ਤੁਲੁਨਾਡੂ ਅਰਬ ਸਾਗਰ ਦੇ ਤੱਟ ਦੇ ਨਾਲ਼-ਨਾਲ਼ ਲੱਗਦਾ ਇੱਕ ਤੱਟਵਰਤੀ ਖੇਤਰ ਹੈ। ਇਸਦਾ ਵਿਦੇਸ਼ੀ ਵਪਾਰ ਦਾ ਇੱਕ ਲੰਮਾ ਅਤੇ ਖ਼ਾਸਾ ਸਥਾਪਤ ਇਤਿਹਾਸ ਹੈ। ਭੂਤ ਪੂਜਾ ਦੀ ਪਰੰਪਰਾ ਕਈ ਸਦੀਆਂ ਤੋਂ ਇੱਥੋਂ ਦੇ ਲੋਕਾਂ ਦੇ ਜੀਵਨ ਵਿੱਚ ਸਮਾਈ ਹੋਈ ਹੈ।

ਨਾਸਿਰ ਕਹਿੰਦੇ ਹਨ, "ਭੂਤ-ਪੂਜਾ ਵੇਲ਼ੇ ਸੰਗੀਤ ਵਜਾਉਣਾ ਹੀ ਮੇਰੀ ਰੋਜ਼ੀਰੋਟੀ ਦਾ ਜ਼ਰੀਆ ਹੈ। ਉਹ ਤੁਲੁਨਾਡੂ ਦੇ ਮੁਸਲਿਮ ਭਾਈਚਾਰੇ ਨਾਲ਼ ਸਬੰਧ ਰੱਖਦੇ ਹਨ ਅਤੇ ਮੁਸਲਿਮ ਭਾਈਚਾਰੇ ਦੁਆਰਾ ਪ੍ਰਬੰਧਿਤ ਇੱਕ ਸਾਜ਼ਾਂ ਵਾਲ਼ੀ ਸੰਗੀਤ ਮੰਡਲੀ ਦੇ ਮੈਂਬਰ ਹਨ। "ਸਾਨੂੰ ਇਨ੍ਹਾਂ ਜਸ਼ਨਾਂ ਵਿੱਚ ਪ੍ਰਦਰਸ਼ਨ ਕਰਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ।"

ਕਰਨਾਟਕ ਦੀ ਮਨੀਪਾਲ ਅਕੈਡਮੀ ਆਫ ਹਾਇਰ ਐਜੂਕੇਸ਼ਨ ਦੇ ਸਹਾਇਕ ਕੋਆਰਡੀਨੇਟਰ ਨਿਤੇਸ਼ ਅੰਚਨ ਦਾ ਕਹਿਣਾ ਹੈ ਕਿ ਭੂਤ ਪੂਜਾ ਇੱਕ ਰਸਮ ਹੈ ਜੋ ਬਹੁਤ ਸਾਰੇ ਭਾਈਚਾਰਿਆਂ ਨੂੰ ਇੱਕ ਛੱਤ ਹੇਠਾਂ ਲਿਆਉਂਦੀ ਹੈ। ਉਨ੍ਹਾਂ ਦਾ ਕਹਿਣਾ ਹੈ,"ਤੁਸੀਂ ਇੱਥੇ ਵੱਖ-ਵੱਖ ਥਾਵਾਂ ਤੋਂ ਆਣ ਵੱਸੇ ਲੋਕਾਂ ਨੂੰ ਬਹੁਤ ਹੀ ਵਿਲੱਖਣ ਤੁਲੂ ਰੀਤੀ ਰਿਵਾਜਾਂ ਵਿੱਚ ਹਿੱਸਾ ਲੈਂਦੇ ਦੇਖ ਸਕਦੇ ਹੋ।"

ਨਸੀਰ ਦਾ ਪਰਿਵਾਰ ਹੁਣ ਚਾਰ ਪੀੜ੍ਹੀਆਂ ਤੋਂ ਭੂਤ ਪੂਜਾ ਲਈ ਨਾਦਾਸਵਰਮ ਅਤੇ ਹੋਰ ਸੰਗੀਤਕ ਸਾਜ਼ ਵਜਾ ਰਿਹਾ ਹੈ। ਉਨ੍ਹਾਂ ਨੂੰ ਇਹ ਸੰਗੀਤਕ ਪਰੰਪਰਾ ਆਪਣੇ ਪਿਤਾ ਪਾਸੋਂ ਵਿਰਾਸਤ ਵਿੱਚ ਮਿਲੀ ਸੀ, ਪਰ ਉਨ੍ਹਾਂ ਤੋਂ ਬਾਅਦ ਇਸ ਵਿਰਾਸਤ ਨੂੰ ਅੱਗੇ ਤੋਰਨ ਵਾਲ਼ਾ ਪਰਿਵਾਰ ਵਿਚ ਕੋਈ ਨਹੀਂ ਹੋਵੇਗਾ। ਉਹ ਕਹਿੰਦੇ ਹਨ, "ਨੌਜਵਾਨ ਪੀੜ੍ਹੀ ਨੂੰ ਸੰਗੀਤ ਵਿੱਚ ਕੋਈ ਦਿਲਚਸਪੀ ਨਹੀਂ ਹੈ। ਹੁਣ ਉਹ ਪਹਿਲਾਂ ਵਾਲ਼ਾ ਸਮਾਂ ਨਹੀਂ ਰਿਹਾ। ਅੱਜ ਤਾਂ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ," ਨਾਸਿਰ ਕਹਿੰਦੇ ਹਨ, ਜੋ ਆਪਣੇ 50 ਵਿਆਂ ਵਿੱਚ ਹਨ।

ਅੰਚਨ ਕਹਿੰਦੇ ਹਨ, "ਭੂਤ ਤੁਲੁਨਾਡੂ ਦੇ ਲੋਕਾਂ ਦੇ ਦੇਵਤੇ ਹੁੰਦੇ ਹਨ। ਅਤੇ ਨਾ ਸਿਰਫ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ, ਬਲਕਿ ਉਹ ਲੋਕਾਂ ਦੇ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਵੀ ਹਨ, ਉਹ ਅੱਗੇ ਕਹਿੰਦੇ ਹਨ।

ਇਸ ਪ੍ਰਦਰਸ਼ਨ ਵਿੱਚ ਔਰਤ ਕਲਾਕਾਰਾਂ ਦੀ ਗ਼ੈਰ-ਹਾਜ਼ਰੀ ਜ਼ਿਕਰਯੋਗ ਹੈ। ਹਾਲਾਂਕਿ, ਭੂਤ ਪੂਜਾ ਦੇ ਦੌਰਾਨ ਮਨਾਈ ਜਾਣ ਵਾਲ਼ੀ ਕੋਲਾ ਨਾਮਕ ਰਸਮ ਵਿੱਚ, ਔਰਤ ਪਾਤਰਾਂ ਨੂੰ ਦੇਖਿਆ ਜਾ ਸਕਦਾ ਹੈ, ਪਰ ਉਨ੍ਹਾਂ ਦੀਆਂ ਭੂਮਿਕਾਵਾਂ ਮਰਦਾਂ ਦੁਆਰਾ ਨਿਭਾਈਆਂ ਜਾਂਦੀਆਂ ਹਨ।

ਨਾਸਿਰ ਅਤੇ ਉਨ੍ਹਾਂ ਦੀਆਂ ਸੰਗੀਤਕ ਮੰਡਲੀਆਂ ਤੁਲੁਨਾਡੂ ਵਿੱਚ ਵੱਖ-ਵੱਖ ਥਾਵਾਂ 'ਤੇ ਹੋ ਰਹੀ ਭੂਤ ਪੂਜਾ ਦੌਰਾਨ ਪੇਸ਼ਕਾਰੀਆਂ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ। ਇਹ ਫ਼ਿਲਸ ਇਸੇ ਪੇਸ਼ਕਾਰੀ 'ਤੇ ਹੀ ਅਧਾਰਤ ਹੈ।

ਫਿਲਮ ਦੇਖੋ: ਤੁਲੁਨਾਡੂ ਦੇ ਭੂਤ: ਮੇਲ਼-ਮਿਲਾਪ ਦੀ ਗਵਾਹੀ ਭਰਦੇ ਹਨ

ਕਵਰ ਤਸਵੀਰ: ਗੋਵਿੰਦ ਰਾਧੇਸ਼ ਨਾਇਰ

ਇਹ ਰਿਪੋਰਟ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐਮਐਮਐਫ) ਦੁਆਰਾ ਪ੍ਰਦਾਨ ਕੀਤੀ ਗਈ ਫੈਲੋਸ਼ਿਪ ਦੇ ਸਮਰਥਨ ਨਾਲ਼ ਲਿਖੀ ਗਈ ਹੈ।

ਤਰਜਮਾ: ਕਮਲਜੀਤ ਕੌਰ

Faisal Ahmed

ਫੈਜ਼ਲ ਅਹਿਮਦ ਇੱਕ ਦਸਤਾਵੇਜ਼ੀ ਫਿਲਮ ਨਿਰਮਾਤਾ ਹਨ, ਜੋ ਇਸ ਸਮੇਂ ਆਪਣੇ ਜੱਦੀ ਸ਼ਹਿਰ ਮਾਲਪੇ ਵਿੱਚ ਰਹਿੰਦੇ ਹਨ ਜੋ ਤੱਟਵਰਤੀ ਕਰਨਾਟਕ ਵਿੱਚ ਸਥਿਤ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਨੀਪਾਲ ਅਕੈਡਮੀ ਆਫ ਹਾਇਰ ਐਜੂਕੇਸ਼ਨ ਨਾਲ਼ ਕੰਮ ਕੀਤਾ, ਜਿੱਥੇ ਉਨ੍ਹਾਂ ਤੁਲੁਨਾਡੂ ਦੇ ਜੀਵੰਤ ਸਭਿਆਚਾਰਾਂ ਬਾਰੇ ਦਸਤਾਵੇਜ਼ੀ ਫਿਲਮਾਂ ਦਾ ਨਿਰਦੇਸ਼ਨ ਕੀਤਾ। ਉਹ ਇੱਕ ਐੱਮਐੱਮਐੱਫ-ਪਾਰੀ ਫੈਲੋ (2022-23) ਹਨ।

Other stories by Faisal Ahmed
Text Editor : Siddhita Sonavane

ਸਿੱਧੀਤਾ ਸੋਨਾਵਨੇ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਵਿਖੇ ਇੱਕ ਪੱਤਰਕਾਰ ਅਤੇ ਸਮੱਗਰੀ ਸੰਪਾਦਕ ਹਨ। ਉਨ੍ਹਾਂ ਨੇ 2022 ਵਿੱਚ ਐੱਸਐੱਨਡੀਟੀ ਮਹਿਲਾ ਯੂਨੀਵਰਸਿਟੀ, ਮੁੰਬਈ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਅਤੇ ਉਨ੍ਹਾਂ ਦੇ ਹੀ ਅੰਗਰੇਜ਼ੀ ਵਿਭਾਗ ਵਿੱਚ ਇੱਕ ਵਿਜ਼ਿਟਿੰਗ ਫੈਕਲਟੀ ਹਨ।

Other stories by Siddhita Sonavane
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur