ਤਮਿਲਨਾਡੂ ਦੇ ਰਹਿਣ ਵਾਲ਼ੇ ਨਾਗੀ ਰੈਡੀ, ਬੋਲਦੇ ਕੰਨੜ ਭਾਸ਼ਾ ਹਨ ਤੇ ਲਿਖਦੇ ਤੇਲਗੂ ਹਨ। ਦਸੰਬਰ ਦੀ ਇੱਕ ਸਵੇਰ ਅਸੀਂ ਉਨ੍ਹਾਂ ਨੂੰ ਮਿਲ਼ਣ ਲਈ ਕੁਝ ਕਿਲੋਮੀਟਰ ਪੈਦਲ ਤੁਰੇ। ਆਪਣੇ ਘਰ ਬਾਰੇ ਉਨ੍ਹਾਂ ਦੱਸਿਆ ਕਿ ''ਕਦੇ ਇੱਥੇ ਨੇੜੇ'' ਹੋਇਆ ਕਰਦਾ ਸੀ। ਦਰਅਸਲ, ਇਹ ਹੜ੍ਹ ਮਾਰੂ ਝੀਲ਼ ਦੇ ਕੰਢੇ, ਇਮਲੀ ਦੇ ਬੂਟਿਆਂ ਦੀ ਛਾਵੇਂ ਹੁੰਦਾ, ਜਿਹਦੀ ਢਲ਼ਾਣ ਦੇ ਐਨ ਉਤਾਂਹ ਸਫ਼ੈਦਿਆਂ ਦੇ ਰੁੱਖ, ਨਿਵਾਣ ਵੱਲ ਅੰਬਾਂ ਦੇ ਬਾਗ਼ ਹੁੰਦੇ ਅਤੇ ਚੁਫ਼ੇਰਿਓਂ ਇਹ ਪਹਿਰੇਦਾਰ ਕੁੱਤਿਆਂ ਅਤੇ ਚਊਂ-ਚਊਂ ਕਰਦੇ ਕਤੂਰਿਆਂ ਅਤੇ ਡੰਗਰਾਂ ਦਾ ਵਾੜੇ ਨਾਲ਼ ਘਿਰਿਆ ਰਹਿੰਦਾ।
ਮੁਲਕ ਦੇ ਕਿਸਾਨ ਜਿਨ੍ਹਾਂ ਆਮ ਸਮੱਸਿਆਵਾਂ ਨਾਲ਼ ਜੂਝਦੇ ਹਨ, ਨਾਗਾ ਰੈਡੀ ਲਈ ਉਨ੍ਹਾਂ ਵਿੱਚ ਕੁਝ ਅੱਡ ਕਿਸਮ ਦਾ ਇਜਾਫ਼ਾ ਦੇਖਣ ਨੂੰ ਮਿਲ਼ਦਾ ਹੈ ਜਿੱਥੇ ਉਹ ਆਪਣੇ ਦੁਆਰਾ ਬੀਜੀ ਜਾਂਦੀ ਫ਼ਸਲ ਦੇ ਖ਼ਾਸੇ ਵਿੱਚ ਆਏ ਬਦਲਾਅ ਦੀ ਗੱਲ ਕਰਦੇ ਹਨ। ਉਨ੍ਹਾਂ ਦੀ ਸਮੱਸਿਆ ਵਿੱਚ ਤਿੰਨ ਬਹੁਤ ਹੀ ਜ਼ਿੱਦੀ ਅਤੇ ਡਰਾਉਣੇ ਕਿਰਦਾਰ ਵੀ ਹਨ: ਮੋਟਾਈ ਵਾਲ, ਮਖਾਨਾ ਅਤੇ ਗਿਰੀ, ਜੋ ਰਾਗੀ ਦੀ ਫ਼ਸਲ ਨੂੰ ਘੇਰਾ ਘੱਤੀ ਰੱਖਦੇ ਹਨ।
ਇੱਥੋਂ ਦੇ ਕਿਸਾਨਾਂ ਨੇ ਇਹ ਗੱਲ ਪੱਲੇ ਬੰਨ੍ਹੀ ਹੋਈ ਹੈ ਕਿ ਇਨ੍ਹਾਂ ਬਦਮਾਸ਼ ਹਾਥੀਆਂ ਨੂੰ ਹਲਕੇ ਵਿੱਚ ਨਾ ਲਿਆ ਜਾਵੇ- ਨਾ ਲਾਖਣਿਕ ਅਤੇ ਨਾ ਹੀ ਸ਼ਾਬਦਿਕ ਤੌਰ 'ਤੇ, ਖ਼ਾਸ ਕਰਕੇ ਉਦੋਂ ਇਨ੍ਹਾਂ ਵਿੱਚੋਂ ਹਰੇਕ ਦਾ ਭਾਰ 4,000 ਅਤੇ 5,000 ਕਿਲੋ ਦੇ ਵਿਚਕਾਰ ਹੋਵੇ ਤਾਂ ਪੱਲੇ ਬੰਨ੍ਹੀਂ ਗੱਲ ਹੋਰ ਵੀ ਪੁਖਤਾ ਹੋ ਜਾਂਦੀ ਹੈ। ਇਨ੍ਹਾਂ ਮਾਰੂ ਹਾਥੀਆਂ ਦੇ ਸਹੀ ਵਜ਼ਨ ਅਤੇ ਉੱਚਾਈ ਦੀ ਨੇੜਿਓਂ ਜਾਂਚ ਕਰਨ ਦੀ ਮੇਰੇ ਅੰਦਰਲੇ ਉਤਸ਼ਾਹ ਦੀ ਘਾਟ ਨੂੰ ਸਥਾਨਕ ਲੋਕਾਂ ਨੇ ਮਾਫ਼ ਕਰ ਦਿੱਤਾ ਹੋ ਸਕਦਾ ਹੈ।
ਅਸੀਂ ਕ੍ਰਿਸ਼ਨਾਗਿਰੀ ਜ਼ਿਲ੍ਹੇ ਵਿੱਚ ਹਾਂ ਜਿਹਦੀਆਂ ਸੀਮਾਵਾਂ ਦੋ ਰਾਜਾਂ-ਤਮਿਲਨਾਡੂ ਅਤੇ ਕਰਨਾਟਕ ਨਾਲ਼ ਖਹਿੰਦੀਆਂ ਹਨ। ਨਾਗੀ ਰੈਡੀ ਦੀ ਬਸਤੀ, ਵਾਡਰਾ ਪਲਾਇਮ, ਜੋ ਕਿ ਡੇਂਕਾਨਿਕੋਟਈ ਤਾਲੁਕਾ ਵਿੱਚ ਪੈਂਦੀ ਹੈ, ਨਾ ਤਾਂ ਜੰਗਲ ਤੋਂ ਦੂਰ ਹੈ ਅਤੇ ਨਾ ਹੀ ਹਾਥੀਆਂ ਤੋਂ ਅਤੇ ਸੀਮੇਂਟ ਦਾ ਬਣਿਆਂ ਉਨ੍ਹਾਂ ਦਾ ਬਰਾਂਡਾ ਜਿੱਥੇ ਅਸੀਂ ਬੈਠੇ ਹਾਂ, ਉਹ ਵੀ ਉਨ੍ਹਾਂ ਦੇ ਖੇਤਾਂ ਤੋਂ ਕੁਝ ਕੁ ਮੀਟਰ ਵਿੱਥ 'ਤੇ ਸਥਿਤ ਹੈ। ਨਾਗੰਨਾ (ਪਿੰਡ ਵਾਸੀ ਇਸੇ ਨਾਮ ਨਾਲ਼ ਸੱਦਦੇ ਹਨ), 86 ਸਾਲਾ ਕਿਸਾਨ ਹਨ, ਰਾਗੀ (ਫਿੰਗਰ ਮਿਲਟ) ਦੀ ਕਾਸ਼ਤ ਕਰਦੇ ਹਨ ਜੋ ਪੋਸ਼ਣ ਨਾਲ਼ ਭਰਪੂਰ ਅਨਾਜ ਹੈ। ਉਹ ਇੱਕ ਗਵਾਹ ਵੀ ਹਨ ਉਸ ਚੰਗੇ, ਮਾੜੇ ਅਤੇ ਅਕਸਰ ਬਿਪਤਾਵਾਂ ਮਾਰੇ ਸਮੇਂ ਦੇ, ਜੋ ਇਨ੍ਹਾਂ ਰਾਗੀ ਕਿਸਾਨਾਂ ਨੇ ਦਹਾਕਿਆਂ ਤੋਂ ਹੰਢਾਏ ਹਨ।
''ਜਦੋਂ ਮੈਂ ਜੁਆਨ ਹੁੰਦਾ ਸਾਂ, ਆਨਈ (ਹਾਥੀ) ਰਾਗੀ ਦੇ ਮੌਸਮ ਦੇ ਕੁਝ ਕੁ ਦਿਨ ਹੀ ਆਇਆ ਕਰਦੇ, ਖ਼ਾਸ ਕਰਕੇ ਜਦੋਂ ਰਾਗੀ ਦੀ ਮਹਿਕ ਉਨ੍ਹਾਂ ਨੂੰ ਆਪਣੇ ਵੱਲ ਖਿੱਚਦੀ।'' ਹੁਣ? ''ਉਹ ਅਕਸਰ ਆਉਂਦੇ ਹਨ, ਉਹ ਫ਼ਸਲ ਅਤੇ ਫ਼ਲ ਖਾ ਜਾਂਦੇ ਹਨ।''
ਇਹਦੇ ਮਗਰ ਦੋ ਕਾਰਨ ਹਨ, ਨਾਗੰਨਾ ਤਮਿਲ ਵਿੱਚ ਖੁੱਲ੍ਹ ਕੇ ਦੱਸਦੇ ਹਨ। ''90ਵਿਆਂ ਤੋਂ ਬਾਅਦ ਜਿੱਥੇ ਹਾਥੀਆਂ ਦੀ ਗਿਣਤੀ ਵਿੱਚ ਇਜਾਫ਼ਾ ਹੋਇਆ ਹੈ, ਉੱਥੇ ਹੀ ਜੰਗਲਾਂ ਦਾ ਅਕਾਰ ਸੁੰਗੜਿਆ ਹੈ ਅਤੇ ਇਹ ਵਿਰਲ਼ੇ ਵੀ ਪੈ ਗਏ ਹਨ। ਇਸੇ ਲਈ, ਤਾਂ ਇਨ੍ਹਾਂ ਖੇਤਾਂ ਵਿੱਚ ਉਨ੍ਹਾਂ ਦੀ ਦਾਅਵਤ ਅਕਸਰ ਦੇਖੀ ਜਾ ਸਕਦੀ ਹੈ। ਜਿਵੇਂ ਤੁਸੀਂ ਕਦੇ ਕਿਸੇ ਵਧੀਆ ਹੋਟਲ ਵਿੱਚ ਜਾਂਦੇ ਹੋ ਤਾਂ ਆਪਣੇ ਦੋਸਤਾਂ ਨੂੰ ਦੱਸਦੇ ਹੋ ਨਾ, ਬੱਸ ਇਹੀ ਕੰਮ ਤਾਂ ਇਹ ਹਾਥੀ ਆਪਣੇ ਸਾਥੀ ਹਾਥੀਆਂ ਨਾਲ਼ ਕਰਦੇ ਹਨ,'' ਗੱਲ ਕਰਕੇ ਉਨ੍ਹਾਂ ਡੂੰਘਾ ਹਊਕਾ ਭਰਿਆ ਅਤੇ ਫਿਰ ਉਨ੍ਹਾਂ ਦੇ ਚਿਹਰੇ 'ਤੇ ਹਲਕੀ ਜਿਹੀ ਮੁਸਕਰਾ ਪਸਰ ਗਈ। ਵਿਅੰਗ ਭਰੀ ਇਸ ਤੁਲਨਾ ਨੇ ਜਿੱਥੇ ਉਨ੍ਹਾਂ ਦੇ ਚਿਹਰੇ 'ਤੇ ਮੁਸਕਾਨ ਖਿੰਡਾਈ, ਉੱਥੇ ਮੇਰੇ ਮੱਥੇ 'ਤੇ ਹੈਰਾਨੀ ਭਰੀ ਤਿਊੜੀ ਛੱਡ ਦਿੱਤੀ।
































