"ਅਸੀਂ ਆਪਣੇ ਟਰੈਕਟਰ ਤਿਰੰਗਿਆਂ ਨਾਲ਼ ਸਜਾਏ ਹਨ ਕਿਉਂਕਿ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾ," ਸ਼ਮਸ਼ੇਰ ਸਿੰਘ ਕਹਿੰਦੇ ਹਨ। ਉਨ੍ਹਾਂ ਦਾ ਟਰੈਕਟਰ ਤਿਰੰਗੇ ਵਿਚਲੇ ਰੰਗਾਂ ਦੇ ਰਿਬਨਾਂ, ਗੁਬਾਰਿਆਂ ਅਤੇ ਫੁੱਲਾਂ ਨਾਲ਼ ਸਜਾਇਆ ਗਿਆ ਹੈ। "ਕਿਸਾਨੀ ਸਾਨੂੰ ਆਪਣੀ ਮਾਂ ਵਾਂਗ ਪਿਆਰੀ ਹੈ," ਉਹ ਹੋਰ ਕਹਿੰਦੇ ਹਨ। "ਅਸੀਂ ਮਹੀਨਿਆਂ-ਬੱਧੀ ਜ਼ਮੀਨ ਦੀ ਕਾਸ਼ਤ ਕਰਦੇ ਹਾਂ, ਅਸੀਂ ਫ਼ਸਲ ਦੀ ਦੇਖਭਾਲ਼ ਉਵੇਂ ਕਰਦੇ ਹਾਂ ਜਿਵੇਂ ਮਾਂ ਆਪਣੇ ਬੱਚੇ ਨੂੰ ਸਾਂਭਦੀ ਹੈ। ਬੱਸ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਧਰਤੀ ਮਾਂ ਵਾਂਗ ਆਪਣੇ ਟਰੈਕਟਰਾਂ ਨੂੰ ਸਜਾਇਆ ਹੈ।"
ਦਿੱਲੀ ਦੇ ਆਸਪਾਸ ਦੇ ਧਰਨਾ-ਸਥਲਾਂ 'ਤੇ ਕਿਸਾਨ ਇਸ ਸਮਾਗਮ ਲਈ ਹੋਣ ਵਾਲ਼ੇ ਵੰਨ-ਸੁਵੰਨੇ ਥੀਮਾਂ ਵਾਸਤੇ ਆਪਣੇ ਟਰੈਕਟਰ ਤਿਆਰ ਕਰ ਰਹੇ ਹਨ। ਰਾਸ਼ਟਰੀ ਰਾਜਧਾਨੀ ਵਿੱਚ ਅਯੋਜਿਤ ਹੁੰਦੀ ਗਣਤੰਤਰ ਦਿਵਸ ਦੀ ਸਲਾਨਾ ਪਰੇਡ ਅੰਦਰ ਵੱਖੋ-ਵੱਖ ਥੀਮਾਂ ਝਾਕੀ ਰਾਹੀਂ ਰਾਜਾਂ ਨੂੰ ਦਿਖਾਈ ਜਾਣ ਵਾਂਗ ਇਸ ਰੈਲੀ ਨੂੰ ਜਿੰਨਾ ਹੋ ਸਕੇ ਰੰਗਦਾਰ ਅਤੇ ਅਰਥਭਰਪੂਰ ਬਣਾਉਣਾ ਚਾਹੁੰਦੇ ਹਾਂ। ਫੁੱਲਾਂ, ਝੰਡਿਆਂ ਅਤੇ ਝਾਕੀਆਂ ਨਾਲ਼ ਸੱਜੇ ਟਰੈਕਟਰ ਨੂੰ ਨਵੀਂ ਦਿੱਖ ਮਿਲ਼ੀ। ਕਿਸਾਨ ਯੂਨੀਅਨ ਵੱਲੋਂ ਨਿਯਕੁਤ ਵਿਅਕਤੀਆਂ ਦੇ ਨਾਲ਼-ਨਾਲ਼ ਕਿਸਾਨ ਟੀਮਾਂ ਵੀ 26 ਜਨਵਰੀ ਦੇ ਮੌਕੇ ਵਾਸਤੇ ਹੋ ਰਹੀ ਤਿਆਰੀ ਨੂੰ ਕਈ ਦਿਨਾਂ ਤੋਂ ਦੇਖਦੇ ਰਹੇ ਹਨ।
"ਗੌਰੇਅ ਨੰਗਲ ਵਿੱਚ ਮੇਰੇ ਘਰ ਤੋਂ ਟਰੈਕਟਰ ਚਲਾ ਕੇ ਪੁੱਜਣ ਵਿੱਚ ਦੋ ਦਿਨ ਲੱਗੇ," 53 ਸਾਲਾ ਸ਼ਮਸ਼ੇਰ ਕਹਿੰਦੇ ਹਨ। ਉਹ ਇਨ੍ਹਾਂ ਖੇਤੀ ਕਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਦੀ ਹਮਾਇਤ ਕਰਨ ਵਾਸਤੇ ਕਿਸਾਨ ਪਰੇਡ ਵਿੱਚ ਸ਼ਾਮਲ ਹੋਣ ਖਾਤਰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਆਪਣੇ ਪਿੰਡੋਂ 20 ਹੋਰ ਕਿਸਾਨ ਸਾਥੀਆਂ ਦੇ ਨਾਲ਼ ਹਰਿਆਣਾ-ਦਿੱਲੀ ਦੇ ਟੀਕਰੀ ਬਾਰਡਰ ਪੁੱਜੇ।




