ਉਹ ਜੈਪੁਰ ਪੋਲੋ ਹਾਊਸ ਚਲਾਉਂਦੇ ਹਨ ਜੋ ਪੂਰੇ ਸ਼ਹਿਰ ਦਾ ਸਭ ਤੋਂ ਪੁਰਾਣਾ ਅਤੇ ਮੰਨਿਆ-ਪ੍ਰਮੰਨਿਆ ਕਾਰਖਾਨਾ ਹੈ। ਇਹ ਉਹਨਾਂ ਦਾ ਘਰ ਵੀ ਹੈ, ਜਿੱਥੇ ਉਹ ਆਪਣੀ ਪਤਨੀ, ਮੀਨਾ ਅਤੇ ਆਪਣੇ 37 ਸਾਲਾ ਭਤੀਜੇ ਜੀਤੇਂਦਰ ਜੰਗਿੜ, ਜਿਸਨੂੰ ਪਿਆਰ ਨਾਲ ‘ਜੀਤੂ’ ਵੀ ਬੁਲਾਉਂਦੇ ਹਨ, ਨਾਲ ਵੱਖ-ਵੱਖ ਤਰ੍ਹਾਂ ਦੇ ਮੈਲਟ ਤਿਆਰ ਕਰਦੇ ਹਨ। ਉਹ ਜੰਗਿੜ ਭਾਈਚਾਰੇ ਨਾਲ ਸਬੰਧਿਤ ਹਨ ਜਿਸਨੂੰ ਰਾਜਸਥਾਨ ਵਿੱਚ ‘ਹੋਰ ਪੱਛੜੀ ਸ਼੍ਰੇਣੀ’ ਵੱਜੋਂ ਸੂਚੀਬੱਧ ਕੀਤਾ ਗਿਆ ਹੈ।
ਅੰਪਾਇਰ ਇੱਕ ਦੂਜੇ ਦੇ ਵਿਰੁੱਧ ਇੱਕ ਲਕੀਰ ਵਿੱਚ ਖੜ੍ਹੀਆਂ ਦੋਨੋਂ ਟੀਮਾਂ ਵਿਚਾਲੇ ਗੇਂਦ ਛੱਡਦਾ ਹੈ ਅਤੇ ਜਿਵੇਂ ਹੀ ਮੈਚ ਸ਼ੁਰੂ ਹੁੰਦਾ ਹੈ ਇਹ 72 ਸਾਲਾ ਬਜ਼ੁਰਗ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਨ ਲੱਗਦੇ ਹਨ। “ਮੈਂ ਇਸ ਮੈਦਾਨ ਵਿੱਚ ਸਾਈਕਲ ਚਲਾਇਆ ਕਰਦਾ ਸੀ ਅਤੇ ਬਾਅਦ ਵਿੱਚ ਮੈਂ ਇੱਕ ਸਕੂਟਰ ਖ਼ਰੀਦ ਲਿਆ।” ਪਰ ਇਹ ਸਭ 2018 ਵਿੱਚ ਖ਼ਤਮ ਹੋ ਗਿਆ ਸੀ ਜਦੋਂ ਇੱਕ ਛੋਟੇ ਜਿਹੇ ਦਿਮਾਗ਼ ਦੇ ਦੌਰੇ ਕਾਰਨ ਉਹਨਾਂ ਨੂੰ ਆਉਣਾ-ਜਾਣਾ ਘੱਟ ਕਰਨਾ ਪਿਆ।
ਦੋ ਪੁਰਸ਼ ਖ਼ਿਡਾਰੀ ਆਉਂਦੇ ਹਨ ਅਤੇ ਨਮਸਤੇ “ਪੌਲੀ ਜੀ” ਕਹਿੰਦੇ ਹਨ, ਇਹ ਛੋਟਾ ਨਾਮ ਅਸ਼ੋਕ ਨੂੰ ਉਹਨਾਂ ਦੇ ਨਾਨੀ ਜੀ ਨੇ ਦਿੱਤਾ ਸੀ ਜਿਹੜਾ ਜੈਪੁਰ ਦੇ ਪੋਲੋ ਘੇਰੇ ਵਿੱਚ ਅੱਜ ਵੀ ਗੂੰਜਦਾ ਹੈ। “ਮੈਂ ਇਹਨਾਂ ਦਿਨਾਂ ਵਿੱਚ ਹੋਰ ਵੀ ਜ਼ਿਆਦਾ ਆਉਣਾ ਚਾਹੁੰਦਾ ਹਾਂ ਤਾਂ ਕਿ ਖਿਡਾਰੀਆਂ ਨੂੰ ਪਤਾ ਲੱਗੇ ਕਿ ਮੈਂ ਅਜੇ ਵੀ ਕੰਮ ਕਰ ਰਿਹਾ ਹਾਂ ਅਤੇ ਫਿਰ ਉਹ ਆਪਣੀਆਂ ਸੋਟੀਆਂ (ਬੱਲੇ) ਮੁਰੰਮਤ ਲਈ ਭੇਜਿਆ ਕਰਨਗੇ,” ਉਹਨਾਂ ਦਾ ਕਹਿਣਾ ਹੈ।
ਲਗਭਗ ਦੋ ਦਹਾਕੇ ਪਹਿਲਾਂ ਜਦੋਂ ਵੀ ਕੋਈ ਅਸ਼ੋਕ ਦੇ ਕਾਰਖ਼ਾਨੇ ਉਹਨਾਂ ਨੂੰ ਮਿਲਣ ਜਾਂਦਾ ਸੀ, ਉਸ ਦਾ ਸੁਆਗਤ ਛੱਤ ਤੋਂ ਲੈ ਕੇ ਹੇਠਾਂ ਤੱਕ ਦੀਵਾਰਾਂ ’ਤੇ ਲਟਕਦੇ ਮੈਲਟ ਕਰਦੇ, ਜਿਨ੍ਹਾਂ ਦੇ ਸਿਰੇ ਛੱਤ ਨਾਲ਼ ਅੜਾਏ ਹੁੰਦੇ। ਉਹਨਾਂ ਦਾ ਕਹਿਣਾ ਹੈ ਕਿ ਸਫ਼ੈਦ ਦੀਵਾਰਾਂ ਦਾ ਥੋੜ੍ਹਾ ਜਿਹਾ ਹਿੱਸਾ ਵੀ ਨਾ ਦਿਸਦਾ ਅਤੇ “ਵੱਡੇ-ਵੱਡੇ ਖਿਡਾਰੀ ਮੇਰੇ ਕੋਲ਼ ਆਉਂਦੇ, ਆਪਣੀ ਪਸੰਦ ਦੀ ਇੱਕ ਸੋਟੀ ਚੁਣਦੇ, ਮੇਰੇ ਨਾਲ ਬੈਠ ਕੇ ਚਾਹ ਪੀਂਦੇ ਅਤੇ ਚਲੇ ਜਾਂਦੇ।”
ਖੇਡ ਸ਼ੁਰੂ ਹੋ ਚੁੱਕੀ ਹੈ ਅਤੇ ਅਸੀਂ ਰਾਜਸਥਾਨ ਪੋਲੋ ਕਲੱਬ ਦੇ ਸਾਬਕਾ ਸਕੱਤਰ, ਵੇਦ ਅਹੁਜਾ ਦੇ ਨਾਲ ਵਾਲੀ ਸੀਟ ’ਤੇ ਬੈਠ ਗਏ ਹਾਂ। “ਹਰ ਕੋਈ ਆਪਣਾ ਮੈਲਟ ਪੌਲੀ ਕੋਲੋਂ ਬਣਵਾਇਆ ਕਰਦਾ ਸੀ,” ਉਹ ਮੁਸਕੁਰਾਉਂਦੇ ਹੋਏ ਕਹਿੰਦੇ ਹਨ। “ਪੌਲੀ ਬਾਂਸ ਦੀਆਂ ਜੜ੍ਹਾਂ ਤੋਂ ਬਣੀਆਂ ਗੇਂਦਾ ਵੀ ਕਲੱਬ ਨੂੰ ਸਪਲਾਈ ਕਰਦਾ ਹੁੰਦਾ ਸੀ,” ਅਹੁਜਾ ਯਾਦ ਕਰਦੇ ਹਨ।