''ਬਾਪੂ ਤੂੰ ਆ ਜਾ,'' ਤੰਨਾ ਸਿੰਘ ਦਾ ਪੋਤਾ ਜਦੋਂ ਵੀ ਫ਼ੋਨ 'ਤੇ ਗੱਲ ਕਰਦਾ ਅਕਸਰ ਇਹੀ ਕਹਿੰਦਾ ਰਹਿੰਦਾ ਹੈ। ''ਦੱਸੋ ਭਲ਼ਾ ਮੈਂ ਕਿਵੇਂ ਮੁੜ ਸਕਦਾ ਹਾਂ? ਆਖ਼ਰ, ਮੈਂ ਇੱਥੇ ਉਹਦੇ ਵਾਸਤੇ ਹੀ ਤਾਂ ਬੈਠਾਂ ਹਾਂ... ਤਾਂਕਿ ਉਹਦਾ ਆਉਣ ਵਾਲ਼ਾ ਕੱਲ੍ਹ ਚੰਗਾ ਹੋਵੇ,'' ਆਪਣੇ ਤੰਬੂ ਨੇੜੇ ਪਲਾਸਟਿਕ ਦੇ ਸਟੂਲ 'ਤੇ ਬੈਠਦਿਆਂ ਤੰਨਾ ਸਿੰਘ ਕਹਿੰਦੇ ਹਨ।
''ਜਦੋਂ ਮੈਂ ਆਪਣੇ ਪੋਤੇ (15 ਸਾਲਾ) ਨਾਲ਼ ਗੱਲ ਕਰਦਾ ਹਾਂ ਮੇਰਾ ਰੋਣਾ ਹੀ ਨਿਕਲ਼ ਜਾਂਦਾ ਹੈ। ਕੌਣ ਆਪਣੇ ਪੋਤੇ-ਪੋਤੀਆਂ ਨੂੰ ਇੰਝ ਪਿਛਾਂਹ ਛੱਡਦਾ ਹੈ? ਕਿਹਦਾ ਚਿੱਤ ਕਰਦਾ ਹੈ ਆਪਣੇ ਧੀਆਂ-ਪੁੱਤਾਂ ਨੂੰ ਛੱਡ ਕੇ ਆਉਣ ਦਾ?'' ਉਨ੍ਹਾਂ ਦਾ ਗੱਚ ਭਰ ਆਉਂਦਾ ਹੈ।
ਤੰਨਾ ਸਿੰਘ ਨੇ ਪੱਕਾ ਮਨ ਬਣਾਇਆ ਹੈ ਕਿ ਭਾਵੇਂ ਜੋ ਮਰਜ਼ੀ ਹੋ ਜਾਵੇ ਵਾਪਸ ਨਹੀਂ ਜਾਣਾ। ਉਨ੍ਹਾਂ ਨੇ 26 ਨਵੰਬਰ 2020 ਤੋਂ ਸ਼ੁਰੂ ਹੋਏ ਇਸ ਧਰਨੇ ਵਿੱਚੋਂ ਇੱਕ ਦਿਨ ਦੀ ਵੀ ਛੁੱਟੀ ਨਹੀਂ ਲਈ। ਧਰਨਾ ਚੱਲਦਿਆਂ ਇੱਕ ਸਾਲ ਹੋ ਚੱਲਿਆ ਹੈ ਅਤੇ 19 ਨਵੰਬਰ 2021 ਨੂੰ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਇਹ ਤਿੰਨੋਂ ਖੇਤੀ ਕਨੂੰਨ ਵਾਪਸ ਲੈ ਲਏ ਜਾਣਗੇ ਤਾਂ ਵੀ 70 ਸਾਲਾ ਇਸ ਬਜ਼ੁਰਗ (ਜਿਨ੍ਹਾਂ ਦੀ ਜੀਵਨ-ਸਾਥੀ ਦੀ ਮੌਤ ਹੋ ਚੁੱਕੀ ਹੈ) ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਟੀਕਰੀ ਤੋਂ ਵਾਪਸ ਨਹੀਂ ਜਾਣਗੇ ਜਦੋਂ ਤੱਕ ਕਿ ਇਨ੍ਹਾਂ ਕਨੂੰਨਾਂ ਦੀ ਵਾਪਸੀ 'ਤੇ ਸਰਕਾਰੀ ਮੋਹਰ ਨਹੀਂ ਲੱਗ ਜਾਂਦੀ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਲਿਖਤੀ ਭਰੋਸਾ ਨਹੀਂ ਆ ਜਾਂਦਾ। ''ਅਸੀਂ ਉਸ ਪਲ ਦੀ ਉਡੀਕ ਕਰ ਰਹੇ ਹਾਂ ਜਦੋਂ ਰਾਸ਼ਟਰਪਤੀ ਦੁਆਰਾ ਇੰਨ੍ਹਾਂ ਕਨੂੰਨ ਦੀ ਵਾਪਸੀ 'ਤੇ ਮੋਹਰ ਨਹੀਂ ਲਾ ਦਿੱਤੀ ਜਾਂਦੀ। ਅਸੀਂ ਇਸੇ ਦਿਨ ਦੀ ਆਮਦ ਵਿੱਚ ਹੀ ਤਾਂ ਘਰ ਛੱਡੇ ਸਨ,'' ਉਹ ਕਹਿੰਦੇ ਹਨ।
ਉਹ ਉਨ੍ਹਾਂ ਹਜ਼ਾਰਾਂ ਕਿਸਾਨਾਂ ਵਿੱਚੋਂ ਇੱਕ ਹਨ ਜੋ ਇੱਕ ਸਾਲ ਪਹਿਲਾਂ ਇਨ੍ਹਾਂ ਤਿੰਨੋਂ ਖੇਤੀ ਕਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਲੈ ਕੇ ਰਾਜਧਾਨੀ ਦੀਆਂ ਸਰਹੱਦਾਂ ਵੱਲ ਆਏ ਸਨ ਅਤੇ ਜਦੋਂ ਉਨ੍ਹਾਂ ਨੂੰ ਅੱਗੇ ਵੱਧਣ ਭਾਵ ਰਾਜਧਾਨੀ ਦੇ ਅੰਦਰ ਵੜ੍ਹਨ ਦੀ ਆਗਿਆ ਨਾ ਦਿੱਤੀ ਗਈ ਤਾਂ ਉਨ੍ਹਾਂ ਨੇ ਟੀਕਰੀ (ਪੱਛਮੀ ਦਿੱਲੀ), ਸਿੰਘੂ (ਉੱਤਰ-ਪੱਛਮੀ ਦਿੱਲੀ) ਅਤੇ ਗਾਜ਼ੀਪੁਰ (ਪੂਰਬੀ) ਵਿਖੇ ਹੀ ਤੰਬੂ ਗੱਡ ਲਏ।
ਸਿੰਘ ਸਾਹਬ ਆਪਣੇ ਟਰੈਕਟਰ 'ਤੇ ਸਵਾਰ ਹੋ ਕੇ ਕਈ ਹੋਰ ਕਿਸਾਨਾਂ ਦੇ ਨਾਲ਼ ਇੱਥੇ ਪਹੁੰਚੇ ਸਨ, ਉਹ ਮੁਕਤਸਰ ਜ਼ਿਲ੍ਹੇ ਦੇ ਪਿੰਡ ਭੰਗਚਾਰੀ ਤੋਂ ਇੱਥੇ (ਧਰਨਾ-ਸਥਲ) ਪਹੁੰਚੇ ਅਤੇ ਉਨ੍ਹਾਂ ਦਾ ਟਰੈਕਟਰ ਧਰਨੇ ਦੇ ਨੇੜੇ ਹੀ ਕਿਤੇ ਖੜ੍ਹਾ ਕੀਤਾ ਹੋਇਆ ਹੈ। ਉਨ੍ਹਾਂ ਦੇ ਪਿੰਡ ਵਿੱਚ, ਉਨ੍ਹਾਂ ਦਾ ਪਰਿਵਾਰ ਆਪਣੀ ਅੱਠ ਏਕੜ ਦੀ ਪੈਲ਼ੀ ਵਿੱਚ ਕਣਕ ਅਤੇ ਝੋਨੇ ਦੀ ਕਾਸ਼ਤ ਕਰਦਾ ਹੈ। ''ਮੈਂ ਆਪਣੇ ਖੇਤ ਦੀ ਜ਼ਿੰਮੇਦਾਰੀ ਆਪਣੇ ਪੁੱਤ ਦੇ ਸਿਰ ਸੁੱਟ ਆਇਆ ਹਾਂ,'' ਉਹ ਕਹਿੰਦੇ ਹਨ।










