"ਅਸੀਂ ਚਿੰਤਤ ਸਾਂ ਕਿ ਮੌਤ ਤੋਂ ਬਾਅਦ ਸਾਡੇ ਪਿਤਾ ਨਾਲ਼ ਚੰਗਾ ਸਲੂਕ ਨਹੀਂ ਕੀਤਾ ਜਾਵੇਗਾ।"

ਪੰਚਨਾਥਨ ਸ਼ੁਬਰਾਮਨੀਅਮ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਬੇਟੇ ਐੱਸ. ਰਮੇਸ਼ ਅੱਜ ਵੀ ਦੁਖੀ ਹਨ: "ਕੋਵਿਡ-19 ਦੇ ਲੱਛਣਾਂ ਤੋਂ ਬਾਅਦ ਜਦੋਂ ਅਸੀਂ ਉਨ੍ਹਾਂ ਨੂੰ ਤੰਜਾਵੁਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ, ਤਾਂ ਅਸੀਂ ਕਦੇ ਇਹ ਨਹੀਂ ਸੋਚਿਆ ਸੀ ਕਿ ਇੱਥੋਂ ਉਨ੍ਹਾਂ ਦੀ ਲੋਥ ਲਿਜਾਣੀ ਪਵੇਗੀ।"

ਭਾਰਤੀ ਸੈਨਾ ਵਿੱਚ ਕਲੈਰੀਕਲ ਅਹੁਦੇ ਤੋਂ ਸਾਲਾਂ ਪਹਿਲਾਂ ਸੇਵਾਮੁਕਤ ਹੋਏ 68 ਸਾਲਾ ਸੁਬਰਾਮਨੀਅਮ ਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਨਹੀਂ ਸੀ। ਉਨ੍ਹਾਂ ਨੂੰ ਸੈਨਾ ਦੇ ਨਾਲ਼ ਆਪਣੇ ਜੁੜੇ ਹੋਣ 'ਤੇ ਮਾਣ ਸੀ "ਅਤੇ ਉਨ੍ਹਾਂ ਨੇ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਿਆ। ਉਹ ਰੋਜਾਨਾ ਸੈਰ ਕਰਨਾ ਵੀ ਨਹੀਂ ਸਨ ਭੁੱਲਦੇ ਅਤੇ ਆਪਣੇ ਖਾਣ-ਪੀਣ ਨੂੰ ਲੈ ਕੇ ਕਾਫੀ ਸਖਤ ਸਨ," ਤਮਿਲਨਾਡੂ ਦੇ ਕੁੰਬਕੋਣਮ ਸ਼ਹਿਰ ਦੇ ਨਿਵਾਸੀ, 40 ਸਾਲਾ ਰਮੇਸ਼ ਦੱਸਦੇ ਹਨ। "ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਉਂਦੇ ਸਮੇਂ ਵੀ, ਅਸੀਂ ਇਹੀ ਸੋਚ ਰਹੇ ਸਾਂ ਕਿ ਉਹ ਠੀਕ ਹੋ ਜਾਣਗੇ।"

ਪਰ 14 ਅਗਸਤ ਨੂੰ ਜਦੋਂ ਸੁਬਰਾਮਨੀਅਮ ਦੀ ਮੌਤ ਹੋਈ, ਤਾਂ ਰਮੇਸ਼ ਅਤੇ ਉਨ੍ਹਾਂ ਦਾ ਪਰਿਵਾਰ ਕੁਰਲਾ ਉੱਠਿਆ-ਸਿਰਫ਼ ਇਸਲਈ ਨਹੀਂ ਕੀ ਉਹ ਉਨ੍ਹਾਂ ਵਿੱਚੋਂ ਸਦਾ ਲਈ ਜਾ ਚੁੱਕੇ ਸਨ। ਉਹ ਦੇਖ ਚੁੱਕੇ ਸਨ ਕਿ ਕਿਵੇਂ ਰਾਜ ਵਿੱਚ ਕੋਵਿਡ-19 ਪੀੜਤਾਂ ਦੇ ਦਾਹ-ਸਸਕਾਰ ਨੂੰ ਕਲੰਕਤ ਕੀਤਾ ਜਾ ਰਿਹਾ ਹੈ ਅਤੇ ਇਸ ਗੱਲ ਨੂੰ ਲੈ ਕੇ ਚਿੰਤਤ ਸਾਂ ਕਿ ਹੁਣ ਅੱਗੇ ਹੋਰ ਕੀ ਕੀ ਹੋਣ ਵਾਲਾ ਹੈ। "ਸਾਨੂੰ ਦੋਸਤਾਂ ਅਤੇ ਨਾਤੇਦਾਰਾਂ ਤੋਂ ਬਹੁਤੀ ਮਦਦ ਨਹੀਂ ਮਿਲੀ," ਰਮੇਸ਼ ਕਹਿੰਦੇ ਹਨ। "ਇਹ ਗੱਲ ਸਮਝ ਵਿੱਚ ਆਉਂਦੀ ਹੈ ਕਿਉਂਕਿ ਕਰੋਨਾ ਨਾਲ਼ ਹੋਣ ਵਾਲੀ ਮੌਤ ਇੱਕ ਵੱਡੀ ਚਿੰਤਾ ਦਾ ਕਾਰਨ ਹੈ।"

ਉਦੋਂ ਹੀ ਅਣਉਮੀਦੇ ਰੂਪ ਵਿੱਚ, ਰਾਜ ਦੇ ਇੱਕ ਗੈਰ-ਸਰਕਾਰੀ ਸੰਗਠਨ-ਤਮਿਲਨਾਡੂ ਮੁਸਲਮ ਮੁਨੇਤਰ ਕਜ਼ਗਮ ਤੋਂ  ਬਹੁਤ ਹੀ ਵਿਵਹਾਰਕ ਮਦਦ ਮਿਲੀ। ਸੁਬਰਾਮਨੀਅਮ ਦੇ ਮੌਤ ਤੋਂ ਕੁਝ ਦੇਰ ਬਾਅਦ ਹੀ, ਟੀਐੱਮਐੱਮਕੇ (ਗੈਰ-ਸਰਕਾਰੀ ਸੰਗਠਨ) ਦੇ ਛੇ ਸਵੈ-ਸੇਵਕ ਪਰਿਵਾਰ ਦੀ ਮਦਦ ਲਈ ਅੱਪੜ ਗਏ-ਉਨ੍ਹਾਂ ਨੇ ਹਸਪਤਾਲੋਂ ਮ੍ਰਿਤਕ ਦੇਹ ਹਾਸਲ ਕਰਨ ਤੋਂ ਲੈ ਕੇ, ਉਨ੍ਹਾਂ ਦੇ ਹੋਮਟਾਊਨ ਕੁੰਬਕੋਣਮ ਵਿੱਚ ਉਨ੍ਹਾਂ ਨੂੰ ਪੂਰੇ ਸਨਮਾਨ ਨਾਲ਼ ਦਫ਼ਨਾਉਣ (ਕੁਝ ਹਿੰਦੂ ਭਾਈਚਾਰੇ ਆਪਣੇ ਮ੍ਰਿਤਕਾਂ ਨੂੰ ਸਾੜਨ ਦੀ ਬਜਾਇ ਦਫ਼ਨ ਕਰਦੇ ਹਨ) ਤੱਕ ਪੂਰੀ ਸਹਾਇਤਾ ਪ੍ਰਦਾਨ ਕੀਤੀ।

ਪਰਿਵਾਰ ਲਈ ਇਹ ਇੱਕ ਤਰ੍ਹਾਂ ਨਾਲ਼ ਵਢਭਾਗ ਦੀ ਗੱਲ ਹੋ ਨਿਬੜੀ। ਹਾਲਾਂਕਿ ਟੀਐੱਮਐੱਮਕੇ ਵਾਸਤੇ, ਸੁਬਰਾਮਨੀਅਮ ਦਾ ਦਾਹ-ਸਸਕਾਰ ਉਨ੍ਹਾਂ 1,100 ਲੋਕਾਂ ਦੇ ਦਾਹ-ਸਸਕਾਰਾਂ ਵਿੱਚੋਂ ਹੀ ਇੱਕ ਸੀ ਜੋ ਉਨ੍ਹਾਂ ਨੇ ਪੂਰੇ ਤਮਿਲਨਾਡੂ ਅਤੇ ਪੁਡੁਚੇਰੀ ਵਿੱਚ ਮਾਰਚ ਦੇ ਅੰਤ ਤੋਂ ਅੱਜ ਤੱਕ ਕੀਤੇ ਸਨ। ਇਹ ਅੰਤਮ ਸਸਕਾਰ ਮਰਨ ਵਾਲ਼ੇ ਦੇ ਸਮੁਦਾਏ ਜਾਂ ਜਾਤੀ ਦੀ ਪਰਵਾਹ ਕੀਤੇ ਬਗੈਰ-ਪਰਿਵਾਰ ਦੀਆਂ ਧਾਰਮਿਕ ਪਰੰਪਰਾਵਾਂ ਅਤੇ ਇੱਛਾਵਾਂ ਦੇ ਅਨੁਸਾਰ ਕੀਤਾ ਜਾਂਦਾ ਹੈ। ਕੋਵਿਡ-19 ਤੋਂ ਹੋਣ ਵਾਲੀ ਮੌਤ ਦੇ ਮਾਮਲੇ ਵਿੱਚ, ਟੀਐੱਮਐੱਮਕੇ ਨੇ ਸਥਾਨਕ ਪ੍ਰਸ਼ਾਸਨ ਦੇ ਪ੍ਰੋਟੋਕਾਲ ਦਾ ਪਾਲਣ ਕਰਦਿਆਂ ਉਨ੍ਹਾਂ ਨੂੰ ਅੱਠ ਫੁੱਟ ਡੂੰਘੇ ਟੋਏ ਵਿੱਚ ਦਫ਼ਨ ਕੀਤਾ।

Top left: Two volunteers place a body in their vehicle. Top right: TMMK volunteers stand beside their ambulance vans, readying for the day’s activity. And volunteers in full PPE stand in respect after unloading a body at a burial ground
PHOTO • Courtesy: TMMK

ਉਤਾਂਹ ਖੱਬੇ : ਦੋ ਸਵੈ-ਸੇਵਕ ਲੋਥ ਨੂੰ ਆਪਣੀ ਗੱਡੀ ਵਿੱਚ ਰੱਖਦੇ ਹੋਏ। ਉਤਾਂਹ ਸੱਜੇ : ਟੀਐੱਮਐੱਮਕੇ ਦੇ ਸਵੈ-ਸੇਵਕ ਦਿਨ ਦੀਆਂ ਗਤੀਵਿਧੀਆਂ ਲਈ ਤਿਆਰ ਹੋ ਕੇ, ਆਪਣੀ ਐਂਬੂਲੈਂਸ ਗੱਡੀਆਂ ਦੇ ਕੋਲ਼ ਖੜ੍ਹੇ ਹਨ ਅਤੇ ਮ੍ਰਿਤਕ ਦੇਹ ਨੂੰ ਕਬਰਿਸਤਾਨ ਵਿੱਚ ਗੱਡੀ ਤੋਂ ਲਾਹੁਣ ਤੋਂ ਬਾਅਦ, ਪੀਪੀਈ ਵਿੱਚ ਲੈਸ ਇਹ ਸਵੈ-ਸੇਵਕ ਉਨ੍ਹਾਂ ਦੇ ਸਨਮਾਨ ਵਿੱਚ ਖੜ੍ਹੇ ਹੋਏ

ਵਾਇਰਸ ਤੋਂ ਸੰਕ੍ਰਮਿਤ ਹੋਣ ਦੇ ਡਰੋਂ ਅਤੇ ਤਾਲਾਬੰਦੀ ਦੇ ਕਾਰਨ ਆਪਣੀ ਥਾਂ ਤੋਂ ਅਲੱਗ-ਥਲੱਗ ਪੈ ਜਾਣ ਦੇ ਕਾਰਨ ਬਹੁਤੇਰੇ ਕਾਰਕੁੰਨ ਕਬਰਿਸਤਾਨ ਅਤੇ ਸ਼ਮਸ਼ਾਨ ਘਾਟ ਵਿੱਚ ਮੌਜੂਦ/ਹਾਜ਼ਰ ਨਹੀਂ ਸਨ ਅਤੇ ਅਜੇ ਵੀ ਨਹੀਂ ਹਨ। ਐਂਬੂਲੈਂਸ ਕਿਰਾਏ 'ਤੇ ਲੈਣਾ ਮੁਸ਼ਕਲ ਹੈ ਅਤੇ ਸ਼ੌਕ 'ਚ ਡੁੱਬੇ ਪਰਿਵਾਰਾਂ ਨੂੰ ਇੰਨੀਆਂ ਵੱਡੀਆਂ ਕੀਮਤਾਂ, ਤੁਅੱਸਬ ਅਤੇ ਉਤਪੀੜਨ ਦਾ ਸਾਹਮਣਾ ਕਰਨਾ ਪਿਆ ਹੈ। ਸਭ ਤੋਂ ਬਦਨਾਮ ਮਾਮਲਿਆਂ ਵਿੱਚੋਂ ਇੱਕ, 55 ਸਾਲਾ ਨਿਊਰੋਸਰਜਨ ਡਾਕਟਰ ਸਾਇਮਨ ਹਰਕਿਊਲਿਸ ਦਾ ਮਾਮਲਾ ਸੀ, ਜਿਨ੍ਹਾਂ ਦੀ ਮੌਤ 19 ਅਪ੍ਰੈਲ ਨੂੰ ਹੋ ਗਈ ਸੀ- ਸ਼ਾਇਦ ਕੋਵਿਡ-19 ਨਾਲ਼ ਮਰਨ ਵਾਲੇ ਉਹ ਤਮਿਲਨਾਡੂ ਦੇ ਪਹਿਲੇ ਡਾਕਟਰ ਸਨ।

ਉਨ੍ਹਾਂ ਦੇ ਪਰਿਵਾਰ ਨੂੰ ਚੇਨਈ ਦੇ ਕਿਲਪੌਕ ਇਲਾਕੇ ਵਿੱਚ ਸਥਿਤ ਕਬਰਿਸਤਾਨ ਤੋਂ ਵਾਪਸ ਮੋੜ ਦਿੱਤਾ ਗਇਆ ਸੀ, ਉੱਥੇ ਉਨ੍ਹਾਂ ਖਿਲਾਫ਼ ਕਰੀਬ 100 ਲੋਕ ਇਕੱਠੇ ਹੋ ਗਏ ਸਨ। ਉਸ ਤੋਂ ਬਾਦ, ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਛੇ ਕਿਲੋਮੀਟਰ ਦੂਰ, ਅੰਨਾ ਨਗਰ ਦੇ ਵੇਲੰਗਾਡੂ ਕਬਰਿਸਤਾਨ ਵਿੱਚ ਲਿਆਂਦਾ ਗਿਆ। ਪਰ ਉੱਥੇ ਵੀ, ਇੱਕ ਭੀੜ ਨੇ ਐਂਬੂਲੈਂਸ, ਉਹਦੇ ਚਾਲਕ ਅਤੇ ਇੱਕ ਸਫਾਈ ਕਰਮੀ 'ਤੇ ਸੋਟੀਆਂ ਅਤੇ ਪੱਥਰਾਂ ਨਾਲ਼ ਹਮਲਾ ਬੋਲ ਦਿੱਤਾ। ਅੰਤ ਵਿੱਚ, ਡਾਕਟਰ ਸਾਇਮਨ ਦੇ ਮਿੱਤਰ ਡਾ. ਪ੍ਰਦੀਪ ਕੁਮਾਰ ਅਤੇ ਦੋ ਹੋਰ ਜਣੇ ਡਰ ਦੇ ਮਾਹੌਲ ਵਿੱਚ, ਉਨ੍ਹਾਂ ਦੀ ਲੋਥ ਨੂੰ ਚੁੱਪਚਾਪ ਅਗਲੀ ਸਵੇਰ ਦਫਨਾਉਣ ਵਿੱਚ ਕਾਮਯਾਬ ਰਹੇ- ਪਰ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਉੱਥੇ ਮੌਜੂਦ ਨਹੀਂ ਸੀ।

ਅਜਿਹੇ ਵਾਤਾਵਰਣ ਵਿੱਚ, ਟੀਐੱਮਐੱਮਕੇ ਦਾ ਦਖਲ ਉਨ੍ਹਾਂ 1,100 ਪਰਿਵਾਰਾਂ ਲਈ ਬੜਾ ਮਾਅਨੇ ਰੱਖਦਾ ਸੀ।

"ਚੇਨਈ ਅੰਦਰ ਰਹਿੰਦੇ ਰਿਸ਼ਤੇਦਾਰ ਵੱਲੋਂ ਮੈਨੂੰ ਟੀਐੱਮਐੱਮਕੇ ਦਾ ਨੰਬਰ ਦਿੱਤਾ ਸੀ, ਉਨ੍ਹਾਂ ਨੂੰ ਕਾਲ ਕਰਦੇ ਸਮੇਂ ਅਸੀਂ ਨਿਰਾਸ਼ ਸਾਂ," ਰਮੇਸ਼ ਕਹਿੰਦੇ ਹਨ।

"ਅਸੀਂ ਚਾਹੁੰਦੇ ਸਾਂ ਕਿ ਕਿਸੇ ਵੀ ਤਰੀਕੇ ਸਾਨੂੰ ਇੱਕ ਐਂਬੂਲੈਂਸ ਮਿਲ਼ ਜਾਵੇ, ਪਰ ਅਸਲ ਵਿੱਚ ਉਨ੍ਹਾਂ ਨੇ ਤਾਂ ਸਾਰਾ ਕੁਝ ਹੀ ਸਾਂਭ ਲਿਆ। ਅਸੀਂ ਨਹੀਂ ਚਾਹੁੰਦੇ ਸੀ ਕਿ ਮਰਨ ਤੋਂ ਬਾਅਦ ਪਿਤਾ ਦੀ ਬੇਕਦਰੀ ਹੋਵੇ। ਉਹ ਆਤਮ-ਸਨਮਾਨ ਵਾਲੇ ਵਿਅਕਤੀ ਸਨ। ਸ਼ੁਕਰ ਹੈ ਰੱਬ ਦਾ ਕਿ ਟੀਐੱਮਐੱਮਕੇ ਨੇ ਉਸ ਸਨਮਾਨ ਨੂੰ ਬਰਕਰਾਰ ਰੱਖਣ ਵਿੱਚ ਸਾਡੀ ਮਦਦ ਕੀਤੀ।"

ਜਿਕਰਯੋਗ ਹੈ ਕਿ ਉਨ੍ਹਾਂ ਦੁਆਰਾ 1,100 ਅੰਤਮ-ਸਸਕਾਰਾਂ-ਜਿਸ ਵਿੱਚ ਕਰੀਬ 100 ਗੈਰ-ਕੋਵਿਡ ਮੌਤਾਂ ਵੀ ਸ਼ਾਮਲ ਹਨ-ਵਿੱਚੋਂ ਕਿਸੇ ਇੱਕ ਦਾਹ-ਸਸਕਾਰ ਵਿੱਚ ਗੜਬੜੀ ਨਹੀਂ ਹੋਈ।

"ਮੈਂ ਬੀਤੇ ਛੇ ਸਾਲਾਂ ਤੋਂ ਟੀਐੱਮਐੱਮਕੇ ਦੇ ਸਵੈ-ਸੇਵਕਾਂ ਦੇ ਨਾਲ਼ ਜੁੜਿਆ ਹਾਂ, ਇਸਲਈ ਮੈਨੂੰ ਕੋਈ ਹੈਰਾਨੀ ਨਹੀਂ ਹੋਈ," ਡਾਕਟਰ ਐੱਨ.ਅਰਵਿੰਦ ਬਾਬੂ ਕਹਿੰਦੇ ਹਨ, ਜੋ ਕੈਂਸਰ ਦੇ ਮਾਹਰ ਅਤੇ ਸ਼੍ਰੀ ਬਾਲਾਜੀ ਡੈਂਟਲ ਕਾਲਜ ਐਂਡ ਹਾਸਪਿਟਲ, ਚੇਨਈ ਦੇ ਪ੍ਰੋਫੈਸਰ ਹਨ। ਉਨ੍ਹਾਂ ਦੇ ਸਵੈ-ਸੇਵਕਾਂ ਨੇ ਖੂਨ ਦਾਨ ਕੀਤਾ ਅਤੇ ਕਈ ਕੈਂਸਰ ਸਰਜਰੀਆਂ ਲਈ ਪੈਸਾ ਵੀ ਇਕੱਠਾ ਕੀਤਾ, ਉਹ ਕਹਿੰਦੇ ਹਨ। ਡਾਕਟਰ ਬਾਬੂ, ਜੋ ਸ਼ਹਿਰ ਦੇ ਅਡੰਬਕਮ ਇਲਾਕੇ ਵਿੱਚ ਰਹਿੰਦੇ ਹਨ, ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਟੀਐੱਮਐੱਮਕੇ ਦੀ ਇਸ ਵਿਸ਼ੇਸ਼ਤਾ ਦਾ ਪਤਾ ਉਦੋਂ ਚੱਲਿਆ ਜਦੋਂ ਉਨ੍ਹਾਂ ਦੇ ਗੁਆਂਢ ਵਿੱਚ ਅਪ੍ਰੈਲ ਵਿੱਚ ਸਖ਼ਤ ਤਾਲਾਬੰਦੀ ਦੇ ਦੌਰਾਨ "ਇੱਕ ਅਨਾਥ ਬਜ਼ੁਰਗ ਔਰਤ ਦੀ ਮੌਤ ਹੋ ਗਈ ਸੀ, ਸ਼ਾਇਦ ਭੁੱਖ ਨਾਲ਼।"

"ਮੈਂ ਪਰੇਸ਼ਾਨ ਸਾਂ ਅਤੇ ਸੋਚ ਰਿਹਾ ਸਾਂ ਕਿ ਇਸ ਔਰਤ ਦਾ ਸਨਮਾਨ ਦੇ ਨਾਲ਼ ਅੰਤਮ ਸਸਕਾਰ ਹੋਣਾ ਚਾਹੀਦਾ ਹੈ," ਡਾਕਟਰ ਬਾਬੂ ਯਾਦ ਕਰਦੇ ਹਨ। ਟੀਐੱਮਐੱਮਕੇ ਦੇ ਸਵੈ ਸੇਵਕ ਉੱਥੇ ਪੁੱਜ ਗਏ, ਪੋਸਟਮਾਰਟਮ ਕਰਾਇਆ, ਅੰਤਮ ਸਸਕਾਰ ਦਾ ਬੰਦੋਬਸਤ ਕੀਤਾ ਅਤੇ ਮੌਤ ਦਾ ਸਰਟੀਫਿਕੇਟ ਪ੍ਰਾਪਤ ਹੋਣ ਤੱਕ ਇਸ ਕੰਮ ਵਿੱਚ ਲੱਗੇ ਰਹੇ। ਇਹ ਮਹੱਤਵਪੂਰਨ ਸੀ "ਕਿਉਂਕਿ ਉਨ੍ਹਾਂ ਨੇ ਸਥਾਪਤ ਕੀਤਾ ਕਿ ਇਹ ਇੱਕ ਗੈਰ-ਕੋਵਿਡ ਮੌਤ ਸੀ ਅਤੇ ਇਹਨੇ ਸਥਾਨਕ ਪੁਲਿਸ ਸਟੇਸ਼ਨ ਤੋਂ ਇੱਕ ਪ੍ਰਮਾਣ-ਪੱਤਰ ਪ੍ਰਾਪਤ ਕਰਨ ਵਿੱਚ ਮਦਦ ਕੀਤੀ। ਇਹ ਇੱਕ ਸਾਰਥਕ ਕੰਮ ਸੀ।"

PHOTO • Courtesy: TMMK

ਲੋੜ ਪੈਣ ' ਤੇ ਉਹ ਕਿਸੇ ਵੀ ਸਮੇਂ ਸਸਕਾਰ ਦਾ ਬੰਦੋਬਸਤ ਕਰਦੇ ਹਨ, ਜਿਵੇਂ ਕਿ ਇੱਥੇ ਦੇਰ ਰਾਤ ਵੇਲੇ ਕੀਤਾ ਜਾ ਰਿਹਾ ਹੈ

ਉਸੇ ਸਮੇਂ ਡਾਕਟਰ ਬਾਬੂ ਨੂੰ ਪਤਾ ਚੱਲਿਆ ਕਿ ਇਹ ਸੰਗਠਨ ਅੱਠ ਸਾਲ ਤੋਂ ਵੀ ਵੱਧ ਸਮੇਂ ਤੋਂ ਲਵਾਰਸ ਲਾਸ਼ਾਂ ਨੂੰ ਸਨਮਾਨਪੂਰਵਕ ਦਫ਼ਨਾ ਰਿਹਾ ਹੈ। "ਇਹ ਹੈਰਾਨੀਜਨਕ ਸੀ... ਉਹ ਮੌਤ ਤੋਂ ਬਾਅਦ ਇਨਸਾਨ ਦੀ ਗਰਿਮਾ ਦਾ ਧਿਆਨ ਰੱਖਦੇ ਹਨ, ਭਾਵੇਂ ਉਸ ਇਨਸਾਨ ਦੀ ਪਿੱਠ ਭੂਮੀ ਜੋ ਵੀ ਰਹੀ ਹੋਵੇ।"

"ਅਸੀਂ ਸ਼ੁਰੂ ਸ਼ੁਰੂ ਵਿੱਚ ਕੁਝ ਕੋਵਿਡ-19 ਪੀੜਤਾਂ ਨੂੰ ਦਫਨਾਇਆ ਸੀ," ਸਾਬਕਾ ਵਿਧਾਇਕ ਅਤੇ ਟੀਐੱਮਐੱਮਕੇ ਦੇ ਤਮਿਲਨਾਡੂ ਰਾਜ ਦੇ ਪ੍ਰਧਾਨ, ਐੱਮਐੱਚ ਜਵਾਹਿਰੂਲੱਹਾ ਕਹਿੰਦੇ ਹਨ। "ਪਰ ਡਾਕਟਰ ਸਾਇਮਨ ਦੀ ਮੌਤ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਹਮਲੇ ਦੀ ਤ੍ਰਾਸਦੀ ਦੇ ਸਾਹਮਣੇ ਆਉਣ ਤੱਕ ਸਾਡੇ ਕੋਲ਼ ਇਹਦੀ ਕੋਈ ਯੋਜਨਾ ਨਹੀਂ ਸੀ। ਸਮਾਜ ਦੁਆਰਾ ਕੋਵਿਡ ਮ੍ਰਿਤਕਾਂ ਦੇ ਨਾਲ਼ ਡਰ ਅਤੇ ਨਫ਼ਰਤ ਭਰਿਆ ਸਲੂਕ ਕੀਤਾ ਜਾਂਦਾ ਸੀ ਅਤੇ ਅਸੀਂ ਇਹਦੇ ਖਿਲਾਫ਼ ਕੁਝ ਤਾਂ ਕਰਨਾ ਹੀ ਸੀ।"

ਉਨ੍ਹਾਂ ਨੇ ਫੈਸਲਾ ਕੀਤਾ ਕਿ "ਉਹ ਮ੍ਰਿਤਕ ਵਿਅਕਤੀਆਂ ਦੇ ਧਰਮ ਦੇ ਅਨੁਸਾਰ ਉਨ੍ਹਾਂ ਦਾ ਅੰਤਮ ਸਸਕਾਰ ਕਰਨਗੇ। ਮਕਸਦ ਸਾਫ਼ ਸੀ ਉਨ੍ਹਾਂ ਨੂੰ ਮਾਣ ਦੇ ਨਾਲ਼ ਵਿਦਾ ਕਰਨਾ।  ਜੇਕਰ ਉਨ੍ਹਾਂ ਦੀਆਂ ਮਾਨਤਾਵਾਂ ਦਾ ਸਨਮਾਨ ਨਹੀਂ ਕੀਤਾ ਜਾਂਦਾ ਤਾਂ ਇਹ ਕਿਵੇਂ ਸੰਭਵ ਹੋ ਪਾਉਂਦਾ?" ਜਵਾਹਿਰੂਲੱਹਾ ਪੁੱਛਦੇ ਹਨ।

ਟੀਐੱਮਐੱਮਕੇ ਦੇ ਸਵੈ-ਸੇਵਕ ਜ਼ਮੀਨ ਨਾਲ਼ ਜੁੜੇ ਹੋਏ ਪੁਰਸ਼ ਹਨ, ਜਿਨ੍ਹਾਂ ਵਿੱਚੋਂ ਸਾਰਿਆਂ ਦੀ ਉਮਰ ਕਰੀਬ 22-40 ਸਾਲ ਹੈ। ਉਹ ਆਪਣੀ ਮਕਬੂਲੀਅਤ ਨਹੀਂ ਚਾਹੁੰਦੇ ਅਤੇ ਨਾ ਹੀ ਆਪਣੇ ਪ੍ਰਚਾਰ ਤੋਂ ਸਹਿਜ ਹਨ- ਕੋਵਿਡ-19 ਦੇ ਰੋਗੀਆਂ ਅਤੇ ਪੀੜਤਾਂ ਦੇ ਨਾਲ਼ ਕੰਮ ਕਰਨ ਵਾਲੇ ਸਿਹਤ ਕਰਮੀਆਂ ਪ੍ਰਤੀ ਜਨਤਾ ਦੇ ਵਤੀਰੇ ਨੂੰ ਦੇਖ ਕੇ ਇਹਨੂੰ ਬਾਖੂਬੀ ਸਮਝਿਆ ਜਾ ਸਕਦਾ ਹੈ। ਪੂਰੇ ਰਾਜ ਅੰਦਰ ਅਜਿਹੇ ਕਰੀਬ 1,000 ਸਵੈ-ਸੇਵਕ ਹਨ ਅਤੇ ਚੇਨਈ ਸਥਿਤ ਟੀਐੱਮਐੱਮਕੇ ਮੈਡੀਕਲ ਵਿੰਗ ਦੇ ਪ੍ਰਮੁਖ ਖ਼ਲੀਲ ਰਹਿਮਾਨ ਦੇ ਅਨੁਸਾਰ, ਉਨ੍ਹਾਂ ਵਿੱਚੋਂ ਬਹੁਤੇਰੇ ਠੇਲ੍ਹਿਆਂ 'ਤੇ ਸਮਾਨ ਵੇਚਣ ਵਾਲੇ ਜਾਂ ਉਨ੍ਹਾਂ ਵਾਂਗ ਛੋਟੀਆਂ ਦੁਕਾਨਾਂ ਦੇ ਮਾਲਕ ਹਨ।

"ਸਾਡੇ ਵਿੱਚੋਂ ਬਹੁਤੇਰੇ ਰੋਜ਼ ਕਮਾ ਕੇ ਖਾਣ ਵਾਲੇ ਲੋਕ ਹਨ," ਰਹਿਮਾਨ ਕਹਿੰਦੇ ਹਨ। "ਚੰਦ ਲੋਕ ਥੋੜ੍ਹੀ ਬਿਹਤਰ ਪਿੱਠਭੂਮੀ ਤੋਂ ਹੋ ਸਕਦੇ ਹਨ।"

ਉਨ੍ਹਾਂ ਦੀ ਸੇਵਾ ਦਾ ਸਨਮਾਨ ਕਈ ਵਰਗਾਂ ਵੱਲੋਂ ਕੀਤਾ ਜਾਂਦਾ ਹੈ। "ਕੀ ਤੁਸਾਂ ਇੱਕ ਕੇਂਦਰੀ ਮੰਤਰੀ ਦੇ ਅੰਤਮ ਸਸਕਾਰ ਦਾ ਵੀਡਿਓ ਦੇਖਿਆ ਸੀ?" ਇਰੋਡ ਜਿਲ੍ਹੇ ਦੇ ਗੋਬੀਚੇਟਿਪਲਯਮ ਕਸਬੇ ਦੇ ਜੀ.ਵੀ. ਅਧਿਆਮਾਨ ਪੁੱਛਦੇ ਹਨ। "ਭਾਵੇਂ ਉਹ (ਡੀਐੱਮਕੇ ਲਈ) ਇੱਕ ਰਾਜਨੀਤਕ ਵਿਰੋਧੀ ਸਨ, ਪਰ ਜਿਸ ਤਰੀਕੇ ਨਾਲ਼ ਉਨ੍ਹਾਂ ਦੀ ਲੋਥ ਨੂੰ ਟੋਏ ਵਿੱਚ ਸੁੱਟਿਆ ਗਿਆ ਅਤੇ ਜਿਸ ਤਰੀਕੇ ਨਾਲ਼ ਲਾਸ਼ ਦਾ ਪਾਸਾ ਮੋੜਨ ਲਈ ਇੱਕ ਆਦਮੀ ਹੇਠਾਂ ਉਤਰਿਆ, ਉਸ ਸਭ ਤੋਂ ਮੈਨੂੰ ਕਾਫੀ ਤਕਲੀਫ਼ ਹੋਈ।" ਅਧਿਆਮਾਨ ਦੇ 86 ਸਾਲਾ ਪਿਤਾ ਜੀ.ਪੀ. ਵੇਂਕਿਟੂ, 1960 ਦੇ ਦਹਾਕੇ ਦੇ ਹਿੰਦੀ-ਵਿਰੋਧੀ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਡੀਐੱਮਕੇ ਦੇ ਸਾਬਕਾ ਵਿਧਾਇਕ ਦੀ 23 ਸਤੰਬਰ ਨੂੰ ਕੋਵਿਡ-19 ਕਾਰਨ ਮੌਤ ਹੋ ਗਈ ਸੀ।

ਵੀਡਿਓ ਦੇਖੋ : ਤੁਅੱਸਬਾਂ ਦੇ ਢੇਰ ਵਿਚਕਾਰ, 1,100 ਲੋਥਾਂ ਨੂੰ ਦਫ਼ਨਾਉਣਾ

‘ਮੈਂ ਅੱਠ ਸਾਲ ਤੋਂ ਇਸ ਮੈਡੀਕਲ ਟੀਮ ਦਾ ਹਿੱਸਾ ਹਾਂ। ਕੋਵਿਡ ਦੇ ਕਾਰਨ, ਸਾਡਾ ਤਣਾਓ ਜ਼ਰੂਰ ਵੱਧ ਗਿਆ ਹੈ, ਪਰ ਜਦੋਂ ਲੋਕ ਆਪਣੀ ਸ਼ੁਕਰਗੁਜਾਰੀ ਪ੍ਰਗਟ ਕਰਦੇ ਹਨ ਤਾਂ ਹੋਰ ਕੁਝ ਵੀ ਮਾਅਨੇ ਨਹੀਂ ਰੱਖਦਾ’

ਉਨ੍ਹਾਂ ਦਾ ਪਰਿਵਾਰ ਉਸ ਸਮੇਂ ਸਮੱਸਿਆਵਾਂ ਵਿੱਚ ਘਿਰ ਗਿਆ, ਜਦੋਂ ਸਰਕਾਰੀ ਸੇਵਾ ਨੇ ਇਹ ਆਖ ਦਿੱਤਾ ਕਿ ਅੰਤਰ-ਜਿਲ੍ਹਾ ਆਵਾਜਾਈ ਲਈ ਕੋਈ ਐਂਬੂਲੈਂਸ ਉਪਲਬਧ ਨਹੀਂ ਹੈ। "ਮੇਰੇ ਪਿਤਾ ਕੋਇੰਬਟੂਰ ਦੇ ਇੱਕ ਹਸਪਤਾਲ ਵਿੱਚ ਸਨ ਅਤੇ ਅਸੀਂ ਉਨ੍ਹਾਂ ਨੂੰ ਗੋਬੀਚੇਟਿਪਲਯਮ ਵਾਪਸ ਲੈ ਕੇ ਜਾਣਾ ਸੀ," ਅਧਿਆਮਾਨ ਕਹਿੰਦੇ ਹਨ। "ਉਦੋਂ ਟੀਐੱਮਐੱਮਕੇ ਮਦਦ ਲਈ ਅੱਗੇ ਆਇਆ ਅਤੇ ਉਨ੍ਹਾਂ ਨੇ ਇੱਕ ਪਰਿਵਾਰ ਵਾਂਗ ਸਾਰਾ ਕੁਝ ਸਾਂਭ ਲਿਆ।"

ਹਰੇਕ ਅੰਤਮ ਸਸਕਾਰ ਵਿੱਚ ਇੱਕ ਵਿਸਤ੍ਰਿਤ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ। ਫਿਰ ਵੀ, ਹਸਪਤਾਲਾਂ ਵਿੱਚ ਕਾਗਜੀ ਕਾਰਵਾਈ ਪੂਰੀ ਕਰਨ ਤੋਂ ਲੈ ਕੇ ਅੰਤਮ ਸਸਕਾਰ ਲਈ ਰਿਸ਼ਤੇਦਾਰਾਂ ਦੇ ਨਾਲ਼ ਤਾਲਮੇਲ਼ ਕਾਇਮ ਕਰਨ ਤੱਕ, ਸਵੈ-ਸੇਵਕਾਂ ਨੂੰ ਇੱਕ ਅੰਤਮ ਸਸਕਾਰ ਵਿੱਚ ਸਿਰਫ਼ 3-4 ਘੰਟੇ ਲੱਗਦੇ ਹਨ। "ਆਪਣੇ ਖੁਦ ਦੇ ਪ੍ਰਸ਼ਾਸਨਿਕ ਉਦੇਸ਼ਾਂ ਲਈ ਅਸੀਂ ਤਮਿਲਨਾਡੂ ਨੂੰ 56 ਜਿਲ੍ਹਿਆਂ (ਅਧਿਕਾਰਤ ਤੌਰ 'ਤੇ ਉੱਥੇ 38 ਜਿਲ੍ਹੇ ਹਨ) ਦੇ ਰੂਪ ਵਿੱਚ ਦੇਖਦੇ ਹਾਂ, ਜਿਨ੍ਹਾਂ ਵਿੱਚੋਂ ਹਰੇਕ ਵਿੱਚ ਸਾਡੇ ਕੋਲ਼ ਇੱਕ ਸਕੱਤਰ ਦੇ ਨਾਲ਼ ਇੱਕ ਮੈਡੀਕਲ ਵਿੰਗ ਹੈ। ਹਰ ਜਿਲ੍ਹੇ ਵਿੱਚ 6-8 ਸਵੈ-ਸੇਵਕਾਂ ਦੀਆਂ 2-3 ਟੀਮਾਂ ਹਨ," ਖਲੀਲ ਰਹਿਮਾਨ ਦੱਸਦੇ ਹਨ।

"ਇਹ ਮਨੁੱਖਤਾ ਲਈ ਇੱਕ ਮਹਾਨ ਸੇਵਾ ਹੈ ਅਤੇ ਇਹਦਾ ਪਾਲਣ ਕਰਨ ਲਈ ਸਵੈ-ਸੇਵਕ ਹਰ ਮਾਮਲੇ ਵਿੱਚ ਪ੍ਰੋਟੋਕਾਲ ਦਾ ਪਾਲਣ ਕਰਦੇ ਹਨ," ਤਿਰੂਪਤੁਰ ਜਿਲ੍ਹੇ ਦੇ ਪੁਲਿਸ ਨਿਗਰਾਨ, ਪੀ. ਵਿਜੈਕੁਮਾਰ ਕਹਿੰਦੇ ਹਨ। "ਮਿਸਾਲ ਵਜੋਂ, ਕੋਵਿਡ ਨਾਲ਼ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿੱਚ, ਉਹ ਯਕੀਨੀ ਬਣਾਉਂਦੇ ਹਨ ਕਿ ਟੋਏ 8 ਫੁੱਟ ਡੂੰਘੇ ਹੋਣ- ਅਤੇ ਅੰਤਮ ਸਸਕਾਰ ਦੇ ਸਮੇਂ ਪੀਪੀਈ ਸੂਟਾਂ ਨਾਲ਼ ਲੈਸ ਹੁੰਦੇ ਹਨ। ਸਾਡੇ ਜਿਲ੍ਹੇ ਨੇ 100 ਤੋਂ ਵੱਧ ਮੌਤਾਂ ਨੂੰ ਦੇਖਿਆ ਹੈ, ਜਿਨ੍ਹਾਂ ਵਿੱਚੋਂ ਘੱਟ ਤੋਂ ਘੱਟ 40 ਫੀਸਦੀਆਂ ਨੂੰ ਟੀਐੱਮਐੱਮਕੇ ਨੇ ਸਾਂਭਿਆ ਹੈ।" ਹਾਲਾਂਕਿ ਸਟੀਕ ਅਨੁਪਾਤ ਦਾ ਤਾਂ ਪਤਾ ਨਹੀਂ ਹੈ, ਪਰ ਹੁਣ ਤੱਕ ਜਿਹੜੀਆਂ 1,100 ਲਾਸ਼ਾਂ ਦੇ ਅੰਤਮ ਸਸਕਾਰ ਕੀਤੇ ਜਾ ਚੁੱਕੇ ਹਨ, ਉਨ੍ਹਾਂ ਵਿੱਚ ਹਿੰਦੂ, ਮੁਸਲਮ, ਈਸਾਈ ਅਤੇ ਹੋਰ ਧਰਮਾਂ ਦੇ ਲੋਕ ਵੀ ਸ਼ਾਮਲ ਹਨ।

ਜਿਨ੍ਹਾਂ ਖੇਤਰਾਂ ਵਿੱਚ ਉਹ ਗਤੀਸ਼ੀਲ ਹਨ, ਉੱਥੇ ਇਸ ਸਵੈ-ਸੇਵਕਾਂ ਦੇ ਯਤਨਾਂ ਸਦਕਾ ਵਾਇਰਸ ਬਾਰੇ ਲੋਕ ਜਾਗਰੂਕਤਾ ਪੈਦਾ ਕਰਨ- ਅਤੇ ਦਹਿਸ਼ਤ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕੀਤੀ ਹੈ।

"ਇਹ ਡਰ ਇਸ ਵਿਚਾਰ ਤੋਂ ਉਤਪੰਨ ਹੁੰਦਾ ਹੈ ਕਿ ਮ੍ਰਿਤਕ ਦੇਹ ਲਾਗ ਫੈਲਾਉਂਦੀ ਹੈ। ਪਰ ਇੰਝ ਨਹੀਂ ਹੈ," ਕੋਲਕਾਤਾ ਸਥਿਤ ਅਣੂ ਜੀਵ-ਵਿਗਿਆਨੀ ਅਤੇ ਅਧਿਆਪਕ, ਡਾਕਟਰ ਅਨਿਰਬਾਨ ਮਿਤਰਾ ਕਹਿੰਦੇ ਹਨ। "ਇਹ ਇੱਕ ਜੈਵ ਰਸਾਇਣਿਕ ਯਥਾਰਥ ਹੈ ਕਿ ਮ੍ਰਿਤ ਦੇਹ ਨਵੇਂ ਵਾਇਰਸ ਪੈਦਾ ਨਹੀਂ ਕਰ ਸਕਦੀ, ਖਾਸ ਕਰਕੇ ਉਹ ਸਰੀਰ ਜਿਹਨੂੰ ਮੌਤ ਤੋਂ 4-5 ਘੰਟਿਆਂ ਬਾਅਦ ਹਸਪਤਾਲ ਤੋਂ ਬਾਹਰ ਕੱਢਿਆ ਗਿਆ ਹੋਵੇ। ਕਿਉਂਕਿ ਮ੍ਰਿਤਕ ਦੇਹਾਂ ਸਾਹ ਨਹੀਂ ਲੈਂਦੀਆਂ, ਇਸਲਈ ਲਾਸ਼ ਤੋਂ ਛੋਟੀ ਬੂੰਦ ਜਿੰਨੀ ਲਾਗ ਦੀ ਸੰਭਾਵਨਾ ਵੀ ਨਾ ਦੇ ਬਰਾਬਰ ਹੈ। ਜਦੋਂ ਮ੍ਰਿਤਕ ਦੇ ਸਰੀਰ ਤੋਂ ਲਾਰ, ਕਫ਼ ਅਤੇ ਲਹੂ ਜਿਹੇ ਤਰਲ ਪਦਾਰਥ ਨਿਕਲ਼ ਰਹੇ ਹੋਣ, ਸਿਰਫ਼ ਉਦੋਂ ਹੀ ਇਹ (ਦੇਹ) ਵਾਇਰਸ ਦਾ ਇੱਕ ਵਾਹਕ ਬਣ ਸਕਦਾ ਹੈ। ਇਸਲਈ ਬਿਨਾ ਸਮਾਂ ਗੁਆਏ ਢੁੱਕਵਾ ਦਾਹ-ਸਸਕਾਰ ਕਰਨਾ ਜਾਂ ਦਫਨਾਉਣਾ ਜ਼ਰੂਰੀ ਹੋ ਜਾਂਦਾ ਹੈ।"

The volunteers lower a body into a pit eight feet deep, cover up the pit and pour a disinfectant powder across the grave
PHOTO • Courtesy: TMMK
The volunteers lower a body into a pit eight feet deep, cover up the pit and pour a disinfectant powder across the grave
PHOTO • Courtesy: TMMK
The volunteers lower a body into a pit eight feet deep, cover up the pit and pour a disinfectant powder across the grave
PHOTO • Courtesy: TMMK

ਸਵੈ-ਸੇਵਕ ਮ੍ਰਿਤਕ ਦੇਹ ਨੂੰ ਅੱਠ ਫੁੱਟ ਡੂੰਘੇ ਟੋਏ ਵਿੱਚ ਉਤਾਰਦੇ ਹਨ, ਟੋਏ ਨੂੰ ਮਿੱਟੀ ਨਾਲ਼ ਪੂਰਦੇ ਹਨ ਅਤੇ ਕਬਰ ਦੇ ਉੱਪਰ ਕੀਟ-ਨਾਸ਼ਕ ਪਾਊਡਰ ਛਿੜਕਦੇ ਹਨ

"ਜੇਕਰ ਪੀੜਤ ਦੀ ਮੌਤ ਘਰੇ ਹੋਈ ਹੋਵੇ ਤਾਂ ਵਾਇਰਸ ਉਸ ਘਰ ਵਿੱਚ ਹਾਲੇ ਵੀ ਸਰਗਰਮ ਹੋ ਸਕਦਾ ਹੈ, ਇਸਲਈ ਉਸ ਘਰ ਦੇ ਕੁਆਰਿੰਟੀਨ 'ਤੇ ਸਖ਼ਤੀ ਨਾਲ਼ ਨਜ਼ਰ ਰੱਖੀ ਜਾਣੀ ਚਾਹੀਦੀ ਹੈ," ਡਾਕਟਰ ਮਿਸ਼ਰਾ ਚੇਤਾਵਨੀ ਦਿੰਦੇ ਹਨ। "ਅਤੇ ਅੰਤਮ ਸਸਕਾਰ ਸਮਰੱਥ ਅਧਿਕਾਰੀਆਂ ਦੁਆਰਾ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਨੂੰ ਇਹਦੀ ਪੂਰੀ ਜਾਣਕਾਰੀ ਹੋਵੇ।"

ਇੰਝ ਜਾਪਦਾ ਹੈ ਕਿ ਟੀਐੱਮਐੱਮਕੇ ਤਣਾਓਗ੍ਰਸਤ ਅਧਿਕਾਰੀਆਂ ਅਤੇ ਪ੍ਰਸ਼ਾਸਨ ਦਾ ਬਚਾਅ ਕਰਨ ਲਈ ਅੱਗੇ ਆਇਆ ਹੈ।

ਇਸ ਤਰ੍ਹਾਂ ਦੀ ਦਾਹ-ਸਸਕਾਰ ਵਿੱਚ ਕਿੰਨੇ ਪੈਸੇ ਲੱਗਦੇ ਹਨ? "ਇਹ ਲਾਗਤ 1,000 ਤੋਂ ਲੈ ਕੇ 11,000 ਰੁਪਏ ਤੱਕ ਹੈ। ਜੋ ਇਹਦੇ ਰੀਤੀ-ਰਿਵਾਜ, ਟੋਆ ਪੁੱਟਣ ਲਈ ਜੇਸੀਬੀ ਮਸ਼ੀਨ ਦੇ ਕਿਰਾਏ ਅਤੇ ਇਸ ਤਰ੍ਹਾਂ ਦੀਆਂ ਹੋਰ ਚੀਜਾਂ 'ਤੇ ਨਿਰਭਰ ਹੈ," ਰਹਿਮਾਨ ਕਹਿੰਦੇ ਹਨ। "ਕੋਵਿਡ ਕਰਕੇ ਹੋਣ ਵਾਲੀ ਮੌਤ ਦੇ ਮਾਮਲੇ ਵਿੱਚ, ਜੋ ਪਰਿਵਾਰ ਇਨ੍ਹਾਂ ਖ਼ਰਚਿਆਂ ਨੂੰ ਝੱਲ ਸਕਦੇ ਹਨ, ਉਨ੍ਹਾਂ ਨੂੰ ਅਸੀਂ ਸਰੀਰਕ ਮਿਹਨਤ ਕਰਕੇ ਯੋਗਦਾਨ ਦਿੰਦੇ ਹਾਂ। ਜੇਕਰ ਕੋਈ ਪਰਿਵਾਰ ਖਰਚਾ ਨਹੀਂ ਝੱਲ ਸਕਦਾ ਤਾਂ ਅਸੀਂ ਆਪਸ ਵਿੱਚ ਪੈਸਾ ਇਕੱਠਾ ਕਰਦੇ ਹਾਂ ਅਤੇ ਉਸ ਮ੍ਰਿਤਕ ਦਾ ਦਾਹ-ਸਸਕਾਰ ਕਰਦੇ ਹਾਂ।" ਪੀਪੀਈ ਕਿਟ ਲਈ ਸਥਾਨਕ ਪ੍ਰਸ਼ਾਸਨ ਜਾਂ ਪਰਉਪਕਾਰੀ ਲੋਕਾਂ ਪਾਸੋਂ ਮਦਦ ਮਿਲ਼ਦੀ ਹੈ।

ਸਮੂਹ ਦੇ ਲੋਕਾਂ ਨੂੰ ਪਤਾ ਹੈ ਕਿ ਕੋਵਿਡ ਨਾਲ਼ ਹੋਣ ਵਾਲੀ ਮੌਤ ਵਿੱਚ ਵੱਧ ਸਾਵਧਾਨੀ ਵਰਤਣੀ ਹੈ। "ਟੀਮ ਦੇ ਸਾਰੇ ਮੈਂਬਰ ਪੀਪੀਈ ਸੂਟ ਪਾਉਂਦੇ ਹਨ ਅਤੇ ਰੋਟੇਸ਼ਨਲ (ਘੁਮਾਓਦਾਰ/ਗੋਲ ਚੱਕਰਨੁਮਾ) ਅਧਾਰ 'ਤੇ ਅੰਤਮ ਸਸਕਾਰ ਕਰਦੇ ਹਾਂ-ਕੋਈ ਵੀ ਟੀਮ ਇੱਕ ਸਮੇਂ ਇੱਕ ਤੋਂ ਵੱਧ ਸਸਕਾਰ ਨਹੀਂ ਕਰਦੀ ਹੈ। ਲਾਸ਼ ਨੂੰ ਦਫ਼ਨਾਉਣ ਤੋਂ ਬਾਅਦ, ਸਵੈ-ਸੇਵਕ ਆਪਣੇ ਘਰਾਂ ਨੂੰ ਮੁੜਨ ਤੋਂ ਪਹਿਲਾਂ ਕੁਝ ਦਿਨਾਂ ਲਈ ਖੁਦ ਨੂੰ ਇਕਾਂਤਵਾਸ ਵਿੱਚ ਰੱਖਦੇ ਹਨ।" ਉਨ੍ਹਾਂ ਨੂੰ ਇਮਿਊਨਿਟੀ ਬੂਸਟਰ ਵੀ ਦਿੱਤੇ ਜਾਂਦੇ ਹਨ ਅਤੇ ਲੋੜੀਂਦੀ ਜਾਂਚ ਤੋਂ ਵੀ ਲੰਘਣਾ ਪੈਂਦਾ ਹੈ। "ਜ਼ਾਹਰ ਹੈ, ਕੋਵਿਡ ਪੌਜੀਟਿਵ ਆਉਣ ਵਾਲੇ ਨੂੰ ਇਸ ਕੰਮ ਤੋਂ ਛੁੱਟੀ ਦੇ ਦਿੱਤੀ ਜਾਂਦੀ ਹੈ," ਜਵਾਹਿਰੂਲੱਹਾ ਦੱਸਦੇ ਹਨ।

ਟੀਮਾਂ ਨੂੰ ਜਿਆਦਾਤਰ ਸਥਾਨਕ ਸਿਹਤ ਨਿਗਰਾਨਾਂ ਜਾਂ ਹਸਪਤਾਲਾਂ ਤੋਂ ਪੀੜਤ ਪਰਿਵਾਰਾਂ ਬਾਰੇ ਜਾਣਕਾਰੀ ਮਿਲ਼ਦੀ ਹੈ। ਰਾਣੀਪੇਟ ਜਿਲ੍ਹੇ ਦੇ ਅਰਕੋਨਮ ਬਲਾਕ ਵਿੱਚ ਬਨਾਵਰਮ ਪੰਚਾਇਤ ਦੇ ਸਾਬਕਾ ਪ੍ਰਧਾਨ, ਐੱਨ. ਮਣੀ ਇਸ ਉਦਾਹਰਣ ਦਾ ਹਵਾਲਾ ਦਿੰਦੇ ਹਨ: "ਸਾਡੇ ਪਿੰਡ ਦੀ ਇੱਕ ਈਸਾਈ ਮਹਿਲਾ, ਪੁਸ਼ਪਾ ਦੀ ਕੋਵਿਡ ਨਾਲ਼ ਮੌਤ ਹੋ ਗਈ ਸੀ ਅਤੇ ਪਰਿਵਾਰ ਇਸ ਹਾਲਤ ਨੂੰ ਸੰਭਾਲ਼ ਨਹੀਂ ਸਕਦਾ ਸੀ। ਤਦ ਹੀ ਸਿਹਤ ਨਿਰੀਖਕ ਨੇ ਮੈਨੂੰ ਟੀਐੱਮਐੱਮਕੇ ਬਾਰੇ ਦੱਸਿਆ। ਸਵੈ-ਸੇਵਕਾਂ ਨੇ ਇੱਕ ਘੰਟੇ ਦੇ ਅੰਦਰ ਆ ਕੇ ਸਾਰਾ ਕੁਝ ਸੰਭਾਲ਼ ਲਿਆ। ਉਹ ਹਿੰਮਤੀ ਹਨ ਅਤੇ ਸੁਚੇਤ ਰਹਿੰਦੇ ਹਨ।"

ਇਸ ਤੋਂ ਇਲਾਵਾ, ਰਹਿਮਾਨ ਕਹਿੰਦੇ ਹਨ, "ਤਮਿਲਨਾਡੂ ਦੇ ਹਰ ਪੁਲਿਸ ਸਟੇਸ਼ਨ ਦੇ ਕੋਲ਼ ਸਾਡੇ ਨੰਬਰ ਹਨ, ਇਸਲਈ ਲਵਾਰਸ਼ ਲਾਸ਼ਾਂ ਦੇ ਮਾਮਲੇ ਵਿੱਚ ਉਹ ਸਾਨੂੰ ਕਾਲ ਕਰ ਸਕਦੇ ਹਨ ਅਤੇ ਬਾਕੀ ਦਾ ਧਿਆਨ ਅਸੀਂ ਰੱਖਦੇ ਹਾਂ।"

The TMMK volunteers attend to Hindu, Muslim, and Christian funerals alike, conducting each according to the religious traditions of the family
PHOTO • Courtesy: TMMK
The TMMK volunteers attend to Hindu, Muslim, and Christian funerals alike, conducting each according to the religious traditions of the family
PHOTO • Courtesy: TMMK

ਟੀਐੱਮਐੱਮਕੇ ਦੇ ਸਵੈ-ਸੇਵਕ ਪਰਿਵਰ ਦੀਆਂ ਧਾਰਮਿਕ ਪਰੰਪਰਾਵਾਂ ਦੇ ਅਨੁਸਾਰ ਹਿੰਦੂਆਂ, ਮੁਸਲਮਾਨਾਂ ਅਤੇ ਈਸਾਈਆਂ ਦੇ ਅੰਤਮ ਸਸਕਾਰ ਵਿੱਚ ਬਰਾਬਰ ਰੂਪ ਨਾਲ਼ ਹਿੱਸਾ ਲੈਂਦੇ ਹਨ

ਉਨ੍ਹਾਂ ਦੇ ਸਾਰੇ ਯਤਨਾਂ ਵਿੱਚ ਨਿੱਜੀ ਖ਼ਤਰਾ ਬਹੁਤ ਵੱਡਾ ਹੈ। 41 ਸਾਲਾ ਅਬਦੁਲ ਰਹੀਮ, ਜੋ ਮਾਰਚ ਤੋਂ ਗੁਆਂਢੀ ਪੁਡੁਚੇਰੀ ਕੇਂਦਰ ਸ਼ਾਸਤ ਪ੍ਰਦੇਸ਼ ਦੇ ਕਰਾਇਕਲ ਜਿਲ੍ਹੇ ਵਿੱਚ ਕੋਵਿਡ ਨਾਲ਼ ਮਰਨ ਵਾਲੇ 27 ਲੋਕਾਂ ਵਿੱਚੋਂ ਕਰੀਬ 25 ਦਾ ਅੰਤਮ ਸਸਕਾਰ ਕਰਨ ਵਾਲੀ ਟੀਮਾਂ ਦੇ ਇੱਕ ਮੈਂਬਰ ਰਹਿ ਚੁੱਕੇ ਹਨ, ਉਨ੍ਹਾਂ ਲਈ ਇਹਦਾ ਮਤਲਬ ਹੈ ਆਪਣੇ ਛੇ ਸਾਲਾ ਬੇਟੇ ਤੋਂ ਦੂਰ ਰਹਿਣਾ। "ਮੈਂ ਅੱਠ ਸਾਲ ਤੋਂ ਇਸ ਮੈਡੀਕਲ ਟੀਮ ਦਾ ਹਿੱਸਾ ਹਾਂ। ਕੋਵਿਡ ਦੇ ਕਾਰਨ ਸਾਡਾ ਤਣਾਓ ਵੱਧ ਗਿਆ ਹੈ, ਪਰ ਜਦੋਂ ਲੋਕ ਆਪਣੀ ਸ਼ੁਕਰਗੁਜਾਰੀ ਪ੍ਰਗਟ ਕਰਦੇ ਹਨ ਤਾਂ ਕੁਝ ਹੋਰ ਮਾਇਨੇ ਹੀ ਨਹੀਂ ਰੱਖਦਾ। ਮੈਨੂੰ ਹਰੇਕ ਅੰਤਮ ਸਸਕਾਰ ਤੋਂ ਬਾਦ ਘੱਟ ਤੋਂ ਘੱਟ ਇੱਕ ਹਫ਼ਤੇ ਲਈ ਆਪਣੇ ਟੱਬਰ ਤੋਂ ਦੂਰ ਰਹਿਣਾ ਪੈਂਦਾ ਹੈ। ਇਹ ਗੱਲ  ਉਨ੍ਹਾਂ ਨੂੰ ਪਰੇਸ਼ਾਨ ਕਰਦੀ ਹੈ, ਪਰ ਮੈਂ ਉਨ੍ਹਾਂ ਦੀ ਸਿਹਤ ਨੂੰ ਖ਼ਤਰੇ ਵਿੱਚ ਨਹੀਂ ਪਾ ਸਕਦਾ।"

ਟੀਐੱਮਐੱਮਕੇ ਦੇ ਸਵੈ ਸੇਵਕ ਇੰਝ ਕਿਉਂ ਕਰਦੇ ਹਨ?

ਜਵਾਹਿਰੂਲੱਹਾ ਇਹਨੂੰ ਫ਼ਰਜ਼-ਏ-ਕਿਫਾਯਾ (ਅਰਬੀ ਵਿੱਚ ਲਾਜ਼ਮੀ ਵਿਅਕਤੀਗਤ ਕਰਤੱਵ) ਕਹਿੰਦੇ ਹਨ। "ਜੇਕਰ ਕੋਈ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਇੰਝ ਕਰਦਾ ਹੈ ਤਾਂ ਇਹਦਾ ਮਤਲਬ ਹੈ ਕਿ ਪੂਰੇ ਸਮਾਜ ਨੇ ਆਪਣਾ ਕਰਤੱਵ ਪੂਰਾ ਕਰ ਦਿੱਤਾ ਹੈ। ਜੇਕਰ ਕੋਈ ਇਹਨੂੰ ਕਰਨ ਲਈ ਅੱਗੇ ਨਹੀਂ ਆਉਂਦਾ ਹੈ, ਤਾਂ ਹਰ ਕੋਈ ਪਾਪੀ ਹੈ। ਜਾਤੀ ਜਾਂ ਪੰਥ ਦੀ ਪਰਵਾਹ ਕੀਤੇ ਬਗੈਰ, ਅਸੀਂ ਇਨ੍ਹਾਂ ਦਾਹ ਸਸਕਾਰਾਂ ਨੂੰ ਕੀਤਾ ਜਾਣਾ ਆਪਣਾ ਫ਼ਰਜ਼ ਸਮਝਦੇ ਹਾਂ।"

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਸਵੈ ਸੇਵਕ, 1995 ਵਿੱਚ ਟੀਐੱਮਐੱਮਕੇ ਦੀ ਸਥਾਪਨਾ ਦੇ ਸਮੇਂ ਤੋਂ ਹੀ ਮਾਨਵੀ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ। "ਉਹ ਨਿਯਮਤ ਰੂਪ ਨਾਲ਼ ਖੂਨ ਦਾਨ ਕਰਦੇ ਹਨ ਅਤੇ ਲੋੜਵੰਦ ਲੋਕਾਂ ਲਈ ਮੁਫ਼ਤ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਐਂਬੂਲੈਂਸ ਦਾ ਸੰਚਾਲਨ ਕਰਦੇ ਹਨ। ਉਹ ਸੁਨਾਮੀ ਅਤੇ ਚੇਨਈ ਹੜ੍ਹਾਂ ਸਮੇਤ ਕਈ ਕੁਦਰਤੀ ਆਫ਼ਤਾਂ ਸਮੇਂ ਗਤੀਸ਼ੀਲ ਸਨ।"

ਜਵਾਹਿਰੂਲੱਹਾ, ਜੋ ਰਾਜਨੀਤਕ ਪਾਰਟੀ ਮਨੀਥਾਨਿਆ ਮੱਕਲ ਕਾਚੀ ਦੇ ਪ੍ਰਧਾਨ ਵੀ ਹਨ, ਕਹਿੰਦੇ ਹਨ: "ਅਸੀਂ ਇਹ ਕੰਮ ਤਮਿਲ ਜਨਤਾ ਵਜੋਂ ਕਰਦੇ ਹਾਂ; ਸਾਡਾ ਮੰਨਣਾ ਹੈ ਕਿ ਸਾਨੂੰ ਸੰਕਟ ਵਿੱਚ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ। ਤਮਿਲਨਾਡੂ ਦੀ ਜਨਤਾ ਨੇ ਸਾਡੇ ਬਹੁਤੇਰੇ ਯਤਨਾਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਹੈ।" ਇੱਕ ਡੂੰਘੇ ਵਿਰਾਮ ਤੋਂ ਬਾਅਦ, ਉਹ ਕਹਿੰਦੇ ਹਨ: "ਜਦੋਂ ਤੁਸੀਂ ਘੱਟ-ਗਿਣਤੀ ਹੁੰਦੇ ਹੋ ਤਾਂ ਇਹ ਕੰਮ ਕਰਨਾ ਇੱਕ ਸਿਰੇ ਦੀ ਲੋੜ ਅਤੇ ਜਿੰਮੇਵਾਰੀ ਬਣ ਜਾਂਦਾ ਹੈ। ਪਰ ਸਾਡਾ ਮਕਸਦ ਸਿਰਫ਼ ਲੋੜਵੰਦਾਂ ਦੀ ਸੇਵਾ ਕਰਨਾ ਹੈ।"

ਕਵਿਤਾ ਮੁਰਲੀਧਰਨ ਠਾਕੁਰ ਫੈਮਿਲੀ ਫਾਊਂਡੇਸ਼ਨ ਤੋਂ ਇੱਕ ਸੁਤੰਤਰ ਪੱਤਰਕਾਰਤਾ ਗ੍ਰਾਂਟ ਦੇ ਜ਼ਰੀਏ ਜਨਤਕ ਸਿਹਤ ਅਤੇ ਨਾਗਰਿਕ ਸੁਤੰਤਰਤਾ 'ਤੇ ਰਿਪੋਰਟ ਕਰਦੀ ਹਨ। ਠਾਕੁਰ ਫੈਮਿਲੀ ਫਾਊਂਡੇਸ਼ਨ ਨੇ ਇਸ ਕਵਰੇਜ ਦੀ ਸਮੱਗਰੀ 'ਤੇ ਕੋਈ ਸੰਪਾਦਕੀ ਨਿਯੰਤਰਣ ਨਹੀਂ ਕੀਤਾ ਹੈ।

ਤਰਜਮਾ: ਕਮਲਜੀਤ ਕੌਰ

Kavitha Muralidharan

ਕਵਿਥਾ ਮੁਰਲੀਧਰਨ ਚੇਨੱਈ ਅਧਾਰਤ ਸੁਤੰਤਰ ਪੱਤਰਕਾਰ ਅਤੇ ਤਰਜ਼ਾਮਕਾਰ ਹਨ। ਪਹਿਲਾਂ ਉਹ 'India Today' (Tamil) ਵਿੱਚ ਸੰਪਾਦਕ ਸਨ ਅਤੇ ਉਸ ਤੋਂ ਪਹਿਲਾਂ 'The Hindu' (Tamil) ਵਿੱਚ ਰਿਪੋਰਟਿੰਗ ਸੈਕਸ਼ਨ ਦੀ ਹੈਡ ਸਨ। ਉਹ ਪਾਰੀ (PARI ) ਦੀ ਵਲੰਟੀਅਰ ਹਨ।

Other stories by Kavitha Muralidharan
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur