"ਟੀਕਰੀ ਬਾਰਡਰ ਦੀ ਸੜਕ ਦੇ ਦੋਵੇਂ ਪਾਸੇ 50 ਕਿ:ਮੀ ਤੱਕ ਟਰੈਕਟਰ ਕਤਾਰਬੱਧ ਖੜ੍ਹੇ ਹਨ," ਕਮਲ ਬਰਾੜ ਕਹਿੰਦੇ ਹਨ। ਉਹ, ਹਰਿਆਣਾ ਦੇ ਫਤੇਹਾਬਾਦ ਜ਼ਿਲ੍ਹੇ ਵਿੱਚ ਪੈਂਦੇ ਆਪਣੇ ਪਿੰਡੋਂ ਆਪਣੇ 20 ਕਿਸਾਨ ਸਾਥੀਆਂ ਦੇ ਨਾਲ਼ 5 ਟਰੈਕਟਰ ਅਤੇ 2 ਟਰਾਲੀਆਂ ਲੈ ਕੇ 24 ਜਨਵਰੀ ਨੂੰ ਟੀਕਰੀ ਬਾਰਡਰ ਪੁੱਜੇ।
ਹਰਿਆਣਾ-ਦਿੱਲੀ ਦਾ ਟੀਕਰੀ ਬਾਰਡਰ ਰਾਸ਼ਟਰੀ ਰਾਜਧਾਨੀ ਦੇ ਬਾਹਰਵਾਰ ਸਥਿਤ ਉਨ੍ਹਾਂ ਤਿੰਨੋਂ ਧਰਨਾ-ਸਥਲਾਂ ਵਿੱਚੋਂ ਇੱਕ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ 26 ਨਵੰਬਰ, 2020 ਤੋਂ ਤਿੰਨੋਂ ਖੇਤੀ ਬਿੱਲਾਂ ਨੂੰ ਰੱਦ ਕਰਾਏ ਜਾਣ ਵਾਸਤੇ ਵਿਰੋਧ-ਪ੍ਰਦਰਸ਼ਨ ਕਰ ਰਹੇ ਹਨ, ਜੋ ਸਤੰਬਰ 2020 ਨੂੰ ਸੰਸਦ ਜ਼ਰੀਏ ਪਾਸ ਕੀਤੇ ਗਏ ਸਨ।
ਪ੍ਰਦਰਸ਼ਨ ਦੇ ਹਿੱਸੇ ਵਜੋਂ, ਕਿਸਾਨਾਂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਬੇਮਿਸਾਲ ਟਰੈਕਟਰ ਰੈਲੀ ਕੱਢਣ ਦੀ ਯੋਜਨਾ ਬਣਾਈ।
ਰੈਲੀ ਵਿੱਚ ਭਾਗ ਲੈਣ ਦੀ ਯੋਜਨਾ ਬਣਾਉਣ ਵਾਲਿਆਂ ਵਿੱਚ ਨਿਰਮਲ ਸਿੰਘ ਵੀ ਸ਼ਾਮਲ ਹਨ। ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਬਲਾਕ ਵਿੱਚ ਪੈਂਦੇ ਆਪਣੇ ਪਿੰਡ ਵਾਹਬਵਾਲਾ ਤੋਂ ਚਾਰ ਟਰੈਕਟਰਾਂ ਵਿੱਚ ਪੁੱਜੇ ਨਿਰਮਲ ਸਿੰਘ ਨੂੰ ਟੀਕਰੀ ਵਿਖੇ ਆਪਣੇ ਟਰੈਕਟਰਾਂ ਨੂੰ ਪਾਰਕ ਕਰਨ ਦੀ ਥਾਂ ਲੱਭਣ ਵਿੱਚ ਕਈ ਘੰਟੇ ਲੱਗੇ। ਉਹ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਦੇ ਬੈਨਰ ਲਗਾ ਕੇ, ਵਾਹਬਵਾਲਾ ਤੋਂ ਆਪਣੇ 25 ਸਾਥੀਆਂ ਨਾਲ਼ ਇੱਥੇ ਪੁੱਜੇ। "ਹੋਰ ਵੀ ਕਈ ਲੋਕ ਆ ਰਹੇ ਹਨ। ਟਰੈਕਟਰਾਂ ਦੀ ਗਿਣਤੀ ਕਈ ਗੁਣਾ ਵਧੇਗੀ, ਤੁਸੀਂ ਦੇਖਿਓ," ਉਨ੍ਹਾਂ ਨੇ ਕਿਹਾ।"ਪਰੇਡ ਦੇ ਦਿਨ, 10 ਲੋਕਾਂ ਨੂੰ ਇੱਕ ਟਰੈਕਟਰ ਦਿੱਤਾ ਜਾਵੇਗਾ," ਕਮਲ ਬਰਾੜ ਦਾ ਕਹਿਣਾ ਹੈ। "ਇਹ ਸ਼ਾਂਤਮਈ ਰੈਲੀ ਹੋਵੇਗੀ ਅਤੇ ਅਸੀਂ ਪੁਲਿਸ ਦੁਆਰਾ ਦਿੱਤੇ ਗਏ ਰੂਟ ਮੈਪ ਦੀ ਪਾਲਣਾ ਕਰਾਂਗੇ। ਪਰੇਡ ਦੌਰਾਨ ਕਿਸੇ ਵੀ ਦੁਰਘਟਨਾ ਜਾਂ ਅਨੁਸ਼ਾਸ਼ਨਹੀਣਤਾ 'ਤੇ ਨਜ਼ਰ ਰੱਖਣ ਵਾਸਤੇ ਕਿਸਾਨ ਆਗੂਆਂ ਦੀ ਰਹਿਨੁਮਾਈ ਵਿੱਚ ਸਵੈ-ਸੇਵਕਾਂ ਦੀਆਂ ਟੀਮਾਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ।"
ਟਰੈਕਟਰ ਪਰੇਡ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨੂੰ ਲੰਗਰ ਵਿੱਚ ਚਾਹ ਅਤੇ ਨਾਸ਼ਤਾ ਦਿੱਤਾ ਜਾਵੇਗਾ ਅਤੇ ਰਸਤੇ ਵਿੱਚ ਕੋਈ ਖਾਣਾ ਨਹੀਂ ਵੰਡਿਆ ਜਾਵੇਗਾ।
ਔਰਤ ਕਿਸਾਨ ਰੈਲੀ ਵਿੱਚ ਮੋਹਰੀ ਹੋਣਗੀਆਂ, ਜੋ ਪਰੇਡ ਦੀ ਤਿਆਰੀ ਕਰ ਰਹੀਆਂ ਹਨ- ਔਰਤਾਂ ਦਾ ਸਮੂਹ 26 ਜਨਵਰੀ ਦੀ ਰੈਲੀ ਵਾਸਤੇ ਟੀਕਰੀ ਦੀਆਂ ਸੜਕਾਂ 'ਤੇ ਟਰੈਕਟਰ ਚਲਾਉਣ ਦਾ ਅਭਿਆਸ ਕਰ ਰਿਹਾ ਹੈ।
ਸਾਹਮਣਿਓਂ ਅਗਵਾਈ ਕਰਨ ਵਾਲੀਆਂ ਔਰਤਾਂ ਵਿੱਚੋਂ ਹਰਿਆਣਾ ਦੇ ਫਤੇਹਾਬਾਅਦ ਜ਼ਿਲ੍ਹੇ ਦੇ ਜਾਖ਼ਲ ਬਲਾਕ ਦੇ ਇੱਕ ਪਿੰਡ ਦੀ 65 ਸਾਲਾ ਕਿਸਾਨ ਰਾਜ ਕੌਰ ਬੀਬੀ ਵੀ ਹਨ। "ਸਰਕਾਰ 26 (ਜਨਵਰੀ) ਨੂੰ ਔਰਤਾਂ ਦੀ ਤਾਕਤ ਦੇਖੇਗੀ," ਉਨ੍ਹਾਂ ਨੇ ਕਿਹਾ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਲਾਮਬੰਦ 20,000 ਟਰੈਕਟਰਾਂ ਦਾ ਕਾਫ਼ਲਾ 24 ਜਨਵਰੀ ਦੀ ਦੇਰ ਰਾਤ ਟੀਕਰੀ ਬਾਰਡਰ ਅੱਪੜਿਆ। ਉਹ ਜ਼ਿਲ੍ਹੇ ਬਠਿੰਡਾ ਦੇ ਡਬਵਾਲੀ ਵਿੱਚੋਂ ਅਤੇ ਜ਼ਿਲ੍ਹਾ ਸੰਗਰੂਰ ਦੇ ਖਾਨੌਰੀ ਬਾਰਡਰ ਤੋਂ ਆਏ ਹਨ, ਇਹ ਦੋਵੇਂ ਜ਼ਿਲ੍ਹੇ ਪੰਜਾਬ ਵਿੱਚ ਹਨ।
ਆਪਣੇ ਟਰੈਕਟਰਾਂ ਦੇ ਨਾਲ਼ ਉਡੀਕ ਕਰਨ ਵਾਲਿਆਂ ਵਿੱਚੋਂ 60 ਸਾਲਾ ਜਸਕਰਨ ਸਿੰਘ ਵੀ ਹਨ, ਜੋ 27 ਨਵੰਬਰ ਨੂੰ ਪੰਜਾਬ ਦੇ ਮਾਨਸਾ ਜਿਲ੍ਹੇ ਦੇ ਸ਼ੇਰ ਖਾਨਵਾਲਾ ਪਿੰਡ ਤੋਂ ਪੰਜ ਟਰੈਕਟਰਾਂ 'ਤੇ ਸਵਾਰ ਕਿਸਾਨਾਂ ਦੇ ਇੱਕ ਦਲ ਨਾਲ਼ ਟੀਕਰੀ ਪੁੱਜੇ ਸਨ। "ਜਦੋਂ ਤੋਂ ਅਸੀਂ ਇੱਥੇ ਬੈਠੇ ਹਾਂ, ਚੋਰੀ, ਅਭੱਦਰ ਵਿਵਹਾਰ ਜਾਂ ਅਨੁਸ਼ਾਸਨਹੀਣਤਾ ਦੀ ਕੋਈ ਇੱਕ ਸ਼ਿਕਾਇਤ ਤੱਕ ਨਹੀਂ ਆਈ," ਉਨ੍ਹਾਂ ਨੇ ਕਿਹਾ।
ਉਹ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਆਪਣੇ ਪਿੰਡ ਤੋਂ ਟੀਕਰੀ ਧਰਨਾ ਸਥਲ 'ਤੇ ਆਉਂਦੇ ਜਾਂਦੇ ਰਹੇ ਹਨ। ਉਹ 23 ਜਨਵਰੀ ਨੂੰ 25 ਹੋਰ ਕਿਸਾਨਾਂ ਦੇ ਨਾਲ਼ 10 ਟਰੈਕਟਰਾਂ ਸਣੇ ਵਾਪਸ ਮੁੜ ਆਏ। "26 ਜਨਵਰੀ ਇੱਕ ਇਤਿਹਾਸਕ ਦਿਨ ਹੋ ਨਿਬੜੇਗਾ ਜਦੋਂ ਦੇਸ਼ ਦੇ ਅੰਨਦਾਤੇ ਇੱਕ ਵਿਸ਼ਾਲ ਪਰੇਡ ਕੱਢਣਗੇ। ਇਹ 'ਲੋਕਾਂ ਦੀ ਲਹਿਰ' ਬਣ ਗਈ ਹੈ," ਉਨ੍ਹਾਂ ਨੇ ਕਿਹਾ।
ਟੀਕਰੀ ਵਿੱਚ ਗਣਤੰਤਰ ਦਿਵਸ ਦਾ ਇੰਤਜਾਰ ਕਰਨ ਵਾਲਿਆਂ ਵਿੱਚ 40 ਸਾਲਾ ਕਲਾਕਾਰ ਦੇਵਰਾਜਨ ਰਾਇ ਵੀ ਸ਼ਾਮਲ ਹਨ, ਜੋ ਤਿੰਨ ਲੋਕਾਂ ਦੀ ਟੀਮ ਦੇ ਨਾਲ਼ ਪਿਛਲੇ ਹਫ਼ਤੇ ਟ੍ਰੇਨ ਦੁਆਰਾ ਪੱਛਮ ਬੰਗਾਲ ਦੇ ਹਲਦੀਆ ਤੋਂ ਇੱਥੇ ਧਰਨੇ ਵਿੱਚ ਸ਼ਾਮਲ ਹੋਏ। ਦੇਵਰਾਜਨ ਆਪਣੇ ਸਾਥੀ ਕਲਾਕਾਰ ਬੀਜੂ ਥਾਪਰ ਦੇ ਨਾਲ਼, ਸਰ ਛੋਟੂ ਰਾਮ ਜਿਹੀ ਮਕਬੂਲ ਇਤਿਹਾਸਕ ਸਖਸ਼ੀਅਤ ਦੇ ਕਟ-ਆਊਟ ਬਣਾਉਣ ਵਿੱਚ ਰੁੱਝੇ ਹਨ। "ਅਸੀਂ ਕਿਸਾਨਾਂ ਦੇ ਸਮਰਥਨ ਲਈ ਆਏ ਹਾਂ। ਅਸੀਂ ਆਪਣੀ ਜੇਬ੍ਹੋਂ ਪੈਸਾ ਖ਼ਰਚ ਕੇ ਇਹ ਚਿੱਤਰ ਬਣਾ ਰਹੇ ਹਾਂ। ਮੇਰਾ ਮੰਨਣਾ ਹੈ ਕਿ ਕਲਾ ਨੂੰ ਸਮਾਜ ਵਾਸਤੇ ਅਵਾਜ਼ ਚੁੱਕਣੀ ਚਾਹੀਦੀ ਹੈ," ਉਨ੍ਹਾਂ ਨੇ ਕਿਹਾ। ਇਨ੍ਹਾਂ ਕਟ-ਆਊਟ ਬਣਾਉਣ ਵਾਲਿਆਂ ਵਿੱਚ ਇੱਕ ਕਟ-ਆਊਟ ਬਾਬਾ ਰਾਮ ਸਿੰਘ ਦਾ ਵੀ ਹੈ, ਜਿਨ੍ਹਾਂ ਨੇ 16 ਦਸੰਬਰ ਨੂੰ ਕੁੰਡਲੀ ਸਰਹੱਦ 'ਤੇ ਖੁਦ ਨੂੰ ਗੋਲੀ ਮਾਰ ਲਈ ਸੀ।ਟੀਕਰੀ 'ਤੇ ਮੌਜੂਦ ਸਮਰਥਕਾਂ ਵਿੱਚ ਪੱਛਮ ਬੰਗਾਲ ਦੇ ਹਲਦੀਆ ਤੋਂ ਪੋਸਟ-ਗ੍ਰੈਜੁਏਟ ਦੀ ਵਿਦਿਆਰਥਣ, ਇਸ਼ਿਤਾ ਵੀ ਸ਼ਾਮਲ ਹਨ। ਉਹ ਟਰੈਕਟਰ 'ਤੇ ਲਗਾਉਣ ਵਾਸਤੇ ਇੱਕ ਬੈਨਰ ਬਣਾ ਰਹੇ ਹਨ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਇਹ ਕਨੂੰਨ ਕਿਸਾਨਾਂ ਅਤੇ ਹੋਰਨਾਂ ਨੂੰ ਕਿਵੇਂ ਪ੍ਰਭਾਵਤ ਕਰਨਗੇ।
ਇਹ ਕਨੂੰਨ ਪਹਿਲੀ ਵਾਰ 5 ਜੂਨ 2020 ਨੂੰ ਇੱਕ ਆਰਡੀਨੈਂਸ ਦੇ ਰੂਪ ਵਿੱਚ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਦਿਨ ਤੱਕ ਉਨ੍ਹਾਂ ਨੂੰ ਐਕਟ ਬਣਾ ਦਿੱਤਾ ਗਿਆ। ਇਹ ਤਿੰਨੋਂ ਕਨੂੰਨ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 ਹਨ।
ਕਿਸਾਨ ਇਨ੍ਹਾਂ ਕਨੂੰਨਾਂ ਨੂੰ ਆਪਣੀ ਰੋਜ਼ੀਰੋਟੀ ਵਾਸਤੇ ਤਬਾਹੀ ਦੇ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਇਹ ਕਨੂੰਨ ਵੱਡੇ ਕਾਰਪੋਰੇਟਾਂ ਨੂੰ ਕਿਸਾਨਾਂ ਅਤੇ ਖੇਤੀ 'ਤੇ ਜਿਆਦਾ ਹੱਕ ਪ੍ਰਦਾਨ ਕਰਦੇ ਹਨ। ਇਹ ਕਨੂੰਨ ਘੱਟੋ-ਘੱਟ ਸਮਰਥਨ ਮੁੱਲ (MSP), ਖੇਤੀ ਪੈਦਾਵਾਰ ਮਾਰਕੀਟਿੰਗ ਕਮੇਟੀਆਂ (APMCs), ਰਾਜ ਦੁਆਰਾ ਖਰੀਦ ਆਦਿ ਸਣੇ, ਕਿਸਾਨਾਂ ਦੀ ਸਹਾਇਤਾ ਕਰਨ ਵਾਲੇ ਮੁੱਖ ਰੂਪਾਂ ਨੂੰ ਵੀ ਕਮਜੋਰ ਕਰਦੇ ਹਨ। ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਹਰ ਭਾਰਤੀ ਨੂੰ ਪ੍ਰਭਾਵਤ ਕਰਨ ਵਾਲੇ ਹਨ। ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜੋਰ ਕਰਦੇ ਹੋਏ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰਾਂ ਦੇ ਅਧਿਕਾਰ ਨੂੰ ਕਮਜੋਰ ਕਰਦੇ ਹਨ।
"ਇਸ ਨਾਲ਼ ਕੋਈ ਫ਼ਰਕ ਨਹੀਂ ਪੈਂਦਾ ਕਿ ਪਰੇਡ ਵਿੱਚ ਸ਼ਾਮਲ ਹੋਣ ਲਈ ਕਿੰਨੇ ਕਿਸਾਨ ਆ ਰਹੇ ਹਨ," ਜਸਪ੍ਰੀਤ ਕਹਿੰਦੇ ਹਨ, ਜੋ ਲੁਧਿਆਣਾ ਜ਼ਿਲ੍ਹੇ ਦੇ ਭੈਣੀ ਸਾਹਿਬ ਤੋਂ 21 ਜਨਵਰੀ ਨੂੰ ਟੀਕਰੀ ਅੱਪੜੇ ਸਨ। ਉਹ ਦੱਸਦੇ ਹਨ ਕਿ ਆਪਣੇ ਪਿੰਡੋਂ ਆਉਣ ਵਾਲੀ ਉਹ ਇਕੱਲੀ (ਵਿਅਕਤੀ) ਹਨ। "ਅਹਿਮ ਗੱਲ ਤਾਂ ਇਹ ਹੈ ਕਿ ਹਰੇਕ ਸ਼ਹਿਰ ਅਤੇ ਪਿੰਡ ਨੂੰ ਇਸ ਲਹਿਰ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ।"
ਤਰਜਮਾ: ਕਮਲਜੀਤ ਕੌਰ