"ਇਹ ਮੰਦਰ ਨਾ ਤਾਂ ਪਲੇਗ (1994 ਵਿੱਚ) ਦੌਰਾਨ ਨਾ ਹੀ ਚਿਕਨਗੁਨੀਆ (2006 ਵਿੱਚ) ਦੌਰਾਨ, ਇੱਥੋਂ ਤੱਕ ਕਿ ਭੂਚਾਲ (1993 ਵਿੱਚ) ਦੌਰਾਨ ਵੀ ਕਦੇ ਬੰਦ ਨਹੀਂ ਹੋਇਆ ਸੀ। ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਅਸੀਂ ਇਹ ਸਭ ਦੇਖ ਰਹੇ ਹਾਂ," ਸੰਜੈ ਪੇਂਡੇ ਕਹਿੰਦੇ ਹਨ, ਜੋ ਬਹੁਤ ਪਰੇਸ਼ਾਨ ਨਜ਼ਰ ਆ ਰਹੇ ਹਨ। ਉਹ ਦੱਖਣ ਮਹਾਰਾਸ਼ਟਰ ਦੇ ਤੁਲਜਾਪੁਰ ਸ਼ਹਿਰ ਵਿੱਚ ਸਥਿਤ ਦੇਵੀ ਤੁਲਜਾ ਭਵਾਨੀ ਦੇ ਮੰਦਰ ਦੇ ਮੁੱਖ ਪੁਜਾਰੀਆਂ ਵਿੱਚੋਂ ਇੱਕ ਹਨ।
ਇਸ ਮੰਦਰ ਨੇ ਮੰਗਲਵਾਰ, 17 ਮਾਰਚ ਨੂੰ ਆਪਣੇ ਭਗਤਾਂ ਲਈ ਬੂਹੇ ਉਦੋਂ ਬੰਦ ਕਰ ਦਿੱਤੇ, ਜਦੋਂ ਰਾਜ ਸਰਕਾਰ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਤਾਲਾਬੰਦੀ ਦਾ ਐਲਾਨ ਕੀਤਾ ਸੀ। ਇੱਥੋਂ ਦੇ ਲੋਕਾਂ ਨੂੰ ਇਸ ਗੱਲ 'ਤੇ ਯਕੀਨ ਨਾ ਹੋਇਆ। ''ਇਹ ਕਿਹੋ ਜਿਹੀ ਬੀਮਾਰੀ ਹੈ? ਰਾਜ ਦੇ ਬਾਹਰੋਂ ਭਗਤ ਇੱਥੇ ਦਰਸ਼ਨਾਂ ਲਈ ਆ ਰਹੇ ਹਨ, ਪਰ ਉਨ੍ਹਾਂ ਨੂੰ ਮੰਦਰ ਦੇ ਬਾਹਰੋਂ ਹੀ ਦਰਸ਼ਨ ਕਰਨੇ ਪੈ ਰਹੇ ਹਨ। ਉਹ ਵੀ ਪੁਲਿਸ ਨਾਲ਼ ਲੜਨ ਤੋਂ ਬਾਅਦ,'' 38 ਸਾਲਾ ਪੇਂਡੇ ਕਹਿੰਦੇ ਹਨ। ਉਨ੍ਹਾਂ ਦੀ ਚਿੰਤਾ ਦਾ ਇੱਕ ਕਾਰਨ ਰੋਜਾਨਾ ਦੀਆਂ 10-15 ਖਾਸ ਪੂਜਾ ਕਿਰਿਆਵਾਂ ਤੋਂ ਹੋਣ ਵਾਲੀ ਕਮਾਈ ਦਾ ਬੰਦ ਹੋ ਜਾਣਾ ਹੈ। ਪੇਂਡੇ ਦਾ ਅਨੁਮਾਨ ਹੈ ਕਿ ਤੁਲਜਾਪੁਰ ਵਿੱਚ 5,000 ਤੋਂ ਵੱਧ ਪੁਜਾਰੀ ਹਨ ਜੋ ਮੰਦਰ ਨਾਲ਼ ਜੁੜੀਆਂ ਗਤੀਵਿਧੀਆਂ ਤੋਂ ਹੋਣ ਵਾਲੀ ਕਮਾਈ 'ਤੇ ਨਿਰਭਰ ਹਨ।
ਮਰਾਠਵਾੜਾ ਖੇਤਰ ਦੇ ਉਸਮਾਨਾਬਾਦ ਜਿਲ੍ਹੇ ਵਿੱਚ 34,000 ਲੋਕਾਂ ਦੀ ਅਬਾਦੀ (ਮਰਦਮਸ਼ੁਮਾਰੀ 2011) ਵਾਲੇ ਇਸ ਸ਼ਹਿਰ ਦੀ ਅਰਥਵਿਵਸਥਾ ਪਹਾੜੀ 'ਤੇ ਸਥਿਤ ਉਸ ਮੰਦਰ ਨਾਲ਼ ਜੁੜੀ ਹੋਈ ਹੈ, ਜਿਸ ਬਾਰੇ ਲੋਕਾਂ ਦੀ ਮਾਨਤਾ ਹੈ ਕਿ ਇਹ ਮੰਦਰ 12ਵੀਂ ਸਦੀ ਵਿੱਚ ਬਣਿਆ ਸੀ। ਤੁਲਜਾ ਭਵਾਨੀ ਨੂੰ ਮਹਾਰਾਸ਼ਟਰ ਅਤੇ ਹੋਰ ਰਾਜਾਂ ਦੇ ਕਾਫੀ ਸਾਰੇ ਲੋਕ ਆਪਣੇ ਪਰਿਵਾਰ ਦੀ ਦੇਵੀ ਮੰਨਦੇ ਹਨ ਅਤੇ ਇਹ ਰਾਜ ਦੇ ਤੀਰਥ ਮਾਰਗ ਦੇ ਨਾਲ਼ ਦੇਵੀ-ਦੇਵਤਾਵਾਂ ਨੂੰ ਸਮਰਪਤ ਮੁੱਖ ਮੰਦਰਾਂ ਵਿੱਚੋਂ ਇੱਕ ਹੈ।









