"ਸਾਰੀਆਂ 32 ਯੂਨੀਅਨਾਂ ਨੌਜਵਾਨਾਂ ਨੂੰ ਬੇਨਤੀ ਕਰਦੀਆਂ ਹਨ ਕਿ ਉਹ ਕੋਈ ਨੁਕਸਾਨ ਨਾ ਪਹੁੰਚਾਉਣ। ਕੋਈ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਏਗਾ। ਕੋਈ ਲੜਾਈ ਨਹੀਂ ਕਰੇਗਾ। ਕੋਈ ਵੀ ਸਾਡੇ ਇਸ ਸੰਘਰਸ਼ ਨੂੰ ਖ਼ਰਾਬ ਨਹੀਂ ਕਰੇਗਾ," ਇੱਕ ਅਪੀਲ ਗੂੰਜੀ। "ਸਾਰੇ ਲੋਕ ਦਿੱਲੀ ਪੁਲਿਸ ਦੁਆਰਾ ਸਾਨੂੰ ਦਿੱਤੇ ਗਏ ਅਧਿਕਾਰਤ ਮਾਰਗ 'ਤੇ ਚੱਲਣਗੇ। ਅਸੀਂ ਸ਼ਾਂਤਮਈ ਮਾਰਚ ਕਰਾਂਗੇ ਤਾਂਕਿ ਦੁਨੀਆ ਦੇਖੇ," ਟਰੈਕਟਰ 'ਤੇ ਲੱਗੇ ਲਾਊਡਸਪੀਕਰ ਅੱਗੇ ਨੇਤਾ ਨੇ ਬੋਲਿਆ।
ਇਹ 26 ਜਨਵਰੀ ਨੂੰ ਸਵੇਰ ਦੇ 9:45 ਵਜੇ ਦੇ ਕਰੀਬ ਦੀ ਗੱਲ ਹੈ, ਜਦੋਂ ਟਰੈਕਟਰਾਂ ਦਾ ਕਾਫ਼ਲਾ ਮੁੰਡਲਾ ਇੰਡਸਟ੍ਰਿਅਲ ਏਰੀਆ ਮੈਟਰੋ ਸਟੇਸ਼ਨ ਤੋਂ ਅੱਗੇ ਵੱਧ ਰਿਹਾ ਸੀ, ਉਦੋਂ ਹੀ ਲਾਊਡਸਪੀਕਰ ਤੋਂ ਅਵਾਜ਼ ਆਉਣ ਲੱਗੀ। ਸਵੈ-ਸੇਵਕ ਮਨੁੱਖੀ ਲੜੀ (ਹਿਊਮਨ ਚੇਨ) ਬਣਾਉਣ ਲਈ ਤੇਜ਼ੀ ਨਾਲ਼ ਅੱਗੇ ਵੱਧੇ ਅਤੇ ਸਾਰੇ ਲੋਕਾਂ ਨੂੰ ਕਹਿਣ ਲੱਗੇ ਕਿ ਉਹ ਰੁੱਕ ਕੇ ਆਗੂਆਂ ਦੀ ਅਪੀਲ ਸੁਣਨ।
ਇਹ ਰੈਲੀ ਪੱਛਮੀ ਦਿੱਲੀ ਦੇ ਟੀਕਰੀ ਤੋਂ ਸਵੇਰੇ 9 ਵਜੇ ਸ਼ੁਰੂ ਹੋਈ ਸੀ। ਭੀੜ ਦੁਆਰਾ 'ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ' ਦੇ ਨਾਅਰੇ ਲਾਏ ਜਾ ਰਹੇ ਸਨ। ਟਰੈਕਟਰ ਦੇ ਕਾਫ਼ਲੇ ਤੋਂ ਇਲਾਵਾ, ਕਾਫ਼ੀ ਸਾਰੇ ਪ੍ਰਦਰਸ਼ਨਕਾਰੀ ਅਤੇ ਸਵੈ-ਸੇਵਕ ਪੈਦਲ ਮਾਰਚ ਕਰ ਰਹੇ ਸਨ-ਕੁਝ ਲੋਕਾਂ ਦੇ ਹੱਥਾਂ ਵਿੱਚ ਰਾਸ਼ਟਰੀ ਝੰਡਾ ਸੀ ਅਤੇ ਬਾਕੀਆਂ ਨੇ ਆਪਣੀ ਕਿਸਾਨ ਯੂਨੀਅਨ ਦੇ ਝੰਡੇ ਚੁੱਕੇ ਹੋਏ ਸਨ। "ਅਸੀਂ ਪੈਦਲ ਤੁਰਨ ਵਾਲ਼ਿਆਂ ਅੱਗੇ ਬੇਨਤੀ ਕਰਦੇ ਹਨ ਕਿ ਉਹ ਟਰੈਕਟਰਾਂ 'ਤੇ ਚੜ੍ਹ ਜਾਣ ਕਿਉਂਕਿ ਅਸੀਂ ਲੰਬਾ ਪੈਂਡਾ ਤੈਅ ਕਰਨਾ ਹੈ," ਲਾਊਡਸਪੀਕਰ 'ਤੇ ਬੋਲਣ ਵਾਲ਼ੇ ਨੇਤਾ ਨੇ ਕਿਹਾ। ਪਰ ਉਨ੍ਹਾਂ ਵਿੱਚੋਂ ਕਈਆਂ ਲੋਕਾਂ ਨੇ ਪੈਦਲ ਤੁਰਨਾ ਜਾਰੀ ਰੱਖਿਆ।
ਇਹ ਕਾਫ਼ਲਾ ਸੁਚਾਰੂ ਰੂਪ ਨਾਲ਼ ਜਿਵੇਂ-ਜਿਵੇਂ ਅੱਗੇ ਵੱਧ ਰਿਹਾ ਸੀ, ਮੁੰਡਕਾ ਵਿੱਚ ਰਹਿਣ ਵਾਲ਼ੇ ਲੋਕ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਬਾਹਰ ਨਿਕਲ਼ ਕੇ ਸੜਕਾਂ ਦੇ ਕੰਢੇ ਜਾਂ ਡਿਵਾਇਡਰ 'ਤੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਦੇਖਣ ਲੱਗੇ। ਉਨ੍ਹਾਂ ਵਿੱਚੋਂ ਕਈ ਲੋਕ ਆਪਣੇ ਫ਼ੋਨ 'ਤੇ ਇਸ ਬੇਮਿਸਾਲ ਪਰੇਡ ਨੂੰ ਰਿਕਾਰਡ ਕਰਨ ਲੱਗੇ, ਕੁਝ ਆਪਣੇ ਹੱਥ ਲਹਿਰਾ ਰਹੇ ਸਨ, ਹੋਰ ਲੋਕ ਰੈਲੀ ਵਿੱਚ ਵੱਜ ਰਹੇ ਢੋਲ ਦੀ ਥਾਪ 'ਤੇ ਨੱਚ ਰਹੇ ਸਨ।
ਮੁੰਡਕਾ ਦੇ ਨਿਵਾਸੀਆਂ ਵਿੱਚ 32 ਸਾਲਾ ਵਿਜੈ ਰਾਣਾ ਵੀ ਸਨ। ਉਹ ਆਪਣੇ ਇਲਾਕੇ ਤੋਂ ਲੰਘਣ ਵਾਲ਼ੇ ਕਿਸਾਨਾਂ ਉੱਪਰ 'ਗੇਂਦੇ ਦੇ ਫੁੱਲਾਂ ਦੀ ਵਰਖਾ ਕਰਨ ਆਏ ਸਨ। "ਜਦੋਂ ਸਿਆਸਤਦਾਨਾਂ ਦਾ ਸਵਾਗਤ ਫੁੱਲਾਂ ਨਾਲ਼ ਕੀਤਾ ਜਾ ਸਕਦਾ ਹੈ, ਤਾਂ ਕਿਸਾਨਾਂ ਦਾ ਕਿਉਂ ਨਹੀਂ?" ਉਨ੍ਹਾਂ ਨੇ ਕਿਹਾ। ਰਾਣਾ, ਜੋ ਖ਼ੁਦ ਇੱਕ ਕਿਸਾਨ ਹਨ, ਮੁੰਡਕਾ ਪਿੰਡ ਵਿੱਚ 10 ਏਕੜ ਜ਼ਮੀਨ ਵਿੱਚ ਕਣਕ, ਝੋਨਾ ਅਤੇ ਲੌਕੀ ਦੀ ਕਾਸ਼ਤ ਕਰਦੇ ਹਨ। "ਕਿਸਾਨ ਸੈਨਿਕਾਂ ਨਾਲ਼ੋਂ ਘੱਟ ਨਹੀਂ ਹਨ," ਉਨ੍ਹਾਂ ਨੇ ਕਿਹਾ। "ਜੇਕਰ ਇਸ ਦੇਸ਼ ਦੇ ਸੈਨਿਕ ਸਰਹੱਦਾਂ ਨੂੰ ਛੱਡ ਦੇਣ, ਤਾਂ ਕੋਈ ਵੀ ਜਣਾ-ਖਣਾ ਇਸ ਦੇਸ਼ 'ਤੇ ਕਬਜ਼ਾ ਕਰ ਸਕਦਾ ਹੈ। ਇਸੇ ਤਰ੍ਹਾਂ, ਕਿਸਾਨਾਂ ਤੋਂ ਬਿਨਾਂ ਦੇਸ਼ ਨੂੰ ਭੁੱਖਾ ਰਹਿਣਾ ਪਵੇਗਾ।"








