ਰਾਮਾ ਅਡੇਲੂ ਗਾਂਡੇਵਾੜ ਕਾਫ਼ੀ ਦਿਨਾਂ ਤੋਂ ਕੁਝ ਕੁਝ ਚਿੰਤਤ ਅਤੇ ਬੇਚੈਨ ਜਾਪਦੇ ਹਨ ਅਤੇ ਮਨੋਂ-ਮਨੀਂ ਉਨ੍ਹਾਂ ਨੂੰ ਇਸ ਚਿੰਤਾ ਮਗਰਲੀ ਗੱਲ ਦਾ ਅਹਿਸਾਸ ਵੀ ਹੈ। ਭਾਵੇਂ ਕੋਵਿਡ-19 ਦੀ ਦੂਸਰੀ ਲਹਿਰ ਪੱਥਰ ਚੱਟ ਕੇ ਵਾਪਸ ਮੁੜ ਰਹੀ ਹੈ ਪਰ ਕਰੋਨਾ ਕਾਲ਼ ਦੌਰਾਨ ਹੋਈਆਂ ਮੌਤਾਂ ਦਾ ਭਿਆਨਕ ਦ੍ਰਿਸ਼ ਉਨ੍ਹਾਂ ਲਈ ਭੁਲਾ ਸਕਣਾ ਸੰਭਵ ਨਹੀਂ ਹੋ ਰਿਹਾ। ਉਹ ਕਹਿੰਦੇ ਹਨ,''ਹੁਣ ਸ਼ਮਸ਼ਾਨ ਘਾਟ ਵਿਖੇ ਦਾਹ ਸਸਕਾਰਾਂ ਦਾ ਹੋਣਾ ਕੁਝ ਘਟਿਆ ਹੈ। ਪਰ ਕੀ ਬਣੂ ਜੇ ਤੀਜੀ ਲਹਿਰ ਆ ਜਾਂਦੀ ਹੈ ਤਾਂ? ਮੈਂ ਇੱਕ ਵਾਰ ਫਿਰ ਤੋਂ ਉਸ ਤਬਾਹੀ ਦਾ ਗਵਾਹ ਬਣਨ ਦੀ ਕਲਪਨਾ ਵੀ ਨਹੀਂ ਕਰ ਸਕਦਾ।''
60 ਸਾਲਾ ਰਾਮਾ, ਮਹਾਰਾਸ਼ਟਰ ਦੇ ਓਸਮਾਨਾਬਾਦ ਸ਼ਹਿਰ ਦੇ ਕਪਿਲਧਾਰ ਸ਼ਮਸ਼ਾਨ ਭੂਮੀ ਵਿਖੇ ਬਤੌਰ ਸ਼ਮਸ਼ਾਨ-ਕਰਮੀ ਕੰਮ ਕਰਦੇ ਹਨ। ਉਹ ਆਪਣੇ ਪਰਿਵਾਰ ਦੇ ਨਾਲ਼ ਇਸੇ ਸ਼ਮਸ਼ਾਨ ਭੂਮੀ ਪਰਿਸਰ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ 78 ਸਾਲਾ ਮਾਂ ਅਦਿਲਬਾਈ, 40 ਸਾਲਾ ਪਤਨੀ ਲਕਸ਼ਮੀ ਅਤੇ ਚਾਰ ਧੀਆਂ ਰਾਧਿਕਾ (ਉਮਰ 18 ਸਾਲ), ਮਨੀਸ਼ਾ (ਉਮਰ 12 ਸਾਲ), ਸਤਿਆਸ਼ੀਲਾ (ਉਮਰ 10 ਸਾਲ) ਅਤੇ ਸਾਰਿਕਾ (ਉਮਰ 3 ਸਾਲ) ਹਨ। ਉਨ੍ਹਾਂ ਦੀ ਵੱਡੀ ਧੀ ਰਾਧਿਕਾ ਦੇ ਪਤੀ 22 ਸਾਲਾ ਗਣੇਸ਼ ਵੀ ਉਨ੍ਹਾਂ ਦੇ ਨਾਲ਼ ਹੀ ਰਹਿੰਦੇ ਹਨ।
ਰਾਮਾ ਦਾ ਕੰਮ ਸ਼ਮਸ਼ਾਨ ਘਾਟ ਦਾ ਪ੍ਰਬੰਧਨ ਦੇਖਣਾ ਹੈ। ਰਾਮਾ ਦੱਸਦੇ ਹਨ,''ਮੈਨੂੰ ਲੋਥਾਂ ਨੂੰ ਚਿਖਾ ਵਿੱਚ ਚਿਣਨ ਤੋਂ ਲੈ ਕੇ ਦੇਹ ਦੇ ਸੜ ਜਾਣ ਬਾਅਦ ਫੁੱਲਾਂ (ਅਸਥੀਆਂ) ਅਤੇ ਸੁਆਹ ਨੂੰ ਹਟਾਉਣ ਜਿਹੇ ਕਈ ਹੋਰ ਕੰਮ ਵੀ ਕਰਨੇ ਪੈਂਦੇ ਹਨ।'' ਇਸ ਕੰਮ ਵਿੱਚ ਗਣੇਸ਼ ਉਨ੍ਹਾਂ ਦੀ ਮਦਦ ਕਰਦੇ ਹਨ। ''ਇਸ ਪੂਰੇ ਕੰਮ ਬਦਲੇ ਓਸਮਾਨਾਬਾਦ ਨਗਰ ਪਾਲਿਕਾ ਵੱਲੋਂ ਸਾਨੂੰ ਹਰ ਮਹੀਨੇ 5000 ਰੁਪਏ ਮਿਲ਼ਦੇ ਹਨ।'' ਜੋ ਰਾਸ਼ੀ ਉਨ੍ਹਾਂ ਦੇ ਕੰਮ ਬਦਲੇ ਮਿਲ਼ਦੀ ਹੈ ਬੱਸ ਇਹੀ ਪਰਿਵਾਰ ਦੀ ਆਮਦਨੀ ਦਾ ਇੱਕੋ-ਇੱਕ ਵਸੀਲਾ ਹੈ।
ਮੂ਼ਲ਼ ਰੂਪ ਵਿੱਚ ਨੰਦੇੜ- ਓਸਮਾਨਾਬਾਦ ਸ਼ਹਿਰ ਤੋਂ ਕਰੀਬ 200 ਕਿਲੋਮੀਟਰ ਦੂਰ- ਦੇ ਵਾਸੀ ਰਾਮਾ ਆਪਣੇ ਪਰਿਵਾਰ ਨਾਲ਼ ਇੱਥੇ ਲਗਭਗ 12 ਸਾਲ ਪਹਿਲਾਂ ਰਹਿਣ ਆਏ ਸਨ। ਉਹ ਮਸਾਨਜੋਗੀ ਭਾਈਚਾਰੇ ਨਾਲ਼ ਤਾਅਲੁਕ ਰੱਖਦੇ ਹਨ ਜੋ ਮਹਾਰਾਸ਼ਟਰ ਦੀ ਖ਼ਾਨਾਬਦੋਸ਼ ਜਾਤੀ ਵਜੋਂ ਸੂਚੀਬੱਧ ਹੈ। ਮਸਾਨਜੋਗੀ ਭਾਈਚਾਰੇ ਦੇ ਲੋਕ ਪਰੰਪਰਾਗਤ ਰੂਪ ਨਾਲ਼ ਸ਼ਮਸ਼ਾਨਘਾਟ ਵਿਖੇ ਕੰਮ ਕਰਨ ਦੇ ਨਾਲ਼ ਨਾਲ਼ ਖ਼ੈਰਾਤ ਮੰਗ ਕੇ ਗੁਜ਼ਰ-ਬਸਰ ਕਰਦੇ ਰਹੇ ਹਨ। ਗਾਂਡੇਵਾੜ ਪਰਿਵਾਰ ਵਾਂਗਰ ਹੀ ਕਈ ਹੋਰ ਪਰਿਵਾਰ ਵੀ ਸ਼ਮਸ਼ਾਨ ਭੂਮੀ ਅਤੇ ਕਬਰਿਸਤਾਨ ਵਿੱਚ ਹੀ ਰਹਿੰਦੇ ਹਨ।
ਰਾਮਾ ਕਹਿੰਦੇ ਹਨ ਕਿ ਉਨ੍ਹਾਂ ਨੇ ਸਾਰੀ ਉਮਰ ਸ਼ਮਸ਼ਾਨਘਾਟਾਂ ਵਿਖੇ ਹੀ ਕੰਮ ਕੀਤਾ ਹੈ। ਪਰ ਆਪਣੀ ਪੂਰੀ ਜ਼ਿੰਦਗੀ ਵਿੱਚ ਉਨ੍ਹਾਂ ਨੇ ਪਹਿਲਾਂ ਕਦੇ ਵੀ ਇਕੱਠੇ ਇੰਨੀਆਂ ਲਾਸ਼ਾਂ ਨਹੀਂ ਦੇਖੀਆਂ ਸਨ ਜਿੰਨੀਆਂ ਇਸ ਕੋਵਿਡ-19 ਕਾਲ਼ ਦੌਰਾਨ ਦੇਖੀਆਂ। ਉਹ ਦੱਸਦੇ ਹਨ,''ਖ਼ਾਸ ਤੌਰ 'ਤੇ ਦੂਸਰੀ ਲਹਿਰ ਦੌਰਾਨ (ਮਾਰਚ-ਮਈ, 2021)। ਮੈਂ ਅਜਿਹਾ ਦਿਲ-ਕੰਬਾਊ ਵਰਤਾਰਾ ਕਦੇ ਨਹੀਂ ਡਿੱਠਾ। ਕੋਵਿਡ ਸੰਕ੍ਰਮਣ ਕਾਰਨ ਕਰਕੇ ਜਾਨਾਂ ਗੁਆ ਚੁੱਕੇ ਲੋਕਾਂ ਦੀਆਂ ਚਿਖਾਵਾਂ ਪੂਰਾ ਪੂਰਾ ਦਿਨ ਮੱਘਦੀਆਂ ਰਹਿੰਦੀਆਂ ਸਨ। ਪੂਰਾ ਪੂਰਾ ਦਿਨ ਇਨ੍ਹਾਂ ਚਿਖਾਵਾਂ ਵਿੱਚੋਂ ਉੱਠਣ ਵਾਲ਼ਾ ਧੂੰਆਂ ਸਾਡੇ ਸਾਹਾਂ ਵਿੱਚ ਘੁੱਲਦਾ ਜਾਂਦਾ ਰਹਿੰਦਾ ਸੀ। ਮੈਨੂੰ ਤਾਂ ਹੈਰਾਨੀ ਇਸ ਗੱਲੋਂ ਹੁੰਦੀ ਹੈ ਕਿ ਅਜਿਹੇ ਹਾਲਾਤਾਂ ਵਿੱਚ ਵੀ ਅਸੀਂ ਬਚ ਕਿਵੇਂ ਗਏ।''
ਮਹਾਂਮਾਰੀ ਕਾਰਨ ਵਰ੍ਹੇ ਇਸ ਕਹਿਰ ਦੀ ਹਾਲਾਤ ਇਹ ਸੀ ਕਿ ਪਰਿਵਾਰ ਤਾਜ਼ੀ ਹਵਾ ਵਿੱਚ ਸਾਹ ਲੈਣ ਲਈ ਤਰਸ ਗਿਆ। ਟੀਨ ਦੀ ਛੱਤ ਵਾਲ਼ਾ ਉਨ੍ਹਾਂ ਦਾ ਮਕਾਨ ਸ਼ਮਸ਼ਾਨ ਦੇ ਮੇਨ ਗੇਟ ਕੋਲ਼ ਹੀ ਸਥਿਤ ਹੈ, ਜਿਹਦੀ ਚਿਖਾਵਾਂ ਦੇ ਸਾੜਨ ਤੋਂ ਦੂਰੀ ਬਾਮੁਸ਼ਕਲ 100-150 ਮੀਟਰ ਹੀ ਬਣਦੀ ਹੈ। ਉਨ੍ਹਾਂ ਦੇ ਘੜ ਦੇ ਐਨ ਸਾਹਮਣੇ ਕਰਕੇ ਲੱਕੜਾਂ ਦਾ ਢੇਰ ਲੱਗਿਆ ਹੋਇਆ ਹੈ ਅਤੇ ਘਰ ਵੱਲੋਂ ਢਲਾਣ ਵਾਲ਼ੇ ਪਾਸੇ ਕਰੀਬ ਇੱਕ ਦਰਜਨ ਕੁ ਕਦਮਾਂ ਦੀ ਦੂਰੀ 'ਤੇ ਚਿਖਾਵਾਂ ਮੜ੍ਹੀਆਂ ਜਾਂਦੀਆਂ ਹਨ। ਚਿਖਾਵਾਂ ਵਿੱਚੋਂ ਉੱਠਦਾ ਧੂੰਆਂ ਅਤੇ ਦੇਹ ਦੇ ਸੜਨ ਵਿੱਚੋਂ ਨਿਕਲ਼ਦੀ ਹਵਾੜ ਨਾਲ਼ ਭਰੀ ਹਵਾ ਉਨ੍ਹਾਂ ਦੇ ਘਰ ਵੱਲ ਵਹਿੰਦੀ ਰਹਿੰਦੀ ਹੈ।
ਜਦੋਂ ਕੋਵਿਡ ਕਾਰਨ ਮੌਤ ਦਰ ਭਿਆਨਕ ਰੂਪ ਨਾਲ਼ ਵੱਧਣ ਲੱਗੀ ਤਦ ਗਾਂਡੇਵਾੜ ਪਰਿਵਾਰ ਦੇ ਘਰ ਅੰਦਰ ਹਰ ਵੇਲ਼ੇ ਧੂੰਆਂ ਭਰਿਆ ਰਹਿੰਦਾ ਸੀ। ਦੁਪਹਿਰ ਵਿੱਚ ਅਤੇ ਦੇਰ ਸ਼ਾਮੀਂ, ਯਾਨਿ ਦਿਨ ਵਿੱਚ ਦੋ ਵਾਰੀ ਓਸਮਾਨਾਬਾਦ ਸਿਵਿਲ ਹਸਪਤਾਲ ਤੋਂ ਦਾਹ ਸਸਕਾਰ ਲਈ ਲੋਥਾਂ ਇੱਥੇ ਹੀ ਭੇਜੀਆਂ ਜਾਂਦੀਆਂ। ਰਾਮਾ ਅਤੇ ਗਣੇਸ਼ ਦੋਨੋਂ ਵੇਲ਼ੇ ਲਾਸ਼ਾਂ ਦੀ ਖੇਪ ਆਉਣ ਤੋਂ ਪਹਿਲਾਂ ਪਹਿਲਾਂ ਚਿਖਾਵਾਂ ਤਿਆਰ ਕਰਦੇ।
''ਉਨ੍ਹਾਂ ਮਹੀਨਿਆਂ ਦੌਰਾਨ ਹਰ ਦਿਨ ਤਕਰੀਬਨ 15-20 ਲਾਸ਼ਾਂ ਸਾੜੀਆਂ ਜਾਂਦੀਆਂ ਸਨ। ਇੱਕ ਦਿਨ ਇਹ ਅੰਕੜਾ 29 ਵੀ ਰਿਹਾ,'' ਗਣੇਸ਼ ਕਹਿੰਦੇ ਹਨ। ''ਪਹਿਲੀ ਲਹਿਰ ਦੌਰਾਨ (ਅਪ੍ਰੈਲ ਤੋਂ ਸ਼ੁਰੂਆਤੀ ਜੁਲਾਈ 2020) ਦੌਰਾਨ ਹਰ ਦਿਨ ਇੱਥੇ 5-6 ਲੋਥਾਂ ਹੀ ਲਿਆਂਦੀਆਂ ਜਾਂਦੀਆਂ ਰਹੀਆਂ ਹਨ ਜੋ ਉਸ ਵੇਲ਼ੇ ਵੀ ਸਾਨੂੰ ਬਹੁਤ ਜ਼ਿਆਦਾ ਲੱਗਦੀਆਂ ਹੁੰਦੀਆਂ ਸਨ। ਹੁਣ ਇੱਕ ਵਾਰ ਫਿਰ ਅਸੀਂ ਉਹ ਸਾਰਾ ਕੁਝ ਨਹੀਂ ਝੱਲ ਸਕਦੇ। ਇਹ ਬੇਹੱਦ ਥਕਾਊ ਅਤੇ ਧੁਰ ਅੰਦਰ ਤੋੜ ਦੇਣ ਵਾਲ਼ਾ ਕੰਮ ਹੈ।''
ਕਰੀਬ ਕਰੀਬ ਹਰ ਦਿਨ ਉਨ੍ਹਾਂ ਦੀ ਸਵੇਰ ਰਿਸ਼ਤੇਦਾਰਾਂ ਦੇ ਵੈਣਾਂ ਨੂੰ ਸੁਣਨ ਨਾਲ਼ ਹੁੰਦੀ ਸੀ ਅਤੇ ਪੂਰਾ ਦਿਨ ਧੂੰਏਂ ਦੀ ਮਾਰ ਵੱਜ ਵੱਜ ਕੇ ਰਾਤ ਤੱਕ ਅੱਖਾਂ ਵਿੱਚ ਸਾੜ ਪੈਣ ਲੱਗਦਾ। ਹਾਲਾਂਕਿ ਕੋਡਿਡ ਸੰਕ੍ਰਮਣ ਨਾਲ਼ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਆਈ ਗਿਰਾਵਟ ਤੋਂ ਬਾਅਦ ਹਵਾ ਕੁਝ ਬੇਹਤਰ ਜ਼ਰੂਰ ਹੋਈ ਹੈ ਪਰ ਬਾਵਜੂਦ ਇਸ ਸਭ ਕਾਸੇ ਦੇ ਰਾਮਾ ਉਸ ਹਵਾੜ ਛੱਡਦੀ ਅਤੇ ਸੰਘੀ ਨੂੰ ਛਿਲ਼ਦੀ ਜਾਂਦੀ ਹਵਾ ਨੂੰ ਆਪਣੇ ਜ਼ਿਹਨ ਵਿੱਚੋਂ ਕੱਢ ਹੀ ਨਹੀਂ ਪਾ ਰਹੇ, ਸ਼ਾਇਦ ਉਹ ਹਵਾ ਉਨ੍ਹਾਂ ਦੇ ਘਰ ਦੇ ਹਰੇਕ ਖੂੰਝੇ ਵਿੱਚ ਰਹਿ ਗਈ ਹੈ।
ਹੱਥ ਲੱਗੇ ਅੰਕੜਿਆਂ ਮੁਤਾਬਕ, 14 ਅਕਤੂਬਰ ਤੱਕ ਓਸਮਾਨਾਬਾਦ ਜ਼ਿਲ੍ਹੇ ਵਿੱਚ ਕੋਵਿਡ-19 ਦੇ ਕਰੀਬ 390 ਸਰਗਰਮ ਮਾਮਲੇ ਸਨ। ਕੋਵਿਡ-19 ਸੰਕ੍ਰਮਣ ਨਾਲ਼ ਮਾਰਚ 2020 ਤੋਂ ਹੁਣ ਤੱਕ ਇੱਥੇ 67,000 ਤੋਂ ਵੀ ਵੱਧ ਮਾਮਲੇ ਸਾਹਮਣੇ ਆਏ ਅਤੇ 2000 ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋਈਆਂ।
ਰਾਮਾ ਦੇ ਕੰਨਾਂ ਵਿੱਚ ਅਜੇ ਤੀਕਰ ਮ੍ਰਿਤਕ ਵਿਅਕਤੀ ਦੇ ਰਿਸ਼ਤੇਦਾਰਾਂ ਵੱਲੋਂ ਪਾਏ ਕੀਰਨ ਗੂੰਜਦੇ ਰਹਿੰਦੇ ਹਨ। ਪਰ ਨਾਲ਼ ਹੀ ਨਾਲ਼ ਉਹ ਇਹ ਵੀ ਦੱਸਦੇ ਹਨ ਕਿ ਮ੍ਰਿਤਕਾਂ ਦੇ ਪਰਿਵਾਰ ਵਾਲ਼ੇ ਅਕਸਰ ਸ਼ਮਸ਼ਾਨ ਘਾਟ ਵਿੱਚ ਭੀੜ ਲਾ ਦਿੰਦੇ ਸਨ ਅਤੇ ਕੋਵਿਡ ਪ੍ਰੋਟੋਕਾਲ ਦਾ ਉਲੰਘਣ ਵੀ ਕਰਦੇ ਸਨ। ਉਹ ਕਹਿੰਦੇ ਹਨ,''ਉਨ੍ਹਾਂ ਨਾਲ਼ ਪੇਸ਼ ਆਉਣ ਵਿੱਚ ਤੁਹਾਨੂੰ ਠਰ੍ਹੰਮੇ ਅਤੇ ਹਮਦਰਦੀ ਦੀ ਲੋੜ ਪੈਂਦੀ ਹੈ। ਬਾਕੀ ਕੰਮ ਦੇ ਨਾਲ਼ ਨਾਲ਼ ਤੁਹਾਨੂੰ ਲੋਕਾਂ ਨੂੰ ਢੁੱਕਵੀਂ ਦੂਰੀ ਬਰਕਰਾਰ ਰੱਖਣ ਲਈ ਕਹਿੰਦੇ ਰਹਿਣ ਦੇ ਲੋੜ ਹੁੰਦੀ ਹੈ। ਕਦੇ ਕਦੇ ਲੋਕ ਗੱਲ ਸਮਝ ਜਾਂਦੇ ਹਨ ਅਤੇ ਕਦੇ ਕਦੇ ਆਪਿਓਂ ਬਾਹਰ ਵੀ ਹੋ ਜਾਂਦੇ ਹਨ।''
ਬੇਸ਼ੱਕ ਇਨ੍ਹਾਂ ਹਾਲਾਤਾਂ ਨੇ ਰਲ਼-ਮਿਲ਼ ਕੇ ਰਾਮਾ ਦੇ ਪਰਿਵਾਰ 'ਤੇ ਅਸਰ ਜ਼ਰੂਰ ਛੱਡਿਆ ਹੈ, ਖ਼ਾਸ ਕਰਕੇ ਦੂਸਰੀ ਲਹਿਰ ਦੌਰਾਨ ਜੋ ਕੁਝ ਹੋਇਆ ਉਹਨੇ। ਹਰ ਵਾਰ ਜਿਵੇਂ ਹੀ ਸ਼ਮਸ਼ਾਨ ਘਾਟ ਦੇ ਪਥਰੀਲੇ ਰਸਤੇ 'ਤੇ ਕੋਈ ਐਂਬੂਲੈਂਸ ਆਉਂਦੀ ਦਿੱਸਦੀ, ਉਨ੍ਹਾਂ ਦੀ ਤਿੰਨ ਸਾਲਾ ਧੀ ਸਾਰੀਕਾ ਦੇ ਮੂੰਹੋਂ ਆਪਮੁਹਾਰੇ ''ਧੂੰਆਂ, ਧੂੰਆਂ'' ਨਿਕਲ਼ਣ ਲੱਗਦਾ। ''ਉਹ ਲੋਥ ਦੇ ਐਂਬੂਲੈਂਸ ਵਿੱਚੋਂ ਕੱਢੇ ਜਾਣ ਤੋਂ ਪਹਿਲਾਂ ਹੀ ਆਪਣੀਆਂ ਅੱਖਾਂ ਮਲ਼ਣ ਲੱਗਦੀ,'' ਗਣੇਸ਼ ਇਹ ਗੱਲ ਕਹਿੰਦੇ ਹੋਏ ਦੱਸਦੇ ਹਨ ਕਿ ਜਿੰਨੀਆਂ ਮਰਜ਼ੀ ਖਿੜਕੀਆਂ ਅਤੇ ਬੂਹੇ ਬੀੜ ਲਓ ਧੂੰਆਂ ਆਪਣਾ ਰਾਹ ਬਣਾ ਹੀ ਲੈਂਦਾ ਸੀ। ਉਹ ਕਹਿੰਦੇ ਹਨ,''ਦੂਸਰੀ ਲਹਿਰ 'ਤੇ ਲੱਗੀ ਹਲਕੀ ਜਿਹੀ ਲਗਾਮ ਨਾਲ਼ ਹੀ ਸਾਨੂੰ ਰਤਾ ਕੁ ਚੈਨ ਮਿਲ਼ਿਆ ਹੈ। ਇਸਲਈ, ਉਹ (ਸਾਰਿਕਾ) ਹੁਣ ਪਹਿਲਾਂ ਜਿਹਾ ਕੁਝ ਨਹੀਂ ਕਰਦੀ। ਪਰ ਅਜਿਹੇ ਹਾਲਾਤਾਂ ਵਿੱਚ ਵੱਡਾ ਹੋਣਾ ਕਿਤੇ ਨਾ ਕਿਤੇ ਉਹਦੇ ਜ਼ਿਹਨ 'ਤੇ ਦੂਰਗਾਮੀ ਅਸਰਾਤ ਛੱਡੇਗਾ। ਤੀਜੀ ਲਹਿਰ ਦੇ ਆਉਣ ਦੀ ਸੰਭਾਵਨਾ ਹੀ ਕੰਬਾ ਸੁੱਟਣ ਵਾਲ਼ੀ ਹੈ।''
ਹਰ ਸਵੇਰ, ਰਾਮਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫ਼ੋਨ 'ਤੇ ਉਪਲਬਧ ਕਰਾਏ ਗਏ ਕੋਵਿਡ-19 ਸੰਕ੍ਰਮਣ ਦੇ ਅੰਕੜਿਆਂ 'ਤੇ ਨਜ਼ਰ ਮਾਰਦੇ ਹਨ। ''ਹਰ ਰੋਜ਼ ਅਸੀਂ ਉੱਠਦੇ ਹਾਂ, ਅੰਕੜਿਆਂ 'ਤੇ ਨਜ਼ਰ ਮਾਰਦੇ ਹਾਂ ਅਤੇ ਉਸ ਤੋਂ ਬਾਅਦ ਸੁੱਖ ਦਾ ਸਾਹ ਲੈਂਦੇ ਹਾਂ। ਫ਼ਿਲਹਾਲ, ਅੰਕੜੇ ਚਿੰਤਾਜਨਕ ਨਹੀਂ ਹਨ,'' ਰਾਮਾ ਕਹਿੰਦੇ ਹਨ। ''ਪਰ ਜੇਕਰ ਤੀਜੀ ਲਹਿਰ ਆਉਂਦੀ ਹੈ ਜਾਂ ਕੋਵਿਡ ਅੰਕੜਿਆਂ ਵਿੱਚ ਉਛਾਲ਼ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਹੀ ਪਤਾ ਲੱਗੇਗਾ।''
ਹਾਲਾਂਕਿ, ਉਨ੍ਹਾਂ ਦਾ ਪਰਿਵਾਰ ਮਹਾਂਮਾਰੀ ਦੇ ਪ੍ਰਕੋਪ ਤੋਂ ਅਜੇ ਤੱਕ ਬਚਦਾ ਆਇਆ ਹੈ, ਪਰ ਰਾਮਾ ਦੀ ਮਾਂ ਮੁਤਾਬਕ ਮਹਾਂਮਾਰੀ ਦੇ ਇਸ ਦੌਰ ਦੇ ਅਸਰ ਦੂਰਗਾਮੀ ਹਨ। ਉਹ ਕਹਿੰਦੀ ਹਨ,''ਸਾਡੇ ਵਿੱਚੋਂ ਹਰ ਕਿਸੇ ਦੀ ਤਬੀਅਤ ਵਿਗੜੀ ਜ਼ਰੂਰ ਹੈ। ਖੰਘ ਤਾਂ ਅਜੇ ਤੱਕ ਰੁਕੀ ਨਹੀਂ, ਭਾਵੇਂ ਲੋਥਾਂ ਦੀ ਗਿਣਤੀ ਘੱਟ ਗਈ ਹੈ। ਸਿਰ ਭਾਰਾ ਰਹਿੰਦਾ ਹੈ ਅਤੇ ਘੁੰਮਦਾ ਜਾਪਦਾ ਹੈ। ਸਾਨੂੰ ਪੂਰਾ ਦਿਨ ਚੱਕਰ ਜਿਹੇ ਆਉਂਦੇ ਰਹਿੰਦੇ ਹਨ। ਮੈਨੂੰ ਨਹੀਂ ਲੱਗਦਾ ਕਿ ਅਸੀਂ ਕੋਵਿਡ ਦਾ ਇੱਕ ਹੋਰ ਕਹਿਰ ਝੱਲ ਪਵਾਂਗੇ ਅਤੇ ਨਾ ਹੀ ਆਲ਼ੇ-ਦੁਆਲ਼ੇ ਮੰਡਰਾਉਂਦੀ ਮੌਤ ਦੀ ਗ੍ਰਿਫ਼ਤ ਤੋਂ ਹੀ ਬਚ ਪਾਵਾਂਗੇ।''
ਉਨ੍ਹਾਂ ਦੇ ਦਰਪੇਸ਼ ਇੱਥੇ ਰਹਿਣ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਤਾਂ ਨਹੀਂ ਹੈ। ਰਾਮਾ ਸਵਾਲ ਪੁੱਛਦੇ ਲਹਿਜੇ ਵਿੱਚ ਕਹਿੰਦੇ ਹਨ,''ਦੱਸੋ ਅਸੀਂ ਹੋਰ ਜਾਈਏ ਤਾਂ ਜਾਈਏ ਕਿੱਥੇ? ਸਾਡੇ ਕੋਲ਼ ਕਿਰਾਏ ਦਾ ਮਕਾਨ ਲੈਣ ਜੋਗੇ ਵੀ ਪੈਸੇ ਨਹੀਂ ਹਨ ਅਤੇ ਜਿੱਥੋਂ ਤੱਕ ਗੱਲ ਕੰਮ ਬਦਲਣ ਦੀ ਹੈ ਤਾਂ ਮੈਂ ਤਾਉਮਰ ਹੋਰ ਕੋਈ ਕੰਮ ਕੀਤਾ ਹੀ ਨਹੀਂ।''
ਉਨ੍ਹਾਂ ਦਾ ਟੱਬਰ ਸ਼ਮਸ਼ਾਨ ਦੇ ਕੋਲ਼ ਸਥਿਤ ਨਗਰਪਾਲਿਕਾ ਦੀ ਅੱਧੀ ਏਕੜ ਜ਼ਮੀਨ 'ਤੇ ਜਵਾਰ ਅਤੇ ਬਾਜਰੇ ਦੀ ਖੇਤੀ ਕਰਦਾ ਹੈ, ਜਿਸ ਦੇ ਝਾੜ ਨਾਲ਼ ਉਨ੍ਹਾਂ ਦਾ ਮਸਾਂ ਹੀ ਡੰਗ ਟੱਪਦਾ ਹੈ। ਅਦਿਲਬਾਈ ਕਹਿੰਦੀ ਹਨ,''ਦਾਹ ਸਸਕਾਰ ਦੇ ਕੰਮ ਬਦਲੇ ਹੀ ਸਾਨੂੰ ਨਗਦ ਪੈਸੇ (5000 ਰੁਪਏ ਮਹੀਨਾ) ਮਿਲ਼ਦੇ ਹਨ। ਇਸ ਤੋਂ ਬਿਨਾ ਸਾਡੀ ਗੁਜ਼ਰ-ਬਸਰ ਵੀ ਨਹੀਂ ਹੋ ਸਕਦੀ।''
ਆਮਦਨੀ ਦੀ ਇੰਨੀ ਛੋਟੀ ਰਾਸ਼ੀ ਨਾਲ਼ ਪਰਿਵਾਰ ਜਿਵੇਂ ਕਿਵੇਂ ਕਰਕੇ ਆਪਣਾ ਡੰਗ ਟਪਾ ਰਿਹਾ ਹੈ ਅਤੇ ਆਪਣੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਦੋ ਹੱਥ ਹੁੰਦਾ ਰਹਿੰਦਾ ਹੈ। ''ਸਾਡੇ ਕੋਲ਼ ਕੋਵਿਡ ਦੇ ਸੰਕ੍ਰਮਣ ਤੋਂ ਬਚਾਅ ਲਈ ਕੋਈ ਉਪਾਅ ਵੀ ਮੌਜੂਦ ਨਹੀਂ। ਸਾਡੇ ਕੋਲ਼ ਸੈਨੀਟਾਈਜਰ ਤੱਕ ਨਹੀਂ। ਅਸੀਂ ਨੰਗੇ ਹੱਥੀਂ ਸਾਰਾ ਕੁਝ ਕਰਦੇ ਰਹੇ ਹਾਂ,'' ਅਦਿਲਬਾਈ ਕਹਿੰਦੀ ਹਨ। ਜੋ ਵੀ ਹੋਵੇ ਪਰ ਉਨ੍ਹਾਂ ਨੂੰ ਆਪਣੇ ਨਾਲ਼ੋਂ ਕਿਤੇ ਵੱਧ ਚਿੰਤਾ ਆਪਣੀਆਂ ਪੋਤੀਆਂ ਦੀ ਹੈ। ਉਹ ਕਹਿੰਦੀ ਹਨ,''ਮੈਂ ਨਹੀਂ ਚਾਹੁੰਦੀ ਕਿ ਉਹ ਵੱਡੀਆਂ ਹੋ ਕੇ ਸ਼ਮਸ਼ਾਨ ਦੇ ਕੰਮ ਕਰਦਿਆਂ ਆਪਣੀ ਜ਼ਿੰਦਗੀ ਗੁਜ਼ਾਰਨ।''
ਇਹ ਸਟੋਰੀ ਪੁਲਿਤਜ਼ਰ ਸੈਂਟਰ ਦੁਆਰਾ ਸਮਰਥਨ ਪ੍ਰਾਪਤ ਸਟੋਰੀ-ਸੀਰੀਜ਼ ਦਾ ਹਿੱਸਾ ਹੈ ਜਿਹਦੇ ਤਹਿਤ ਰਿਪੋਰਟਰ ਨੂੰ ਸੁਤੰਤਰ ਪੱਤਰਕਾਰਤਾ ਗ੍ਰਾਂਟ ਮਿਲ਼ੀ ਹੋਈ ਹੈ।
ਤਰਜਮਾ: ਕਮਲਜੀਤ ਕੌਰ