ਇਹ ਥੋੜ੍ਹਾ ਅਜੀਬ ਸੀ-ਪਰ ਇਹ ਦਿੱਲੀ ਅੰਦਰ ਜੀਟੀ ਕਰਨਾਲ ਬਾਈਪਾਸ ਦੇ ਕੋਲ਼ ਸਾਡੀਆਂ ਅੱਖਾਂ ਮੂਹਰੇ ਵਾਪਰ ਰਿਹਾ ਸੀ।
ਇੱਕ ਦਲ ਤੈਅ ਰੂਟ ਤੋਂ ਹੁੰਦਾ ਹੋਇਆ ਦਿੱਲੀ ਦੇ ਅੰਦਰ ਜਾ ਰਿਹਾ ਸੀ- ਜਦੋਂਕਿ ਦੂਸਰਾ ਧੜਾ, ਦਿੱਲੀ ਤੋਂ, ਸਿੰਘੂ ਵੱਲ ਉਲਟ ਦਿਸ਼ਾ ਵਿੱਚ ਚੱਲ ਰਿਹਾ ਸੀ। ਹਾਈਵੇਅ 'ਤੇ ਇਨ੍ਹਾਂ ਦੋਵਾਂ ਨੇ (ਦਲਾਂ ਨੇ) ਇੱਕ ਦੂਸਰੇ ਨੂੰ ਪਾਰ ਵੀ ਕੀਤਾ ਅਤੇ ਇਹ ਦ੍ਰਿਸ਼ ਅਸਲ ਵਿੱਚ ਭੰਬਲਭੂਸੇ ਅਤੇ ਭੁਲੇਖਾ ਖੜ੍ਹਾ ਹੋਏ ਹੋਣ ਦਾ ਇੱਕ ਰੂਪਕ ਸੀ। ਦਿੱਲੀ ਤੋਂ ਵਾਪਸ ਮੁੜਨ ਵਾਲਾ ਧੜਾ ਆਪਣੇ ਆਗੂਆਂ ਦੇ ਸੱਦੇ 'ਤੇ ਇੰਝ ਕਰ ਰਿਹਾ ਸੀ। ਉਨ੍ਹਾਂ ਵਿੱਚ ਕੁਝ ਇਹ ਸੋਚ ਕੇ ਸਵੇਰੇ ਹੀ ਗਲਤੀ ਨਾਲ਼ ਦਿੱਲੀ ਵਿੱਚ ਪ੍ਰਵੇਸ਼ ਕਰ ਗਏ ਸਨ ਕਿ ਉਨ੍ਹਾਂ ਦੇ ਆਗੂਆਂ ਨੇ ਦਿੱਲੀ ਪੁਲਿਸ ਦੁਆਰਾ ਨਿਰਧਾਰਤ ਰੂਟ ਨੂੰ ਛੱਡਣ ਅਤੇ ਇੱਕ ਅਲੱਗ ਤਰੀਕੇ ਨਾਲ਼ ਦਿੱਲੀ ਵਿੱਚ ਪ੍ਰਵੇਸ਼ ਕਰਨ ਦਾ ਫੈਸਲਾ ਕੀਤਾ ਸੀ।
ਸਤੰਬਰ 2020 ਨੂੰ ਸੰਸਦ ਵਿੱਚ ਪਾਸ ਹੋਏ ਤਿੰਨੋਂ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਗਣਤੰਤਰ ਦਿਵਸ ਮੌਕੇ ਆਪਣੀ ਖੁਦ ਦੀ ਅਯੋਜਿਤ ਕੀਤੀ, ਇਹ ਰੈਲੀ ਦਿੱਲੀ ਦੀਆਂ ਸਰਹੱਦਾਂ ਜਿਵੇਂ ਸਿੰਘੂ, ਟੀਕਰੀ, ਗਾਜੀਪੁਰ, ਚਿੱਲਾ ਅਤੇ ਮੇਵਾਤ ਤੋਂ ਕੱਢਣੀ ਸੀ। ਰਾਜਸਥਾਨ-ਹਰਿਆਣਾ ਸਰਹੱਦ 'ਤੇ ਸ਼ਾਹਜਹਾਂਪੁਰ ਵਿੱਚ ਵੀ ਇੱਕ ਰੈਲੀ ਸੀ, ਜਿੱਥੇ ਭਾਰਤ ਦੇ ਰਾਜਾਂ ਅਤੇ ਕੇਂਦਰ-ਸ਼ਾਸਤ ਪ੍ਰਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਝਾਕੀਆਂ ਕਰੀਬ 60 ਕਿਲੋਮੀਟਰ ਦੀ ਦੂਰੀ ਤੈਅ ਕਰ ਰਹੀਆਂ ਸਨ। ਜਿਵੇਂ ਕਿ ਕੁੱਲ ਭਾਰਤੀ ਕਿਸਾਨ ਸਭਾ ਦਾ ਮੰਨਣਾ ਹੈ ਕਿ ਇਹ ਰੈਲੀ ਗਣਤੰਤਰ ਦਿਵਸ ਦਾ ਹੁਣ ਤੱਕ ਦਾ ਸਭ ਤੋਂ ਜਿਆਦਾ ਮਕਬੂਲ ਅਤੇ ਨਾਗਰਿਕ ਸਮਾਰੋਹ ਸੀ।
ਗਣਤੰਤਰ ਦਿਵਸ ਮੌਕੇ ਸਧਾਰਣ ਨਾਗਰਿਕਾਂ, ਕਿਸਾਨਾਂ, ਕਿਰਤੀਆਂ ਅਤੇ ਹੋਰਨਾਂ ਲੋਕਾਂ ਦੁਆਰਾ ਮਾਰੀ ਗਈ ਇਹ ਮੱਲ੍ਹ, ਬੜੀ ਵਿਆਪਕ, ਸ਼ਾਂਤਮਈ, ਅਨੁਸ਼ਾਸਤ ਅਤੇ ਬਹੁਤ ਹੀ ਲਾਸਾਨੀ ਕਾਰਵਾਈ ਸੀ। ਇਸ ਪਰੇਡ ਵਿੱਚ ਲੱਖਾਂ ਲੋਕ ਅਤੇ ਕਈ ਹਜਾਰ ਟਰੈਕਟ ਸ਼ਾਮਲ ਹੋਏ ਅਤੇ ਭਾਰਤੀ ਸੰਘ ਦੇ ਲਗਭਗ ਸਾਰੇ ਹੀ ਰਾਜਾਂ ਵਿੱਚ ਬਿਲਕੁਲ ਇਹੋ ਜਿਹੇ ਸਮਾਗਮਾਂ ਅਤੇ ਪਰੇਡਾਂ ਦਾ ਤਾਲਮੇਲ ਕੀਤਾ ਗਿਆ ਸੀ।
ਪਰ ਇਸ ਸਭ ਦੇ ਨਾਲ਼-ਨਾਲ਼ ਇੱਕ ਛੋਟੇ ਧੜੇ ਵੱਲੋਂ ਆਪਣੀ ਵਿਸ਼ਵਾਸੋਂ ਬਾਹਰੀ ਅਤੇ ਹੈਰਾਨ ਕਰ ਸੁੱਟਣ ਵਾਲੀ ਕਾਰਵਾਈ ਨਾਲ਼ ਸਾਰਿਆਂ ਨੂੰ ਬੇਚੈਨ ਕਰ ਸੁੱਟਿਆ ਅਤੇ ਇਹ ਆਪਣੀਆਂ ਮੋਹਤਬਾਰੀ ਅਤੇ ਮਾਅਰਕੇਬਾਜ ਸਰਗਰਮੀਆਂ ਦੁਆਰਾ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਸਮਰੱਥ ਰਿਹਾ। ਸੰਯੁਕਤ ਕਿਸਾਨ ਮੋਰਚਾ (SKM) ਜਿਸ ਵਿੱਚ ਸ਼ਾਮਲ 32 ਹੋਰ ਕਿਸਾਨ ਯੂਨੀਅਨਾਂ, ਜੋ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਨੂੰ ਹੋਰ ਵਿਆਪਕ ਕਰਨ ਰਹੀਆਂ ਹਨ, ਨੇ ਤੈਅ ਰੂਟਾਂ ਨੂੰ ਤੋੜ ਕੇ ਦਿੱਲੀ ਅੰਦਰ ਵੜ੍ਹੇ ਇਨ੍ਹਾਂ ਧੜਿਆਂ ਦੀਆਂ ਹਿੰਸਕ ਅਤੇ ਭੰਨਤੋੜੂ ਕਾਰਵਾਈਆਂ ਦੀ ਨਿਖੇਧੀ ਕੀਤੀ। SKM ਨੇ ਇਸ ਕਦਮ ਦਾ ਵਿਰੋਧ ਕਰਦਿਆਂ ਇਹਨੂੰ "ਕਿਸਾਨਾਂ ਦੇ ਸ਼ਾਂਤਮਈ ਅਤੇ ਮਜ਼ਬੂਤ ਅੰਦੋਲਨ ਨੂੰ ਤਬਾਹ ਕਰਨ ਦੀ ਡੂੰਘੀ ਸਾਜ਼ਸ ਦਾ ਹਿੱਸੇ" ਵਜੋਂ ਗਰਦਾਨਿਆ।



















