ਅੱਧ ਜੁਲਾਈ ਵਿੱਚ ਕਿਸੇ ਹੋਰ ਦਿਨ, ਧਮਤਰੀ ਸ਼ਹਿਰ ਤੋਂ ਕਰੀਬ 15 ਕਿਲੋਮੀਟਰ ਦੂਰ, ਕੋਲਿਯਰੀ-ਖਰੇਂਗਾ ਪਿੰਡ ਦੀ ਸੜਕ 'ਤੇ, ਅਸੀਂ ਖੇਤ ਮਜ਼ਦੂਰਾਂ ਦੇ ਦੂਜੇ ਸਮੂਹ ਨੂੰ ਮਿਲ਼ੇ। ''ਜੇ ਅਸੀਂ ਕੰਮ ਨਹੀਂ ਕਰਾਂਗੇ ਤਾਂ ਭੁੱਖੇ ਮਰ ਜਾਵਾਂਗੇ। ਅਸੀਂ (ਕੋਵਿਡ-19 ਦੇ ਖ਼ਤਰੇ ਕਾਰਨ) ਘਰੇ ਮਹਿਫ਼ੂਜ ਰਹਿਣ ਦਾ ਸੁੱਖ ਨਹੀਂ ਭੋਗ ਸਕਦੇ,'' ਧਮਤਰੀ ਬਲਾਕ ਦੇ ਘਰੇਂਗਾ ਪਿੰਡ ਦੀ ਭੂਖਿਨ ਸਾਹੂ ਨੇ ਕਿਹਾ। ਉਹ 24 ਮਜ਼ਦੂਰਾਂ ਦੇ ਇੱਕ ਦਲ ਦੀ ਨੇਤਾ-ਠੇਕੇਦਾਰ ਹਨ। ''ਅਸੀਂ ਮਜ਼ਦੂਰ ਹਾਂ ਅਤੇ ਸਾਡੇ ਕੋਲ਼ ਹੱਥਾਂ ਪੈਰਾਂ ਦੇ ਇਲਾਵਾ ਕੁਝ ਵੀ ਨਹੀਂ। ਪਰ ਕੰਮ ਕਰਦੇ ਸਮੇਂ, ਅਸੀਂ ਦੇਹ ਤੋਂ ਦੂਰੀ ਦਾ ਪਾਲਣ ਕਰਦੇ ਹਾਂ...''
ਉਹ ਅਤੇ ਹੋਰ ਔਰਤਾਂ ਸੜਕ ਦੇ ਦੋਵੀਂ ਪਾਸੀਂ ਬੈਠੀਆਂ ਸਨ ਅਤੇ ਦੁਪਹਿਰ ਦੇ ਖਾਣੇ ਵਿੱਚ ਚੌਲ਼, ਦਾਲ਼ ਅਤੇ ਸਬਜ਼ੀ ਖਾ ਰਹੀਆਂ ਸਨ, ਜੋ ਉਹ ਘਰੋਂ ਲਿਆਈਆਂ ਸਨ। ਉਹ ਸਵੇਰੇ 4 ਵਜੇ ਉੱਠਦੀਆਂ, ਖਾਣਾ ਪਕਾਉਂਦੀਆਂ ਅਤੇ ਘਰ ਦੇ ਬਾਕੀ ਕੰਮ ਨਬੇੜਦੀਆਂ ਹਨ ਅਤੇ ਸਵੇਰ ਦਾ ਨਾਸ਼ਤਾ ਕਰ ਸਵੇਰੇ 6 ਵਜੇ ਖੇਤ ਪਹੁੰਚ ਜਾਂਦੀਆਂ ਹਨ। ਉਹ 12 ਘੰਟਿਆਂ ਬਾਅਦ, ਸ਼ਾਮੀਂ 6 ਵਜੇ ਵਾਪਸ ਘਰ ਮੁੜਦੀਆਂ ਹਨ। ਫਿਰ ਤੋਂ ਉਹੀ ਕੰਮ, ਖਾਣਾ ਪਕਾਉਣਾ, ਖੁਆਉਣਾ ਅਤੇ ਖਾਣਾ; ਭੂਖਿਨ ਨੇ ਆਪਣੇ ਅਤੇ ਹੋਰਨਾਂ ਔਰਤਾਂ ਦੇ ਰੋਜ਼ਮੱਰਾ ਦੇ ਕੰਮਾਂ ਬਾਰੇ ਦੱਸਿਆ।
''ਅਸੀਂ ਹਰ ਰੋਜ਼ ਕਰੀਬ ਕਰੀਬ ਦੋ ਏਕੜ ਵਿੱਚ ਪਨੀਰੀ ਲਾਉਂਦੇ ਹਾਂ ਅਤੇ 3,500 ਰੁਪਏ ਪ੍ਰਤੀ ਏਕੜ ਕਮਾਉਂਦੇ ਹਾਂ,'' ਭੂਖਿਨ ਨੇ ਕਿਹਾ। ਹਰ ਸਮੂਹ ਪ੍ਰਤੀ ਏਕੜ (ਧਮਤਰੀ ਵਿਖੇ ਇਸ ਮੌਸਮ ਵਿੱਚ) ਪਨੀਰੀ ਲਾਉਣ ਦਾ ਠੇਕਾ ਆਪਣੇ ਹਿਸਾਬ ਨਾਲ਼ ਲੈਂਦੇ ਹਨ ਜਿਵੇਂ 3,500 ਰੁਪਏ ਤੋਂ ਲੈ ਕੇ 4,000 ਰੁਪਏ ਤੱਕ ਅਤੇ ਕਿੰਨਾ ਠੇਕਾ ਲੈਣਾ ਹੈ ਇਹ ਗੱਲ ਸਮੂਹ ਵਿੱਚ ਮਜ਼ਦੂਰਾਂ ਦੀ ਗਿਣਤੀ 'ਤੇ ਨਿਰਭਰ ਕਰਦਾ ਹੈ।
ਭੂਖਿਨ ਦੇ ਪਤੀ ਕੁਝ ਸਾਲ ਪਹਿਲਾਂ ਮਜ਼ਦੂਰੀ ਕਰਨ ਲਈ ਭੋਪਾਲ ਗਏ ਪਰ ਮੁੜੇ ਕਦੇ ਵੀ ਨਹੀ। ''ਉਨ੍ਹਾਂ ਨੇ ਸਾਨੂੰ ਇਕੱਲਿਆਂ ਪਿਛਾਂਹ ਛੱਡ ਦਿੱਤਾ। ਉਨ੍ਹਾਂ ਨਾਲ਼ ਮੁੜ ਕਦੇ ਰਾਬਤਾ ਨਹੀਂ ਹੋਇਆ,'' ਉਨ੍ਹਾਂ ਨੇ ਦੱਸਿਆ। ਉਨ੍ਹਾਂ ਦਾ ਬੇਟਾ ਕਾਲਜ ਵਿੱਚ ਹੈ ਅਤੇ ਭੂਖਿਨ ਦੀ ਹੀ ਕਮਾਈ ਨਾਲ਼ ਉਨ੍ਹਾਂ ਦੋ ਜੀਆਂ ਦੇ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਹੈ।
ਉਸ ਸੜਕ 'ਤੇ ਅਸੀਂ ਖੇਤ ਮਜ਼ਦੂਰਾਂ ਦੇ ਇੱਕ ਹੋਰ ਸਮੂਹ ਨੂੰ ਮਿਲ਼ੇ- ਜਿਸ ਵਿੱਚ ਬਹੁਤੇਰੀਆਂ ਔਰਤਾਂ ਅਤੇ ਟਾਂਵੇ-ਟਾਂਵੇ ਪੁਰਸ਼ ਸਨ ਜੋ ਪਨੀਰੀ ਚੁੱਕੀ ਖੇਤਾਂ ਵੱਲ ਜਾ ਰਹੇ ਸਨ। ''ਇਹੀ ਸਾਡੀ ਆਮਦਨੀ ਦਾ ਸ੍ਰੋਤ ਹੈ। ਇਸਲਈ ਸਾਨੂੰ ਕੰਮ ਕਰਨਾ ਹੀ ਪੈਣਾ ਹੈ। ਜੇ ਅਸੀਂ ਕੰਮ ਨਹੀਂ ਕਰਾਂਗੇ ਤਾਂ ਫ਼ਸਲ ਕੌਣ ਉਗਾਵੇਗਾ? ਹਰ ਕਿਸੇ ਨੂੰ ਖਾਣ ਨੂੰ ਰੋਟੀ ਤਾਂ ਚਾਹੀਦੀ ਹੀ ਹੈ,'' ਧਮਤਰੀ ਬਲਾਕ ਦੇ ਦੱਰੀ ਪਿੰਡ ਦੀ ਠੇਕੇਦਾਰ ਸਬਿਤਾ ਸਾਹੂ ਨੇ ਕਿਹਾ। ''ਜੇ ਅਸੀਂ ਕਰੋਨਾ ਤੋਂ ਡਰਾਂਗੇ ਤਾਂ ਅਸੀਂ ਕੰਮ ਤਾਂ ਕਰ ਹੀ ਨਹੀਂ ਪਾਵਾਂਗੇ। ਫਿਰ ਸਾਡੇ ਬੱਚਿਆਂ ਦੇ ਢਿੱਡ ਕੌਣ ਭਰੇਗਾ? ਸਾਡਾ ਕੰਮ (ਪਨੀਰੀ ਲਾਉਣ ਦਾ) ਹੀ ਕੁਝ ਅਜਿਹਾ ਹੈ ਕਿ ਅਸੀਂ ਵੈਸੇ ਵੀ ਦੇਹ ਤੋਂ ਦੂਰੀ ਬਣਾਈ ਰੱਖਦੇ ਹਾਂ।'' ਜੁਲਾਈ ਦੇ ਅੱਧ ਵਿੱਚ, ਜਦੋਂ ਮੈਂ ਉਨ੍ਹਾਂ ਨਾਲ਼ ਮਿਲ਼ਿਆ ਸਾਂ, ਤਦ ਸਬਿਤਾ ਅਤੇ ਉਨ੍ਹਾਂ ਦੇ ਸਮੂਹ ਦੀਆਂ 30 ਔਰਤਾਂ 3,600 ਰੁਪਏ ਪ੍ਰਤੀ ਏਕੜ ਦੀ ਦਰ ਨਾਲ਼ 25 ਏਕੜ ਵਿੱਚ ਪਨੀਰੀ ਲਾ ਚੁੱਕੀਆਂ ਸਨ।