"ਕੌਂਡਰਾ ਸੰਮਾਈਹ... ਨੂੰ ਸਿਰ 'ਤੇ ਚੜ੍ਹੇ ਕਰਜ਼ੇ ਦੀ ਬਦੌਲਤ ਦਿਮਾਗ਼ੀ ਪਰੇਸ਼ਾਨੀ ਹੋਈ ਜਿਸਦੇ ਚੱਲਦਿਆਂ ਉਹਨੇ ਜ਼ਹਿਰੀਲੀ ਕੀਟ-ਨਾਸ਼ਕ ਨਿਗਲ਼ ਲਈ..." ਐੱਫਆਈਆਰ ਵਿੱਚ ਕਿਹਾ ਗਿਆ ਹੈ।
17 ਦਸੰਬਰ 2017 ਨੂੰ ਥਾਰੀਗੋਪੁਲਾ ਪੁਲਿਸ ਥਾਣੇ ਵਿੱਚ ਐੱਫਆਈਆਰ (ਪ੍ਰਥਮ ਸੂਚਨਾ ਰਿਪੋਰਟ) ਦਾਇਰ ਕੀਤੀ ਗਈ, ਜੋ ਕਿ ਨਰਾਸਾਪੁਰ ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਹੈ, ਜਿੱਥੇ ਸੰਮਾਈਹ ਅਤੇ ਉਹਦੀ ਪਤਨੀ ਕੌਂਡਰਾ ਸਾਗਰਿਕਾ ਛੇ ਏਕੜ ਦੇ ਖੇਤ ਵਿੱਚ ਜੋ ਕਿ ਵਰਖਾ-ਸਿੰਚਿਤ ਭੂਮੀ ਸੀ, 'ਤੇ ਬੀਟੀ-ਕੌਟਨ ਦੀ ਖੇਤੀ ਕਰਦੇ।
ਉਨ੍ਹਾਂ ਦਾ ਕਰਜ਼ਾ 5 ਲੱਖ ਦੇ ਕਰੀਬ ਪਹੁੰਚ ਗਿਆ ਜੋ ਕਰਜ਼ਾ ਉਨ੍ਹਾਂ ਨੇ ਖਾਸ ਕਰਕੇ ਆਪਣੇ ਰਿਸ਼ਤੇਦਾਰਾਂ ਕੋਲੋਂ ਵੱਖ-ਵੱਖ ਵਿਆਜ਼ ਦਰਾਂ 'ਤੇ ਲਿਆ ਸੀ। ਸੰਮਾਈਹ ਅਤੇ ਸਾਗਰਿਕਾ ਕੋਲ਼ ਆਪਣੀ ਤਾਂ ਇੱਕ ਏਕੜ ਤੋਂ ਥੋੜ੍ਹੀ ਜਿਹੀ ਵੱਧ ਜ਼ਮੀਨ ਸੀ ਅਤੇ ਬਾਕੀ ਉਨ੍ਹਾਂ ਨੇ ਰਿਸ਼ਤੇਦਾਰਾਂ ਤੋਂ ਪਟੇ 'ਤੇ ਲਈ ਸੀ। "ਕਿਸਾਨ ਦਾ ਹਰ ਮੌਸਮ ਤੋਂ ਪਹਿਲਾਂ ਕਰਜ਼ਾ ਲੈਣ ਲਈ ਮਜ਼ਬੂਰ ਹੋਣਾ ਹੀ ਇਸ ਕਰਜ਼ੇ ਦੀ ਬੱਝੀ ਪੰਡ ਦਾ ਕਾਰਨ ਸੀ," ਸਾਗਰਿਕਾ ਕਹਿੰਦੀ ਹੈ। ਉੱਪਰੋਂ ਸੋਕੇ ਨੇ ਰਹਿੰਦੀ-ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਜ਼ਮੀਨ 'ਤੇ ਖੇਤੀ ਕਰਨ ਦੀ ਕੋਸ਼ਿਸ਼ ਕੀਤੀ, ਜੋੜੇ ਨੇ ਨਰਮੇ ਦੇ ਖੇਤਾਂ ਵਿੱਚ ਖੇਤ ਮਜ਼ਦੂਰਾਂ ਵਾਂਗ ਹੱਢ ਤੋੜੇ। 2011 ਵਿੱਚ ਉਨ੍ਹਾਂ ਦਾ ਵਿਆਹ ਹੋਣ ਤੋਂ ਬਾਅਦ, ਉਹ ਕੁਝ ਸਮਾਂ ਹੈਦਰਾਬਾਦ ਵਿੱਚ ਰਹੇ, ਜਿੱਥੇ ਸੰਮਾਈਹ ਬਤੌਰ ਡਰਾਈਵਰ ਕੰਮ ਕਰਦਾ ਰਿਹਾ। 2013 ਵਿੱਚ ਜਦੋਂ ਸੰਮਾਈਹ ਦੇ ਪਿਤਾ ਦੀ ਸਿਹਤ ਵਿਗੜਨ ਲੱਗੀ ਤਾਂ ਉਹ ਤੇਲੰਗਾਨਾ ਦੇ ਜਾਂਗਾਓ ਵਿੱਚ ਪੈਂਦੇ ਨਰਾਸਾਪੁਰ ਪਰਤ ਆਏ।
ਸਤੰਬਰ 2017 ਵਿੱਚ ਜਦੋਂ ਸੰਮਾਈਹ ਨੇ ਆਤਮਹੱਤਿਆ ਕੀਤੀ ਤਾਂ ਉਹ 29 ਸਾਲਾਂ ਦਾ ਸੀ। ਸਾਗਰਿਕਾ ਦੀ ਉਮਰ ਸਿਰਫ਼ 23 ਸਾਲ ਸੀ। ਉਨ੍ਹਾਂ ਦੇ ਬੱਚੇ, ਸਨੇਹਿਤਾ ਦੀ ਉਮਰ 5 ਸਾਲ ਅਤੇ ਬੇਟੇ ਸਾਤਵਿਕ ਦੀ ਉਮਰ 3 ਸਾਲ ਸੀ। "ਮੇਰੇ ਬੱਚੇ ਹਰ ਰੋਜ਼ ਉਨ੍ਹਾਂ ਪਲਾਂ ਨੂੰ ਯਾਦ ਕਰਦੇ ਹਨ ਜੋ ਉਨ੍ਹਾਂ ਨੇ ਮੇਰੇ ਪਤੀ ਨਾਲ਼ ਗੁਜ਼ਾਰੇ," ਉਹ ਕਹਿੰਦੀ ਹੈ। "ਮੇਰੇ ਪਤੀ ਦੀ ਮੌਤ ਤੋਂ ਬਾਅਦ ਦਾ ਪਹਿਲਾ ਵਰ੍ਹਾ ਬੜਾ ਔਖਾ ਸਾਬਤ ਹੋਇਆ। ਮੇਰੇ ਰਿਸ਼ਤੇਦਾਰ ਮੈਨੂੰ ਕਿਸੇ ਪ੍ਰੋਗਰਾਮ ਵਿੱਚ ਨਹੀਂ ਬੁਲਾਉਂਦੇ ਸਨ। ਹੁਣ ਜਦੋਂ ਉਨ੍ਹਾਂ ਨੇ ਮੇਰਾ ਸੰਘਰਸ਼ ਦੇਖਿਆ ਹੈ ਤਾਂ ਮੈਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ..."








