ ਵੀ ਅੜਿਕਾ ਡਾਹੁੰਦੀ ਹੈ,'' ਉਹ ਸਾਰੇ ਮੈਨੂੰ ਦੱਸਦੇ ਹਨ ਅਤੇ ਇਹ ਵੀ ਦੱਸਦੇ ਹਨ ਕਿ ਉਨ੍ਹਾਂ ਸਾਰਿਆਂ ਦੀ ਆਪਣੀ ਉਮਰ ਦੇ 40ਵੇਂ ਵਿੱਚ ਹੀ ਨਜ਼ਰ ਖ਼ਰਾਬ ਹੋ ਗਈ।

ਰਾਣੀ ਕੋਲ਼ ਕਈ ਹੋਰ ਔਰਤਾਂ ਵੀ ਆ ਜਾਂਦੀਆਂ ਹਨ। ਉਹ ਬੁਲੰਦ ਅਵਾਜ਼ ਵਿੱਚ ਸ਼ਿਕਾਇਤ ਕਰਦੀਆਂ ਹਨ ਕਿ ਨਾ ਤਾਂ ਉਨ੍ਹਾਂ ਨੂੰ ਚੱਜ ਨਾਲ਼ ਰੋਟੀ ਖਾਣ ਲਈ ਛੁੱਟੀ ਮਿਲ਼ਦੀ ਹੈ ਨਾ ਪੀਣ ਵਾਲ਼ਾ ਪਾਣੀ ਤਾਂ ਕਿ ਉਹ ਸੂਰਜ ਦੀ ਗਰਮੀ ਤੋਂ ਥੋੜ੍ਹੀ ਰਾਹਤ ਹੀ ਪਾ ਲੈਣ। ਉਤੋਂ ਦੀ ਖਾਰੇ ਪਾਣੀ ਨਾਲ਼ ਉਨ੍ਹਾਂ ਦੀ ਚਮੜੀ ਤਬਾਹ ਹੁੰਦੀ ਜਾ ਰਹੀ ਹੈ। ''ਦੇਖੋ, ਮੇਰੀ ਹੱਥਾਂ ਨੂੰ ਮਹਿਸੂਸ ਕਰੋ, ਕੀ ਇਹ ਤੁਹਾਨੂੰ ਕਿਸੇ ਪੁਰਸ਼ ਦੇ ਹੱਥਾਂ ਜਿਹੇ ਨਹੀਂ ਜਾਪਦੇ?'' ਅਤੇ ਕਹਿੰਦੇ ਸਾਰ ਹੀ ਆਪਣੇ ਹੱਥਾਂ ਦੀ ਤਲ਼ੀਆਂ, ਪੈਰ ਅਤੇ ਉਂਗਲਾਂ ਮੇਰੇ ਵੱਲ ਵਧਾ ਦਿੱਤੀਆਂ। ਉਨ੍ਹਾਂ ਦੇ ਪੈਰ ਦੀਆਂ ਉਂਗਲਾਂ ਦੇ ਨਹੁੰ ਕਾਲ਼ੇ ਫਿਰ ਗਏ ਸਨ ਅਤੇ ਤ੍ਰੇੜਾਂ ਦੇ ਖਾਧੇ ਗਏ ਸਨ; ਹੱਥਾਂ ਵਿੱਚ ਭੌਰੀਆਂ ਜਿਹੀਆਂ ਬਣ ਗਈਆਂ, ਅੱਲ੍ਹੇ ਫੱਟ ਲੱਗੇ ਹੋਏ ਸਨ ਅਤੇ ਲੱਤਾਂ ਦੀ ਚਮੜੀ ਕਈ ਥਾਵੇਂ ਸੂਰਜ ਦੀ ਰੌਸ਼ਨੀ ਨਾਲ਼ ਸੜ ਚੁੱਕੀ ਸੀ ਅਤੇ ਛੋਟੇ ਛੋਟੇ ਛਾਲ਼ੇ ਪਏ ਹੋਏ ਸਨ, ਜੋ ਰਾਜ਼ੀ ਹੀ ਨਹੀਂ ਹੁੰਦੇ ਅਤੇ ਜਦੋਂ ਵੀ ਉਹ ਖਾਰੇ ਪਾਣੀ ਵਿੱਚ ਵੜ੍ਹਦੀਆਂ ਹਨ ਤਾਂ ਟਸ-ਟਸ ਕਰਦੇ ਹਨ।

ਜੋ ਪਦਾਰਥ ਸਾਡੇ ਖਾਣੇ ਦਾ ਜ਼ਾਇਕਾ ਵਧਾਉਂਦਾ ਹੈ, ਉਹੀ ਉਨ੍ਹਾਂ ਦਾ ਮਾਸ ਖਾਂਦਾ ਹੈ।

ਸੂਚੀ ਅੱਗੇ ਵੱਧਦੀ ਹੈ। ਬੱਚੇਦਾਨੀ ਦਾ ਕੱਢਿਆ ਜਾਣਾ (ਹਿਸਟਰੇਕਟੋਮੀਜ਼), ਗੁਰਦੇ ਦੀਆਂ ਪੱਥਰੀਆਂ, ਹਰਨੀਆ ਜਿਹੀਆਂ ਬੀਮਾਰੀਆਂ ਦੀ ਸੂਚੀ ਲੰਬੀ ਹੈ। ਰਾਣੀ ਦਾ ਬੇਟਾ 29 ਸਾਲਾ ਕੁਮਾਰ, ਗੀਂਢਾ ਅਤੇ ਗਠੀਲਾ ਹੈ। ਪਰ ਜ਼ਿਆਦਾ ਭਾਰ ਚੁੱਕਣ ਨਾਲ਼ ਉਹਨੂੰ ਹਰਨੀਆ ਦੀ ਸ਼ਿਕਾਇਤ ਹੋ ਗਈ। ਉਹਦਾ ਇੱਕ ਓਪਰੇਸ਼ਨ ਹੋਇਆ ਅਤੇ ਤਿੰਨ ਮਹੀਨੇ ਅਰਾਮ ਕੀਤਾ। ਹੁਣ ਉਹ ਕੀ ਕਰਦਾ ਹੈ? ਇਹਦੇ ਜਵਾਬ ਵਿੱਚ ਉਹਨੇ ਕਿਹਾ, ''ਮੈਂ ਦੋਬਾਰਾ ਬੋਝ ਚੁੱਕਣਾ ਜਾਰੀ ਰੱਖਿਆ।'' ਉਹਦੇ ਕੋਲ਼ ਕੋਈ ਹੋਰ ਚਾਰਾ ਵੀ ਤਾਂ ਨਹੀਂ। ਕਸਬੇ ਦੇ ਵਿੱਚ ਕਿਤੇ ਕੋਈ ਹੋਰ ਕੰਮ ਹੀ ਨਹੀਂ ਹੈ।

ਇੱਥੇ ਆਸ ਪਾਸ ਦੇ ਕਈ ਨੌਜਵਾਨ ਝੀਂਗਾ (ਮੱਛੀ) ਦੇ ਯੁਨਿਟਾਂ ਜਾਂ ਫੁੱਲਾਂ ਦੇ ਕਾਰਖ਼ਾਨਿਆਂ ਵਿੱਚ ਕੰਮ ਕਰਦੇ ਹਨ। ਪਰ ਲੂਣ ਕਿਆਰੀਆਂ ਦੇ ਲਗਭਗ ਸਾਰੇ ਮਜ਼ਦੂਰ ਹੀ ਆਪਣੀ ਉਮਰ ਦੇ 30ਵੇਂ ਸਾਲ ਤੋਂ ਉੱਪਰ ਹਨ ਅਤੇ ਉਹ ਦਹਾਕਿਆਂ ਤੋਂ ਆਪਣੀ ਹੀ ਪੀੜ੍ਹੀ ਦਾ ਕੰਮ ਕਰਦੇ ਆਏ ਹਨ। ਹਾਲਾਂਕਿ ਕੁਮਾਰ ਦਾ ਸ਼ਿਕਵਾ ਹੈ ਕਿ ਮਿਲ਼ਣ ਵਾਲ਼ੀ ਉਜਰਤ ਬਹੁਤ ਨਿਗੂਣੀ ਹੈ। ''ਪੈਕਿੰਗ ਕਰਨ ਵਾਲ਼ੇ ਠੇਕਾ ਮਜ਼ਦੂਰਾਂ ਵਾਂਗਰ ਹੀ ਹਨ ਅਤੇ ਸਾਨੂੰ ਕੋਈ ਬੋਨਸ ਵੀ ਨਹੀਂ ਮਿਲ਼ਦਾ। ਇੱਕ ਔਰਤ ਪੈਕਰ ਨੂੰ ਹੱਥੀਂ ਇੱਕ-ਇੱਕ ਕਿਲੋ ਦੇ 25 ਪੈਕਟ ਭਰਨ ਬਦਲੇ 1.70 ਰੁਪਏ ਦਿੱਤੇ ਜਾਂਦੇ ਹਨ (ਭਾਵ ਪ੍ਰਤੀ ਪੈਕਟ 7 ਪੈਸੇ ਤੋਂ ਵੀ ਘੱਟ)। ਇੱਕ ਹੋਰ ਔਰਤ ਨੂੰ ਇਨ੍ਹਾਂ 25 ਪੈਕਟਾਂ ਨੂੰ ਸੀਲ ਕਰਨ ਬਦਲੇ 1.70 ਰੁਪਏ ਦਿੱਤੇ ਜਾਂਦੇ ਹਨ। ਇੱਕ ਹੋਰ ਮਜ਼ਦੂਰ ਨੂੰ ਜੋ ਆਮ ਤੌਰ 'ਤੇ ਪੁਰਸ਼ ਹੁੰਦਾ ਹੈ, 25 ਪੈਕਟਾਂ ਨੂੰ ਇੱਕ ਬੋਰੀ ਵਿੱਚ ਭਰਨ, ਹੱਥੀਂ ਸਿਊਂਣ ਅਤੇ ਇਹਨੂੰ ਸਾਫ਼ ਖੇਪ ਵਿੱਚ ਚਿੰਨਣ ਬਦਲੇ 2 ਰੁਪਏ ਦਿੱਤੇ ਜਾਂਦੇ ਹਨ। ਪੈਕਟਾਂ ਦੀ ਖੇਪ ਜਿੰਨੀ ਉੱਚੀ ਹੁੰਦੀ ਜਾਂਦੀ ਹੈ, ਮਜ਼ਦੂਰ ਸਿਰ ਪੈਣ ਵਾਲ਼ੇ ਕੰਮ ਦਾ ਭਾਰ ਵੀ ਓਨਾ ਹੀ ਵੱਧਦਾ ਜਾਂਦਾ ਹੈ। ਪਰ ਪੈਸਾ ਓਨਾ ਹੀ ਰਹਿੰਦਾ ਹੈ: 2 ਰੁਪਏ।''

The women speak of hardly ever getting a break, never enough drinking water, the brutal heat, the brine that ruins their skin. As well as hysterectomies, kidney stones, hernias. Rani’s son Kumar (right) is stocky and strong. But the heavy lifting he did at work gave him a hernia that needed surgery
PHOTO • M. Palani Kumar
The women speak of hardly ever getting a break, never enough drinking water, the brutal heat, the brine that ruins their skin. As well as hysterectomies, kidney stones, hernias. Rani’s son Kumar (right) is stocky and strong. But the heavy lifting he did at work gave him a hernia that needed surgery
PHOTO • M. Palani Kumar

ਔਰਤਾਂ ਬਾਮੁਸ਼ਕਲ ਕਦੇ ਮਿਲ਼ਣ ਛੁੱਟੀ ਵਾਲ਼ੀ ਛੁੱਟੀ, ਪੀਣ ਵਾਲ਼ੇ ਪਾਣੀ, ਤੱਪਦੀ ਧੁੱਪ, ਖਾਰੇ ਪਾਣੀ ਨਾਲ਼ ਤਬਾਹ ਹੁੰਦੀ ਚਮੜੀ ਬਾਬਤ ਬੋਲਦੀਆਂ ਹਨ। ਨਾਲ਼ ਹੀ ਉਹ ਬੱਚੇਦਾਨੀ ਕਢਵਾਉਣ, ਗੁਰਦੇ ਦੀ ਪੱਥਰੀ, ਹਰਨੀਆ ਬਾਰੇ ਦੱਸਦੀਆਂ ਹਨ। ਰਾਣੀ ਦਾ ਬੇਟਾ ਕੁਮਾਰ (ਸੱਜੇ) ਗੀਂਢਾ ਅਤੇ ਗਠੀਲਾ ਹੈ। ਪਰ ਕੰਮ ' ਤੇ ਬਹੁਤਾ ਭਾਰ ਚੁੱਕਣ ਕਾਰਨ ਉਹਨੂੰ ਹਰਨੀਆ ਦੀ ਸ਼ਿਕਾਇਤ ਹੋ ਗਈ ਜਿਹਦੇ ਲਈ ਫਿਰ ਓਪਰੇਸ਼ਨ ਕਰਵਾਉਣ ਪਿਆ

ਡਾ. ਅਮਲੋਰਪਾਵਾਨਾਥਨ ਜੋਸਫ਼, ਵਸਕੁਲਰ ਸਰਜਨ ਅਤੇ ਤਮਿਲਨਾਡੂ ਰਾਜ ਯੋਜਨਾ ਕਮਿਸ਼ਨ ਦੇ ਮੈਂਬਰ, ਕਹਿੰਦੇ ਹਨ,''ਮੈਡੀਕਲ ਤੌਰ 'ਤੇ ਦੇਖੀਏ ਤਾਂ ਜਿਹੜੀਆਂ ਜੁੱਤੀਆਂ ਉਹ ਪਾ ਰਹੇ ਹਨ ਉਹ ਕਦੇ ਵੀ ਉਨ੍ਹਾਂ ਦੀ ਨਮੀ ਰਹਿਤ (ਵਾਟਰ-ਪਰੂਫ਼) ਅਤੇ ਲਾਗ ਰਹਿਤ ਨਹੀਂ ਹੋ ਸਕਦੀਆਂ। ਉਨ੍ਹਾਂ ਨੂੰ ਪਾ ਕੇ ਇੱਕ ਜਾਂ ਦੋ ਦਿਨ ਕੰਮ ਕਰਨ ਵਿੱਚ ਤਾਂ ਕੋਈ ਦਿੱਕਤ ਨਹੀਂ ਪਰ ਜੇ ਤੁਸੀਂ ਤਾਉਮਰ ਇਹੀ ਕੰਮ ਕਰਦੇ ਰਹਿਣ ਵਾਲ਼ੇ ਹੋ ਤਾਂ ਤੁਹਾਨੂੰ ਵਿਗਿਆਨਕ ਢੰਗ ਨਾਲ਼ ਡਿਜ਼ਾਇਨ ਕੀਤੇ ਜੁੱਤੇ ਹੀ ਪਾਉਣੇ ਚਾਹੀਦੇ ਹਨ, ਜਿਨ੍ਹਾਂ ਨੂੰ ਤੁਸੀਂ ਸਮੇਂ-ਸਮੇਂ 'ਤੇ ਬਦਲਦੇ ਜਾਓ। ਜੇ ਇਹ ਮਾਮੂਲੀ ਜਿਹੀ ਸੁਵਿਧਾ ਵੀ ਯਕੀਨੀ ਨਹੀਂ ਤਾਂ ਤੁਹਾਡੇ ਪੈਰਾਂ ਦੀ ਸਿਹਤ ਨੂੰ ਬਚਾਉਣ ਦੀ ਕੋਈ ਗਰੰਟੀ ਨਹੀਂ ਦਿੱਤੀ ਜਾ ਸਕਦੀ।''

ਲੂਣ ਵਿੱਚੋਂ ਨਿਕਲ਼ਦੀ ਅੱਖਾਂ ਨੂੰ ਚੁੰਧਿਆ ਸੁੱਟਣ ਵਾਲ਼ੀ ਲਿਸ਼ਕੋਰ ਤੋਂ ਛੁੱਟ, ਉਨ੍ਹਾਂ ਦਾ ਮੰਨਣਾ ਹੈ ''ਅਜਿਹੇ ਮਾਹੌਲ ਵਿੱਚ ਬਿਨਾਂ ਐਨਕ ਤੋਂ ਕੰਮ ਕਰਨ ਨਾਲ਼ ਅੱਖਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।'' ਉਹ ਨਿਯਮਤ ਮੈਡੀਕਲ ਕੈਂਪ ਲਾਏ ਜਾਣ ਅਤੇ ਸਾਰੇ ਮਜ਼ਦੂਰਾਂ ਦੇ ਬਲੱਡ ਪ੍ਰੈਸ਼ਰ ਦੀ ਬਾਰ-ਬਾਰ ਜਾਂਚ ਕਰਾਉਣ ਦੀ ਸਲਾਹ ਦਿੰਦੇ ਹਨ। ''ਜੇਕਰ ਕਿਸੇ ਦੇ  ਬਲੱਡ-ਪ੍ਰੈਸ਼ਰ ਦੀ ਪੜ੍ਹਤ (ਰੀਡਿੰਗ) 130/90 ਤੋਂ ਵੱਧ ਆਉਂਦੀ ਹੈ ਤਾਂ ਮੈਂ ਕਦੇ ਵੀ ਅਜਿਹੇ ਵਿਅਕਤੀ ਨੂੰ ਲੂਣ ਕਿਆਰੀਆਂ ਵਿਖੇ ਕੰਮ ਕਰਨ ਦੀ ਸਲਾਹ ਨਹੀਂ ਦਿੰਦਾ।'' ਅਜਿਹੀ ਥਾਵੇਂ ਕੰਮ ਕਰਦੇ ਵੇਲ਼ੇ ਮਜ਼ਦੂਰ ਦੁਆਰਾ ਲੂਣ ਦੀ ਕੁਝ ਮਾਤਰਾ ਸੋਖ ਲੈਣ ਦੀ ਪੂਰੀ ਪੂਰੀ ਸੰਭਾਵਨਾ ਰਹਿੰਦੀ ਹੈ, ਉਹ ਕਹਿੰਦੇ ਹਨ। ਬਾਕੀ ਮਣਾਂ-ਮੂੰਹੀ ਲੂਣ ਨੂੰ ਸਿਰਾਂ 'ਤੇ ਢੋਹਣ ਨਾਲ਼ ਪੰਜ ਤੋਂ ਛੇ ਵੱਖੋ-ਵੱਖ ਕਿਸਮ ਦੀ ਸਰੀਰਕ ਮਿਹਨਤ ਲੱਗਦੀ ਹੈ। ''ਜੇ ਤੁਸੀਂ ਖੱਪ ਰਹੀ ਊਰਜਾ ਦੀ ਗਣਨਾ ਕਰੋ ਤਾਂ ਯਕੀਨੋਂ ਬਾਹਰੀ ਹੋਵੇਗੀ।''

ਇਹ ਮਜ਼ਦੂਰ ਇਸ ਕੰਮ ਵਿੱਚ ਚਾਰ ਜਾਂ ਪੰਜ ਦਹਾਕਿਆਂ ਤੋਂ ਕੰਮ ਕਰ ਰਹੇ ਹਨ। ਪਰ ਉਹ ਕਿਸੇ ਵੀ ਤਰ੍ਹਾਂ ਦੀ ਸਮਾਜਿਕ ਸੁਰੱਖਿਆ ਤੋਂ ਤਾਂ ਵਾਂਝੇ ਹਨ ਹੀ, ਨਾਲ਼ ਹੀ ਨਾ ਉਨ੍ਹਾਂ ਨੂੰ ਛੁੱਟੀ ਦੇ ਪੈਸੇ ਮਿਲ਼ਦੇ ਹਨ, ਨਾ ਬੱਚਿਆਂ ਦੀ ਕੋਈ ਸਾਂਭ-ਸੰਭਾਲ਼ ਅਤੇ ਨਾ ਹੀ ਪ੍ਰਸਵ ਦੌਰਾਨ ਕਿਸੇ ਕਿਸਮ ਦੀ ਕੋਈ ਸਹੂਲਤ ਹੀ ਮਿਲ਼ਦੀ ਹੈ। ਲੂਣ ਕਿਆਰੀਆਂ ਦੇ ਇਹ ਮਜ਼ਦੂਰ ਆਪਣਾ ਹਾਲ 'ਕੁਲੀਆਂ' (ਸਭ ਤੋਂ ਸਸਤੇ ਮਜ਼ਦੂਰ) ਨਾਲ਼ੋਂ ਬਿਹਤਰ ਨਹੀਂ ਸਮਝਦੇ।

*****

'' ਇੱਕ ਲੂਣ ਦੇ 15,000 ਤੋਂ ਵੀ ਵੱਧ ਉਪਯੋਗ ਹਨ। ''
– ਐੱਮ. ਕ੍ਰਿਸ਼ਨਾਮੂਰਤੀ, ਜ਼ਿਲ੍ਹਾ ਕੋਆਰਟੀਨੇਡਰ, ਥੁਥੁਕੁੜੀ, ਅਸੰਗਠਤ ਮਜ਼ਦੂਰ ਸੰਘ

''ਯੂਐੱਸਏ ਅਤੇ ਚੀਨ ਤੋਂ ਬਾਅਦ ਭਾਰਤ ਲੂਣ ਉਤਪਾਦਨ ਵਿੱਚ ਸੰਸਾਰ ਵਿੱਚ ਤੀਜੀ ਥਾਂ ਰੱਖਦਾ ਹੈ,'' ਕ੍ਰਿਸ਼ਨਾਮੂਰਤੀ ਕਹਿੰਦੇ ਹਨ। ''ਲੂਣ ਤੋਂ ਬਗ਼ੈਰ ਜੀਵਨ ਅਸੰਭਵ ਹੈ, ਬਾਵਜੂਦ ਇਹਦੇ ਇਨ੍ਹਾਂ ਮਜ਼ਦੂਰਾਂ ਦੀ ਹਯਾਤੀ ਉਨ੍ਹਾਂ ਦੀ ਫ਼ਸਲ ਵਾਂਗ ਹੀ ਖਾਰੀ ਹੈ!''

ਕ੍ਰਿਸ਼ਨਾਮੂਰਤੀ ਮੁਤਾਬਕ ਥੁਥੁਕੁੜੀ ਜ਼ਿਲ੍ਹੇ ਵਿੱਚ ਕਰੀਬ 50 ਹਜ਼ਾਰ ਲੂਣ-ਮਜ਼ਦੂਰ ਹਨ। 7.48 ਲੱਖ ਮਜ਼ਦੂਰਾਂ ਵਾਲ਼ੇ ਇਸ ਜ਼ਿਲ੍ਹੇ ਵਿੱਚ ਹਰ 15 ਵਿਅਕਤੀਆਂ ਮਗਰ 1 ਵਿਅਕਤੀ ਲੂਣ-ਮਜ਼ਦੂਰ ਹੈ। ਹਾਲਾਂਕਿ, ਉਨ੍ਹਾਂ ਕੋਲ਼ ਫਰਵਰੀ ਅਤੇ ਸਤੰਬਰ ਵਿਚਾਲੇ ਸਿਰਫ਼ 6-7 ਮਹੀਨੇ ਕੰਮ ਹੁੰਦਾ ਹੈ। ਕੇਂਦਰ ਸਰਕਾਰ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਪੂਰੇ ਤਮਿਲਨਾਡੂ ਰਾਜ ਵਿੱਚ ਸਿਰਫ਼ 21,528 ਲੂਣ-ਮਜ਼ਦੂਰ ਹਨ, ਜੋ ਅਸਲ ਅੰਕੜਿਆਂ ਨਾਲੋਂ ਕਾਫ਼ੀ ਘੱਟ ਹੈ। ਪਰ ਇਸੇ ਨੁਕਤੇ ਨੂੰ ਲੈ ਕੇ ਕ੍ਰਿਸ਼ਨਾਮੂਰਤੀ ਦਾ ਅਸੰਗਠਤ ਮਜ਼ਦਰੂ ਸੰਘ ਕੰਮ ਕਰਦਾ ਹੈ। ਉਹ ਬਹੁਤ ਸਾਰੇ ਅਜਿਹੇ ਮਜ਼ਦੂਰਾਂ ਦਾ ਰਿਕਾਰਡ ਰੱਖਦੇ ਹਨ ਜਿਨ੍ਹਾਂ ਨੂੰ ਉਹ ਸਰਕਾਰੀ (ਅਧਿਕਾਰਕ) ਗਣਨਾ ਵਿੱਚ ਬਾਹਰ ਪਾਉਂਦੇ ਹਨ।

Rani’s drawstring pouch with her Amrutanjan and inhaler.
PHOTO • M. Palani Kumar
A few women wear black socks with a rudimentary refurbished base
PHOTO • M. Palani Kumar

ਖੱਬੇ : ਰਾਣੀ ਦੀ ਗੁਥਲੀ ਵਿੱਚ ਹਰ ਵੇਲ਼ੇ ਪਿਆ ਰਹਿਣ ਵਾਲ਼ਾ ਅੰਮ੍ਰਿਤਾਂਜਲ ਬਾਮ ਅਤੇ ਵਿਕਸ ਇਨਹੇਲਰ। ਸੱਜੇ : ਕੁਝ ਔਰਤਾਂ ਕਾਲ਼ੀਆਂ ਜ਼ੁਰਾਬਾਂ ਪਾਉਂਦੀਆਂ ਹਨ ਜਿਨ੍ਹਾਂ ਦੇ ਤਲ਼ੇ ' ਤੇ ਰਬੜ ਦੀ ਕਾਤਰ ਲੱਗੀ ਹੁੰਦੀ ਹੈ

ਇੱਥੇ ਕੰਮ ਕਰਨ ਵਾਲ਼ਾ ਹਰੇਕ ਲੂਣ-ਮਜ਼ਦੂਰ, ਭਾਵੇਂ ਉਹ ਲੂਣ ਦੇ ਰਵੇ ਨੂੰ ਖਰੋਚਣ ਦਾ ਕੰਮ ਕਰਦਾ ਹੋਵੇ ਜਾਂ ਲੂਣ ਨੂੰ ਢੋਹਣ ਦਾ ਹੀ ਕਰਦਾ ਹੋਵੇ, ਹਰ ਰੋਜ਼ ਕਰੀਬ 5 ਤੋਂ 7 ਟਨ ਲੂਣ ਚੁੱਕਦਾ ਹੈ। ਇਸ ਲੂਣ ਦੀ ਕੀਮਤ 1,600 ਰੁਪਏ ਪ੍ਰਤੀ ਟਨ ਦੀ ਮੌਜੂਦਾ ਕੀਮਤ 'ਤੇ 8,000 ਰੁਪਏ ਤੋਂ ਜ਼ਿਆਦਾ ਹੈ। ਪਰ ਇੱਕ ਦਿਨ ਵੀ ਬੇਮੌਸਮੀ ਮੀਂਹ ਪੈ ਜਾਵੇ ਤਾਂ ਉਨ੍ਹਾਂ ਮੁਤਾਬਕ ਉਨ੍ਹਾਂ ਦਾ ਕੰਮ ਪੂਰੇ ਹਫ਼ਤੇ ਲਈ ਜਾਂ 10 ਦਿਨਾਂ ਲਈ ਕੰਮ ਠੱਪ ਪੈ ਸਕਦਾ ਹੁੰਦਾ ਹੈ।

ਕ੍ਰਿਸ਼ਨਾਮੂਰਤੀ ਮੁਤਾਬਕ, ਜੋ ਗੱਲ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਦੀ ਹੈ ਉਹ 1991ਵੇਂ ਤੋਂ ਬਾਅਦ ਅਪਣਾਈਆਂ ਗਈਆਂ ਉਦਾਰੀਕਰਨ ਦੀਆਂ ਨੀਤੀਆਂ ਹਨ, ਜੋ ਮੌਜੂਦਾ ਸਮੇਂ ਵਿੱਚ ਹੋਰ ਵੀ ਤੀਬਰਤਾ ਨਾਲ਼ ਅਪਣਾਈਆਂ ਜਾ ਰਹੀਆਂ ਹਨ, ਫ਼ਲਸਰੂਪ ''ਧਨਾਢ, ਨਿੱਜੀ ਕਾਰੋਬਾਰੀਆਂ (ਕੰਪਨੀਆਂ) ਨੂੰ ਬਜ਼ਾਰ ਵਿੱਚ ਆਉਣ ਦੀ ਖੁੱਲ੍ਹ ਦੇ ਦਿੱਤੀ ਗਈ।'' ਉਹ ਦੱਸਦੇ ਹਨ, ''ਪੀੜ੍ਹੀਆਂ ਤੋਂ ਇਸ ਜ਼ਮੀਨ 'ਤੇ ਲੂਣ ਦੀ ਖੇਤੀ ਕਰਨ ਵਾਲ਼ੇ ਬਹੁਤੇਰੇ ਮਜ਼ਦੂਰ ਪੁਰਸ਼ ਅਤੇ ਔਰਤਾਂ ਦਲਿਤ ਤਬਕੇ ਨਾਲ਼ ਤਾਅਲੁਕ ਰੱਖਦੇ ਹਨ। ਕੀ ਇਹ ਸੰਭਵ ਨਹੀਂ ਕਿ ਲੂਣ ਦੀਆਂ ਇਹ ਕਿਆਰੀਆਂ ਉਨ੍ਹਾਂ ਨੂੰ ਹੀ ਪਟੇ 'ਤੇ ਦੇ ਦਿੱਤੀਆਂ ਜਾਣ? ਦੱਸੋ, ਉਹ ਖੁੱਲ੍ਹੀ ਨਿਲਾਮੀ ਵਿੱਚ ਇਸ ਜ਼ਮੀਨ ਬਦਲੇ ਵੱਡੇ ਕਾਰਪੋਰੇਟਾਂ ਨਾਲ਼ ਮੁਕਾਬਲਾ ਕਿਵੇਂ ਕਰ ਸਕਦੇ ਹਨ?''

ਜਦੋਂ ਵੱਡੀਆਂ ਕੰਪਨੀਆਂ ਕਿਸੇ ਵਪਾਰ ਵਿੱਚ ਪੈਰ ਧਰਦੀਆਂ ਹਨ ਤਾਂ ਉਨ੍ਹਾਂ ਦੇ ਮਾਲਿਕਾਨੇ ਵਾਲ਼ੀਆਂ ਜ਼ਮੀਨਾਂ ਕਈ ਹਜ਼ਾਰ ਏਕੜਾਂ ਤੋਂ ਲੱਖਾਂ ਏਕੜ ਹੁੰਦੀਆਂ ਚਲੀਆਂ ਜਾਂਦੀਆਂ ਹਨ ਅਤੇ ਕ੍ਰਿਸ਼ਨਾਮੂਰਤੀ ਨੂੰ ਪੱਕਾ ਯਕੀਨ ਹੈ ਕਿ ਛੇਤੀ ਹੀ ਇਹ ਉਦਯੋਗ ਵੀ ਪੂਰੀ ਤਰ੍ਹਾਂ ਮਸ਼ੀਨੀਕਰਨ ਹੇਠ ਆ ਜਾਵੇਗਾ। ''ਫਿਰ ਇਨ੍ਹਾਂ 50,000 ਲੂਣ ਮਜ਼ਦੂਰਾਂ ਦਾ ਕੀ ਬਣੂਗਾ?''

ਹਰ ਸਾਲ 15 ਅਕਤੂਬਰ ਤੋਂ ਲੈ ਕੇ 15 ਜਨਵਰੀ ਤੱਕ ਇਨ੍ਹਾਂ ਮਜ਼ਦੂਰਾਂ ਕੋਈ ਕੰਮ ਨਹੀਂ ਹੁੰਦਾ ਕਿਉਂਕਿ ਇਹ ਉੱਤਰ-ਪੂਰਬੀ ਮਾਨਸੂਨ ਦਾ ਸਮਾਂ ਹੁੰਦਾ ਹੈ। ਇਹ ਤਿੰਨ ਮਹੀਨੇ ਬੜੇ ਬਿਪਤਾ ਭਰੇ ਹੁੰਦੇ ਹਨ ਅਤੇ ਉਨ੍ਹੀਂ ਦਿਨੀਂ ਉਧਾਰ ਚੁੱਕੇ ਪੈਸਿਆਂ ਨਾਲ਼ ਹੀ ਘਰ ਖ਼ਰਚੇ ਚੱਲਦੇ ਹਨ ਅਤੇ ਸੁਪਨੇ ਛਿੱਕੇ ਟੰਗੇ ਰਹਿੰਦੇ ਹਨ। 57 ਸਾਲਾ ਐੱਮ. ਵੇਲੁਸਾਮੀ ਇਨ੍ਹਾਂ ਖੇਤਾਂ ਵਿੱਚ ਕੰਮ ਕਰਦੇ ਹਨ ਅਤੇ ਲੂਣ ਬਣਾਉਣ ਦੇ ਬਦਲਦੇ ਢੰਗ-ਤਰੀਕਿਆਂ ਨੂੰ ਲੈ ਕੇ ਗੱਲ ਕਰਦੇ ਹਨ। ''ਮੇਰੇ ਮਾਪਿਆਂ ਦੇ ਜ਼ਮਾਨੇ ਵਿੱਚ ਛੋਟੇ ਵਪਾਰੀ ਲੂਣ ਦਾ ਉਤਪਾਦਨ ਅਤੇ ਉਹਦੀ ਵਿਕਰੀ ਕਰ ਸਕਦੇ ਹੁੰਦੇ ਸਨ।''

ਦੋ ਨੀਤੀਆਂ ਨੇ ਪੂਰੇ ਹਾਲਾਤ ਬਦਲ ਕੇ ਰੱਖ ਦਿੱਤੇ। ਕੇਂਦਰ ਸਰਕਾਰ ਨੇ 2011 ਵਿੱਚ ਫ਼ੈਸਲਾ ਲਿਆ ਕਿ ਮਨੁੱਖੀ ਖਪਤ ਵਾਸਤੇ ਲੂਣ ਦਾ ਆਇਓਡੀਨ ਭਰਪੂਰ ਹੋਣਾ ਜ਼ਰੂਰੀ ਹੈ। ਉਹਦੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਲੂਣ ਕਿਆਰੀਆਂ ਲਈ ਪਟਾ ਸਮਝੌਤਿਆਂ ਨੂੰ ਬਦਲ ਦਿੱਤਾ। ਉਨ੍ਹਾਂ ਕੋਲ਼ ਇੰਝ ਕਰਨ ਦੀ ਤਾਕਤ ਵੀ ਸੀ, ਕਿਉਂਕਿ ਲੂਣ ਨੂੰ ਸੰਵਿਧਾਨ ਦੀ ਸੰਘ ਸੂਚੀ ਵਿੱਚ ਰੱਖਿਆ ਗਿਆ ਹੈ।

The sale pan workers may have been in this line for four or five decades, but still have no social security, no paid leave, no childcare or pregnancy benefits
PHOTO • M. Palani Kumar
The sale pan workers may have been in this line for four or five decades, but still have no social security, no paid leave, no childcare or pregnancy benefits
PHOTO • M. Palani Kumar

ਭਾਵੇਂ ਇਹ ਮਜ਼ਦੂਰ ਇਸ ਕੰਮ ਵਿੱਚ ਚਾਰ ਜਾਂ ਪੰਜ ਦਹਾਕਿਆਂ ਤੋਂ ਕੰਮ ਕਰ ਰਹੇ ਹਨ। ਪਰ ਉਹ ਕਿਸੇ ਵੀ ਤਰ੍ਹਾਂ ਦੀ ਸਮਾਜਿਕ ਸੁਰੱਖਿਆ ਤੋਂ ਤਾਂ ਵਾਂਝੇ ਹਨ ਹੀ, ਨਾਲ਼ ਹੀ ਨਾ ਉਨ੍ਹਾਂ ਨੂੰ ਛੁੱਟੀ ਦੇ ਪੈਸੇ ਮਿਲ਼ਦੇ ਹਨ, ਨਾ ਬੱਚਿਆਂ ਦੀ ਕੋਈ ਸਾਂਭ-ਸੰਭਾਲ਼ ਅਤੇ ਨਾ ਹੀ ਪ੍ਰਸਵ ਦੌਰਾਨ ਕਿਸੇ ਕਿਸਮ ਦੀ ਕੋਈ ਸਹੂਲਤ ਹੀ ਮਿਲ਼ਦੀ ਹੈ

2011 ਦੇ ਭਾਰਤ ਸਰਕਾਰ ਰੈਗੂਲੇਸ਼ਨ ਮੁਤਾਬਕ, ''ਕੋਈ ਵਿਅਕਤੀ ਉਦੋਂ ਤੱਕ ਸਧਾਰਣ ਲੂਣ ਦੀ ਵਿਕਰੀ ਨਹੀਂ ਕਰੇਗਾ ਜਾਂ ਵਿਕਰੀ ਲਈ ਲੂਣ ਦੀ ਸਪਲਾਈ ਨਹੀਂ ਕਰੇਗਾ ਜਾਂ ਵਿਕਰੀ ਦੇ ਮਕਸਦ ਨਾਲ਼ ਉਹਨੂੰ ਆਪਣੇ ਪਰਿਸਰ ਵਿੱਚ ਨਹੀਂ ਰੱਖੇਗਾ, ਜਦੋਂ ਤੱਕ ਕਿ ਮਨੁੱਖੀ ਖਪਤ ਲਈ ਉਹਨੂੰ ਆਓਡੀਨ ਭਰਪੂਰ ਨਹੀਂ ਬਣਾ ਦਿੱਤਾ ਜਾਂਦਾ। '' ਇਹਦਾ ਮਤਲਬ ਇਹ ਸੀ ਕਿ ਸਧਾਰਣ ਲੂਣ ਸਿਰਫ਼ ਫ਼ੈਕਟਰੀ-ਉਤਪਾਦਨ ਹੀ ਹੋ ਸਕਦਾ ਸੀ। (ਲੂਣ ਦੀਆਂ ਕੁਝ ਹੋਰ ਸ਼੍ਰੇਣੀਆਂ, ਜਿਵੇਂ ਸੇਂਧਾ ਲੂਣ ਅਤੇ ਕਾਲ਼ਾ ਲੂਣ ਨੂੰ ਇਸ ਨਿਯਮ ਵਿੱਚੋਂ ਛੋਟ ਦਿੱਤੀ ਗਈ)। ਇਹਦਾ ਇੱਕ ਮਤਲਬ ਹੋਰ ਨਿਕਲ਼ਦਾ ਸੀ ਕਿ ਇਨ੍ਹਾਂ ਪਰੰਪਰਾਗਤ ਲੂਣ ਉਤਪਾਦਕਾਂ ਨੇ ਆਪੋ-ਆਪਣੀ ਆੜ੍ਹਤ (ਏਜੰਸੀ) ਤੋਂ ਹੱਥ ਧੋ ਲਿਆ। ਇਹਨੂੰ ਕਨੂੰਨੀ ਰੂਪ ਵਿੱਚ ਚੁਣੌਤੀ ਦਿੱਤੀ ਗਈ ਅਤੇ ਸੁਪਰੀਮ ਕੋਰਟ ਨੇ ਸੱਚੀਓ ਇਸ ਪ੍ਰੋਵੀਜ਼ਨ ਦੀ ਸਖ਼ਤ ਨਿਖੇਧੀ ਕੀਤੀ, ਪਰ ਬਾਵਜੂਦ ਇਹਦੇ ਇਹ ਪਾਬੰਦੀ ਬਰਕਰਾਰ ਰਹੀ । ਭੋਜਨ ਵਿੱਚ ਵਰਤੀਂਦੇ ਸਧਾਰਣ ਲੂਣ ਨੂੰ ਆਇਓਡੀਨ ਭਰਪੂਰ ਹੋਣ ਤੱਕ ਵੇਚਿਆ ਨਹੀਂ ਜਾ ਸਕਦਾ।

ਅਕਤੂਬਰ 2013 ਵਿੱਚ ਦੂਸਰਾ ਬਦਲਾਅ ਕੀਤਾ ਗਿਆ। ਇੱਕ ਕੇਂਦਰੀ ਅਧਿਸੂਚਨਾ ਵਿੱਚ ਕਿਹਾ ਗਿਆ: ''ਲੂਣ ਬਣਾਉਣ ਲਈ ਕੇਂਦਰ ਸਰਕਾਰ ਦੀ ਜ਼ਮੀਨ ਨੂੰ ਪਟੇ 'ਤੇ ਦੇਣ ਲਈ ਟੈਂਡਰ ਸੱਦਿਆ ਜਾਵੇਗਾ।'' ਇਸ ਤੋਂ ਇਲਾਵਾ, ਕਿਸੇ ਮੌਜੂਦਾ ਪਟਾ ਸਮਝੌਤੇ ਨੂੰ ਨਵਿਆਇਆ ਨਹੀਂ ਜਾਵੇਗਾ। ਇਨ੍ਹਾਂ ਸਮਝੌਤਿਆਂ ਦੀ ਮਿਆਦ ਪੁੱਗ ਜਾਣ 'ਤੇ ਨਵੇਂ ਟੈਂਡਰ ਸੱਦੇ ਜਾਣਗੇ ਅਤੇ ਇਸ ਪ੍ਰਕਿਰਿਆ ਵਿੱਚ ਮੌਜੂਦਾ ਪਟਾ-ਧਾਰਕ ''ਨਵੇਂ ਉਮੀਦਵਾਰਾਂ ਦੇ ਨਾਲ਼ ਹਿੱਸਾ ਲੈ ਸਕਦੇ ਹਨ।''

ਕ੍ਰਿਸ਼ਨਾਮੂਰਤੀ ਕਹਿੰਦੇ ਹਨ ਕਿ ਸਪੱਸ਼ਟ ਰੂਪ ਨਾਲ਼ ਇਹ ਨਿਯਮ ਵੱਡੇ ਉਤਪਾਦਕਾਂ ਨੂੰ ਲਾਭ ਪਹੁੰਚਾਉਣ ਵਾਲ਼ੇ ਹਨ।

ਝਾਂਸੀ ਚੇਤੇ ਕਰਦਿਆਂ ਦੱਸਦੀ ਹਨ ਕਿ ਚਾਰ ਦਹਾਕੇ ਪਹਿਲਾਂ ਉਨ੍ਹਾਂ ਦੇ ਮਾਪਿਆਂ ਕੋਲ਼ ਜ਼ਮੀਨ ਸੀ, ਜੋ ਉਨ੍ਹਾਂ ਨੇ ਇੱਕ ਪਟੇਦਾਰ ਪਾਸੋਂ ਸਮਝੌਤੇ 'ਤੇ ਲਈ ਸੀ। ਉੱਥੇ ਉਹ ਹੱਥ-ਪੁਲੀ ਦੁਆਰਾ ਖੂਹ ਵਿੱਚੋਂ ਪਾਣੀ ਕੱਢ ਕੇ (ਖਜ਼ੂਰ ਦੇ ਪੱਤਿਆਂ ਨਾਲ਼ ਬਣੀ ਟੋਕਰੀਨੁਮਾ ਬਾਲਟੀ) 10 ਛੋਟੀਆਂ ਕਿਆਰੀਆਂ ਵਿੱਚ ਲੂਣ ਪੈਦਾ ਕਰਿਆ ਕਰਦੇ ਸਨ। ਹਰ ਰੋਜ਼, ਉਨ੍ਹਾਂ ਦੀ ਮਾਂ 40 ਕਿਲੋ ਲੂਣ (ਖਜੂਰ ਦੇ ਪੱਤਿਆਂ ਦੀ ਟੋਕਰੀ ਵਿੱਚ ਭਰ ਕੇ) ਆਪਣੇ ਸਿਰ 'ਤੇ ਢੋਂਹਦੀ ਸੀ ਅਤੇ ਪੈਦਲ ਹੀ ਸ਼ਹਿਰ ਜਾ ਕੇ ਵੇਚਿਆ ਕਰਦੀ ਸੀ। ਉਹ ਦੱਸਦੀ ਹਨ,''ਬਰਫ਼ ਬਣਾਉਣ ਵਾਲ਼ੀਆਂ ਕੰਪਨੀਆਂ ਉਨ੍ਹਾਂ ਦਾ ਸਾਰਾ ਮਾਲ਼ 20 ਤੋਂ 30 ਰੁਪਏ ਵਿੱਚ ਖਰੀਦ ਲੈਂਦੀਆਂ ਸਨ।'' ਅਤੇ ਜਦੋਂ ਕਦੇ ਉਨ੍ਹਾਂ ਦੀ ਮਾਂ ਖ਼ੁਦ ਨਾ ਜਾ ਪਾਉਂਦੀ ਤਾਂ ਉਹ ਝਾਂਸੀ ਹੱਥ ਟੋਕਰੀ ਭੇਜ ਦਿਆ ਕਰਦੀ। ਉਨ੍ਹਾਂ ਇੰਨਾ ਕੁ ਚੇਤੇ ਹੈ ਕਿ ਇੱਕ ਵਾਰ ਉਨ੍ਹਾਂ ਨੇ 10 ਪੈਸੇ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਲੂਣ ਵੇਚਿਆ ਸੀ। ਝਾਂਸੀ ਕਹਿੰਦੀ ਹਨ,''ਜਿਹੜੀ ਜ਼ਮੀਨ 'ਤੇ ਸਾਡੀਆਂ ਲੂਣ ਕਿਆਰੀਆਂ ਸਨ ਉੱਥੇ ਰਿਹਾਇਸ਼ੀ ਇਮਾਰਤਾਂ ਬਣਾ ਦਿੱਤੀਆਂ ਗਈਆਂ ਹਨ। ਮੈਨੂੰ ਨਹੀਂ ਪਤਾ ਕਿ ਸਾਡੇ ਹੱਥੋਂ ਉਹ ਜ਼ਮੀਨ ਕਿਵੇਂ ਖੁੱਸੀ।'' ਇਹ ਦੱਸਦਿਆਂ ਉਹ ਰਤਾ ਉਦਾਸ ਹੋ ਗਈ ਸਨ। ਜਾਪ ਰਿਹਾ ਸੀ ਕਿ ਹਵਾ ਵਿੱਚ ਲੂਣ ਘੁੱਲ਼ ਗਿਆ ਸੀ ਅਤੇ ਉਨ੍ਹਾਂ ਦਾ ਅਵਾਜ਼ ਲਰਜ਼ ਗਈ।

ਲੂਣ-ਮਜ਼ਦੂਰਾਂ ਲਈ ਜ਼ਿੰਦਗੀ ਸਦਾ ਔਖ਼ੀ ਹੀ ਰਹੀ ਹੈ। ਕਈ ਦਹਾਕਿਆਂ ਤੋਂ ਉਨ੍ਹਾਂ ਦੀ ਖ਼ੁਰਾਕ ਵਿੱਚ ਅਕਸਰ ਸਾਬੂਦਾਣਾ ਅਤੇ ਬਾਜਰਾ (ਕਦੇ-ਕਦਾਈਂ ਚੌਲ਼) ਰਿਹਾ ਹੈ, ਜਿਹਦੇ ਨਾਲ਼ ਉਹ ਮੱਛੀ ਦੀ ਕੁਜ਼ਾਮਬੂ (ਸ਼ੋਰਬੇ ਵਾਲ਼ੀ) ਖਾਂਦੇ ਹਨ ਅਤੇ ਇਡਲੀ , ਜੋ ਹੁਣ ਰੋਜ਼ਮੱਰਾ ਦੇ ਖਾਣਪਾਣ ਵਿੱਚ ਸ਼ਾਮਲ ਹੋ ਗਈ ਹੈ, ਦੀਵਾਲੀ ਮੌਕੇ ਸਾਲ ਵਿੱਚ ਇੱਕ ਵਾਰ ਬਣਦੀ ਹੁੰਦੀ ਸੀ। ਝਾਂਸੀ ਦੱਸਦੀ ਹਨ ਕਿ ਉਹ ਬਚਪਨ ਵਿੱਚ ਇੱਕ ਰਾਤ ਪਹਿਲਾਂ ਇਸ ਖ਼ੁਸ਼ੀ ਵਿੱਚ ਸੌਂ ਤੱਕ ਨਾ ਪਾਉਂਦੀ ਕਿ ਤਿਓਹਾਰ ਦੀ ਸਵੇਰ ਨਾਸ਼ਤੇ ਵਿੱਚ ਇਡਲੀ ਮਿਲ਼ੇਗੀ।

ਦੀਵਾਲੀ  ਅਤੇ ਪੋਂਗਲ, ਸਿਰਫ਼ ਦੋ ਅਜਿਹੇ ਵੱਡੇ ਤਿਓਹਾਰ ਹੁੰਦੇ ਸਨ ਜਦੋਂ ਉਨ੍ਹਾਂ ਨੂੰ ਨਵੇਂ ਕੱਪੜੇ ਮਿਲ਼ਦੇ ਸਨ। ਝਾਂਸੀ ਦੱਸਦੀ ਹਨ,''ਉਸ ਤੋਂ ਪਹਿਲਾਂ ਤੱਕ ਉਹ, ਖ਼ਾਸ ਕਰਕੇ ਮੁੰਡੇ ਪਾਟੇ-ਪੁਰਾਣੇ ਕੱਪੜੇ ਪਾਉਂਦੇ ਸਨ, ਜਿਨ੍ਹਾਂ ਦੀ ਇੱਕ ਪੈਂਟ ਵਿੱਚ 16 ਮੋਰੀਆਂ ਹੁੰਦੀਆਂ ਅਤੇ ਹਰ ਮੋਰੀ ਨੂੰ ਸੂਈ ਧਾਗੇ ਨਾਲ਼ ਰਫ਼ੂ ਜਿਹਾ ਕੀਤਾ ਹੁੰਦਾ।'' ਇਹ ਦੱਸਦੇ ਹੋਏ ਕਿ ਉਹ ਆਪਣੇ ਹੱਥ ਨਾਲ਼ ਹਵਾ ਵਿੱਚ ਸਿਊਣ-ਢੰਗ ਦੱਸਦੀ ਹਨ। ਆਪਣੇ ਪੈਰਾਂ ਵਿੱਚ ਉਹ ਖਜੂਰ ਦੇ ਪੱਤਿਆਂ ਤੋਂ ਬਣੀਆਂ ਚੱਪਲਾਂ ਪਾਉਂਦੇ ਸਨ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਪੇ ਆਪਣੇ ਹੱਥੀਂ ਬਣਾਉਂਦੇ ਸਨ ਅਤੇ ਜੂਟ ਦੇ ਧਾਗਿਆਂ ਨਾਲ਼ ਬੰਨ੍ਹ ਦਿੰਦੇ। ਇਹ ਚੱਪਲਾਂ ਉਨ੍ਹਾਂ ਨੂੰ ਢੁੱਕਵੀਂ ਸੁਰੱਖਿਆ ਦਿੰਦੀਆਂ, ਕਿਉਂਕਿ ਉਸ ਸਮੇਂ ਲੂਣ ਕਿਆਰੀਆਂ ਦਾ ਖਾਰਾਪਣ ਅੱਜ ਦੇ ਮੁਕਾਬਲੇ ਕਾਫ਼ੀ ਘੱਟ ਸੀ- ਅੱਜ ਜਦੋਂ ਲੂਣ ਇੱਕ ਸਨਅਤੀ ਉਤਪਾਦ ਹੈ ਅਤੇ ਘਰੇਲੂ ਖਪਤ ਇਹਦੀ ਕੁੱਲ ਉਤਪਾਦਨ ਦਾ ਇੱਕ ਛੋਟਾ-ਜਿਹਾ ਹਿੱਸਾ ਹੀ ਹੈ।

Life has always been hard, the salt workers say. They only get a brief break between work, to sip some tea, in their shadeless workplace
PHOTO • M. Palani Kumar
Life has always been hard, the salt workers say. They only get a brief break between work, to sip some tea, in their shadeless workplace
PHOTO • M. Palani Kumar

ਲੂਣ-ਮਜ਼ਦੂਰ ਕਹਿੰਦੇ ਹਨ ਕਿ ਉਨ੍ਹਾਂ ਦਾ ਜੀਵਨ ਸਦਾ ਔਖ਼ਾ ਹੀ ਰਿਹਾ ਹੈ। ਉਨ੍ਹਾਂ ਨੂੰ ਲੂੰਹਦੇ ਸੂਰਜ ਹੇਠ ਕੰਮ ਵਿਚਾਲੇ, ਚਾਹ ਪੀਣ ਲਈ ਬੱਸ ਇੱਕ ਛੋਟਾ ਜਿਹਾ ਬ੍ਰੇਕ ਮਿਲ਼ਦਾ ਹੈ

*****

'' ਮੈਂ ਆਪਣਾ ਨਾਮ ਲਿਖ ਸਕਦੀ ਹਾਂ, ਬੱਸ ਦੇ ਰਸਤਿਆਂ ਨੂੰ ਪੜ੍ਹ ਸਕਦੀ ਹਾਂ, ਅਤੇ ਮੈਂ ਐੱਮਜੀਆਰ ਗੀਤ ਵੀ ਗਾ ਸਕਦੀ ਹਾਂ। ''
– ਐੱਸ. ਰਾਣੀ, ਲੂਣ-ਮਜ਼ਦੂਰ ਅਤੇ ਲੀਡਰ

ਸ਼ਾਮੀਂ ਕੰਮ ਮੁੱਕਣ ਤੋਂ ਬਾਅਦ ਰਾਣੀ ਸਾਨੂੰ ਆਪਣੇ ਘਰ ਲੈ ਕੇ ਗਈ- ਇੱਕ ਛੋਟੇ ਜਿਹੇ ਕਮਰੇ ਦਾ ਪੱਕਾ ਘਰ। ਜਿਸ ਅੰਦਰ ਸੋਫ਼ਾ ਅਤੇ ਸਾਈਕਲ ਪਿਆ ਸੀ ਅਤੇ ਬੱਝੀ ਰੱਸੀ 'ਤੇ ਕੱਪੜੇ ਲਮਕ ਰਹੇ ਸਨ। ਗਰਮਾ-ਗਰਮਾ ਚਾਹ ਪੀਂਦਿਆਂ ਉਹ ਆਪਣੇ ਵਿਆਹ ਬਾਰੇ ਦੱਸਦੀ ਹਨ ਜੋ ਰਜਿਸਟਰਾਰ ਦਫ਼ਤਰ ਵਿੱਚ ਹੋਇਆ ਸੀ ਅਤੇ ਉਦੋਂ ਉਹ 29 ਸਾਲਾਂ ਦੀ ਸਨ। ਪਿੰਡ ਦੀ ਔਰਤ ਦੇ ਵਿਆਹ ਵਿੱਚ ਹੋਈ ਇੰਨੀ ਦੇਰੀ ਉਸ ਸਮੇਂ ਸਧਾਰਣ ਗੱਲ ਨਹੀਂ ਸੀ। ਸ਼ਾਇਦ ਉਨ੍ਹਾਂ ਦੇ ਪਰਿਵਾਰ ਦੀ ਗ਼ਰੀਬੀ ਵਿਆਹ ਵਿੱਚ ਹੋਈ ਇਸ ਦੇਰੀ ਦਾ ਕਾਰਨ ਰਹੀ ਸੀ। ਰਾਣੀ ਦੀਆਂ ਤਿੰਨ ਧੀਆਂ ਹਨ- ਥੰਗੁੰਮਲ, ਸੰਗੀਤਾ ਅਤੇ ਕਮਲਾ। ਇੱਕ ਬੇਟਾ ਵੀ ਹੈ-ਕੁਮਾਰ ਜੋ ਉਨ੍ਹਾਂ ਦੇ ਨਾਲ਼ ਹੀ ਰਹਿੰਦਾ ਹੈ। ਜਦੋਂ ਉਨ੍ਹਾਂ ਦਾ ਵਿਆਹ ਹੋਇਆ ''ਸਾਡੇ ਕੋਲ਼ ਰਸਮਾਂ-ਰਿਵਾਜਾਂ ਕਰਨ ਵਾਸਤੇ ਪੈਸੇ ਹੀ ਨਹੀਂ ਸਨ,'' ਉਹ ਕਹਿੰਦੀ ਹਨ। ਫਿਰ ਉਹ ਆਪਣੇ ਪਰਿਵਾਰ ਦੀ ਐਲਬਮ ਦਿਖਾਉਣ ਲੱਗਦੀ ਹਨ: ਉਨ੍ਹਾਂ ਦੀ ਇੱਕ ਧੀ ਦੇ ਕਲਾ ਸਮਾਗਮ ਦੀਆਂ ਅਤੇ ਦੂਸਰੀ ਧੀ ਦੇ ਵਿਆਹ ਮੌਕੇ ਦੀਆਂ, ਜਿਨ੍ਹਾਂ ਵਿੱਚ ਪੂਰੇ ਪਰਿਵਾਰ ਦੀ ਫੱਬਵੇਂ ਕੱਪੜਿਆਂ ਵਿੱਚ ਫ਼ੋਟੋ ਸੀ ਅਤੇ ਉਨ੍ਹਾਂ ਦੇ ਬੇਟੇ ਦੀਆਂ ਨੱਚਦਿਆਂ ਅਤੇ ਗਾਉਂਦਿਆਂ ਦੀ ਕੁਝ ਫ਼ੋਟੋਆਂ ਸਨ... ਇਨ੍ਹਾਂ ਖ਼ੁਸ਼ੀਆਂ ਦੀ ਕੀਮਤ ਲੂਣ ਕਿਆਰੀਆਂ ਵਿੱਚ ਡੰਗਰਾਂ ਵਾਂਗ ਕੰਮ ਕਰਕੇ ਚੁਕਾਈ ਗਈ ਸੀ।

ਜਿਸ ਸਮੇਂ ਅਸੀਂ ਹੱਸ ਰਹੇ ਸਾਂ ਅਤੇ ਗੱਲਾਂ ਕਰ ਰਹੇ ਸਾਂ, ਉਸੇ ਦੌਰਾਨ ਰਾਣੀ ਹਰੀਆਂ ਤਾਰਾਂ ਨਾਲ਼ ਬਣੀ ਇੱਕ ਟੋਕਰੀ ਦੇ ਕਿਨਾਰਿਆਂ ਨੂੰ ਦਬਾ ਰਹੀ ਸੀ ਅਤੇ ਹੈਂਡਲ ਨੂੰ ਕੱਸ ਰਹੀ ਸਨ। ਇਹ ਕੁਮਾਰ ਸੀ ਜਿਹਨੇ ਇੱਕ ਯੂ-ਟਿਊਬ ਦੀ ਵੀਡਿਓ ਤੋਂ ਗੂਜ਼ਬੇਰੀ ਦਾ ਨਮੂਨਾ ਸਿੱਖ ਕੇ ਇਹ ਟੋਕਰੀ ਬਣਾਈ ਸੀ। ਕਦੇ-ਕਦੇ ਉਨ੍ਹਾਂ ਕੋਲ਼ ਇਨ੍ਹਾਂ ਸਭ ਕੰਮਾਂ ਵਾਸਤੇ ਮਾਸਾ ਵੀ ਸਮਾਂ ਨਹੀਂ ਹੁੰਦਾ। ਵਾਧੂ ਕਮਾਈ ਲਈ ਉਹ ਲੂਣ ਦੀ ਕਿਸੇ ਹੋਰ ਕਿਆਰੀ ਵੱਲ ਚਲਾ ਜਾਂਦਾ ਹੈ। ਔਰਤਾਂ ਦੂਜੀ ਵਾਰੀ ਵਿੱਚ ਘਰ ਦੇ ਕੰਮ ਕਰਦੀਆਂ ਹਨ, ਉਹ ਕਹਿੰਦਾ ਹੈ,''ਉਨ੍ਹਾਂ ਨੂੰ ਸ਼ਾਇਦ ਹੀ ਕਿਤੇ ਅਰਾਮ ਮਿਲ਼ਦਾ ਹੈ।''

ਰਾਣੀ ਨੂੰ ਤਾਂ ਕਦੇ ਅਰਾਮ ਮਿਲ਼ਿਆ ਹੀ ਨਹੀਂ। ਇੱਥੋਂ ਤੱਕ ਕਿ ਬਚਪਨ ਵਿੱਚ ਵੀ ਨਹੀਂ। ਜਦੋਂ ਉਹ ਮਸਾਂ ਤਿੰਨ ਕੁ ਸਾਲਾਂ ਦੀ ਸਨ, ਉਦੋਂ ਹੀ ਉਨ੍ਹਾਂ ਨੂੰ ਆਪਣੀ ਮਾਂ ਅਤੇ ਭੈਣ ਦੇ ਨਾਲ਼ ਸਰਕਸ ਵਿੱਚ ਕੰਮ ਕਰਨ ਲਈ ਭੇਜਿਆ ਗਿਆ ਸੀ। ''ਉਸ ਸਰਕਸ ਦਾ ਨਾਮ ਤੁਤੀਕੋਰਿਨ ਸੋਲੋਮਨ ਸਰਕਸ ਸੀ ਅਤੇ ਮੇਰੀ ਮਾਂ 'ਹਾਈ-ਵੀਲ੍ਹ' (ਇੱਕ-ਪਹੀਆ) ਸਾਈਕਲ ਚਲਾਉਣ ਵਿੱਚ ਕੁਸ਼ਲ ਸਨ।'' ਰਾਣੀ ਡੰਡੇ ਦੀ ਕਲਾ ਵਿੱਚ ਮਾਹਰ ਸੀ ਅਤੇ ਉਨ੍ਹਾਂ ਦੀ ਭੈਣ ਕਲਾਬਾਜ਼ੀਆਂ ਵਿੱਚ। ''ਮੇਰੀ ਭੈਣ ਕੱਸੀ ਹੋਈ ਰੱਸੀ 'ਤੇ ਤੁਰਨ ਦੀ ਮਾਹਰ ਸੀ। ਮੈਂ ਦੂਹਰੀ ਹੁੰਦੀ ਹੋਈ ਮੂੰਹ ਨਾਲ਼ ਕੱਪ ਚੁੱਕਦੀ ਸਾਂ।'' ਸਰਕਸ ਦੀ ਇਸ ਮੰਡਲੀ ਨਾਲ਼ ਉਨ੍ਹਾਂ ਨੇ ਮਦੁਰਈ, ਮਨੱਪਰਈ, ਨਾਗਰਕੋਇਲ, ਪੋਲਾਚੀ ਜਿਹੇ ਸ਼ਹਿਰਾਂ ਦੀ ਯਾਤਰਾ ਕੀਤੀ।

ਜਦੋਂ ਰਾਣੀ ਅੱਠ ਸਾਲਾਂ ਦੀ ਹੋਈ ਤਾਂ ਸਰਕਸ ਮੰਡਲੀ ਦੇ ਵਾਪਸ ਤੁਤੀਕੋਰਿਨ ਮੁੜਦਿਆਂ ਹੀ ਉਨ੍ਹਾਂ ਨੂੰ (ਰਾਣੀ) ਨੂੰ ਲੂਣ ਕਿਆਰੀਆਂ ਵਿੱਚ ਕੰਮ ਕਰਨ ਭੇਜ ਦਿੱਤਾ ਜਾਂਦਾ ਸੀ। ਉਦੋਂ ਤੋਂ ਹੀ ਅੱਜ ਤੀਕਰ ਲੂਣ ਕਿਆਰੀਆਂ ਹੀ ਉਨ੍ਹਾਂ ਦੀ ਮੁਕੰਮਲ ਦੁਨੀਆ ਹੈ। ਅੱਠ ਸਾਲ ਦੀ ਉਮਰੇ ਹੀ ਉਨ੍ਹਾਂ ਦਾ ਸਕੂਲ ਛੁੱਟ ਗਿਆ। ''ਮੈਂ ਤੀਜੀ ਤੱਕ ਪੜ੍ਹਾਈ ਕੀਤੀ ਹੈ। ਮੈਂ ਆਪਣਾ ਨਾਮ ਲਿਖ ਸਕਦੀ ਹਾਂ, ਬੱਸ ਦੇ ਰਸਤਿਆਂ ਨੂੰ ਪੜ੍ਹ ਸਕਦੀ ਹਾਂ ਅਤੇ ਐੱਮਜੀਆਰ ਦੇ ਗੀਤ ਵੀ ਗਾ ਸਕਦੀ ਹਾਂ।'' ਉਸ ਦਿਨ ਸਵੇਰੇ ਜਦੋਂ ਰੇਡਿਓ 'ਤੇ ਪੁਰਾਣੇ ਐੱਮਜੀਆਰ ਦਾ ਗਾਣਾ ਵੱਜਿਆ ਤਾਂ ਉਹ ਉਹਦੇ ਨਾਲ਼ ਨਾਲ਼ ਗਾਉਣ ਲੱਗੀ। ਗਾਣੇ ਅੰਦਰਲਾ ਭਾਵ ਸਾਨੂੰ ਚੰਗਾ ਕੰਮ ਕਰਨ ਬਾਰੇ ਕਹਿੰਦਾ ਹੈ।

Rani and Jhansi with their heavy tools: just another day of backbreaking labour
PHOTO • M. Palani Kumar
Rani and Jhansi with their heavy tools: just another day of backbreaking labour
PHOTO • M. Palani Kumar

ਆਪਣੇ ਭਾਰੇ ਸੰਦਾਂ ਨੂੰ ਚੁੱਕੀ ਰਾਣੀ ਅਤੇ ਝਾਂਸੀ : ਲੱਕ-ਤੋੜੂ ਮੁਸ਼ੱਕਤ ਦਾ ਇੱਕ ਹੋਰ ਦਿਨ

ਉਨ੍ਹਾਂ ਦੇ ਨਾਲ਼ ਕੰਮ ਕਰਨ ਵਾਲ਼ੀਆਂ ਔਰਤਾਂ ਰਾਣੀ ਨੂੰ ਛੇੜਦਿਆਂ ਕਹਿੰਦੀਆਂ ਹਨ ਕਿ ਉਹ ਨੱਚਣ ਵਿੱਚ ਵੀ ਕਮਾਲ ਹੈ। ਜਦੋਂ ਉਹ ਔਰਤਾਂ ਥੋੜ੍ਹਾ ਸਮਾਂ ਪਹਿਲਾਂ ਥੁਥੁਕੁੜੀ ਤੋਂ ਸੰਸਦ ਮੈਂਬਰ ਕਨਿਮੋਝੀ ਕਰੂਣਾਨਿਧੀ ਦੀ ਪ੍ਰਧਾਨਗੀ ਵਿੱਚ ਅਯੋਜਿਤ ਸਮਾਰੋਹ ਵਿੱਚ ਰਾਣੀ ਵੱਲੋਂ ਕੀਤੀ ਕਰਗੱਟਮ ਪੇਸ਼ਕਾਰੀ ਬਾਬਤ ਗੱਲ ਕਰਦੀਆਂ ਹਨ ਤਾਂ ਉਹ (ਰਾਣੀ) ਖਿਸਿਆ ਜਾਂਦੀ ਹਨ। ਰਾਣੀ ਮੰਚ 'ਤੇ ਬੋਲਣਾ ਵੀ ਸਿੱਖ ਰਹੀ ਹਨ ਅਤੇ ਆਪਣੇ ਟੋਲੀ ( ਕੁਜ਼ੂ )- ਸਵੈ-ਸਹਾਇਤਾ ਸਮੂਹ ਦੀਆਂ ਔਰਤਾਂ ਅਤੇ ਉਹਦੇ ਨਾਲ਼-ਨਾਲ਼ ਲੂਣ ਮਜ਼ਦੂਰਾਂ ਦੀ ਨੇਤਾ ਦੇ ਰੂਪ ਵਿੱਚ ਉਹ ਸਰਕਾਰ ਦੇ ਸਾਹਮਣੇ ਉਨ੍ਹਾਂ ਦਾ ਪੱਖ ਰੱਖਣ ਲਈ ਯਾਤਰਾਵਾਂ ਵੀ ਕਰਦੀ ਹਨ। ਜਦੋਂ ਉਨ੍ਹਾਂ ਦੀਆਂ ਸਾਥਣਾਂ ਕਹਿੰਦੀਆਂ ਹਨ,''ਉਹ ਸਾਡੀਆਂ ਲੂਣ ਕਿਆਰੀਆਂ ਦੀ ਰਾਣੀ ਹੈ,'' ਤਾਂ ਮੁਸਕਰਾ ਪੈਂਦੀ ਹਨ।

2017 ਵਿੱਚ ਕ੍ਰਿਸ਼ਨਾਮੂਰਤੀ ਦੁਆਰਾ ਅਯੋਜਿਤ ਇੱਕ ਸਭਾ ਵਿੱਚ ਸ਼ਾਮਲ ਹੋਣ ਲਈ ਉਹ ਚੇਨੱਈ ਗਈ ਸਨ। ''ਸਾਡੇ ਵਿੱਚੋਂ ਬਹੁਤੇ ਲੋਕ ਤਿੰਨ ਦਿਨਾਂ ਵਾਸਤੇ ਉੱਥੇ ਗਏ ਸਾਂ। ਉਹ ਇੱਕ ਮਜ਼ੇਦਾਰ ਯਾਤਰਾ ਸੀ! ਅਸੀਂ ਇੱਕ ਹੋਟਲ ਵਿੱਚ ਰੁਕੇ ਸਾਂ ਅਤੇ ਉੱਥੋਂ ਐੱਮਜੀਆਰ ਦੀ ਸਮਾਧੀ , ਅੰਨਾ ਸਮਾਧੀ ਦੇਖਣ ਗਏ। ਅਸੀਂ ਨੂਡਲ, ਚਿਕਨ, ਇਡਲੀ ਅਤੇ ਪੋਂਗਲ ਖਾਧਾ। ਅਸੀਂ ਜਦੋਂ ਤੱਕ ਮਰੀਨਾ ਬੀਚ ਪਹੁੰਚੇ ਉਦੋਂ ਤੱਕ ਕਾਫ਼ੀ ਰਾਤ ਹੋ ਚੁੱਕੀ ਸੀ, ਪਰ ਸਾਰਾ ਕੁਝ ਬਹੁਤ ਵਧੀਆ ਅਤੇ ਯਾਦਗਾਰੀ ਸੀ!''

ਘਰੇ ਉਨ੍ਹਾਂ ਦਾ ਖਾਣਾ ਕਾਫ਼ੀ ਸਧਾਰਣ ਹੁੰਦਾ ਹੈ। ਉਹ ਚੌਲ਼ ਅਤੇ ਇੱਕ ਕੁਜ਼ਾਂਬੂ (ਸ਼ੋਰਬੇਦਾਰ ਸਬਜ਼ੀ) ਰਿੰਨ੍ਹਦੀ ਹਨ। ਆਮ ਦਿਨੀਂ ਕੁਜ਼ਾਂਬੂ, ਮੱਛੀ ਦੇ ਨਾਲ਼ ਪਿਆਜ਼ ਜਾਂ ਫਿਰ ਫਲ਼ੀਆਂ ਦੇ ਨਾਲ਼ ਬਣਾਇਆ ਜਾਂਦਾ ਹੈ। ਅੱਡ ਤੋਂ ਖਾਣ ਲਈ ਕਰੂਵਾਡੂ (ਸੁੱਕੀ ਲੂਣੀ ਮੱਛੀ) ਅਤੇ ਕੁਝ ਸਬਜ਼ੀਆਂ ਜਿਵੇਂ ਪੱਤ-ਗੋਭੀ ਜਾਂ ਚੁਕੰਦਰ ਖਾਣੇ ਦੇ ਨਾਲ਼ ਰੱਖੀ ਜਾਂਦੀ ਹੈ। ਉਹ ਦੱਸਦੀ ਹਨ,''ਜਦੋਂ ਸਾਡੇ ਕੋਲ਼ ਪੈਸੇ ਘੱਟ ਹੁੰਦੇ ਹਨ ਤਾਂ ਅਸੀਂ ਕਾਲ਼ੀ ਕੌਫ਼ੀ ਪੀਂਦੇ ਹਾਂ।'' ਪਰ ਉਹ ਸ਼ਿਕਾਇਤ ਨਹੀਂ ਕਰਦੀ। ਈਸਾਈ ਹੋਣ ਨਾਤੇ ਉਹ ਚਰਚ ਜਾਂਦੀ ਹਨ ਅਤੇ ਭਜਨ ਗਾਉਂਦੀ ਹਨ। ਆਪਣੇ ਪਤੀ ਸੇਸੂ ਨੂੰ ਇੱਕ ਦੁਰਘਟਨਾ ਵਿੱਚ ਗੁਆ ਲੈਣ ਬਾਅਦ ਉਨ੍ਹਾਂ ਦੇ ਬੱਚੇ ਉਨ੍ਹਾਂ ਦੇ ਨਾਲ਼ ਕਾਫ਼ੀ ਸਹੀ ਤਰੀਕੇ ਨਾਲ਼ ਰਹਿੰਦੇ ਰਹੇ, ਖ਼ਾਸ ਕਰਕੇ ਉਹ ਆਪਣੇ ਬੇਟੇ ਦਾ ਨਾਮ ਬਾਰ-ਬਾਰ ਲੈਂਦੀ ਹਨ। '' ਓਨੁਮ ਕੁਰਾਇ ਸੋੱਲ ਮੁਡਿਯਾਧੂ (ਮੈਂ ਕਿਸੇ ਗੱਲੋਂ ਸ਼ਿਕਾਇਤ ਨਹੀਂ ਕਰ ਸਕਦੀ), ਪਰਮਾਤਮਾ ਨੇ ਮੈਨੂੰ ਚੰਗੇ ਦਿਨ ਬਖ਼ਸ਼ੇ ਹਨ।''

ਜਦੋਂ ਉਹ ਗਰਭਵਤੀ ਸਨ, ਉਦੋਂ ਉਹ ਪ੍ਰਸਵ ਹੋਣ ਦੇ ਦਿਨ ਤੱਕ ਲਗਾਤਾਰ ਕੰਮ ਕਰਦੀ ਰਹੀ। ਪ੍ਰਸਵ ਵਾਸਤੇ ਵੀ ਉਹ ਲੂਣ ਕਿਆਰੀਆਂ ਤੋਂ ਸਿੱਧੇ ਹਸਪਤਾਲ ਵੀ ਪੈਦਲ ਹੀ ਪਹੁੰਚਦੀ ਸਨ। ਗੋਡਿਆਂ ਤੋਂ ਰਤਾ ਉਤਾਂਹ ਪੱਟਾਂ ਨੇੜੇ ਹੱਥ ਲਾ ਕੇ ਦੱਸਦਿਆਂ ਕਹਿੰਦੀ ਹਨ,''ਮੇਰੇ ਢਿੱਡ ਇੱਥੇ ਅਰਾਮ ਫ਼ਰਮਾਉਂਦਾ ਹੁੰਦਾ।'' ਪ੍ਰਸਵ ਦੇ 13 ਦਿਨ ਬਾਅਦ ਹੀ ਉਹ ਵਾਪਸ ਕੰਮੇ ਲੱਗ ਜਾਂਦੀ ਰਹੀ ਸਨ। ਉਨ੍ਹਾਂ ਦਾ ਬੱਚਾ ਭੁੱਖ ਨਾਲ਼ ਵਿਲ਼ਕੇ ਨਾ ਉਹਦੇ ਲਈ ਉਹ ਸਾਬੁਦਾਨੇ ਦੇ ਆਟੇ ਦਾ ਪਤਲਾ ਘੋਲ਼ ਬਣਾਉਂਦੀ ਸਨ। ਦੋ ਚਮਚੇ ਆਟੇ ਨੂੰ ਇੱਕ ਕੱਪੜੇ ਵਿੱਚ ਬੰਨ੍ਹ ਕੇ, ਪਾਣੀ ਵਿੱਚ ਭਿਓਂ ਕੇ ਅਤੇ ਉਬਾਲ਼ ਕੇ ਉਹ ਉਹਨੂੰ ਗ੍ਰਾਇਪ ਵਾਟਰ ਵਿੱਚ ਪਾ ਕੇ ਉਸ 'ਤੇ ਰਬੜ ਦਾ ਢੱਕਣ ਲਾ ਦਿਆ ਕਰਦੀ ਅਤੇ ਉਨ੍ਹਾਂ ਦੇ ਬੱਚੇ ਨੂੰ ਦੁੱਧ-ਚੁੰਘਾਉਣ ਆਉਣ ਤੀਕਰ ਕੋਈ ਨਾ ਕੋਈ ਬੱਚੇ ਕੋਲ਼ ਹੁੰਦਾ ਅਤੇ ਉਹਨੂੰ ਬੋਤਲ਼ ਨਾਲ਼ ਘੋਲ ਪਿਆਉਂਦਾ ਰਹਿੰਦਾ।

ਮਾਹਵਾਰੀ ਵੀ ਓਨੀ ਹੀ ਔਖ਼ੀ ਹੁੰਦੀ ਸੀ, ਜਦੋਂ ਪੈਰਾਂ ਅਤੇ ਪੱਟਾਂ ਵਿੱਚ ਸ਼ਦੀਦ ਪੀੜ੍ਹ ਹੁੰਦੀ ਸੀ। ''ਸ਼ਾਮੀਂ ਗਰਮ ਪਾਣੀ ਨਾਲ਼ ਨਹਾਉਣ ਤੋਂ ਬਾਅਦ ਮੈਂ ਆਪਣੇ ਪੱਟਾਂ 'ਤੇ ਨਾਰੀਅਲ ਤੇਲ ਮਲ਼ਦੀ ਸਾਂ। ਤਾਂਕਿ ਅਗਲੀ ਸਵੇਰ ਕੰਮ 'ਤੇ ਜਾ ਸਕਾਂ...''

ਇੰਨੇ ਸਾਲਾਂ ਦੇ ਤਜ਼ਰਬੇ ਤੋਂ ਬਾਅਦ, ਰਾਣੀ ਲੂਣ ਨੂੰ ਦੇਖ ਕੇ ਅਤੇ ਛੂਹ ਕੇ ਹੀ ਉਹਦੀ ਗੁਣਵੱਤਾ ਬਾਬਤ ਦੱਸ ਸਕਦੀ ਹਨ। ਚੰਗੇ ਸੇਂਧਾ ਲੂਣ ਦੀ ਪਛਾਣ ਇਹ ਹੈ ਕਿ ਉਹਦੇ ਰਵੇ/ਦਾਣੇ ਇਕਸਾਰ ਹੁੰਦੇ ਹਨ ਅਤੇ ਇੱਕ-ਦੂਸਰੇ ਨਾਲ਼ ਚਿਪਕਦੇ ਨਹੀਂ। ''ਜੇ ਇਹ ਪਿਸੁ-ਪਿਸੁ (ਚਿਪਚਿਪਾ) ਹੋਇਆ ਤਾਂ ਉਹਦਾ ਸੁਆਦ ਵੀ ਚੰਗਾ ਨਹੀਂ ਹੋਵੇਗਾ।'' ਵਿਗਿਆਨਕ ਢੰਗ ਨਾਲ਼ ਲੂਣ ਉਤਪਾਦਨ ਵਿੱਚ ਬੌਮ ਥਰਮਾਮੀਟਰ ਅਤੇ ਵਿਆਪਕ ਸਿੰਚਾਈ ਮਾਰਕਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂਕਿ ਲੂਣ ਦੀ ਉੱਚ-ਗੁਣਵੱਤਾ ਵਾਲ਼ੀ ਫ਼ਸਲ ਤਿਆਰ ਹੋ ਸਕੇ। ਉਹ ਮੈਨੂੰ ਦੱਸਦੀ ਹਨ ਕਿ ਇਨ੍ਹਾਂ ਲੋੜਾਂ ਨੂੰ ਪੂਰਿਆਂ ਕਰਨ ਤੋਂ ਬਾਵਜੂਦ ਇਹ ਲੂਣ ਉਦਯੋਗਿਕ ਵਰਤੋਂ ਲਈ ਜ਼ਿਆਦਾ ਬੇਹਤਰ ਹੁੰਦਾ ਹੈ।

Rani at home, and with her son Kumar (right). During each pregnancy, she worked till the day of delivery – then walked to the hospital directly from the salt pans
PHOTO • M. Palani Kumar
During each pregnancy, she worked till the day of delivery – then walked to the hospital directly from the salt pans
PHOTO • M. Palani Kumar

ਰਾਣੀ ਘਰੇ ਆਪਣੇ ਬੇਟੇ ਕੁਮਾਰ (ਸੱਜੇ) ਦੇ ਨਾਲ਼ ਬੈਠੀ ਹਨ। ਜਦੋਂ ਵੀ ਉਹ ਗਰਭਵਤੀ ਹੋਈ, ਪ੍ਰਸਵ ਦੇ ਦਿਨ ਤੱਕ ਲਗਾਤਾਰ ਕੰਮ ਕਰਦੀ ਰਹੀ। ਪ੍ਰਸਵ ਵਾਸਤੇ ਵੀ ਉਹ ਲੂਣ ਕਿਆਰੀਆਂ ਤੋਂ ਸਿੱਧੇ ਹਸਪਤਾਲ ਤੱਕ ਪੈਦਲ ਹੀ ਪਹੁੰਚ ਜਾਂਦੀ ਸਨ

*****

'' ਲੂਣ ਦੀਆਂ ਕਿਆਰੀਆਂ ਨੂੰ ਉਦਯੋਗ ਦੇ ਰੂਪ ਵਿੱਚ ਨਹੀਂ ,ਸਗੋਂ ਖੇਤੀ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ। ''
– ਜੀ. ਗ੍ਰਹਦੁਰਾਈ, ਪ੍ਰਧਾਨ, ਥੁਥੁਕੁੜੀ ਸਮਾਲ ਸਕੇਲ ਸਾਲਟ ਮੈਨੂਫੈਕਚਰਰਸ ਐਸੋਸੀਏਸ਼ਨ

ਥੁਥੁਕੁੜੀ ਦੀ ਨਿਊ ਕਲੋਨੀ ਵਿੱਚ ਬਣੇ ਆਪਣੇ ਵਾਤਾ-ਅਨੁਕੂਲਤ ਆਫ਼ਿਸ ਵਿੱਚੋਂ, ਜੋ ਬਹੁਤਾ ਦੂਰ ਵੀ ਨਹੀਂ ਹੈ ਕਿਉਂਕਿ ਦਫ਼ਤਰ ਅੰਦਰੋਂ ਹੀ ਇਨ੍ਹਾਂ ਝੁਲਸਾਦੇਣ ਵਾਲ਼ੀਆਂ ਲੂਣ ਕਿਆਰੀਆਂ ਉੱਪਰੋਂ ਉੱਡਦਾ ਕਾਂ ਦਿੱਸਦਾ ਹੈ, ਜੀ.ਗ੍ਰਹਦੁਰਾਈ ਮੇਰੇ ਨਾਲ਼ ਜ਼ਿਲ੍ਹੇ ਦੇ ਲੂਣ-ਉਦਯੋਗ ਨਾਲ਼ ਜੁੜੀਆਂ ਸਭ ਤੋਂ ਮਹੱਤਵਪੂਰਨ ਗੱਲਾਂ ਦੀ ਚਰਚਾ ਕਰਦੇ ਹਨ। ਉਨ੍ਹਾਂ ਦੀ ਐਸੋਸੀਏਸ਼ਨ ਵਿੱਚ 175 ਦੇ ਕਰੀਬ ਮੈਂਬਰ ਹਨ ਅਤੇ ਹਰ ਇੱਕ ਮੈਂਬਰ ਦੇ ਕੋਲ਼ 10 ਏਕੜ ਜ਼ਮੀਨ ਹੈ। ਪੂਰੇ ਜ਼ਿਲ੍ਹੇ ਅੰਦਰ, 25,000 ਏਕੜ ਤੱਕ ਫੈਲੀਆਂ ਹੋਈਆਂ ਕਿਆਰੀਆਂ ਸਲਾਨਾ 25 ਲੱਖ ਟਨ ਲੂਣ ਦਾ ਉਤਪਾਦਨ ਕਰਦੀਆਂ ਹਨ।

ਔਸਤਨ ਹਰੇਕ ਏਕੜ ਜ਼ਮੀਨ, ਸਲਾਨਾ 100 ਟਨ ਉਤਪਾਦਨ (ਲੂਣ) ਕਰਦੀ ਹੈ। ਇੱਕ ਖ਼ਰਾਬ ਸਾਲ ਵਿੱਚ, ਜਦੋਂ ਬਹੁਤ ਜ਼ਿਆਦਾ ਮੀਂਹ ਪੈ ਜਾਵੇ ਤਦ ਉਤਪਾਦਨ ਘੱਟ ਕੇ 60 ਰਹਿ ਜਾਂਦਾ ਹੈ। ਗ੍ਰਹਦੁਰਾਈ ਮਜ਼ਦੂਰੀ ਦੀ ਵੱਧਦੀ ਲਾਗਤ 'ਤੇ ਗੱਲ ਕਰਦਿਆਂ ਕਹਿੰਦੇ ਹਨ,''ਹੇਠਲੀ ਖਾਰੀ ਮਿੱਟੀ ਤੋਂ ਇਲਾਵਾ ਸਾਨੂੰ ਬਿਜਲੀ ਦੀ ਲੋੜ ਪੈਂਦੀ ਹੈ ਤਾਂਕਿ ਪਾਣੀ ਨੂੰ ਉਤਾਂਹ ਖਿੱਚਿਆ ਜਾ ਸਕੇ ਅਤੇ ਨਾਲ਼ ਹੀ ਲੂਣ ਬਣਾਉਣ ਵਾਸਤੇ ਸਾਨੂੰ ਮਜ਼ਦੂਰਾਂ ਦੀ ਲੋੜ ਹੁੰਦੀ ਹੈ। ਮਜ਼ਦੂਰੀ ਦੀ ਲਾਗਤ ਲਗਾਤਾਰ ਵੱਧਦੀ ਹੀ ਜਾ ਰਹੀ ਹੈ ਅਤੇ ਹੁਣ ਤਾਂ ਕੰਮ ਦੇ ਘੰਟੇ ਵੀ ਘੱਟ ਹੋ ਗਏ ਹਨ। ਪਹਿਲਾਂ ਅੱਠ ਘੰਟੇ ਕੰਮ ਹੁੰਦਾ ਸੀ, ਹੁਣ ਸਿਰਫ਼ ਚਾਰ ਘੰਟੇ ਕੰਮ ਹੁੰਦਾ ਹੈ। ਉਹ ਸਵੇਰੇ 5 ਵਜੇ ਆਉਂਦੇ ਹਨ ਅਤੇ 9 ਵਜੇ ਹੀ ਚਲੇ ਜਾਂਦੇ ਹਨ। ਇੱਥੋਂ ਤੱਕ ਕਿ ਮਾਲਕ ਖ਼ੁਦ ਵੀ ਜਾ ਕੇ ਦੇਖਣਾ ਚਾਹੁੰਣ ਤਾਂ ਕਿਤੇ ਕੋਈ ਮਜ਼ਦੂਰ ਦਿਖਾਈ ਨਹੀਂ ਦਿੰਦਾ।'' ਕੰਮ ਦੇ ਘੰਟਿਆਂ ਨੂੰ ਲੈ ਕੇ ਉਨ੍ਹਾਂ ਦਾ ਹਿਸਾਬ-ਕਿਤਾਬ ਮਜ਼ਦੂਰਾਂ ਤੋਂ ਬਹੁਤ ਅੱਡ ਤਰੀਕੇ ਦਾ ਹੈ।

ਗ੍ਰਹਦੁਰਾਈ ਇਹ ਮੰਨਦੇ ਹਨ ਕਿ ਲੂਣ ਕਿਆਰੀਆਂ ਵਿੱਚ ਕੰਮ ਕਰਨਾ ਕਾਫ਼ੀ ਮੁਸ਼ਕਲ ਹੈ। ''ਪਾਣੀ ਅਤੇ ਗ਼ੁਸਲ ਦੀ ਕੋਈ ਸੁਵਿਧਾ ਦੇਣੀ ਜ਼ਰੂਰੀ ਹੈ, ਪਰ ਇਹ ਸੌਖ਼ਾ ਕੰਮ ਨਹੀਂ, ਕਿਉਂਕਿ ਲੂਣ ਕਿਆਰੀਆਂ ਸੌ ਕਿਲੋਮੀਟਰ ਦੀ ਦੂਰੀ ਤੱਕ ਤਾਂ ਫ਼ੈਲੀਆਂ ਹੋਈਆਂ ਹਨ।''

ਗ੍ਰਹਦੁਰਾਈ ਕਹਿੰਦੇ ਹਨ ਕਿ ਥੁਥੁਕੁੜੀ ਦੇ ਲੂਣ ਦੀ ਮੰਗ ਘੱਟ ਹੁੰਦੀ ਜਾ ਰਹੀ ਹੈ। ''ਪਹਿਲਾਂ, ਇੱਥੋਂ ਦੇ ਲੂਣ ਨੂੰ ਸਭ ਤੋਂ ਬੇਹਤਰ ਖਾਣਯੋਗ ਲੂਣ ਮੰਨਿਆ ਜਾਂਦਾ ਸੀ। ਪਰ ਹੁਣ ਇਹਦੀ ਸਪਲਾਈ ਦੱਖਣ ਦੇ ਸਿਰਫ਼ 4 ਰਾਜਾਂ ਵਿੱਚ ਹੀ ਹੁੰਦੀ ਹੈ ਅਤੇ ਥੋੜ੍ਹਾ ਬਹੁਤ ਇਹਦਾ ਨਿਰਯਾਤ ਸਿੰਘਾਪੁਰ ਅਤੇ ਮਲੇਸ਼ੀਆ ਵਿੱਚ ਕੀਤਾ ਜਾਂਦਾ ਹੈ। ਇਹਦੇ ਬਹੁਤੇਰੇ ਹਿੱਸੇ ਦੀ ਵਰਤੋਂ ਉਦਯੋਗਾਂ ਵਿੱਚ ਹੁੰਦੀ ਹੈ। ਹਾਂ, ਮਾਨਸੂਨ ਤੋਂ ਬਾਅਦ ਕਿਆਰੀਆਂ ਵਿੱਚੋਂ ਕੱਢੇ ਜਾਂਦੇ ਜਿਪਸਮ ਨਾਲ਼ ਜ਼ਰੂਰ ਕੁਝ ਮੁਨਾਫ਼ਾ ਹੋ ਜਾਂਦਾ ਹੈ। ਅਪ੍ਰੈਲ ਅਤੇ ਮਈ ਮਹੀਨਿਆਂ ਵਿੱਚ ਪਿਆ ਮੀਂਹ ਅਤੇ ਜਲਵਾਯੂ ਪਰਿਵਰਤਨ ਕਾਰਨ ਲੂਣ ਉਤਪਾਦਨ ਵੀ ਤੇਜ਼ੀ ਨਾਲ਼ ਪ੍ਰਭਾਵਤ ਹੋ ਰਿਹਾ ਹੈ।

ਇਸ ਤੋਂ ਇਲਾਵਾ, ਗੁਜਰਾਤ ਨਾਲ਼ ਸਿਰੇ ਦਾ ਮੁਕਾਬਲਾ ਵੀ ਹੈ: ''ਥੁਥੁਕੁੜੀ ਦੀ ਤੁਲਨਾ ਵਿੱਚ ਗਰਮ ਅਤੇ ਖ਼ੁਸ਼ਕ ਹੋਣ ਕਾਰਨ ਦੇਸ਼ ਦੇ ਕੁੱਲ ਲੂਣ ਉਤਪਾਦਨ ਦਾ 76 ਫੀਸਦ ਹਿੱਸਾ ਹੁਣ ਉਸੇ ਹਿੱਸੇ ਭਾਵ ਪੱਛਮੀ ਰਾਜ (ਗੁਜਰਾਤ) ਤੋਂ ਹੀ ਆਉਂਦਾ ਹੈ। ਉਨ੍ਹਾਂ ਦੇ ਲੂਣ ਦੀਆਂ ਜੋਤਾਂ ਕਾਫ਼ੀ ਵੱਡੀਆਂ ਹਨ ਅਤੇ ਉਤਪਾਦਨ ਪ੍ਰਕਿਰਿਆ ਵੀ ਅੰਸ਼ਿਕ ਤੌਰ 'ਤੇ ਮਸ਼ੀਨੀਕ੍ਰਿਤ ਹੀ ਹੈ। ਇਸ ਤੋਂ ਇਲਾਵਾ ਉੱਥੇ ਵੱਡੀ ਗਿਣਤੀ ਵਿੱਚ ਬਿਹਾਰ ਤੋਂ ਆਏ ਮਜ਼ਦੂਰ (ਸਸਤੇ ਮਜ਼ਦੂਰ) ਕੰਮ ਕਰਦੇ ਹਨ। ਉਨ੍ਹਾਂ ਦੀਆਂ ਕਿਆਰੀਆਂ ਨੂੰ ਜਵਾਰ ਦੇ ਪਾਣੀ ਨਾਲ਼ ਭਰਿਆ ਜਾਂਦਾ ਹੈ, ਇਸਲਈ ਉਨ੍ਹਾਂ ਦੀ ਬਿਜਲੀ ਦਾ ਖਰਚਾ ਵੀ ਬੱਚ ਜਾਂਦਾ ਹੈ।''

PHOTO • M. Palani Kumar

ਛੋਟੀਆਂ ਛੋਟੀਆਂ ਜਿੱਤਾਂ- ਉਜਰਤ ਵਿੱਚ ਮਾਮੂਲੀ ਜਿਹਾ ਵਾਧਾ ਅਤੇ ਬੋਨਸ, ਇਹ ਸਾਰਾ ਕੁਝ ਇਸਲਈ ਹੋਇਆ ਹੈ ਕਿਉਂਕਿ ਲੂਣ ਮਜ਼ਦੂਰਾਂ ਨੇ ਆਪਣੇ ਹੱਕਾਂ ਦੀ ਲੜਾਈ ਲੜੀ ਹੈ

ਥੁਥੁਕੁੜੀ ਵਿੱਚ ਇੱਕ ਟਨ ਲੂਣ ਦੇ ਉਤਪਾਦਨ ਦੀ ਲਾਗਤ 600 ਤੋਂ 700 ਰੁਪਏ ਹੀ ਹੈ। ਉਹ ਦਾਅਵਾ ਕਰਦੇ ਹਨ,''ਜਦੋਂਕਿ ਗੁਜਰਾਤ ਵਿੱਚ ਇਹ ਸਿਰਫ਼ 300 ਰੁਪਏ ਹੈ। ਦੱਸੋ ਅਸੀਂ ਉਨ੍ਹਾਂ ਨਾਲ਼ ਮੁਕਾਬਲਾ ਵੀ ਕਿਵੇਂ ਕਰ ਸਕਦੇ ਹਾਂ, ਖ਼ਾਸ ਕਰਕੇ ਜਦੋਂ ਇੱਕ ਟਨ ਲੂਣ ਦੀ ਕੀਮਤ ਅਚਾਨਕ ਡਿੱਗ ਕੇ 600 ਰੁਪਏ ਹੋ ਜਾਂਦੀ ਹੋਵੇ, ਜਿਵੇਂ ਕਿ 2019 ਵਿੱਚ ਹੋਇਆ ਸੀ?'' ਇਹਦੀ ਪੂਰਤੀ ਵਾਸਤੇ, ਗ੍ਰਹਦੁਰਾਈ ਅਤੇ ਦੂਸਰੇ ਲੋਕ ਚਾਹੁੰਦੇ ਹਨ ਕਿ ਲੂਣ ਉਤਪਾਦਨ ਨੂੰ ''ਉਦਯੋਗ ਵਾਂਗ ਨਹੀਂ, ਸਗੋਂ ਖੇਤੀ ਉਤਪਾਦਨ ਵਾਂਗ ਦੇਖਿਆ ਜਾਵੇ।'' (ਬੱਸ ਇੱਥੋਂ ਹੀ ਲੂਣ ਨੂੰ 'ਫ਼ਸਲ' ਕਰਾਰ ਦੇਣ ਦਾ ਵਿਚਾਰ ਪੈਦਾ ਹੋਇਆ) ਲੂਣ ਉਤਪਾਦਨ ਕਰਨ ਵਾਲ਼ੀਆਂ ਛੋਟੀਆਂ ਇਕਾਈਆਂ ਨੂੰ ਘੱਟ ਵਿਆਜ ਦਰਾਂ 'ਤੇ ਕਰਜ਼ਾ, ਸਬਸਿਡੀ 'ਤੇ ਬਿਜਲੀ ਅਤੇ ਕਾਰਖਾਨਾ ਅਤੇ ਮਜ਼ਦੂਰ ਐਕਟ ਤੋਂ ਛੋਟ ਦੀ ਲੋੜ ਹੈ।

''ਇਸ ਸਾਲ, ਪਹਿਲਾਂ ਹੀ ਗੁਜਰਾਤ ਤੋਂ ਆਏ ਜਹਾਜ਼ਾਂ ਨੇ ਥੁਥੁਕੁੜੀ ਵਿੱਚ ਆਪਣੇ ਲੂਣ ਦੀ ਵਿਕਰੀ ਕੀਤੀ ਹੈ।''

*****

''ਉਹ ਸਾਡੇ ਬਾਰੇ ਸਿਰਫ਼ ਉਦੋਂ ਲਿਖਦੇ ਹਨ, ਜਦੋਂ ਕੁਝ ਭਿਆਨਕ ਘਟਨਾ ਹੈ। ''
– ਲੂਣ ਕਿਆਰੀ ਦੀਆਂ ਔਰਤ ਮਜ਼ਦੂਰ

ਲੂਣ ਮਜ਼ਦੂਰਾਂ ਦੀ ਰੋਜ਼ੀਰੋਟੀ ਦੀ ਸੁਰੱਖਿਆ ਵਾਸਤੇ ਅਸੰਗਠਤ ਮਜ਼ਦੂਰ ਸੰਘ ਦੇ ਕ੍ਰਿਸ਼ਨਾਮੂਰਤੀ ਆਪਣੀਆਂ ਕਈ ਮੰਗਾਂ ਨੂੰ ਸਾਹਮਣੇ ਰੱਖਦੇ ਹਨ। ਬੁਨਿਆਦੀ ਸੁਵਿਧਾਵਾਂ (ਜਿਵੇਂ ਪਾਣੀ, ਗੁ਼ਸਲ ਅਤੇ ਅਰਾਮ ਦੀ ਥਾਂ) ਤੋਂ ਇਲਾਵਾ, ਉਹ ਮਜ਼ਦੂਰਾਂ, ਮਾਲਕਾਂ ਅਤੇ ਸਰਕਾਰ ਦੇ ਨੁਮਾਇੰਦਿਆਂ ਵਾਲ਼ੀ ਇੱਕ ਕਮੇਟੀ ਬਣਾਉਣ ਦੀ ਮੰਗ ਕਰਦੇ ਹਨ ਤਾਂਕਿ ਮੁਲਤਵੀ ਮਾਮਲਿਆਂ ਨੂੰ ਛੇਤੀ ਸੁਲਝਾਇਆ ਜਾ ਸਕੇ।

''ਸਾਨੂੰ ਫ਼ੌਰਨ ਦੀ ਬੱਚਿਆਂ ਦੀ ਦੇਖਭਾਲ਼ ਨਾਲ਼ ਜੁੜੀਆਂ ਸੁਵਿਧਾਵਾਂ ਦੀ ਲੋੜ ਹੈ। ਜਿਵੇਂ ਅਜੇ ਤੱਕ ਆਂਗਨਵਾੜੀਆਂ ਸਿਰਫ਼ ਕੰਮਕਾਜੀ ਸਮੇਂ ਦੌਰਾਨ (ਸਵੇਰੇ 9 ਵਜੇ ਤੋਂ ਸ਼ਾਮੀਂ 5 ਵਜੇ ਤੱਕ) ਹੀ ਕੰਮ ਕਰਦੀਆਂ ਹਨ। ਲੂਣ ਮਜ਼ਦੂਰ ਸਵੇਰੇ 5 ਵਜੇ ਆਪਣੇ ਘਰੋਂ ਨਿਕਲ਼ ਪੈਂਦੇ ਹਨ ਅਤੇ ਕੁਝ ਇਲਾਕਿਆਂ ਵਿੱਚ ਉਨ੍ਹਾਂ ਨੂੰ ਕੰਮ ਵਾਸਤੇ ਥੋੜ੍ਹੀ ਹੋਰ ਪਹਿਲਾਂ ਵੀ ਨਿਕਲ਼ਣਾ ਪੈਂਦਾ ਹੈ। ਜੇਕਰ ਉਨ੍ਹਾਂ ਦੇ ਬੱਚਿਆਂ ਵਿੱਚ ਸਭ ਤੋਂ ਵੱਡੀ ਇੱਕ ਕੁੜੀ ਹੈ ਤਾਂ ਉਹ ਮਾਂ ਦੀ ਗ਼ੈਰ-ਮੌਜੂਦਗੀ ਵਿੱਚ ਆਪਣੇ ਭਰਾ-ਭੈਣਾਂ ਦੀ ਦੇਖਭਾਲ਼ ਵਾਸਤੇ ਘਰੇ ਬੈਠੀ ਰਹੇਗੀ ਅਤੇ ਉਹਦੀ ਪੜ੍ਹਾਈ ਖ਼ਰਾਬ ਹੋ ਜਾਵੇਗੀ। ਕੀ ਆਂਗਨਵਾੜੀਆਂ ਨੂੰ ਇਨ੍ਹਾਂ ਬੱਚਿਆਂ ਦੀ ਦੇਖਭਾਲ਼ ਵਾਸਤੇ ਸਵੇਰੇ 5 ਵਜੇ ਤੋਂ ਸਵੇਰੇ 10 ਵਜੇ ਤੱਕ ਕੰਮ ਨਹੀਂ ਕਰਨਾ ਚਾਹੀਦਾ?''

ਕ੍ਰਿਸ਼ਨਾਮੂਰਤੀ ਆਪਣੀਆਂ ਛੋਟੀਆਂ ਛੋਟੀਆਂ ਜਿੱਤਾਂ (ਜਿਵੇਂ ਮਜ਼ਦੂਰੀ ਵਿੱਚ ਅੰਸ਼ਕ ਵਾਧਾ ਅਤੇ ਬੋਨਸ) ਬਾਰੇ ਦੱਸਦੇ ਹਨ ਕਿ ਇਹ ਸਾਰਾ ਕੁਝ ਉਦੋਂ ਸੰਭਵ ਹੋਇਆ ਜਦੋਂ ਮਜ਼ਦੂਰ ਇਕੱਠੇ ਹੋਏ ਅਤੇ ਉਨ੍ਹਾਂ ਨੇ ਆਪਣੇ ਅਧਿਕਾਰਾਂ ਲਈ ਲੜਾਈ ਲੜੀ। ਤਮਿਲਨਾਡੂ ਦੀ ਨਵੀਂ ਡੀਐੱਮਕੇ ਸਰਕਾਰ ਨੇ 2021 ਦੇ ਆਪਣੇ ਬਜਟ ਵਿੱਚ ਉਨ੍ਹਾਂ ਦੀ ਇੱਕ ਬੜੀ ਪੁਰਾਣੀ ਮੰਗ ਨੂੰ ਚੁੱਕਦਿਆਂ ਕੀਤਾ ਹੈ: ਮਾਨਸੂਨ ਦੌਰਾਨ 5,000 ਰੁਪਏ ਦੀ ਰਾਹਤ ਸਹਾਇਤਾ ਰਾਸ਼ੀ ਕ੍ਰਿਸ਼ਨਾਮੂਰਤੀ ਅਤੇ ਸਮਾਜਿਕ ਕਾਰਕੁੰਨ ਓਮਾ ਮਹੇਸ਼ਵਰੀ ਇਸ ਤੱਥ ਨੂੰ ਪ੍ਰਵਾਨ ਕਰਦੇ ਹਨ ਕਿ ਅਸੰਗਠਤ ਖੇਤਰ ਨੂੰ ਅਸਾਨੀ ਨਾਲ਼ ਸੰਗਠਤ ਖੇਤਰ ਦੇ ਰੂਪ ਵਿੱਚ ਪਰਿਵਰਤਿਤ ਨਹੀਂ ਕੀਤਾ ਜਾ ਸਕਦਾ। ਇਸ ਕਾਰੋਬਾਰ ਦੇ ਸਿਹਤ ਸਬੰਧੀ ਆਪਣੇ ਹੀ ਮਸਲੇ ਹਨ। ਉਹ ਪੁੱਛਦੇ ਹਨ,''ਹਾਂ ਯਕੀਨਨ ਹੀ, ਪਰ ਕੀ ਸਮਾਜਿਕ ਸੁਰੱਖਿਆ ਦੇ ਕੁਝ ਬੁਨਿਆਦੀ ਉਪਾਅ ਉਪਲਬਧ ਨਹੀਂ ਕਰਾਏ ਜਾ ਸਕਦੇ ਹਨ?''

ਆਖ਼ਰਕਾਰ ਜਿਵੇਂ ਕਿ ਔਰਤਾਂ ਕਹਿੰਦੀਆਂ ਹਨ, ਮਾਲਕ ਸਦਾ ਮੁਨਾਫ਼ਾ ਕਮਾਉਂਦੇ ਹਨ। ਝਾਂਸੀ ਇਨ੍ਹਾਂ ਲੂਣ ਕਿਆਰੀਆਂ ਦੀ ਤੁਲਨਾ ਖਜ਼ੂਰ ਦੇ ਪੱਤਿਆਂ ਨਾਲ਼ ਕਰਦੀ ਹਨ। ਦੋਵੇਂ ਹੀ ਸਖ਼ਤ, ਸੂਰਜ ਦੀ ਲੂੰਹਦੀ ਧੁੱਪ ਦਾ ਸਾਹਮਣਾ ਕਰਨ ਵਿੱਚ ਸਮਰੱਥ ਅਤੇ ਉਪਯੋਗੀ ਰਹਿੰਦੇ ਹਨ। ਉਹ ਬਾਰ-ਬਾਰ ' ਧੁੱਦੂ ' ਸ਼ਬਦ (ਬੋਲਚਾਲ ਦੀ ਭਾਸ਼ਾ ਵਿੱਚ ਪੈਸੇ ਲਈ ਇਸਤੇਮਾਲ ਹੋਣ ਵਾਲ਼ਾ ਤਮਿਲ ਸ਼ਬਦ) ਉਚਾਰਦਿਆਂ ਕਹਿੰਦੀ ਹਨ ਕਿ ਲੂਣ ਕਿਆਰੀਆਂ ਸਦਾ ਆਪਣੇ ਮਾਲਕਾਂ ਨੂੰ ਪੈਸਾ ਦਿੰਦੀ ਹਨ।

''ਪਰ ਸਾਡੇ ਲਈ ਨਹੀਂ। ਸਾਡੀਆਂ ਹਯਾਤੀਆਂ ਬਾਰੇ ਤਾਂ ਕੋਈ ਵੀ ਨਹੀਂ ਜਾਣਦਾ,'' ਕੰਮ ਨਬੇੜਨ ਬਾਅਦ ਕਾਗ਼ਜ਼ ਦੇ ਛੋਟੇ ਜਿਹੇ ਕੱਪ ਵਿੱਚ ਚਾਹ ਪੀਂਦਿਆਂ ਇਹ ਔਰਤਾਂ ਮੈਨੂੰ ਕਹਿੰਦੀਆਂ ਹਨ। ਹਰ ਥਾਂ ਤੁਸੀਂ ਕਿਸਾਨਾਂ ਬਾਰੇ ਪੜ੍ਹਦੇ ਹੋ, ਪਰ ਮੀਡਿਆ ਸਾਡੇ ਨਾਲ਼ ਸਿਰਫ਼ ਉਦੋਂ ਗੱਲ ਕਰਦਾ ਹੈ, ਜਦੋਂ ਅਸੀਂ ਵਿਰੋਧ ਪ੍ਰਦਰਸ਼ਨ ਕਰਦੇ ਹਾਂ।'' ਫਿਰ... ਫਿਰ ਤਿੱਖੇ ਲਹਿਜੇ ਵਿੱਚ ਪੁੱਛਦੀ ਹਨ,''ਉਹ ਸਿਰਫ਼ ਉਦੋਂ ਹੀ ਸਾਡੇ ਬਾਰੇ ਲਿਖਦੇ ਹਨ, ਜਦੋਂ ਸਾਡੇ ਨਾਲ ਕੁਝ ਮਾੜਾ ਵਾਪਰ ਜਾਂਦਾ ਹੈ। ਮੈਨੂੰ ਦੱਸੋ, ਕੀ ਸਾਰੇ ਲੋਕ ਲੂਣ ਨਹੀਂ ਖਾਂਦੇ?''

ਇਸ ਖ਼ੋਜ ਅਧਿਐਨ ਨੂੰ ਬੰਗਲੁਰੂ ਦੀ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ ਖ਼ੋਜ ਵਿੱਤ ਪੋਸ਼ਣ ਪ੍ਰੋਗਰਾਮ 2020 ਤਹਿਤ ਵਿੱਤੀ ਸਹਾਇਤਾ ਦਿੱਤੀ ਗਈ ਹੈ।

ਤਰਜਮਾ: ਕਮਲਜੀਤ ਕੌਰ

Reporting : Aparna Karthikeyan

ਅਪਰਨਾ ਕਾਰਤੀਕੇਅਨ ਇੱਕ ਸੁਤੰਤਰ ਪੱਤਰਕਾਰ, ਲੇਖਿਕਾ ਅਤੇ ਪਾਰੀ ਦੀ ਸੀਨੀਅਰ ਫੈਲੋ ਹਨ। ਉਨ੍ਹਾਂ ਦੀ ਨਾਨ-ਫਿਕਸ਼ਨ ਕਿਤਾਬ 'Nine Rupees an Hour' ਤਮਿਲਨਾਡੂ ਦੀ ਲੁਪਤ ਹੁੰਦੀ ਆਜੀਵਿਕਾ ਦਾ ਦਸਤਾਵੇਜੀਕਰਨ ਕਰਦੀ ਹੈ। ਉਨ੍ਹਾਂ ਨੇ ਬੱਚਿਆਂ ਵਾਸਤੇ ਪੰਜ ਕਿਤਾਬਾਂ ਲਿਖੀਆਂ ਹਨ। ਅਪਰਨਾ ਚੇਨੱਈ ਵਿਖੇ ਆਪਣੇ ਪਰਿਵਾਰ ਅਤੇ ਕੁੱਤਿਆਂ ਦੇ ਨਾਲ਼ ਰਹਿੰਦੀ ਹਨ।

Other stories by Aparna Karthikeyan
Photos and Video : M. Palani Kumar

ਐੱਮ. ਪਲਾਨੀ ਕੁਮਾਰ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਦੇ ਸਟਾਫ਼ ਫ਼ੋਟੋਗ੍ਰਾਫ਼ਰ ਹਨ। ਉਹ ਮਜ਼ਦੂਰ-ਸ਼੍ਰੇਣੀ ਦੀਆਂ ਔਰਤਾਂ ਅਤੇ ਹਾਸ਼ੀਏ 'ਤੇ ਪਏ ਲੋਕਾਂ ਦੇ ਜੀਵਨ ਨੂੰ ਦਸਤਾਵੇਜ਼ੀ ਰੂਪ ਦੇਣ ਵਿੱਚ ਦਿਲਚਸਪੀ ਰੱਖਦੇ ਹਨ। ਪਲਾਨੀ ਨੂੰ 2021 ਵਿੱਚ ਐਂਪਲੀਫਾਈ ਗ੍ਰਾਂਟ ਅਤੇ 2020 ਵਿੱਚ ਸਮਯਕ ਦ੍ਰਿਸ਼ਟੀ ਅਤੇ ਫ਼ੋਟੋ ਸਾਊਥ ਏਸ਼ੀਆ ਗ੍ਰਾਂਟ ਮਿਲ਼ੀ ਹੈ। ਉਨ੍ਹਾਂ ਨੂੰ 2022 ਵਿੱਚ ਪਹਿਲਾ ਦਯਾਨੀਤਾ ਸਿੰਘ-ਪਾਰੀ ਦਸਤਾਵੇਜ਼ੀ ਫੋਟੋਗ੍ਰਾਫ਼ੀ ਪੁਰਸਕਾਰ ਵੀ ਮਿਲ਼ਿਆ। ਪਲਾਨੀ ਤਾਮਿਲਨਾਡੂ ਵਿੱਚ ਹੱਥੀਂ ਮੈਲ਼ਾ ਢੋਹਣ ਦੀ ਪ੍ਰਥਾ ਦਾ ਪਰਦਾਫਾਸ਼ ਕਰਨ ਵਾਲ਼ੀ ਤਾਮਿਲ (ਭਾਸ਼ਾ ਦੀ) ਦਸਤਾਵੇਜ਼ੀ ਫ਼ਿਲਮ 'ਕਾਕੂਸ' (ਟਾਇਲਟ) ਦੇ ਸਿਨੇਮੈਟੋਗ੍ਰਾਫ਼ਰ ਵੀ ਸਨ।

Other stories by M. Palani Kumar
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur