ਫੂਲਵਤੀਆ (ਬਦਲਿਆ ਨਾਮ) ਆਪਣੀ ਵਾਰੀ ਆਉਣ ਦੀ ਉਡੀਕ ਕਰ ਰਹੀ ਹਨ ਜਦੋਂਕਿ ਉਨ੍ਹਾਂ ਦਾ ਛੋਟਾ ਭਰਾ 12 ਸਾਲਾ ਸ਼ੰਕਰ ਲਾਲ, ਸਾਈਕਲ 'ਤੇ ਆਪਣੀ ਦਿਨ ਦੀ ਆਖ਼ਰੀ ਗੇੜੀ ਕੱਢ ਰਿਹਾ ਹੈ, ਉਹਦਾ ਪਹੁੰਚ-ਟੀਚਾ ਨੇੜਲਾ ਨਿੰਮ ਦਾ ਰੁੱਖ ਹੈ। ''ਅੱਜ ਮੈਂ ਆਪਣੇ ਆਪ ਥੋੜ੍ਹੀ ਦੂਰੀ ਤੱਕ ਚਲਾਵਾਂਗੀ ਅਤੇ ਜਲਦੀ ਮੁੜ ਆਵਾਂਗੀ,'' 16 ਸਾਲਾ ਫੂਲਵਤੀਆ ਕਹਿੰਦੀ ਹਨ। ''ਕੱਲ੍ਹ ਤੋਂ ਅਗਲੇ ਪੰਜ ਦਿਨਾਂ ਤੱਕ, ਮੈਂ ਉਂਝ ਵੀ ਸਾਈਕਲ ਨਹੀਂ ਚਲਾ ਸਕਾਂਗੀ। ਕੱਪੜਾ ਰੱਖੇ ਹੋਣ ਵੇਲ਼ੇ ਥੋੜ੍ਹਾ ਖ਼ਤਰਾ ਬਣਿਆ ਰਹਿੰਦਾ ਹੈ,'' ਉਹ ਸੜਕ ਕੰਢੇ ਕਤੂਰੇ ਨੂੰ ਪੁਚਕਾਰਦਿਆਂ ਕਹਿੰਦੀ ਹਨ।
ਫੂਲਵਤੀਆ ਨੂੰ ਕੱਲ੍ਹ ਆਪਣੀ ਮਾਹਵਾਰੀ ਆਉਣ ਦੀ ਉਮੀਦ ਹੈ। ਬੀਤੇ ਮਹੀਨਿਆਂ ਤੋਂ ਉਲਟ ਇਸ ਵਾਰ ਉਨ੍ਹਾਂ ਨੂੰ ਸਕੂਲੋਂ ਮੁਫ਼ਤ ਸੈਨਿਟਰੀ ਨੈਪਕਿਨ ਨਹੀਂ ਮਿਲ਼ੇਗਾ। ''ਸਾਨੂੰ ਉੱਥੋਂ ਆਮ ਤੌਰ 'ਤੇ ਸਾਡੇ ਪੀਰੀਅਡ ਸ਼ੁਰੂ ਹੋਣ 'ਤੇ ਹੀ ਪੈਡ ਮਿਲ਼ਦੇ ਹਨ। ਪਰ ਹੁਣ ਹਾਲਤ ਇਹ ਹੈ ਕਿ ਮੈਨੂੰ ਜੋ ਕੱਪੜਾ ਹੱਥ ਆਇਆ, ਉਹਦਾ ਹੀ ਇਸਤੇਮਾਲ ਕਰਨਾ ਪੈਣਾ ਹੈ।''
ਉੱਤਰ ਪ੍ਰਦੇਸ਼ ਦੇ ਚਿਤਰਕੂਟ ਜ਼ਿਲ੍ਹੇ ਵਿੱਚ ਉਨ੍ਹਾਂ ਦਾ ਸਕੂਲ, ਦੇਸ਼ ਦੇ ਹੋਰਨਾਂ ਸਾਰੇ ਸਕੂਲਾਂ ਵਾਂਗਰ, ਕੋਵਿਡ-19 ਤਾਲਾਬੰਦੀ ਦੇ ਕਾਰਨ ਬੰਦ ਹੈ।
ਫੂਲਵਤਿਆ ਆਪਣੇ ਮਾਤਾ-ਪਿਤਾ ਅਤੇ ਦੋ ਭਰਾਵਾਂ ਦੇ ਨਾਲ਼ ਕਰਵੀ ਤਹਿਸੀਲ ਦੇ ਤਰੌਹਾ ਪਿੰਡ ਦੀ ਇੱਕ ਬਸਤੀ, ਸੋਨਪੁਰ ਵਿੱਚ ਰਹਿੰਦੀ ਹਨ। ਉਨ੍ਹਾਂ ਦੀਆਂ ਦੋ ਭੈਣਾਂ ਵੀ ਹਨ, ਜੋ ਵਿਆਹੁਤਾ ਹਨ ਅਤੇ ਕਿਤੇ ਹੋਰ ਰਹਿੰਦੀਆਂ ਹਨ। ਫੂਲਵਤੀਆ ਨੇ 10ਵੀਂ ਦੀ ਪੇਪਰ ਦਿੱਤੇ ਸਨ ਅਤੇ 10 ਦਿਨ ਦੀ ਛੁੱਟੀ ਤੋਂ ਬਾਅਦ ਦੋਬਾਰਾ ਸਕੂਲ ਜਾਣ ਹੀ ਵਾਲ਼ੀ ਸਨ ਕਿ 24 ਮਾਰਚ ਨੂੰ ਤਾਲਾਬੰਦੀ ਦਾ ਐਲਾਨ ਹੋ ਗਿਆ। ਉਹ ਕਰਵੀ ਬਲਾਕ ਦੇ ਰਾਜਕੀਯ ਬਾਲਿਕਾ ਇੰਟਰ ਕਾਲਜ ਵਿੱਚ ਪੜ੍ਹਦੀ ਹਨ।
''ਮੈਂ ਕੱਪੜੇ ਦਾ ਅਜਿਹਾ ਟੁਕੜਾ ਲੱਭਾਂਗੀ ਜਿਹਦੀ ਕਿਤੇ ਕੋਈ ਵਰਤੋਂ ਨਾ ਹੋ ਰਹੀ ਹੋਵੇ- ਫਿਰ ਮੈਂ ਉਹੀ ਵਰਤਾਂਗੀ। ਉਹਨੂੰ ਦੂਸਰੀ ਵਾਰ ਇਸਤੇਮਾਲ ਕਰਨ ਤੋਂ ਪਹਿਲਾਂ ਮੈਂ ਉਹਨੂੰ ਧੋਵਾਂਗੀ,'' ਫੂਲਵਤੀਆ ਕਹਿੰਦੀ ਹਨ। ਧੂੜ ਦੀ ਇੱਕ ਰੇਖਾ ਜੋ ਸ਼ਾਇਦ ਨੰਗੇ ਪੈਰੀਂ ਤੁਰਨ ਕਾਰਨ ਉਨ੍ਹਾਂ ਦੀ ਚਮਕਦੀ ਗ਼ੁਲਾਬੀ ਰੰਗੀ ਨਹੁੰ ਪਾਲਸ਼ ਨਾਲ਼ ਸਜਾਏ ਪੈਰਾਂ ਨੂੰ ਥੋੜ੍ਹਾ ਧੁੰਦਲਾ ਕਰ ਰਹੀ ਹੈ।








