ਅਗਸਤ 2020 ਵਿੱਚ, ਆਪਣੇ ਦੂਸਰੇ ਬੱਚੇ ਦੇ ਜਨਮ ਤੋਂ ਬਾਅਦ ਅੰਜਨੀ ਯਾਦਵ ਪੇਕੇ ਆ ਗਈ ਸਨ। ਉਹ ਅਜੇ ਤੱਕ ਆਪਣੇ ਸਹੁਰੇ ਘਰ ਵਾਪਸ ਨਹੀਂ ਗਈ। 31 ਸਾਲਾ ਅੰਜਨੀ ਆਪਣੇ ਦੋਵਾਂ ਬੱਚਿਆਂ ਦੇ ਨਾਲ਼ ਹੁਣ ਆਪਣੇ ਪੇਕੇ ਹੀ ਰਹਿੰਦੀ ਹਨ। ਉਨ੍ਹਾਂ ਦੇ ਪੇਕੇ ਬਿਹਾਰ ਦੇ ਗਯਾ ਜ਼ਿਲ੍ਹੇ ਵਿੱਚ ਬੋਧਗਯਾ ਬਲਾਕ ਦੇ ਬਕਰੌਰ ਪਿੰਡ ਵਿਖੇ ਸਥਿਤ ਹੈ। ਉਹ ਆਪਣੇ ਪਤੀ ਦੇ ਪਿੰਡ ਦਾ ਨਾਮ ਨਹੀਂ ਲੈਣਾ ਚਾਹੁੰਦੀ, ਹਾਲਾਂਕਿ ਉੱਥੋਂ ਉਨ੍ਹਾਂ ਦਾ ਸਹੁਰਾ ਘਰ ਮਹਿਜ ਅੱਧੇ ਘੰਟੇ ਦੀ ਦੂਰੀ ‘ਤੇ ਹੈ।

“ਸਰਕਾਰੀ ਹਸਪਤਾਲ ਵਿੱਚ ਜਦੋਂ ਮੈਂ ਆਪਣੇ ਦੂਸਰੇ ਬੱਚੇ ਨੂੰ ਜਨਮ ਦਿੱਤਾ ਸੀ, ਉਸ ਤੋਂ ਦੋ ਦਿਨਾਂ ਬਾਅਦ ਹੀ ਮੇਰੀ ਭਾਬੀ ਨੇ ਮੈਨੂੰ ਖਾਣਾ ਬਣਾਉਣ ਅਤੇ ਸਫਾਈ ਕਰਨ ਤੋਂ ਰੋਕਿਆ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਵੀ ਬੱਚੇ ਦੇ ਜਨਮ ਤੋਂ ਬਾਅਦ ਘਰ ਆ ਕੇ ਸਾਰੀਆਂ ਜ਼ਿੰਮੇਦਾਰੀਆਂ ਚੁੱਕੀਆਂ ਸਨ। ਉਹ ਮੇਰੇ ਤੋਂ ਦਸ ਸਾਲ ਵੱਡੀ ਹਨ। ਪ੍ਰਸਵ ਦੌਰਾਨ ਮੇਰੇ ਸਰੀਰ ਵਿੱਚ ਲਹੂ ਦੀ ਕਾਫੀ ਘਾਟ ਹੋ ਗਈ ਸੀ। ਇੱਥੋਂ ਤੱਕਕਿ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮੇਰੀ ਨਰਸ ਨੇ ਮੈਨੂੰ ਦੱਸਿਆ ਸੀ ਕਿ ਮੇਰੇ ਸਰੀਰ ਵਿੱਚ ਲਹੂ ਦੀ ਕਾਫੀ ਜ਼ਿਆਦਾ ਘਾਟ ਹੈ ਅਤੇ ਮੈਨੂੰ ਫ਼ਲ ਅਤੇ ਸਬਜੀਆਂ ਖਾਣੀਆਂ ਚਾਹੀਦੀਆਂ ਹਨ। ਜੇ ਮੈਂ ਆਪਣੇ ਸਹੁਰੇ ਘਰ ਹੀ ਰਹੀ ਹੁੰਦੀ ਤਾਂ ਤਬੀਅਤ ਹੋਰ ਨਾਸਾਜ਼ ਹੋ ਗਈ ਹੁੰਦੀ।"

ਰਾਸ਼ਟਰੀ ਸਿਹਤ ਸਰਵੇਖਣ (ਐੱਨਐੱਫ਼ਐੱਚਐੱਸ-5) ਮੁਤਾਬਕ, ਪਿਛਲੇ ਪੰਜ ਸਾਲਾਂ ਵਿੱਚ ਬਹੁਤੇਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਬੱਚਿਆਂ ਅਤੇ ਔਰਤਾਂ ਵਿੱਚ ਅਨੀਮਿਆ, ਯਾਨੀ ਲਹੂ ਦੀ ਕਾਫ਼ੀ ਗੰਭੀਰ ਘਾਟ ਹੋ ਗਈ ਹੈ।

ਅੰਜਨੀ ਦੱਸਦੀ ਹਨ ਕਿ ਉਨ੍ਹਾਂ ਦੇ ਪਤੀ ਸੁਖੀਰਾਮ (32 ਸਾਲਾ) ਗੁਜਰਾਤ ਦੇ ਸੂਰਤ ਵਿੱਚ ਇੱਕ ਕੱਪੜਾ ਮਿੱਲ ਵਿੱਚ ਕੰਮ ਕਰਦੇ ਹਨ। ਉਹ ਪਿਛਲੇ ਡੇਢ ਸਾਲ  ਤੋਂ ਘਰ ਨਹੀਂ ਆਏ ਹਨ। ਅੰਜਨੀ ਮੁਤਾਬਕ,''ਉਹ ਮੇਰੇ ਪ੍ਰਸਵ ਦੌਰਾਨ ਹੀ ਘਰ ਆਉਣ ਵਾਲ਼ੇ ਸਨ, ਪਰ ਉਨ੍ਹਾਂ ਦੀ ਕੰਪਨੀ ਨੇ ਉਨ੍ਹਾਂ ਨੂੰ ਨੋਟਿਸ ਦਿੱਤਾ ਸੀ ਕਿ ਜੇ ਉਹ ਦੋ ਦਿਨਾਂ ਤੋਂ ਵੱਧ ਸਮੇਂ ਲਈ ਛੁੱਟੀ 'ਤੇ ਰਹੇ ਤਾਂ ਉਹ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦੇਣਗੇ। ਕਰੋਨਾ ਬੀਮਾਰੀ ਦੇ ਬਾਅਦ ਆਰਥਿਕ, ਭਾਵਨਾਤਮਕ ਅਤੇ ਸਿਹਤ ਪੱਧਰ 'ਤੇ ਸਾਨੂੰ ਗ਼ਰੀਬਾਂ ਦੀ ਹਾਲਤ ਹੋਰ ਵੀ ਪਤਲੀ ਹੋ ਗਈ। ਇਸਲਈ, ਮੈਂ ਇੱਥੇ ਇਕੱਲੇ ਹੀ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੀ ਸਾਂ।''

ਉਨ੍ਹਾਂ ਨੇ ਪਾਰੀ ਨੂੰ ਦੱਸਦਿਆਂ ਕਿਹਾ,''ਇਸਲਈ ਮੈਨੂੰ ਉੱਥੋਂ ਭੱਜਣਾ ਪਿਆ, ਕਿਉਂਕਿ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਸਨ। ਪ੍ਰਸਵ ਤੋਂ ਬਾਅਦ ਸਿਹਤ-ਸੰਭਾਲ਼ ਦਾ ਮਸਲਾ ਤਾਂ ਇੱਕ ਪਾਸੇ ਰਿਹਾ, ਘਰਾਂ ਦੇ ਕੰਮਾਂ ਜਾਂ ਬੱਚਿਆਂ ਨੂੰ ਸੰਭਾਲ਼ਣ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕਰਦਾ ਸੀ।'' ਅੰਜਨੀ ਯਾਦਵ ਨੂੰ ਅਜੇ ਵੀ ਲਹੂ ਦੀ ਗੰਭੀਰ ਘਾਟ ਹੈ; ਜਿਸ ਤਰ੍ਹਾਂ ਨਾਲ਼ ਰਾਜ ਦੀਆਂ ਲੱਖਾਂ ਔਰਤਾਂ ਲਹੂ ਦੀ ਘਾਟ ਦੀਆਂ ਸ਼ਿਕਾਰ ਹਨ।

ਐੱਨਐੱਫ਼ਐੱਚਐੱਸ-5 ਦੀ ਰਿਪੋਰਟ ਮੁਤਾਬਕ, ਬਿਹਾਰ ਦੀਆਂ 64 ਫ਼ੀਸਦ ਔਰਤਾਂ ਲਹੂ ਦੀ ਘਾਟ ਦੀਆਂ ਸ਼ਿਕਾਰ ਹਨ।

ਕੋਰੋਨਾ ਮਹਾਂਮਾਰੀ ਦੇ ਸੰਦਰਭ ਵਿੱਚ 2020 ਦੀ ਗਲੋਬਲ ਨਿਊਟ੍ਰੀਸ਼ਨ ਰਿਪੋਰਟ ਮੁਤਾਬਕ,''ਭਾਰਤ ਨੇ ਔਰਤਾਂ ਅੰਦਰ ਲਹੂ ਦੀ ਘਾਟ ਦੀ ਸਮੱਸਿਆ ਨੂੰ ਘੱਟ ਕਰਨ ਦੇ ਆਪਣੇ ਟੀਚੇ ਵਿੱਚ ਕੋਈ ਤਰੱਕੀ ਨਹੀਂ ਕੀਤੀ ਹੈ ਅਤੇ ਦੇਸ ਦੀਆਂ 15 ਤੋਂ 49 ਉਮਰ ਵਰਗ ਦੀਆਂ ਕਰੀਬ 51.4 ਫ਼ੀਸਦ ਔਰਤਾਂ ਲਹੂ ਦੀ ਘਾਟ ਨਾਲ਼ ਜੂਝ ਰਹੀਆਂ ਹਨ।''

PHOTO • Jigyasa Mishra

ਅੰਜਨੀ ਯਾਦਵ ਪਿਛਲੇ ਸਾਲ ਆਪਣੇ ਦੂਸਰੇ ਬੱਚੇ ਦੇ ਜਨਮ ਤੋਂ ਬਾਅਦ ਤੋਂ ਹੀ ਆਪਣੇ ਪੇਕੇ ਘਰ ਰਹਿ ਰਹੀ ਹਨ। ਸਹੁਰੇ ਪਰਿਵਾਰ ਵਿੱਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਅਤੇ ਦੇਖਭਾਲ਼ ਨਹੀਂ ਮਿਲ਼ ਪਾ ਰਹੀ ਸੀ ਅਤੇ ਉਨ੍ਹਾਂ ਦੇ ਪਤੀ ਦੂਸਰੇ ਸ਼ਹਿਰ ਵਿੱਚ ਰਹਿੰਦੇ ਹਨ

6 ਸਾਲ ਪਹਿਲਾਂ ਆਪਣੇ ਵਿਆਹ ਤੋਂ ਬਾਅਦ, ਅੰਜਨੀ ਵੀ ਜ਼ਿਆਦਾਤਰ ਭਾਰਤੀ ਵਿਆਹੁਤਾ ਔਰਤਾਂ ਵਾਂਗਰ ਹੀ ਨੇੜਲੇ ਪਿੰਡ ਵਿੱਚ ਸਥਿਤ ਆਪਣੇ ਸਹੁਰੇ ਚਲੀ ਗਈ। ਉਨ੍ਹਾਂ ਦੇ ਪਤੀ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਮਾਪੇ, ਦੋ ਵੱਡੇ ਭਰਾ, ਉਨ੍ਹਾਂ ਦੀਆਂ ਪਤਨੀਆਂ ਅਤੇ ਉਨ੍ਹਾਂ ਦੇ ਬੱਚੇ ਸਨ। ਜਮਾਤ 8ਵੀਂ ਤੋਂ ਬਾਅਦ ਅੰਜਨੀ ਦੀ ਪੜ੍ਹਾਈ ਅਤੇ ਬਾਰ੍ਹਵੀਂ ਤੋਂ ਬਾਅਦ ਉਨ੍ਹਾਂ ਦੇ ਪਤੀ ਦੀ ਪੜ੍ਹਾਈ ਛੁੱਟ ਗਈ।

ਐੱਨਐੱਫ਼ਐੱਚਐੱਸ-5 ਮੁਤਾਬਕ, ਬਿਹਾਰ ਵਿੱਚ 15-19 ਉਮਰ ਵਰਗ ਦੀਆਂ ਅੱਲ੍ਹੜ ਕੁੜੀਆਂ ਅੰਦਰ ਪ੍ਰਜਨਨ ਦੀ ਦਰ 77 ਫ਼ੀਸਦ ਹੈ। ਰਾਜ ਦੀਆਂ ਕਰੀਬ 25 ਫ਼ੀਸਦ ਔਰਤਾਂ ਦਾ ਭਾਰ ਔਸਤ ਨਾਲ਼ੋਂ ਕਾਫ਼ੀ ਘੱਟ ਹੈ ਅਤੇ ਸਰਵੇਖਣ ਮੁਤਾਬਕ, 15 ਤੋਂ 49 ਸਾਲ ਦੀਆਂ 63 ਫ਼ੀਸਦ ਗਰਭਵਤੀ ਔਰਤਾਂ ਲਹੂ ਦੀ ਘਾਟ ਦਾ ਸ਼ਿਕਾਰ ਹਨ।

ਅੰਜਨੀ, ਬਕਰੌਰ ਸਥਿਤ ਪੇਕੇ ਘਰ ਆਪਣੀ ਮਾਂ, ਭਰਾ, ਭਰਜਾਈ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੇ ਨਾਲ਼ ਰਹਿੰਦੀ ਹਨ। ਜਦੋਂਕਿ ਉਨ੍ਹਾਂ ਦੇ 28 ਸਾਲਾ ਭਰਾ ਅਭਿਸ਼ੇਕ, ਗਯਾ ਸ਼ਹਿਰ ਵਿੱਚ ਬਤੌਰ ਇੱਕ ਡਿਲਵਰੀ ਬੁਆਏ ਕੰਮ ਕਰਦੇ ਹਨ, ਓਧਰ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹਨ। ਉਹ ਕਹਿੰਦੀ ਹਨ,''ਕੁੱਲ ਮਿਲ਼ਾ ਕੇ, ਸਾਡੇ ਪੂਰੇ ਪਰਿਵਾਰ ਦੀ ਮਹੀਨੇਵਾਰ ਆਮਦਨੀ 15 ਹਜ਼ਾਰ ਰੁਪਏ ਹੈ। ਹਾਲਾਂਕਿ, ਕਿਸੇ ਨੂੰ ਮੇਰੇ ਇੱਥੇ ਰਹਿਣ ਵਿੱਚ ਕੋਈ ਸਮੱਸਿਆ ਨਹੀਂ ਹੈ, ਪਰ ਮੈਨੂੰ ਇੰਝ ਜਾਪਦਾ ਹੈ ਕਿ ਮੈਂ ਉਨ੍ਹਾਂ ਦੇ ਸਿਰ ਇੱਕ ਭਾਰ ਬਣ ਗਈ ਹਾਂ।''

''ਮੇਰੇ ਪਤੀ ਸੂਰਤ ਵਿੱਚ ਆਪਣੇ ਤਿੰਨ ਸਹਿਕਰਮੀਆਂ ਦੇ ਨਾਲ਼ ਇੱਕੋ ਕਮਰੇ ਵਿੱਚ ਰਹਿੰਦੇ ਹਨ। ਮੈਂ ਉਸ ਪਲ ਦੀ ਉਡੀਕ ਕਰ ਰਹੀ ਹਾਂ ਜਦੋਂ ਉਹ ਕੁਝ ਪੈਸਾ ਬਚਾ ਕੇ ਆਪਣੇ ਲਈ ਵੱਖਰਾ ਕਮਰਾ ਕਿਰਾਏ 'ਤੇ ਲੈ ਸਕਣ ਤਾਂ ਜੋ ਅਸੀਂ ਇਕੱਠੇ ਰਹਿ ਸਕੀਏ,'' ਅੰਜਨੀ ਕਹਿੰਦੀ ਹਨ।

*****

ਅੰਜਨੀ ਕਹਿੰਦੀ ਹਨ,''ਆਓ, ਮੈਂ ਤੁਹਾਨੂੰ ਆਪਣੇ ਇੱਕ ਦੋਸਤ ਕੋਲ਼ ਲੈ ਕੇ ਚੱਲਦੀ ਹਾਂ, ਉਹਦੀ ਸੱਸ ਨੇ ਵੀ ਉਹਦਾ ਜੀਵਨ ਨਰਕ ਬਣਾ ਛੱਡਿਆ ਹੈ।'' ਅੰਜਨੀ ਦੇ ਨਾ਼ਲ ਮੈਂ ਉਨ੍ਹਾਂ ਦੀ ਦੋਸਤ ਗੁੜੀਆ ਦੇ ਘਰ ਗਈ। ਦਰਅਸਲ, ਉਹ ਉਨ੍ਹਾਂ ਦੇ ਪਤੀ ਦਾ ਘਰ ਹੈ। 29 ਸਾਲਾ ਗੁੜੀਆ ਚਾਰ ਬੱਚਿਆਂ ਦੀ ਮਾਂ ਹੈ। ਉਨ੍ਹਾਂ ਦਾ ਸਭ ਤੋਂ ਛੋਟਾ ਬੱਚਾ ਲੜਕਾ ਹੈ, ਪਰ ਉਨ੍ਹਾਂ ਦੀ ਸੱਸ ਉਨ੍ਹਾਂ ਨੂੰ ਨਸਬੰਦੀ/ਨਲ਼ਬੰਦੀ ਨਹੀਂ ਕਰਾਉਣ ਦੇ ਰਹੀ, ਕਿਉਂਕਿ ਉਹ ਚਾਹੁੰਦੀ ਹੈ ਕਿ ਗੁੜੀਆ ਇੱਕ ਹੋਰ ਲੜਕਾ ਜੰਮੇ। ਆਪਣੇ ਉਪਨਾਮ ਨੂੰ ਨਾਲ਼ ਨਾ ਜੋੜਨ ਵਾਲ਼ੀ ਗੁੜੀਆ, ਇੱਕ ਦਲਿਤ ਭਾਈਚਾਰੇ ਨਾਲ਼ ਸਬੰਧ ਰੱਖਦੀ ਹਨ।

ਐੱਨਐੱਫ਼ਐੱਚਐੱਸ-5 ਮੁਤਾਬਕ, ਪਿਛਲੇ ਪੰਜ ਸਾਲਾਂ ਵਿੱਚ ਬਹੁਤੇਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਬੱਚਿਆਂ ਅਤੇ ਔਰਤਾਂ ਵਿੱਚ ਅਨੀਮਿਆ, ਯਾਨੀ ਲਹੂ ਦੀ ਕਾਫ਼ੀ ਗੰਭੀਰ ਘਾਟ ਹੋ ਗਈ ਹੈ

ਗੁੜੀਆ ਨੇ ਪਾਰੀ (PARI) ਨਾਲ਼ ਗੱਲ ਕਰਦਿਆਂ ਦੱਸਿਆ,''ਤਿੰਨ ਲੜਕੀਆਂ ਤੋਂ ਬਾਅਦ ਮੇਰੀ ਸੱਸ ਮੇਰੇ ਤੋਂ ਇੱਕ ਲੜਕਾ ਚਾਹੁੰਦੀ ਸੀ। ਉਹਦੇ ਬਾਅਦ ਜਦੋਂ ਮੇਰੇ ਇੱਕ ਪੁੱਤ ਜੰਮ ਪਿਆ ਤਾਂ ਮੈਨੂੰ ਜਾਪਿਆ ਮੇਰੀ ਜ਼ਿੰਦਗੀ ਹੁਣ ਕੁਝ ਸੌਖ਼ੀ ਹੋ ਜਾਵੇਗੀ। ਪਰ ਮੇਰੀ ਸੱਸ ਦਾ ਕਹਿਣਾ ਹੈ ਕਿ ਤਿੰਨ ਕੁੜੀਆਂ ਜੰਮਣ ਤੋਂ ਬਾਅਦ ਘੱਟ ਤੋਂ ਘੱਟ ਦੋ ਪੁੱਤ ਤਾਂ ਪੈਦਾ ਕਰਨਾ ਹੀ ਚਾਹੀਦੇ ਹਨ। ਉਹ ਮੈਨੂੰ ਨਲ਼ਬੰਦੀ ਨਹੀਂ ਕਰਾਉਣ ਦੇ ਰਹੀ।''

2011 ਦੀ ਮਰਦਮਸ਼ੁਮਾਰੀ ਮੁਤਾਬਕ, ਬਾਲ ਲਿੰਗ-ਅਨੁਪਾਤ ਦੇ ਮਾਮਲੇ ਦੀ ਗੱਲ ਕਰੀਏ ਤਾਂ ਬਿਹਾਰ ਵਿੱਚ ਗਯਾ ਜ਼ਿਲ੍ਹੇ ਦੀ ਤੀਜੀ ਥਾਂ ਹੈ। 0-6 ਉਮਰ ਵਾਲ਼ੇ ਬੱਚਿਆਂ ਅੰਦਰ ਰਾਜ ਦੇ ਔਸਤ, 935 ਦੇ ਮੁਕਾਬਲੇ ਜ਼ਿਲ੍ਹੇ ਦਾ ਅਨੁਪਾਤ 960 ਹੈ।

ਗੁੜੀਆ ਦੋ ਕਮਰਿਆਂ ਦੇ ਕੱਚੇ ਮਕਾਨ ਵਿੱਚ ਰਹਿੰਦੀ ਹਨ, ਜਿਹਦੀ ਛੱਤ ਟੀਨ ਅਤੇ ਐਸਬੇਸਟਸ ਦੀ ਬਣੀ ਹੈ ਅਤੇ ਮਕਾਨ ਦਾ ਆਪਣਾ ਗ਼ੁਸਲ ਵੀ ਨਹੀਂ ਹੈ। ਉਨ੍ਹਾਂ ਦੇ 34 ਸਾਲਾ ਪਤੀ, ਸ਼ਿਵਸਾਗਰ, ਉਨ੍ਹਾਂ ਦੀ ਮਾਂ ਅਤੇ ਉਨ੍ਹਾਂ ਦੇ ਬੱਚੇ ਉਸੇ ਛੋਟੇ ਜਿਹੇ ਘਰ ਵਿੱਚ ਰਹਿੰਦੇ ਹਨ। ਸ਼ਿਵਸਾਗਰ ਇੱਕ ਸਥਾਨਕ ਢਾਬੇ ਵਿੱਚ ਸਹਾਇਕ ਦਾ ਕੰਮ ਕਰਦੇ ਹਨ।

ਗੁੜੀਆ ਦਾ 17 ਸਾਲ ਦੀ ਉਮਰੇ ਹੀ ਵਿਆਹ ਹੋ ਗਿਆ ਸੀ ਅਤੇ ਉਹ ਕਦੇ ਸਕੂਲ ਗਈ ਹੀ ਨਹੀਂ। ਉਨ੍ਹਾਂ ਨੇ ਸਾਨੂੰ ਦੱਸਦਿਆਂ ਕਿਹਾ,''ਮੈਂ ਆਪਣੇ ਪਰਿਵਾਰ ਦੀਆਂ ਪੰਜੋ ਕੁੜੀਆਂ ਵਿੱਚੋਂ ਸਭ ਤੋਂ ਵੱਡੀ ਸਾਂ। ਮੇਰੇ ਮਾਪੇ ਮੈਨੂੰ ਸਕੂਲ ਭੇਜਣ ਵਿੱਚ ਅਸਮਰੱਥ ਸਨ। ਪਰ ਮੇਰੀਆਂ ਦੋ ਭੈਣਾਂ ਅਤੇ ਇਕਲੌਤੇ ਭਰਾ, ਜੋ ਸਾਡੇ ਵਿੱਚੋਂ ਸਭ ਤੋਂ ਛੋਟਾ ਹੈ, ਨੂੰ ਸਕੂਲੀ ਸਿੱਖਿਆ ਹਾਸਲ ਹੋਈ।''

ਗੁੜੀਆ ਦੇ ਘਰ ਦੇ ਮੁੱਖ ਕਮਰੇ ਦਾ ਬੂਹਾ ਇੱਕ ਭੀੜੀ ਗਲ਼ੀ ਵੱਲ ਖੁੱਲ੍ਹਦਾ ਹੈ ਜੋ ਸਿਰਫ਼ 4' ਹੀ ਚੌੜੀ ਹੈ। ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦਾ ਬੂਹਾ ਗੁਆਂਢੀਆਂ ਦੇ ਘਰ ਨਾਲ਼ ਖਹਿੰਦਾ ਹੀ ਹੈ। ਕਮਰੇ ਦੀਆਂ ਕੰਧਾਂ 'ਤੇ ਦੋ ਸਕੂਲ ਬੈਗ ਟੰਗੇ ਹੋਏ ਹਨ, ਜਿਸ ਵਿੱਚ ਅਜੇ ਤੱਕ ਕਿਤਾਬਾਂ ਭਰੀਆਂ ਹੋਈਆਂ ਹਨ। ਗੁੜੀਆ ਦੱਸਦੀ ਹਨ,''ਇਹ ਮੇਰੀਆਂ ਵੱਡੀਆਂ ਧੀਆਂ (ਦੋ) ਦੀਆਂ ਕਿਤਾਬਾਂ ਹਨ। ਇੱਕ ਸਾਲ ਤੋਂ ਉਨ੍ਹਾਂ ਨੇ ਇਨ੍ਹਾਂ ਨੂੰ ਹੱਥ ਤੱਕ ਨਹੀਂ ਲਾਇਆ।'' ਦਸ ਸਾਲ ਦੀ ਖ਼ੁਸ਼ਬੂ ਅਤੇ ਅੱਠ ਸਾਲਾ ਵਰਸ਼ਾ ਲਗਾਤਾਰ ਪੜ੍ਹਾਈ ਵਿੱਚ ਪਿਛੜਦੀਆਂ ਜਾ ਰਹੀਆਂ ਹਨ। ਕਰੋਨਾ ਮਹਾਂਮਾਰੀ ਦੇ ਕਾਰਨ ਦੇਸ਼-ਵਿਆਪੀ ਤਾਲਾਬੰਦੀ ਦੇ ਐਲਾਨ ਤੋਂ ਬਾਅਦ ਅਜੇ ਤੱਕ ਸਕੂਲ ਬੰਦ ਹੀ ਹਨ।

PHOTO • Jigyasa Mishra

ਗੁੜੀਆ ਦੀ ਸੱਸ ਨੇ ਉਨ੍ਹਾਂ ਨੂੰ ਨਲ਼ਬੰਦੀ ਕਰਾਉਣ ਦੀ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਉਨ੍ਹਾਂ ਨੇ ਗੁੜੀਆ ਪਾਸੋਂ ਇੱਕ ਹੋਰ ਲੜਕੇ ਨੂੰ ਜੰਮਣ ਦੀ ਉਮੀਦ ਲਾਈ ਹੋਈ ਹੈ

''ਘੱਟੋ-ਘੱਟ ਮੇਰੇ ਦੋ ਬੱਚਿਆਂ ਨੂੰ ਦਿਨ ਵਿੱਚ ਇੱਕ ਵਾਰ ਮਿਡ-ਡੇਅ ਮੀਲ਼ ਨਾਲ਼ ਰਜਵਾਂ ਭੋਜਨ ਤਾਂ ਮਿਲ਼ ਜਾਂਦਾ ਸੀ। ਪਰ, ਹੁਣ ਅਸੀਂ ਸਾਰੇ ਕਿਸੇ ਤਰੀਕੇ ਆਪਣੇ ਡੰਗ ਟਪਾ ਰਹੇ ਹਾਂ।''

ਸਕੂਲ ਬੰਦ ਹੋਣ ਕਾਰਨ ਉਨ੍ਹਾਂ ਦੇ ਘਰ ਖਾਣ-ਪੀਣ ਦੀ ਤੰਗੀ ਹੋ ਗਈ ਹੈ। ਉਨਾਂ ਦੀਆਂ ਦੋਵਾਂ ਧੀਆਂ ਨੂੰ ਹੁਣ ਮਿਡ-ਡੇਅ ਮੀਲ ਦਾ ਖਾਣਾ ਨਹੀਂ ਮਿਲ਼ ਪਾ ਰਿਹਾ ਹੈ, ਤੇ ਘਰ ਵਿੱਚ ਫ਼ਾਕੇ ਚੱਲ ਰਹੇ ਹਨ। ਅੰਜਨੀ ਦੇ ਪਰਿਵਾਰ ਵਾਂਗ ਹੀ, ਗੁੜੀਆ ਦੇ ਪਰਿਵਾਰ ਦੀ ਰੋਜ਼ੀ-ਰੋਟੀ ਪੱਕੀ ਨਹੀਂ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਭੋਜਨ-ਸੁਰੱਖਿਆ ਹੀ ਮਿਲ਼ੀ ਹੋਈ ਹੈ। 7 ਮੈਂਬਰੀ ਉਨ੍ਹਾਂ ਦਾ ਪਰਿਵਾਰ, ਉਨ੍ਹਾਂ ਦੇ ਪਤੀ ਦੀ ਅਸਥਾਈ ਨੌਕਰੀ ਤੋਂ ਹੋਣ ਵਾਲ਼ੀ 9000 ਰੁਪਏ ਦੀ ਕਮਾਈ 'ਤੇ ਨਿਰਭਰ ਹੈ।

2020 ਦੀ ਗਲੋਬਲ ਨਿਊਟ੍ਰੀਸ਼ਨ ਰਿਪੋਰਟ ਮੁਤਾਬਕ,''ਅਸੰਗਠਿਤ ਇਲਾਕੇ ਦੇ ਕਰਮਚਾਰੀ ਵਿਸ਼ੇਸ਼ ਰੂਪ ਨਾਲ਼ ਨਾਜ਼ੁਕ ਹਾਲਤ ਵਿੱਚ ਹੈ, ਕਿਉਂਕਿ ਉਨ੍ਹਾਂ ਵਿੱਚੋਂ ਬਹੁਤੇਰੇ ਉਤਪਾਦ ਸੰਪਦਾ ਤੱਕ ਪਹੁੰਚ ਨਹੀਂ ਰੱਖਦੇ ਅਤੇ ਉਹ ਗੁਣਵੱਤਾ-ਭਰਪੂਰ ਸਿਹਤ ਸੁਵਿਧਾਵਾਂ ਤੋਂ ਵਾਂਝੇ ਹਨ। ਤਾਲਾਬੰਦੀ ਦੌਰਾਨ ਆਮਦਨੀ ਦੇ ਵਸੀਲੇ ਮੁੱਕ ਜਾਣ ਕਾਰਨ, ਕਈਖ ਕਰਮਚਾਰੀ ਆਪਣਾ ਅਤੇ ਆਪਣੇ ਟੱਬਰ ਦਾ ਖ਼ਰਚ ਨਹੀਂ ਝੱਲ ਪਾ ਰਹੇ। ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਵਾਸਤੇ ਆਮਦਨੀ ਦੇ ਨਾ ਹੋਣ ਦਾ ਮਤਲਬ ਹੈ, ਭੁੱਖਾ ਰਹਿਣਾ ਅਤੇ ਜਾਂ ਰੱਜਵੇਂ ਭੋਜਨ ਅਤੇ ਪੋਸ਼ਣ ਨਾਲ਼ ਸਮਝੌਤਾ ਕਰਨਾ।''

ਗੁੜੀਆ ਦਾ ਪਰਿਵਾਰ ਇਸ ਰਿਪੋਰਟ ਵਿੱਚ ਦਿਖਾਈ ਗਈ ਗ਼ਰੀਬੀ ਦੀ ਦੀ ਤਸਵੀਰ ਦੀ ਜਿਊਂਦੀ-ਜਾਗਦੀ ਮਿਸਾਲ ਹੈ। ਉਨ੍ਹਾਂ ਨੂੰ ਭੁੱਖਮਰੀ ਦੇ ਨਾਲ਼-ਨਾਲ਼ ਜਾਤੀ ਭੇਦਭਾਵ ਅਤੇ ਪਿਛੜੇਪਣ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਨ੍ਹਾਂ ਦੇ ਪਤੀ ਦੀ ਨੌਕਰੀ ਅਸੁਰੱਖਿਅਤ ਹੈ ਅਤੇ ਉਨ੍ਹਾਂ ਦਾ ਪਰਿਵਾਰ ਕਿਸੇ ਵੀ ਕਿਸਮ ਦੀ ਸਿਹਤ ਸੁਵਿਧਾ ਤੋਂ ਸੱਖਣਾ ਹੈ।

*****

ਸੂਰਜ ਛਿਪਣ ਦੇ ਨਾਲ਼ ਬੋਧਗਯਾ ਦੇ ਮੁਸਾਹਰ ਟੋਲਾ ਵਿੱਚ ਜ਼ਿੰਦਗੀ ਸਧਾਰਣ ਰੂਪ ਨਾਲ਼ ਦੌੜਦੀ ਰਹਿੰਦੀ ਹੈ। ਦਿਨ ਦਾ ਆਪਣਾ ਸਾਰਾ ਕੰਮ ਮੁਕਾ ਕੇ ਭਾਈਚਾਰੇ ਦੀਆਂ ਔਰਤਾਂ ਇੱਕ ਥਾਵੇਂ ਇਕੱਠੀਆਂ ਹੋ ਚੁੱਕੀਆਂ ਹਨ ਅਤੇ ਉਹ ਬੱਚਿਆਂ ਜਾਂ ਇੱਕ-ਦੂਸਰੇ ਦੇ ਸਿਰ ਵਿੱਚੋਂ ਜੂੰਆਂ ਕੱਢਦਿਆਂ ਅਤੇ ਗੱਪਾਂ ਮਾਰਦਿਆਂ ਆਪੋ-ਆਪਣੀ ਸ਼ਾਮ ਬਿਤਾਉਂਦੀਆਂ ਹਨ। ਇਹ ਭਾਈਚਾਰਾ ਪਿਛੜੀਆਂ ਜਾਤੀਆਂ ਵਿੱਚੋਂ ਸਭ ਤੋਂ ਹੇਠਲੇ ਸ਼੍ਰੇਣੀ ਵਿੱਚ ਆਉਂਦਾ ਹੈ।

ਸਾਰੀਆਂ ਔਰਤਾਂ ਆਪਣੇ ਉਨ੍ਹਾਂ ਛੋਟੇ ਜਿਹੇ ਘਰਾਂ ਦੀਆਂ ਬਰੂਹਾਂ ਜਾਂ ਬੂਹਿਓਂ ਬਾਹਰ ਬੈਠੀਆਂ ਮਿਲ਼ਦੀਆਂ ਹਨ ਜਿਨ੍ਹਾਂ ਦਾ ਮੂੰਹ ਭੀੜੀ ਗਲ਼ੀ ਵੱਲ਼ ਖੁੱਲ੍ਹਦਾ ਹੈ ਅਤੇ ਗਲ਼ੀ ਦੇ ਦੋਵੇਂ ਪਾਸੀਂ ਖੁੱਲ੍ਹੀਆਂ ਨਾਲ਼ੀਆਂ ਵਗਦੀਆਂ ਹਨ। 32 ਸਾਲਾ ਮਾਲ਼ਾ ਦੇਵੀ ਕਹਿੰਦੀ ਹਨ,''ਦੱਸੋ, ਲੋਕ ਕੁਝ ਕੁਝ ਅਜਿਹਾ ਹੀ ਤਾਂ ਦੱਸਦੇ ਹਨ ਮੁਸਾਹਰ ਟੋਲ਼ੇ ਬਾਰੇ?  ਸਾਨੂੰ ਕੁੱਤਿਆਂ ਅਤੇ ਸੂਰਾਂ ਦੇ ਨਾਲ਼ ਰਹਿਣ ਦੀ ਆਦਤ ਹੈ।'' ਮਾਲ਼ਾ ਦੇਵੀ ਕਈ ਸਾਲਾਂ ਤੋਂ ਇੱਥੇ ਹੀ ਰਹਿ ਰਹੀ ਹਨ। ਜਦੋਂ ਉਹ ਵਿਆਹ ਕਰਕੇ ਇਸ ਬਸਤੀ ਵਿੱਚ ਰਹਿਣ ਆਈ ਤਾਂ ਉਨ੍ਹਾਂ ਦੀ ਉਮਰ ਮਹਿਜ 15 ਸਾਲ ਸੀ।

40 ਸਾਲ ਦੇ ਉਨ੍ਹਾਂ ਦੇ ਪਤੀ ਲੱਲਨ ਆਦਿਬਾਸੀ, ਗਯਾ ਜ਼ਿਲ੍ਹੇ ਦੇ ਇੱਕ ਪ੍ਰਾਈਵੇਟ ਕਲੀਨਿਕ ਵਿੱਚ ਸਫ਼ਾਈ-ਕਰਮੀ ਹਨ। ਮਾਲ਼ਾ ਕਹਿੰਦੀ ਹਨ ਕਿ ਉਨ੍ਹਾਂ ਦੇ ਕੋਲ਼ ਨਲ਼ਬੰਦੀ ਕਰਾਉਣ ਦਾ ਕੋਈ ਜ਼ਰੀਆ ਨਹੀਂ ਸੀ ਅਤੇ ਉਹ ਹੁਣ ਸੋਚਦੀ ਹਨ ਕਿ ਕਾਸ਼ ਉਨ੍ਹਾਂ ਦਾ ਚਾਰ ਬੱਚਿਆਂ ਦੀ ਬਜਾਇ ਸਿਰਫ਼ ਇੱਕੋ ਬੱਚਾ ਹੀ ਹੁੰਦਾ।

ਉਨ੍ਹਾਂ ਦਾ ਸਭ ਤੋਂ ਵੱਡਾ ਬੇਟਾ ਸ਼ੰਭੂ 16 ਸਾਲ ਦਾ ਹੈ ਅਤੇ ਸਿਰਫ਼ ਉਹੀ ਹੈ ਜਿਹਦਾ ਸਕੂਲ ਵਿੱਚ ਦਾਖ਼ਲਾ ਕਰਾਇਆ ਗਿਆ ਹੈ। ਸ਼ੰਭੂ ਹਾਲੇ ਨੌਵੀਂ ਜਮਾਤ ਵਿੱਚ ਹੈ। ਮਾਲ਼ਾ ਦੇਵੀ ਪੁੱਛਦੀ ਹਨ,''ਮੈਂ ਆਪਣੀਆਂ ਧੀਆਂ ਨੂੰ ਤੀਜੀ ਜਮਾਤ ਤੋਂ ਅੱਗੇ ਨਹੀਂ ਪੜ੍ਹਾ ਸਕੀ। ਲੱਲਨ ਦੀ ਪੂਰੇ ਮਹੀਨੇ ਦੀ ਆਮਦਨੀ ਸਿਰਫ਼ 5500 ਰੁਪਏ ਹੈ ਅਤੇ ਅਸੀਂ 6 ਲੋਕ ਹਾਂ। ਕੀ ਤੁਹਾਨੂੰ ਲੱਗਦਾ ਹੈ ਕਿ ਇੰਨੇ ਪੈਸੇ ਨਾਲ਼ ਪੂਰੀ ਪੈਂਦੀ ਹੋਵੇਗੀ?'' ਮਾਲ਼ਾ ਦਾ ਸਭ ਤੋਂ ਵੱਡਾ ਬੱਚਾ ਵੀ ਇੱਕ ਬੇਟਾ ਹੀ ਹੈ ਅਤੇ ਸਭ ਤੋਂ ਛੋਟਾ ਵੀ ਬੇਟਾ ਹੀ ਹੈ। ਵਿਚਕਾਰਲੇ ਬੱਚੇ ਧੀਆਂ ਹਨ।

PHOTO • Jigyasa Mishra

ਮਾਲ਼ਾ ਦੇਵੀ ਕਹਿੰਦੀ ਹਨ ਕਿ ਉਨ੍ਹਾਂ ਦੇ ਕੋਲ਼ ਨਲ਼ਬੰਦੀ ਕਰਾਉਣ ਦਾ ਕੋਈ ਜ਼ਰੀਆ ਨਹੀਂ ਸੀ ਅਤੇ ਉਹ ਹੁਣ ਸੋਚਦੀ ਹਨ ਕਿ ਕਾਸ਼ ਉਨ੍ਹਾਂ ਦੇ ਚਾਰ ਬੱਚਿਆਂ ਦੀ ਬਜਾਇ ਇੱਕੋ ਬੱਚਾ ਹੀ ਹੁੰਦਾ

ਇੱਥੇ ਵੀ ਸਕੂਲਾਂ ਦੇ ਬੰਦ ਹੋਣ ਕਾਰਨ, ਟੋਲੇ ਦੇ ਜੋ ਬੱਚੇ ਸਕੂਲ ਜਾਂਦੇ ਸਨ, ਉਹ ਸਾਰੇ ਹੀ ਹੁਣ ਘਰੇ ਬੈਠੇ ਹਨ। ਇਹਦਾ ਮਤਲਬ ਇਹ ਹੋਇਆ ਕਿ ਮਿਡ-ਡੇਅ ਮੀਲ਼ ਦੇ ਖਾਣੇ ਦਾ ਨਾ ਮਿਲ਼ਣਾ ਅਤੇ ਭੁੱਖਮਰੀ ਦਾ ਵੱਧ ਜਾਣਾ। ਇੱਥੋਂ ਤੱਕ ਕਿ ਚੰਗੇ ਦਿਨਾਂ ਵਿੱਚ ਵੀ ਇਸ ਭਾਈਚਾਰੇ ਦੇ ਕਾਫ਼ੀ ਘੱਟ ਬੱਚੇ ਸਕੂਲ ਜਾਂਦੇ ਹਨ। ਸਮਾਜਿਕ ਤੁਅੱਸਬਾਂ, ਪੱਖਪਾਤਾਂ ਅਤੇ ਆਰਥਿਕ ਬੋਝ ਦਾ ਮਤਲਬ ਹੋਇਆ ਕਿ ਹੋਰ ਭਆਈਚਾਰਿਆਂ ਦੇ ਮੁਕਾਬਲੇ ਵੱਡੀ ਗਿਣਤੀ ਵਿੱਚ ਮੁਸਾਹਰ ਬੱਚਿਆਂ, ਖ਼ਾਸ ਕਰਕੇ ਕੁੜੀਆਂ ਦੀ ਸਕੂਲੀ ਪੜ੍ਹਾਈ ਕਾਫ਼ੀ ਛੇਤੀ ਹੀ ਛੁੱਟ ਜਾਂਦੀ ਹੈ।

2011 ਦੀ ਮਰਦਮਸ਼ੁਮਾਰੀ ਦੇ ਮੁਤਾਬਕ, ਬਿਹਾਰ ਵਿੱਚ ਮੁਸਾਹਰ ਅਬਾਦੀ ਕਰੀਬ 27.2 ਮਿਲੀਅਨ ਹੈ। ਪਿਛੜੀ ਜਾਤੀ ਸਮੂਹ ਵਿੱਚ ਦੁਸਾਧ ਅਤੇ ਚਮਾਰ ਤੋਂ ਬਾਅਦ ਮੁਸਾਹਰ ਜਾਤੀ ਤੀਜੇ ਨੰਬਰ 'ਤੇ ਆਉਂਦੀ ਹੈ। ਰਾਜ ਦੀ 16.57 ਮਿਲੀਅਨ ਦਲਿਤ ਵਸੋਂ ਦਾ ਅੱਠਵਾਂ ਹਿੱਸਾ ਮੁਸਾਹਰਾਂ ਦਾ ਹੈ, ਪਰ ਉਹ ਬਿਹਾਰ ਦੀ ਕੁੱਲ 104 ਮਿਲੀਅਨ (2011 ਮੁਤਾਬਕ) ਦੀ ਕੁੱਲ ਵਸੋਂ ਦਾ ਸਿਰਫ਼ 2.6 ਫ਼ੀਸਦ ਹਿੱਸਾ ਹੈ।

2018 ਦੀ ਔਕਸਫ੍ਰੇਮ ਦੀ ਇੱਕ ਰਿਪੋਰਟ ਮੁਤਾਬਕ,"ਕਰੀਬ 96.3 ਫ਼ੀਸਦ ਮੁਸਾਹਰ ਬੇਜ਼ਮੀਨੇ  ਹਨ ਅਤੇ ਉਨ੍ਹਾਂ ਦੀ ਅਬਾਦੀ ਦਾ 92.5 ਫੀਸਦ ਹਿੱਸਾ ਖ਼ੇਤ ਮਜ਼ਦੂਰਾਂ ਦੇ ਰੂਪ ਵਿੱਚ ਕੰਮ ਕਰਦਾ ਹੈ। ਇਹ ਭਾਈਚਾਰਾ, ਜਿਹਨੂੰ ਉੱਚ ਹਿੰਦੂ ਅਜੇ ਵੀ ਅਛੂਤ ਸਮਝਦਾ ਹੈ, 9.8 ਫੀਸਦ ਦੀ ਸਾਖਰਤਾ ਦਰ ਨਾਲ਼ ਪੂਰੇ ਦੇਸ਼ ਦੀਆਂ ਦਲਿਤ ਜਾਤੀਆਂ ਵਿੱਚ ਸਭ ਤੋਂ ਪਿਛਾਂਹ ਹੈ। ਭਾਈਚਾਰੇ ਦੀਆਂ ਔਰਤਾਂ ਵਿੱਚ ਸਾਖ਼ਰਤਾ ਦਰ ਕਰੀਬ 1-2 ਫੀਸਦ ਹੈ।"

ਇਹ ਇੱਕ ਤ੍ਰਾਸਦੀ ਹੈ ਕਿ ਜਿਹੜੇ ਬੋਧਗਯਾ ਵਿੱਚ ਗੌਤਮ ਬੁੱਧ ਨੂੰ ਗਿਆਨ ਪ੍ਰਾਪਤੀ ਹੋਈ, ਉੱਥੇ ਹੀ ਸਾਖਰਤਾ ਦੀ ਦਰ ਇੰਨੀ ਘੱਟ ਹੈ।

ਮਾਲ਼ਾ ਪੁੱਛਦੀ ਹਨ,"ਸਾਨੂੰ ਤਾਂ ਜਿਵੇਂ ਸਿਰਫ਼ ਬੱਚੇ ਜੰਮਣ, ਉਨ੍ਹਾਂ ਨੂੰ ਪਾਲਣ ਵਾਸਤੇ ਹੀ ਬਣਾਇਆ ਗਿਆ ਹੈ, ਪਰ ਬਗ਼ੈਰ ਪੈਸਿਆਂ ਦੇ ਅਸੀਂ ਇਹ ਸਭ ਵੀ ਕਿਵੇਂ ਸਾਂਭੀਏ?" ਉਹ ਆਪਣੇ ਸਭ ਤੋਂ ਛੋਟੇ ਬੱਚੇ ਨੂੰ ਪਿਛਲੀ ਰਾਤ ਦੇ ਬਚੇ ਬੇਹੇ ਭੋਜਨ ਦੀ ਇੱਕ ਕੌਲ਼ੀ ਬੱਚੇ ਨੂੰ ਫੜ੍ਹਾਉਂਦੀ ਹਨ। ਉਨ੍ਹਾਂ ਦੀ ਲਾਚਾਰੀ ਗੁੱਸੇ ਬਣ ਫੁੱਟਦੀ ਹੈ ਅਤੇ ਉਹ ਆਪਣੇ ਹੀ ਬੱਚੇ ਨੂੰ ਝਿੜਕਦਿਆਂ ਕਹਿੰਦੀ ਹਨ,"ਅਜੇ ਮੇਰੇ ਕੋਲ਼ ਤੈਨੂੰ ਦੇਣ ਲਈ ਸਿਰਫ਼ ਇਹੀ ਹੈ... ਖਾ ਜਾਂ ਭੁੱਖਾ ਰਹਿ।"

PHOTO • Jigyasa Mishra
PHOTO • Jigyasa Mishra

ਖੱਬੇ : ਆਪਣੇ ਪਤੀ ਦੀ ਮੌਤ ਤੋਂ ਬਾਅਦ, ਸ਼ਿਬਾਨੀ ਆਪਣੇ ਡੰਗ ਟਪਾਉਣ ਖ਼ਾਤਰ ਪਤੀ ਦੇ ਭਰਾ ਤੇ ਨਿਰਭਰ ਹੈ। ਸੱਜੇ : ਬੋਧਗਯਾ ਦੇ ਮੁਸਾਹਰ ਟੋਲੇ ਦੀਆਂ ਔਰਤਾਂ ਸ਼ਾਮ ਹੁੰਦਿਆਂ, ਭੀੜੀ ਗਲ਼ੀ ਵਿੱਚ ਸਥਿਤ ਆਪੋ-ਆਪਣੇ ਘਰਾਂ ਦੇ ਬਾਹਰ ਇਕੱਠਿਆਂ ਬਹਿੰਦੀਆਂ ਹਨ

ਔਰਤਾਂ ਦੇ ਇਸ ਸਮੂਹ ਵਿੱਚ ਹੀ 29 ਸਾਲਾ ਸ਼ਿਬਾਨੀ ਆਦਿਬਾਸੀ ਵੀ ਬੈਠੀ ਹਨ। ਫ਼ੇਫੜੇ ਦੇ ਕੈਂਸਰ ਨਾਲ਼ ਪਤੀ ਦੀ ਮੌਤ ਹੋਣ ਤੋਂ ਬਾਅਦ, ਉਹ ਅੱਠ ਮੈਂਬਰੀ ਆਪਣੇ ਸਹੁਰੇ ਪਰਿਵਾਰ ਵਿੱਚ ਆਪਣੇ ਦੋ ਬੱਚਿਆਂ ਦੇ ਨਾਲ਼ ਰਹਿੰਦੀ ਹਨ। ਉਨ੍ਹਾਂ ਕੋਲ਼ ਆਮਦਨੀ ਦਾ ਕੋਈ ਵਸੀਲਾ ਨਹੀਂ ਹੈ ਅਤੇ ਇਸਲਈ ਉਹ ਗ਼ੁਜ਼ਾਰੇ ਵਾਸਤੇ ਆਪਣੇ ਪਤੀ ਦੇ ਭਰਾ ‘ਤੇ ਹੀ ਨਿਰਭਰ ਹਨ। ਸ਼ਿਬਾਨੀ ਨੇ ਪਾਰੀ (PARI) ਨੂੰ ਦੱਸਦਿਆਂ ਕਿਹਾ,"ਮੈਂ ਉਹਨੂੰ ਵੱਖ ਤੋਂ ਆਪਣੇ ਬੱਚਿਆਂ ਵਾਸਤੇ ਦੁੱਧ, ਸਬਜ਼ੀ ਅਤੇ ਫ਼ਲ ਲਿਆਉਣ ਲਈ ਨਹੀਂ ਆਖ ਸਕਦੀ। ਉਹ ਜੋ ਵੀ ਸਾਨੂੰ ਦਿੰਦਾ ਹੈ ਅਸੀਂ ਉਸੇ ਵਿੱਚ ਸੰਤੋਖ ਕਰਦੇ ਹਾਂ। ਜ਼ਿਆਦਾ ਸਮੇਂ ਤਾਂ ਸਾਨੂੰ ਲੂਣ ਲੱਗੇ ਚੌਲ਼ (ਮਾੜ-ਭਾਤ) ਹੀ ਖਾਣ ਨੂੰ ਮਿਲ਼ਦੇ ਹਨ।"

ਓਕਸਫੈਮ ਦੀ ਰਿਪੋਰਟ ਕਹਿੰਦੀ ਹਨ,"ਬਿਹਾਰ ਦੀ ਮੁਸਾਹਰ ਵਸੋਂ ਦਾ ਲਗਭਗ 85 ਫੀਸਦ ਹਿੱਸਾ, ਕੁਪੋਸ਼ਣ ਦੀ ਸਮੱਸਿਆ ਤੋਂ ਪੀੜਤ ਹੈ।"

ਬਿਹਾਰ ਦੇ ਹੋਰਨਾਂ ਇਲਾਕਿਆਂ ਦੀ ਅਣਗਿਣਤ ਦਲਿਤ ਔਰਤਾਂ, ਮਾਲ਼ਾ ਅਤੇ ਸ਼ਿਬਾਨੀ ਦੀਆਂ ਕਹਾਣੀਆਂ ਵਿੱਚ ਬੱਸ ਮਾਸਾ-ਭੋਰਾ ਜਿਹਾ ਹੀ ਫ਼ਰਕ ਹੈ।

ਬਿਹਾਰ ਦੀਆਂ ਪਿਛੜੀਆਂ ਜਾਤੀਆਂ ਦੀ ਕਰੀਬ 93 ਫੀਸਦ ਅਬਾਦੀ , ਗ੍ਰਾਮੀਣ ਇਲਾਕਿਆਂ ਵਿੱਚ ਰਹਿੰਦੀ ਹੈ। ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ, ਗਯਾ ਵਿੱਚ ਦਲਿਤ ਅਬਾਦੀ ਸਭ ਤੋਂ ਵੱਧ, ਯਾਨਿ ਕਰੀਬ 30.39ਫੀਸਦ ਹੈ। ਮੁਸਾਹਰ, ਰਾਜ ਦੇ ‘ਮਹਾਂਦਲਿਤ‘ ਦੀ ਸੂਚੀ ਵਿੱਚ ਆਉਂਦੇ ਹਨ ਜੋ ਪਿਛੜੀਆਂ ਜਾਤੀਆਂ ਵਿੱਚ ਸਭ ਤੋਂ ਜ਼ਿਆਦਾ ਗ਼ਰੀਬ ਭਾਈਚਾਰਿਆਂ ਦੀ ਸੂਚੀ ਹੈ।

ਸਮਾਜਿਕ ਅਤੇ ਆਰਥਿਕ ਅਧਾਰਾਂ ਨੂੰ ਦੇਖੀਏ ਤਾਂ ਕੁਝ ਹੱਦ ਤੱਕ ਅੰਜਨੀ ਗੁੜੀਆ, ਮਾਲ਼ਾ ਅਤੇ ਸ਼ਿਬਾਨੀ ਅੱਡ-ਅੱਡ ਪਿੱਠਭੂਮੀ ਤੋਂ ਆਉਂਦੀਆਂ ਹਨ। ਪਰ ਉਨ੍ਹਾਂ ਸਾਰਿਆਂ ਵਿੱਚੋਂ ਕੁਝ ਚੀਜ਼ਾਂ ਸਮਾਨ ਹਨ: ਆਪਣੇ ਸਰੀਰ, ਆਪਣੀ ਸਿਹਤ ਅਤੇ ਆਪਣੇ ਹੀ ਜੀਵਨ ‘ਤੇ ਆਪਣਾ ਹੀ ਨਿਯੰਤਰਣ ਨਾ ਹੋਣਾ। ਅੱਡ-ਅੱਡ ਪੱਧਰਾਂ ‘ਤੇ ਹੀ ਸਹੀ, ਪਰ ਉਹ ਸਾਰੇ ਭੁੱਖ ਦੀ ਸਮੱਸਿਆ ਨਾਲ਼ ਜੂਝ ਰਹੇ ਹਨ। ਅੰਜਨੀ, ਪ੍ਰਸਵ ਦੇ ਇੰਨੇ ਮਹੀਨੇ ਲੰਘ ਜਾਣ ਤੋਂ ਬਾਅਦ ਵੀ ਲਹੂ ਦੀ ਘਾਟ ਨਾਲ਼ ਜੂਝ ਰਹੀ ਹਨ। ਗੁੜੀਆ ਨਲ਼ਬੰਦੀ ਕਰਾਉਣ ਦਾ ਖ਼ਿਆਲ ਛੱਡ ਚੁੱਕੀ ਹਨ। ਮਾਲ਼ਾ ਅਤੇ ਸ਼ਿਬਾਨੀ ਕਾਫ਼ੀ ਪਹਿਲਾਂ ਹੀ ਬੇਹਤਰ ਜੀਵਨ ਦੀਆਂ ਉਮੀਦਾਂ ਦਾ ਗਲ਼ਾ ਘੁੱਟ ਚੁੱਕੀਆਂ ਹਨ- ਹੁਣ ਜ਼ਿੰਦਾ ਰਹਿਣਾ ਹੀ ਸਭ ਤੋਂ ਔਖਾ ਕੰਮ ਸਾਬਤ ਹੋ ਰਿਹਾ ਹੈ।

ਲੋਕਾਂ ਦੀ ਨਿੱਜਤਾ ਬਰਕਰਾਰ ਰੱਖਣ ਦੇ ਮੱਦੇਨਜ਼ਰ ਸਟੋਰੀ ਵਿਚਲੇ ਸਾਰੇ ਲੋਕਾਂ ਦੇ ਨਾਮ ਬਦਲ ਦਿੱਤੇ ਗਏ ਹਨ।

ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।

ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।

ਜਗਿਆਸਾ ਮਿਸ਼ਰਾ ਠਾਕੁਰ ਫੈਮਿਲੀ ਫਾਊਂਡੇਸ਼ਨ ਤੋਂ ਪ੍ਰਾਪਤ ਇੱਕ ਸੁਤੰਤਰ ਪੱਤਰਕਾਰਤਾ ਗ੍ਰਾਂਟ ਦੇ ਜ਼ਰੀਏ ਜਨਤਕ ਸਿਹਤ ਅਤੇ ਨਾਗਰਿਕ ਸੁਤੰਤਰਤਾ ' ਤੇ ਰਿਪੋਰਟ ਕਰਦੀ ਹਨ। ਠਾਕੁਰ ਫੈਮਿਲੀ ਫਾਊਂਡੇਸ਼ਨ ਨੇ ਇਸ ਰਿਪੋਰਟ ਦੀ ਸਮੱਗਰੀ ' ਤੇ ਕੋਈ ਸੰਪਾਦਕੀ ਨਿਯੰਤਰਣ ਨਹੀਂ ਕੀਤਾ ਹੈ।

ਤਰਜਮਾ: ਕਮਲਜੀਤ ਕੌਰ

Jigyasa Mishra

ਜਗਿਆਸਾ ਮਿਸ਼ਰਾ ਉੱਤਰ ਪ੍ਰਦੇਸ਼ ਦੇ ਚਿਤਰਾਕੂਟ ਅਧਾਰਤ ਸੁਤੰਤਰ ਪੱਤਰਕਾਰ ਹਨ।

Other stories by Jigyasa Mishra
Illustration : Priyanka Borar

ਪ੍ਰਿਯੰਗਾ ਬੋਰਾਰ ਨਵੇਂ ਮੀਡਿਆ ਦੀ ਇੱਕ ਕਲਾਕਾਰ ਹਨ ਜੋ ਅਰਥ ਅਤੇ ਪ੍ਰਗਟਾਵੇ ਦੇ ਨਵੇਂ ਰੂਪਾਂ ਦੀ ਖੋਜ ਕਰਨ ਲਈ ਤਕਨੀਕ ਦੇ ਨਾਲ਼ ਪ੍ਰਯੋਗ ਕਰ ਰਹੀ ਹਨ। ਉਹ ਸਿੱਖਣ ਅਤੇ ਖੇਡ ਲਈ ਤਜਰਬਿਆਂ ਨੂੰ ਡਿਜਾਇਨ ਕਰਦੀ ਹਨ, ਇੰਟਰੈਕਟਿਵ ਮੀਡਿਆ ਦੇ ਨਾਲ਼ ਹੱਥ ਅਜਮਾਉਂਦੀ ਹਨ ਅਤੇ ਰਵਾਇਤੀ ਕਲਮ ਅਤੇ ਕਾਗਜ਼ ਦੇ ਨਾਲ਼ ਵੀ ਸਹਿਜ ਮਹਿਸੂਸ ਕਰਦੀ ਹਨ।

Other stories by Priyanka Borar

ਪੀ ਸਾਈਨਾਥ People’s Archive of Rural India ਦੇ ਮੋਢੀ-ਸੰਪਾਦਕ ਹਨ। ਉਹ ਕਈ ਦਹਾਕਿਆਂ ਤੋਂ ਦਿਹਾਤੀ ਭਾਰਤ ਨੂੰ ਪਾਠਕਾਂ ਦੇ ਰੂ-ਬ-ਰੂ ਕਰਵਾ ਰਹੇ ਹਨ। Everybody Loves a Good Drought ਉਨ੍ਹਾਂ ਦੀ ਪ੍ਰਸਿੱਧ ਕਿਤਾਬ ਹੈ। ਅਮਰਤਿਆ ਸੇਨ ਨੇ ਉਨ੍ਹਾਂ ਨੂੰ ਕਾਲ (famine) ਅਤੇ ਭੁੱਖਮਰੀ (hunger) ਬਾਰੇ ਸੰਸਾਰ ਦੇ ਮਹਾਂ ਮਾਹਿਰਾਂ ਵਿਚ ਸ਼ੁਮਾਰ ਕੀਤਾ ਹੈ।

Other stories by P. Sainath
Series Editor : Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।

Other stories by Sharmila Joshi
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur