ਚਿਤਰਗੁਪਤ ਸਾਰੇ ਪ੍ਰਾਇਮਰੀ ਅਤੇ ਉੱਚ-ਪ੍ਰਾਇਮਰੀ ਸਕੂਲਾਂ ਦੇ ਮਾਰੇ ਗਏ ਅਧਿਆਪਕਾਂ ਅਤੇ ਸਹਾਇਕ ਕਰਮਚਾਰੀਆਂ ਦੇ ਨਾਵਾਂ ਦੀ ਗਿਣਤੀ ਕਰ ਰਹੇ ਸਨ, ਬਿਲਕੁਲ ਉਵੇਂ ਹੀ ਜਿਵੇਂ ਕੁਝ ਹਫ਼ਤੇ ਪਹਿਲਾਂ ਚੋਣਾਂ ਦੀ ਗਿਣਤੀ ਸਮੇਂ ਕੀਤਾ ਗਿਆ ਸੀ। ਇਸ ਕੰਮ ਲਈ ਉਨ੍ਹਾਂ ਨੂੰ ਮਸ਼ੀਨਾਂ 'ਤੇ ਭਰੋਸਾ ਨਹੀਂ ਸੀ। ਮੁੱਖ ਸਕੱਤਰ ਤੇ ਮੰਤਰੀਆਂ ਨੂੰ ਭੇਜੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਇਹ ਯਕੀਨੀ ਬਣਾਉਣਾ ਸੀ ਕਿ ਰਿਕਾਰਡ ਸਹੀ ਹੋਵੇ ਅਤੇ ਕੋਈ ਚੂਕ ਨਾ ਹੋਈ ਹੋਵੇ।

ਮਾਰੇ ਗਏ ਲੋਕ ਆਪਣੇ ਫਲ ਦੀ ਉਡੀਕ ਕਰ ਰਹੇ ਸਨ, ਪਰ ਚਿਤਰਗੁਪਤ ਗਿਣਤੀ ਵਿੱਚ ਗ਼ਲਤੀ ਹੋਣ ਦਾ ਖ਼ਤਰਾ ਮੁੱਲ ਨਹੀਂ ਲੈ ਸਕਦੇ ਸਨ। ਉਨ੍ਹਾਂ ਨੂੰ ਨਵੀਂ ਸੀਟ ਦਿੱਤੇ ਜਾਣ ਤੋਂ ਪਹਿਲਾਂ, ਧਰਤੀ 'ਤੇ ਰਹਿੰਦਿਆਂ ਉਨ੍ਹਾਂ ਦੇ ਪਿਛਲੇ ਕੰਮਾਂ ਦਾ ਪੂਰਾ ਲੇਖਾ-ਜੋਖਾ ਜਾਂਚਣਾ ਜ਼ਰੂਰੀ ਸੀ। ਹਰ ਗ਼ਲਤੀ ਦੀ ਕੀਮਤ ਕਾਫ਼ੀ ਭਾਰੀ ਹੋਣ ਵਾਲ਼ੀ ਸੀ, ਇਸਲਈ ਉਹ ਬਾਰ-ਬਾਰ ਗਿਣੀ ਜਾ ਰਹੇ ਸਨ। ਹਰ ਵਾਰੀ ਜਦੋਂ ਉਹ ਗਿਣਤੀ ਦਹੁਰਾਉਂਦੇ ਤਾਂ ਇਨ੍ਹਾਂ ਗੁਆਚੀਆਂ ਰੂਹਾਂ ਦੀ ਸੂਚੀ ਵਿੱਚ ਨਵੇਂ ਤੋਂ ਨਵੇਂ ਨਾਮ ਜੁੜਦੇ ਜਾਂਦੇ। ਉਨ੍ਹਾਂ ਸੋਚਿਆ ਜੇਕਰ ਉਹ ਇਨ੍ਹਾਂ ਭਟਕਦੀਆਂ ਰੂਹਾਂ ਨੂੰ ਪਤਾਲ-ਲੋਕ ਵਿਖੇ ਆਪਣੇ ਦਫ਼ਤਰ ਦੇ ਬਾਹਰ ਲਾਈਨ ਬਣਾ ਕੇ ਖੜ੍ਹਾ ਕਰ ਦੇਵੇ ਤਾਂ ਇਹ ਲਾਈਨ ਸਿੱਧੀ ਪ੍ਰਯਾਗਰਾਜ ਤੱਕ ਪਹੁੰਚ ਹੀ ਜਾਣੀ ਹੈ।

ਸੁਧਨਵਾ ਦੇਸ਼ਪਾਂਡੇ ਦੀ ਅਵਾਜ਼ ਵਿੱਚ ਕਵਿਤਾ ਪਾਠ ਸੁਣੋ

illustration
PHOTO • Labani Jangi

ਦੋ ਦੂਣੀ ਚਾਰ, 1600 ਤੋਂ ਵੱਧ ਲੰਬੀ ਕਤਾਰ...

ਦੋ ਦੂਣੀ ਚਾਰ
ਚਾਰ ਦੂਣੀ ਅੱਠ
ਅੱਠ ਦੂਣੀ ਸੋਲ੍ਹਾਂ
ਨਾਲ਼ ਜੋੜਿਆਂ 10...
1,600 ਤੋਂ ਵੱਧ ਤਾਂ ਅਜੇ ਵੀ ਕਤਾਰ 'ਚ ਨੇ।
ਜੇ ਤੂੰ ਆਪਣੇ ਗੁੱਸੇ ਨੂੰ ਜੋੜਨਾ
ਤੇ ਡਰ ਨੂੰ ਘਟਾਉਣ ਸਿੱਖ ਲਿਆ ਹੈ,
ਤਾਂ ਚੱਲ ਹੁਣ ਗਿਣਤੀ ਸਿੱਖ ਲੈ
ਅਤੇ ਭਾਰੇ-ਭਾਰੇ ਅੰਕੜਿਆਂ ਦਾ ਹਿਸਾਬ ਕਰ,
ਉਨ੍ਹਾਂ ਲੋਥਾਂ ਨੂੰ ਗਿਣ
ਜੋ ਤੂੜੀਆਂ ਨੇ ਵੋਟ-ਪੇਟੀਆਂ ਅੰਦਰ।
ਦੱਸੀ ਜ਼ਰਾ ਕਿਤੇ ਤੈਨੂੰ ਅੰਕੜਿਆਂ ਤੋਂ
ਭੈਅ ਤਾਂ ਨਹੀਂ ਆਉਂਦਾ।

ਫਰਵਰੀ, ਮਾਰਚ, ਅਪ੍ਰੈਲ, ਮਈ
ਮਹੀਨਿਆਂ ਦੇ ਨਾਮ ਚੇਤੇ ਰੱਖੀਂ,
ਨਾਲ਼ੇ ਹਫ਼ਤੇ ਦੇ ਉਹ ਦਿਨ ਵੀ ਜੋ ਅਣਗੌਲ਼ੇ ਗਏ,
ਮੌਤ, ਹੰਝੂ ਤੇ ਸ਼ੋਕ ਦੇ ਮੌਸਮਾਂ ਦੇ ਨਾਮ,
ਹਰ ਚੋਣ ਹਲ਼ਕੇ, ਹਰ ਜ਼ਿਲ੍ਹੇ ਦਾ ਨਾਮ,
ਪਿੰਡ ਦੇ ਹਰ ਬਲਾਕ ਦਾ ਨਾਮ ਚੇਤੇ ਰੱਖੀਂ।
ਜਮਾਤ ਦੀਆਂ ਕੰਧਾਂ ਦੇ ਰੰਗ,
ਇੱਟਾਂ ਵਾਂਗਰ ਲਾਸ਼ਾਂ ਦੇ ਡਿੱਗਣ ਦੀਆਂ ਅਵਾਜ਼ਾਂ,
ਮਲ਼ਬੇ ਵਿੱਚ ਵਟਦੇ ਸਕੂਲਾਂ ਦਾ ਨਜ਼ਾਰਾ ਚੇਤੇ ਰੱਖੀਂ,
ਅੱਖਾਂ ਜੇ ਉਬਲ਼ਦੀਆਂ ਤਾਂ ਉਬਲ਼ਣ ਦੇ, ਪਰ ਚੇਤੇ
ਕਰਨਾ ਪੈਣਾ ਇਨ੍ਹਾਂ ਨਾਵਾਂ ਨੂੰ
ਕਲਰਕਾਂ, ਚਪੜਾਸੀਆਂ ਤੇ ਸਾਰੇ ਟੀਚਰਾਂ ਦੇ-
ਗਿਰੀਸ਼ ਸਰ, ਰਾਮਭੈਯਾ
ਮਿਸ ਸੁਨੀਤਾ ਰਾਣੀ
ਮਿਸ ਜਾਵੰਤਰੀ ਦੇਵੀ
ਅਬਦੁਲ ਸਰ ਤੇ ਫ਼ਰੀਦਾ ਮੈਮ।
ਇਨ੍ਹਾਂ ਨੂੰ ਜਿਊਂਦੇ ਰੱਖਣ ਲਈ ਸਾਨੂੰ ਚੇਤੇ ਰੱਖਣਾ ਪੈਣਾ
ਭਾਵੇਂ ਸਾਹ ਆਵੇ ਨਾ ਆਵੇ
ਤੇ ਮਰਦੇ ਹੋਣ ਇਹ ਭਾਵੇਂ।

ਹੁਣ ਸਾਹ ਲੈਣ ਦਾ ਮਤਲਬ ਹੀ ਸਹਿਣਾ ਹੈ
ਸੇਵਾ ਕਰਨ ਦਾ ਮਤਲਬ ਹੀ ਮਰ ਜਾਣਾ ਹੈ
ਸਜ਼ਾ ਦੇਣਾ ਹੀ ਸ਼ਾਸਨ ਦੀ ਰਵਾਇਤ ਹੈ
ਜਿੱਤਣ ਲਈ ਕਤਲੋਗਾਰਤ ਕਰਨਾ ਹੈ
ਚੁੱਪੀ ਦੀ ਖ਼ਾਤਰ ਹੁਣ ਮੁਨਾਸਬ ਹੈ ਜਾਨੋਂ ਮਾਰਨਾ
ਲਿਖਣ ਦਾ ਮਤਲਬ ਉਡਣਾ ਹੈ
ਹੁਣ ਜੀਊਣਾ ਹੈ ਤਾਂ ਬੋਲਣਾ ਹੈ
ਤੇ ਚੇਤਿਆਂ ਵਿੱਚ ਰਹਿਣਾ, ਜੀਊਣਾ ਹੈ-
ਗਿਰੀਸ਼ ਸਰ, ਰਾਮਭੈਯਾ
ਮਿਸ ਸੁਨੀਤਾ ਰਾਣੀ
ਮਿਸ ਜਾਵੰਤਰੀ ਦੇਵੀ
ਅਬਦੁਲ ਸਰ ਤੇ ਫ਼ਰੀਦਾ ਮੈਮ।
ਚੇਤੇ ਰੱਖਣ ਲਈ ਜ਼ਰੂਰੀ ਹੈ ਸਿੱਖਣਾ,
ਸਿੱਖ ਲੈ, ਸੱਤ੍ਹਾ ਦੀ ਭਾਸ਼ਾ
ਸਿਆਸਤ ਦੀ ਖੇਡ।
ਚੁੱਪੀਆਂ ਤੇ ਦੁੱਖਾਂ ਦੀ ਸ਼ਬਦਾਵਲੀ ਰਟ ਲੈ।
ਟੁੱਟ ਕੇ ਖਿੰਡ ਗਏ ਸੁਪਨਿਆਂ ਦੀ ਪੀੜ੍ਹ,
ਜੋ ਰਹਿ ਗਿਆ ਅਣਕਿਹਾ, ਉਹਨੂੰ ਪੜ੍ਹ ਲੈ।

ਇੱਕ ਦਿਨ ਤੂੰ ਜਾਣੇਂਗਾ
ਝੂਠ ਹੇਠ ਦੱਬਿਆ ਸੱਚ।
ਇੱਕ ਦਿਨ ਤੂੰ ਜਾਣੇਂਗਾ
ਕਿਉਂ ਮਰ ਗਏ ਇੰਨੇ ਟੀਚਰ।
ਕਲਾਸਰੂਮ ਦੇ ਬੀਆਬਾਨ ਹੋਣ ਦੀ ਗਾਥਾ
ਅਤੇ ਉਜੜ ਗਏ ਖੇਡ ਦੇ ਮੈਦਾਨ।
ਸਿਵਿਆਂ 'ਚ ਵਟੀਂਦੇ ਸਕੂਲ
ਚਿਖਾਂ ਨੂੰ ਅੱਗ ਕਿੰਨੇ ਦਿੱਤੀ।
ਪਰ, ਤੈਨੂੰ ਇਹ ਨਾਮ ਸਦਾ ਚੇਤੇ ਰੱਖਣੇ ਪੈਣੇ-
ਮਿਸ ਸੁਨੀਤਾ ਰਾਣੀ
ਮਿਸ ਜਾਵੰਤਰੀ ਦੇਵੀ
ਅਬਦੁਲ ਸਰ ਤੇ ਫ਼ਰੀਦਾ ਮੈਮ।

ਆਡਿਓ: ਸੁਧਨਵਾ ਦੇਸ਼ਪਾਂਡੇ, ਜਨ ਨਾਟਯ ਮੰਚ ਨਾਲ਼ ਜੁੜੇ ਅਭਿਨੇਤਾ ਅਤੇ ਨਿਰਦੇਸ਼ਕ ਹਨ। ਉਹ ਲੈਫਟਵਰਡ ਬੁੱਕ ਦੇ ਸੰਪਾਦਕ ਵੀ ਹਨ।

ਤਰਜਮਾ: ਕਮਲਜੀਤ ਕੌਰ

Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Other stories by Pratishtha Pandya
Painting : Labani Jangi

ਲਾਬਨੀ ਜਾਂਗੀ 2020 ਤੋਂ ਪਾਰੀ ਦੀ ਫੈਲੋ ਹਨ, ਉਹ ਵੈਸਟ ਬੰਗਾਲ ਦੇ ਨਾਦਿਆ ਜਿਲ੍ਹਾ ਤੋਂ ਹਨ ਅਤੇ ਸਵੈ-ਸਿੱਖਿਅਤ ਪੇਂਟਰ ਵੀ ਹਨ। ਉਹ ਸੈਂਟਰ ਫਾਰ ਸਟੱਡੀਜ ਇਨ ਸੋਸ਼ਲ ਸਾਇੰਸ, ਕੋਲਕਾਤਾ ਵਿੱਚ ਮਜ਼ਦੂਰ ਪ੍ਰਵਾਸ 'ਤੇ ਪੀਐੱਚਡੀ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹਨ।

Other stories by Labani Jangi
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur