10 ਸਾਲਾ ਨੂਤਨ ਬ੍ਰਹਮਣੇ ਇਹ ਜਾਣਨ ਲਈ ਉਤਸੁਕ ਸੀ ਕਿ ਉਹਦੀ ਦਾਦੀ ਮੁੰਬਈ ਵਿਰੋਧ ਪ੍ਰਦਰਸ਼ਨ ਵਿੱਚ ਕਿਉਂ ਜਾ ਰਹੀ ਹਨ। ਇਸਲਈ ਜੀਜਾਬਾਈ ਬ੍ਰਹਮਣੇ ਨੇ ਉਹਨੂੰ ਆਪਣੇ ਨਾਲ਼ ਲਿਜਾਣ ਦਾ ਫੈਸਲਾ ਕੀਤਾ। "ਮੈਂ ਉਹਨੂੰ ਆਪਣੇ ਨਾਲ਼ ਇਸਲਈ ਲਿਆਈ ਹਾਂ ਤਾਂਕਿ ਉਹ ਆਦਿਵਾਸੀਆਂ ਦੇ ਦੁੱਖਾਂ ਅਤੇ ਸਮੱਸਿਆਵਾਂ ਨੂੰ ਸਮਝ ਸਕੇ," 26 ਜਨਵਰੀ ਨੂੰ ਦੱਖਣ ਮੁੰਬਈ ਦੇ ਅਜ਼ਾਦ ਮੈਦਾਨ ਵਿੱਚ ਤਿੱਖੀ ਧੁੱਪ ਵਿੱਚ ਬੈਠੀ ਜੀਜਾਬਾਈ ਨੇ ਕਿਹਾ।
"ਅਸੀਂ ਇੱਥੇ ਦਿੱਲੀ ਵਿੱਚ (ਤਿੰਨੋਂ ਖੇਤੀ ਕਨੂੰਨਾਂ ਦੇ ਖਿਲਾਫ਼) ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਹਮਾਇਤ ਕਰਨ ਲਈ ਆਏ ਹਾਂ। ਪਰ ਅਸੀਂ ਆਪਣੀਆਂ ਕੁਝ ਸਥਾਨਕ ਮੰਗਾਂ ਵੱਲ ਵੀ ਧਿਆਨ ਦਵਾਉਣਾ ਚਾਹੁੰਦੇ ਹਾਂ," 65 ਸਾਲਾ ਜੀਜਾਬਾਈ ਨੇ ਕਿਹਾ, ਜੋ 25-26 ਜਨਵਰੀ ਨੂੰ ਨੂਤਨ ਦੇ ਨਾਲ਼ ਅਜ਼ਾਦ ਮੈਦਾਨ ਵਿੱਚ ਰੁਕੀ ਸਨ।
ਉਹ 23 ਜਨਵਰੀ ਨੂੰ ਨਾਸਿਕ ਤੋਂ ਰਵਾਨਾ ਹੋਏ ਕਿਸਾਨਾਂ ਦੇ ਦਲ ਦੇ ਨਾਲ਼ ਨਾਸਿਕ ਜ਼ਿਲ੍ਹੇ ਦੇ ਅੰਬੇਵਾਨੀ ਪਿੰਡ ਤੋਂ ਆਈਆਂ।
ਜੀਜਾਬਾਈ ਅਤੇ ਉਨ੍ਹਾਂ ਦੇ ਪਤੀ, 70 ਸਾਲਾ ਸ਼੍ਰਵਣ- ਦੋਵੇਂ ਕੋਲੀ ਮਹਾਂਦੇਵ ਆਦਿਵਾਸੀ ਭਾਈਚਾਰੇ ਨਾਲ਼ ਸਬੰਧ ਰੱਖਦੇ ਹਨ- ਦਹਾਕਿਆਂ ਤੋਂ ਡਿੰਡੋਰੀ ਤਾਲੁਕਾ ਦੇ ਆਪਣੇ ਪਿੰਡ ਵਿੱਚ ਪੰਜ ਏਕੜ ਜੰਗਲਾਤ ਭੂਮੀ 'ਤੇ ਖੇਤੀ ਕਰਦੇ ਆ ਰਹੇ ਹਨ। ਉਨ੍ਹਾਂ ਨੂੰ 2006 ਵਿੱਚ ਵਣ ਅਧਿਕਾਰ ਐਕਟ ਪਾਸ ਹੋਣ ਤੋਂ ਬਾਅਦ ਜ਼ਮੀਨ ਦਾ ਮਾਲਿਕਾਨਾ ਹੱਕ ਮਿਲ਼ ਜਾਣਾ ਚਾਹੀਦਾ ਸੀ। "ਪਰ ਸਾਨੂੰ ਆਪਣੇ ਨਾਂਅ 'ਤੇ ਇੱਕ ਏਕੜ ਨਾਲੋਂ ਵੀ ਘੱਟ ਜ਼ਮੀਨ ਮਿਲੀ, ਜਿਸ 'ਤੇ ਅਸੀਂ ਕਣਕ, ਝੋਨਾ, ਮਾਂਹ ਅਤੇ ਅਰਹਰ ਪੈਦਾ ਕਰਦੇ ਹਾਂ," ਉਨ੍ਹਾਂ ਨੇ ਦੱਸਿਆ। "ਬਾਕੀ (ਜ਼ਮੀਨ) ਜੰਗਲਾਤ ਵਿਭਾਗ ਦੇ ਅਧੀਨ ਹੈ ਅਤੇ ਜੇਕਰ ਅਸੀਂ ਜ਼ਮੀਨ ਦੇ ਉਸ ਟੋਟੇ ਦੇ ਕੋਲ਼ ਜਾਂਦੇ ਹਾਂ ਤਾਂ ਅਧਿਕਾਰੀ ਸਾਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ।"
ਮੁੰਬਈ ਵਿੱਚ ਗਣਤੰਤਰ ਦਿਵਸ 'ਤੇ ਵਿਰੋਧ ਪ੍ਰਦਰਸ਼ਨ ਵਾਸਤੇ ਨੂਤਨ ਦੇ ਪਿਤਾ, ਜੀਜਾਬਾਈ ਦੇ ਬੇਟੇ, ਸੰਜੈ ਅਸਾਨੀ ਨਾਲ਼ ਆਪਣੀ ਬੇਟੀ ਨੂੰ ਦਾਦੀ ਨਾਲ਼ ਜਾਣ ਦੇਣ ਲਈ ਸਹਿਮਤ ਹੋ ਗਏ। "ਉਹ 2018 ਵਿੱਚ ਕਿਸਾਨਾਂ ਦੇ ਲੰਬੇ ਮਾਰਚ ਵਿੱਚ ਆਉਣਾ ਚਾਹੁੰਦੀ ਸੀ, ਜਿਸ ਵਿੱਚ ਅਸੀਂ ਨਾਸਿਕ ਤੋਂ ਮੁੰਬਈ ਲਈ ਇੱਕ ਹਫ਼ਤੇ ਤੱਕ ਤੁਰਦੇ ਰਹੇ। ਪਰ ਉਦੋਂ ਉਹ ਬਹੁਤ ਛੋਟੀ ਸੀ। ਮੈਨੂੰ ਯਕੀਨ ਨਹੀਂ ਸੀ ਕਿ ਉਹ ਇੰਨੀ ਦੂਰ ਪੈਦਲ ਚੱਲ ਸਕੇਗੀ। ਅੱਜ ਉਹ ਕਾਫ਼ੀ ਵੱਡੀ ਹੋ ਚੁੱਕੀ ਹੈ ਅਤੇ ਇਸ ਵਾਰ ਜ਼ਿਆਦਾ ਤੁਰਨਾ ਵੀ ਨਹੀਂ ਹੈ," ਜੀਜਾਬਾਈ ਨੇ ਕਿਹਾ।






