ਜਦੋਂ ਉਨ੍ਹਾਂ ਦਾ ਲੱਕ ਆਕੜ ਗਿਆ ਤੇ ਪੀੜ੍ਹ ਬਰਦਾਸ਼ਤ ਤੋਂ ਬਾਹਰ ਹੋ ਗਈ, ਤਨੂਜਾ ਹੋਮਿਓਪੈਥ ਨੂੰ ਦਿਖਾਉਣ ਚਲੀ ਗਈ। ''ਉਹਨੇ ਕਿਹਾ ਮੈਨੂੰ ਕੈਲਸ਼ੀਅਮ ਤੇ ਆਈਰਨ ਦੀ ਸਮੱਸਿਆ (ਘਾਟ) ਹੈ ਤੇ ਮੈਨੂੰ ਭੁੰਜੇ ਨਹੀਂ ਬੈਠਣਾ ਚਾਹੀਦਾ।''

ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੀ ਇਹ ਬੀੜੀ ਮਜ਼ਦੂਰ ਕਰੀਬ ਅੱਠ ਘੰਟੇ ਭੁੰਜੇ ਬੈਠ ਕੇ ਬੀੜੀਆਂ ਲਪੇਟਦੀ ਹਨ। ''ਮੈਨੂੰ ਬੁਖ਼ਾਰ ਤੇ ਕਮਜ਼ੋਰੀ ਮਹਿਸੂਸ ਹੁੰਦੀ ਏ ਅਤੇ ਮੇਰਾ ਲੱਕ ਵੀ ਟੁੱਟਦਾ ਰਹਿੰਦਾ ਏ,'' 45 ਸਾਲਾ ਇਸ ਮਜ਼ਦੂਰ ਦਾ ਕਹਿਣਾ ਹੈ। ''ਕਾਸ਼ ਮੈਂ ਆਪਣੇ ਲਈ ਇੱਕ ਕੁਰਸੀ ਤੇ ਮੇਜ਼ ਹੀ ਲੈਣ ਜੋਗੀ ਹੁੰਦੀ,'' ਉਹ ਅੱਗੇ ਕਹਿੰਦੀ ਹਨ।

ਨਵੰਬਰ ਦਾ ਅਖ਼ੀਰ ਹੈ ਤੇ ਹਰੇਕਨਗਰ ਮੁਹੱਲਾ ਵਿਖੇ ਉਨ੍ਹਾਂ ਦੇ ਘਰ ਦੇ ਫ਼ਰਸ਼ 'ਤੇ ਨਿੱਘੀ ਨਿੱਘੀ ਧੁੱਪ ਪੈ ਰਹੀ ਹੈ। ਤਨੂਜਾ ਖ਼ਜ਼ੂਰ ਦੇ ਪੱਤਿਆਂ ਦੇ ਮਾਦੁਰ (ਚਟਾਈ) 'ਤੇ ਬੈਠੀ ਇੱਕ ਤੋਂ ਬਾਅਦ ਇੱਕ ਬੀੜੀ ਲਪੇਟ ਰਹੀ ਹਨ। ਜਦੋਂ ਉਹ ਕੇਂਦੂ ਦੇ ਪੱਤਿਆਂ ਨੂੰ ਵਲ਼ੇਵਾਂ ਦਿੰਦੀ ਹਨ ਤਾਂ ਉਨ੍ਹਾਂ ਦੀਆਂ ਉਂਗਲਾਂ ਬੜੇ ਸਲੀਕੇ ਨਾਲ਼ ਚੱਲਦੀਆਂ ਹਨ, ਮੋਢਿਆਂ ਨੂੰ ਰਤਾ ਉਤਾਂਹ ਕਰੀ, ਕੂਹਣੀਆਂ ਇੱਕ ਖ਼ਾਸ ਪੋਜੀਸ਼ਨ ਵਿੱਚ ਮੋੜੀ ਤੇ ਸਿਰ ਇੱਕ ਪਾਸੇ ਨੂੰ ਝੁਕਾਈ... ਸਿਰਫ਼ ਉਂਗਲਾਂ ਆਪਣਾ ਕੰਮ ਕਰੀ ਜਾਂਦੀਆਂ ਰਹਿੰਦੀਆਂ ਹਨ। ''ਮੇਰੀਆਂ ਉਂਗਲਾਂ ਇਉਂ ਸੁੰਨ ਹੋਈਆਂ ਪਈਆਂ ਨੇ, ਜਾਪਦਾ ਹੀ ਨਹੀਂ ਕਿ ਨਾਲ਼ ਵੀ ਹਨ ਜਾਂ ਨਹੀਂ,'' ਮਜ਼ਾਕ ਕਰਦਿਆਂ ਉਹ ਕਹਿੰਦੀ ਹਨ।

ਉਨ੍ਹਾਂ ਦੁਆਲ਼ੇ ਬੀੜੀ ਲਈ ਲੋੜੀਂਦਾ ਕੱਚਾ ਮਾਲ਼ ਪਿਆ ਹੋਇਆ ਹੈ: ਕੇਂਦੂ ਦੇ ਪੱਤੇ, ਤੰਬਾਕੂ ਦਾ ਚੂਰਾ ਤੇ ਧਾਗਿਆਂ ਦੇ ਗੁੱਛੇ। ਇੱਕ ਛੋਟਾ ਜਿਹਾ ਤਿੱਖਾ ਚਾਕੂ ਤੇ ਇੱਕ ਕੈਂਚੀ ਹੀ ਉਨ੍ਹਾਂ ਦੇ ਸੰਦ ਹਨ।

ਤਨੂਜਾ ਘਰ ਵਾਸਤੇ ਰਾਸ਼ਨ ਲਿਆਉਣ, ਖਾਣਾ ਪਕਾਉਣ, ਪਾਣੀ ਲਿਆਉਣ, ਘਰ ਤੇ ਵਿਹੜਾ ਹੂੰਝਣ ਤੇ ਬਾਕੀ ਦੇ ਕੰਮ ਕਰਨ ਲਈ ਬੱਸ ਥੋੜ੍ਹੀ ਹੀ ਦੇਰ ਲਈ ਬਾਹਰ ਨਿਕਲ਼ੇਗੀ। ਪਰ ਓਨਾ ਸਮਾਂ ਵੀ ਉਨ੍ਹਾਂ ਦੇ ਦਿਮਾਗ਼ ਅੰਦਰ 500-700 ਬੀੜੀਆਂ ਲਪੇਟਣ  ਦਾ ਹੱਥ-ਲਿਆ ਟੀਚਾ ਘੁੰਮਦਾ ਰਹਿੰਦਾ ਹੈ, ਟੀਚਾ ਪੂਰਾ ਨਾ ਹੋਣ 'ਤੇ ਉਨ੍ਹਾਂ ਦੀ ਮਹੀਨੇ ਦੀ 3,000 ਰੁਪਏ ਆਮਦਨੀ ਘੱਟ ਜਾਵੇਗੀ।

Tanuja Bibi has been rolling beedis since she was a young girl in Beldanga. Even today she spends all her waking hours making beedis while managing her home
PHOTO • Smita Khator
Tanuja Bibi has been rolling beedis since she was a young girl in Beldanga. Even today she spends all her waking hours making beedis while managing her home
PHOTO • Smita Khator

ਬੇਲਡਾਂਗਾ ਵਿੱਚ ਰਹਿੰਦਿਆਂ ਤਨੂਜਾ ਬੀੜੀਆਂ ਲਪੇਟਦੀਰਹੀ ਹਨ , ਉਦੋਂ ਵੀ ਜਦੋਂ ਉਹ ਛੋਟੀ ਬੱਚੀ ਸਨ। ਇੱਥੋਂ ਤੱਕ ਕਿ ਅੱਜ ਵੀ ਜਿੰਨਾ ਚਿਰ ਉਹ ਸੌਂਦੀ ਨਹੀਂ ਬੱਸ ਬੀੜੀਆਂ ਲਪੇਟਦੀ ਤੇ ਘਰ ਦੇ ਕੰਮੇ ਲੱਗੀ ਰਹਿੰਦੀ ਹਨ

ਇੰਝ ਉਹ ਸਰਘੀ ਵੇਲ਼ੇ ਤੋਂ ਲੈ ਕੇ ਅੱਧੀ ਰਾਤ ਤੱਕ ਕੰਮੇ ਲੱਗੀ ਰਹਿੰਦੀ ਹਨ। ਬੀੜੀ ਲਪੇਟਣ 'ਚ ਮਸ਼ਰੂਫ਼ ਆਪਣੀਆਂ ਉਂਗਲਾਂ ਤੋਂ ਨਜ਼ਰ ਹਟਾਏ ਬਗ਼ੈਰ ਉਹ ਕਹਿੰਦੀ ਹਨ,''ਪਹਿਲੀ ਅਜ਼ਾਨ ਕੰਨੀਂ ਪੈਂਦਿਆਂ ਹੀ ਮੈਂ ਉੱਠ ਜਾਂਦੀ ਹਾਂ। ਫ਼ਰਜ਼ ਨਮਾਜ ਅਦਾ ਕਰਨ ਤੋਂ ਬਾਅਦ ਮੈਂ ਕੰਮ ਸ਼ੁਰੂ ਕਰਦੀ ਹਾਂ।'' ਦਰਅਸਲ, ਉਨ੍ਹਾਂ ਦਾ ਪੂਰਾ ਦਿਨ ਨਜ਼ਾਮ ਦੇ ਬੁਲਾਵੇ ਦੇ ਹਿਸਾਬ ਨਾਲ਼ ਮਿਣਿਆ ਹੋਇਆ ਹੁੰਦਾ ਹੈ ਕਿਉਂਕਿ ਉਹ ਟਾਈਮ ਪੜ੍ਹ ਨਹੀਂ ਸਕਦੀ। '' ਮਘਰੀਬ (ਸ਼ਾਮ ਦੀ ਚੌਥੀ ਅਰਦਾਸ) ਅਤੇ ਈਸ਼ਾ (ਰਾਤ ਦੀ ਪੰਜਵੀਂ ਅਰਦਾਸ) ਦੇ ਵਿਚਕਾਰ ਜੋ ਸਮਾਂ ਹੁੰਦਾ ਹੈ ਉਦੋਂ ਉਹ ਰਾਤ ਦਾ ਖਾਣਾ ਪਕਾਉਂਦੀ ਹਨ ਤੇ ਕੋਸ਼ਿਸ਼ ਕਰਦੀ ਹਨ ਕਿ ਸੌਣ ਤੋਂ ਪਹਿਲਾਂ ਦੋ ਘੰਟਿਆਂ ਤੱਕ ਹੋਰ ਪੱਤੇ ਮਰੋੜ ਲਵੇ ਜਾਂ ਕੱਟ ਲਵੇ।

''ਸਿਰਫ਼ ਨਮਾਜ਼ ਅਦਾ ਕਰਨ ਦੌਰਾਨ ਹੀ ਮੈਨੂੰ ਇਸ ਹੱਡ-ਭੰਨ੍ਹਵੇ ਕੰਮ ਤੋਂ ਥੋੜ੍ਹੀ ਦੇਰ ਰਾਹਤ ਮਿਲ਼ਦੀ ਆ; ਉਦੋਂ ਹੀ ਮੈਨੂੰ ਕੁਝ ਅਰਾਮ ਤੇ ਸ਼ਾਂਤੀ ਮਿਲ਼ਦੀ ਏ,'' ਉਹ ਕਹਿੰਦੀ ਹਨ ਤੇ ਨਾਲ਼ ਹੀ ਸਵਾਲ ਪੁੱਛਦਿਆਂ ਕਹਿੰਦੀ ਹਨ,''ਲੋਕੀਂ ਕਹਿੰਦੇ ਨੇ ਕਿ ਬੀੜੀ ਪੀਣ ਵਾਲ਼ਾ ਬੀਮਾਰ ਪੈ ਜਾਂਦਾ ਏ। ਕੀ ਉਹ ਜਾਣਦੇ ਵੀ ਨੇ ਕਿ ਬੀੜੀਆਂ ਲਪੇਟਣ ਵਾਲ਼ਿਆਂ ਦਾ ਕੀ ਬਣਦਾ ਹੋਊ?''

2020 ਦੇ ਸ਼ੁਰੂ ਵਿੱਚ, ਅਖ਼ੀਰ ਜਦੋਂ ਤਨੂਜਾ ਨੇ ਜ਼ਿਲ੍ਹਾ ਹਸਪਤਾਲ ਦੇ ਡਾਕਟਰ ਕੋਲ਼ ਦਿਖਾਉਣ ਦਾ ਮਨ ਬਣਾਇਆ ਵੀ ਤਾਂ ਅਚਾਨਕ ਤਾਲਾਬੰਦੀ ਲੱਗ ਗਈ ਤੇ ਕੋਵਿਡ ਹੋਣ ਦੇ ਡਰ ਨੇ ਉਨ੍ਹਾਂ ਨੂੰ ਜਾਣ ਤੋਂ ਰੋਕ ਲਿਆ। ਹਸਪਤਾਲ ਜਾਣ ਦੀ ਬਜਾਏ ਉਹ ਹੋਮਿਓਪੈਥ ਕੋਲ਼ ਚਲੀ ਗਈ। ਇਹ ਗ਼ੈਰ-ਪੰਜੀਕ੍ਰਿਤ ਡਾਕਟਰ ਹੀ ਬੇਲਡਾਂਗਾ-I ਬਲਾਕ ਦੇ ਇਨ੍ਹਾਂ ਬੀੜੀ ਮਜ਼ਦੂਰਾਂ ਦੇ ਘੱਟ ਆਮਦਨੀ ਵਾਲ਼ੇ ਪਰਿਵਾਰਾਂ ਦੀ ਪਹਿਲੀ ਪਸੰਦ ਹੁੰਦੇ ਹਨ। ਗ੍ਰਾਮੀਣ ਸਿਹਤ ਸੰਖਿਆਕੀ 2020-21 ਮੁਤਾਬਕ, ਪੱਛਮੀ ਬੰਗਾਲ ਦੇ ਪ੍ਰਾਇਮਰੀ ਸਿਹਤ ਕੇਂਦਰਾਂ ਵਿਖੇ 578 ਡਾਕਟਰਾਂ ਦੀ ਘਾਟ ਹੈ। ਬਾਕੀ ਪੇਂਡੂ ਖਿੱਤਿਆਂ ਅੰਦਰ 58 ਫ਼ੀਸਦ ਪੀਐੱਚਸੀ (PHCs) ਦੀ ਵੀ ਘਾਟ ਹੈ। ਭਾਵੇਂ ਰਾਜ ਸਰਕਾਰ ਵੱਲੋਂ ਚਲਾਇਆ ਜਾਂਦਾ ਹਸਪਤਾਲ ਸਸਤਾ ਹੁੰਦਾ ਹੈ ਪਰ ਡਾਕਟਰਾਂ ਨੂੰ ਮਿਲ਼ਣ, ਜਾਂਚ ਤੇ ਸਕੈਨ ਕਰਾਉਣ ਲਈ ਲੱਗੀਆਂ ਲੰਬੀਆਂ ਕਤਾਰਾਂ ਵਿੱਚ ਉਡੀਕ ਕਰਨਾ ਇੱਕ ਮਸਲਾ ਹੁੰਦਾ ਹੈ। ਨਤੀਜਾ ਦਿਹਾੜੀ ਤੋੜੋ ਤੇ ਉਡੀਕ ਕਰੋ ਜਿਵੇਂ ਕਿ ਤਨੂਜਾ ਕਹਿੰਦੀ ਹਨ,''ਸਾਡੇ ਕੋਲ਼ ਇੰਨਾ ਸਮਾਂ ਨਹੀਂ ਹੁੰਦਾ।''

ਜਦੋਂ ਹੋਮਿਓਪੈਥ ਦੀ ਦਵਾਈ ਨੇ ਕੋਈ ਕੰਮ ਨਾ ਕੀਤਾ ਤਾਂ ਤਨੂਜਾ ਨੇ 300 ਰੁਪਏ ਆਪਣੇ ਪਤੀ ਕੋਲ਼ੋਂ ਲਏ ਤੇ 300 ਰੁਪਏ ਹੀ ਆਪਣੀ ਕਮਾਈ ਵਿੱਚੋਂ ਰਲ਼ਾਏ ਤੇ ਅਖ਼ੀਰ ਸਥਾਨਕ ਡਾਕਟਰ (ਐਲੋਪੈਥ) ਨੂੰ ਦਿਖਾਉਣ ਗਈ। ''ਉਹਨੇ ਮੈਨੂੰ ਕੁਝ ਗੋਲ਼ੀਆਂ ਦਿੱਤੀਆਂ ਤੇ ਛਾਤੀ ਦਾ ਐਕਸ-ਰੇਅ ਤੇ ਸਕੈਨ ਕਰਾਉਣ ਲਈ ਕਿਹਾ। ਮੈਨੂੰ ਜਾਂਚਾਂ ਕਰਾਉਣ ਦਾ ਵਿਚਾਰ ਟਾਲ਼ਣਾ ਪਿਆ,'' ਉਹ ਕਹਿੰਦੀ ਹਨ ਤੇ ਸਪੱਸ਼ਟ ਕਰਦੀ ਹਨ ਕਿ ਉਨ੍ਹਾਂ ਨਿਰੀਖਣਾਂ ਦਾ ਖ਼ਰਚਾ ਉਹ ਝੱਲ ਨਾ ਸਕੀ।

ਪੱਛਮੀ ਬੰਗਾਲ ਵਿਖੇ, ਤਨੂਜਾ ਜਿਹੀਆਂ ਮਹਿਲਾ ਮਜ਼ਦੂਰ ਰਾਜ ਅੰਦਰ ਬੀੜੀ ਬਣਾਉਣ ਵਿੱਚ ਲੱਗੇ 20 ਲੱਖ ਬੀੜੀ ਮਜ਼ਦੂਰਾਂ ਦਾ 70 ਫ਼ੀਸਦ ਬਣਦੀਆਂ ਹਨ। ਕੰਮ ਕਰਨ ਦੀਆਂ ਮਾੜੀਆਂ ਹਾਲਤਾਂ ਉਨ੍ਹਾਂ ਦੇ ਬੈਠਣ-ਮੁਦਰਾ ਸਬੰਧੀ ਸਮੱਸਿਆਵਾਂ- ਜਿਵੇਂ ਕੜਵੱਲਾਂ ਪੈਣੀਆਂ, ਮਾਸਪੇਸ਼ੀਆਂ ਤੇ ਨਸਾਂ ਦੇ ਅਕੜਾਅ ਦੇ ਨਾਲ਼ ਨਾਲ਼ ਫ਼ੇਫੜਿਆਂ ਸਬੰਧੀ ਸਮੱਸਿਆਵਾਂ ਤੇ ਤਪਦਿਕ ਦੇ ਰੂਪ ਵਿੱਚ ਸਾਹਮਣੇ ਆਉਂਦੀਆਂ ਹਨ। ਉਹ (ਮਹਿਲਾ-ਮਜ਼ਦੂਰ) ਘੱਟ ਆਮਦਨੀ ਵਾਲ਼ੇ ਪਰਿਵਾਰਾਂ ਤੋਂ ਆਉਂਦੀਆਂ ਹਨ ਤੇ ਉਨ੍ਹਾਂ ਅੰਦਰਲੀ ਪੋਸ਼ਕ ਤੱਤਾਂ ਦੀ ਘਾਟ ਕੰਮ ਨਾਲ਼ ਜੁੜੀਆਂ ਬੀਮਾਰੀਆਂ ਨੂੰ ਹੋਰ ਵਧਾਉਂਦੀ ਹੀ ਹੈ ਤੇ ਇੰਝ ਇਹ ਸਾਰਾ ਕੁਝ ਰਲ਼ ਕੇ ਉਨ੍ਹਾਂ ਦੀ ਦੇਹ ਤੇ ਪ੍ਰਜਨਨ ਸਿਹਤ 'ਤੇ ਬਹੁਤ ਮਾੜਾ ਅਸਰ ਪਾਉਂਦਾ ਹੈ।

In many parts of Murshidabad district, young girls start rolling to help their mothers
PHOTO • Smita Khator
Rahima Bibi and her husband, Ismail Sheikh rolled beedis for many decades before Ismail contracted TB and Rahima's spinal issues made it impossible for them to continue
PHOTO • Smita Khator

ਖੱਬੇ ਹੱਥ: ਮੁਰਸ਼ਿਦਾਬਾਦ ਦੇ ਕਾਫ਼ੀ ਮੁਹੱਲਿਆਂ ਅੰਦਰ, ਛੋਟੀ ਉਮਰੇ ਕੁੜੀਆਂ ਕੰਮ ਵਿੱਚ ਆਪਣੀ ਮਾਂ ਦੀ ਮਦਦ ਕਰਨ ਲਈ ਬੀੜੀਆਂ ਲਪੇਟਣ ਲੱਗਦੀਆਂ ਹਨ। ਸੱਜੇ ਹੱਥ: ਰਹੀਮਾ ਬੀਬੀ ਤੇ ਉਨ੍ਹਾਂ ਦੇ ਪਤੀ, ਇਸਮਾਇਲ ਸ਼ੇਖ ਨੇ ਬੜੇ ਦਹਾਕਿਆਂ ਤੱਕ ਬੀੜੀ ਲਪੇਟਣ ਦਾ ਕੰਮ ਕੀਤਾ, ਫਿਰ ਜਦੋਂ ਉਨ੍ਹਾਂ ਨੂੰ ਟੀਬੀ ਹੋਈ ਤੇ ਰਹੀਮਾ ਨੂੰ ਲੱਕ ਸਬੰਧੀ ਸਮੱਸਿਆਂ ਤਾਂ ਉਨ੍ਹਾਂ ਲਈ ਇਸ ਕੰਮ ਨੂੰ ਜਾਰੀ ਰੱਖਣਾ ਅਸੰਭਵ ਹੋ ਗਿਆ

ਮੁਰਸ਼ਿਦਾਬਾਦ ਅੰਦਰ 15-49 ਸਾਲ ਦੀਆਂ ਔਰਤਾਂ ਵਿੱਚ ਅਨੀਮੀਆ 77.6 ਫ਼ੀਸਦ ਭਾਵ ਚਿੰਤਾਜਨਕ ਹਾਲਤ ਵਿੱਚ ਹੈ, ਜੋ ਕਿ ਆਪਣੇ ਚਾਰ ਸਾਲ ਪਹਿਲਾਂ ਦੇ 58 ਫ਼ੀਸਦ ਨਾਲ਼ੋਂ ਬਹੁਤ ਵੱਧ ਹੈ। ਅਨੀਮੀਆ ਦੀਆਂ ਸ਼ਿਕਾਰ ਇਨ੍ਹਾਂ ਔਰਤਾਂ ਦੇ ਬੱਚਿਆਂ ਦੇ ਵੀ ਅਨੀਮਿਆ ਹੋਣ ਦੀ ਵੱਧ ਸੰਭਾਵਨਾ ਰਹਿੰਦੀ ਹੈ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ( NFHS-5 ) ਜ਼ਿਲ੍ਹੇ ਅੰਦਰ ਔਰਤਾਂ ਤੇ ਬੱਚਿਆਂ ਅੰਦਰ ਵੱਧ ਰਹੇ ਅਨੀਮੀਆ ਦੇ ਪੱਧਰ ਨੂੰ ਦਰਸਾਉਂਦਾ ਹੈ। ਨਾਲ਼ ਹੀ, ਇਸ ਜ਼ਿਲ੍ਹੇ ਅੰਦਰ, 5 ਸਾਲ ਤੋਂ ਘੱਟ ਉਮਰ ਦੇ 40 ਫ਼ੀਸਦ ਬੱਚੇ ਮਧਰੇ ਹਨ ਚਿੰਤਾ ਦੀ ਗੱਲ ਇਹ ਹੈ ਕਿ ਚਾਰ ਸਾਲ ਪਹਿਲਾਂ, 2015-2016 ਵਿੱਚ ਕੀਤੇ ਗਏ (ਪਿਛਲੇ) ਐੱਨਐੱਫ਼ਐੱਚਐੱਸ ਤੋਂ ਬਾਅਦ ਇਨ੍ਹਾਂ ਅੰਕੜਿਆਂ ਵਿੱਚ ਕੋਈ ਬਹੁਤਾ ਬਦਲਾਅ ਨਹੀਂ ਆਇਆ।

ਇਲਾਕੇ ਦੇ ਮੰਨੇ-ਪ੍ਰਮੰਨੇ ਅਹਿਸਾਸ ਅਲੀ ਮਾਠਪਾਰਾ ਮੋਹੱਲਾ ਦੇ ਰਹਿਣ ਵਾਲ਼ੇ ਹਨ ਤੇ ਉੱਥੇ ਦਵਾਈ ਦੀ ਛੋਟੀ ਜਿਹੀ ਦੁਕਾਨ ਚਲਾਉਂਦੇ ਹਨ। ਉਹ ਵੀ ਇੱਕ ਗ਼ੈਰ-ਸਿਖਲਾਈ ਪ੍ਰਾਪਤ (ਕੱਚਘੜ੍ਹ) ਮੈਡੀਕਲ ਪ੍ਰੈਕਟੀਸ਼ਨਰ (ਡਾਕਟਰ) ਹਨ, ਹਾਲਾਂਕਿ ਭਾਈਚਾਰੇ ਅੰਦਰ ਉਹ ਇੱਕ ਭਰੋਸੇਯੋਗ ਨਾਮ ਹਨ ਕਿਉਂਕਿ ਉਹ ਵੀ ਬੀੜੀ ਬਣਾਉਣ ਵਾਲ਼ੇ ਪਰਿਵਾਰ ਤੋਂ ਆਉਂਦੇ ਹਨ। 30 ਸਾਲਾ ਇਸ ਡਾਕਟਰ ਦਾ ਕਹਿਣਾ ਹੈ ਕਿ ਬੀੜੀ ਮਜ਼ਦੂਰ ਪੀੜ੍ਹ ਤੋਂ ਨਿਜ਼ਾਤ ਪਾਉਣ ਲਈ ਗੋਲ਼ੀਆਂ ਤੇ ਮੱਲ੍ਹਮ ਲੈਣ ਉਨ੍ਹਾਂ ਕੋਲ਼ ਆਉਂਦੇ ਹਨ। ''25-26 ਸਾਲਾਂ ਦੇ ਹੁੰਦੇ-ਹੁੰਦੇ ਉਹ ਕੜਵੱਲਾਂ ਪੈਣ, ਪੱਠਿਆਂ ਦੀ ਕਮਜ਼ੋਰੀ, ਨਸਾਂ ਨਾਲ਼ ਜੁੜੀ ਦਰਦ ਤੇ ਸਿਰ ਪੀੜ੍ਹ ਦੀਆਂ ਸਮੱਸਿਆਵਾਂ ਨਾਲ਼ ਘਿਰ ਜਾਂਦੇ ਨੇ,'' ਉਹ ਕਹਿੰਦੇ ਹਨ।

ਜੁਆਨ ਕੁੜੀਆਂ ਬਚਪਨ ਤੋਂ ਹੀ ਘਰ ਅੰਦਰ ਉਡਦੀ ਤੰਬਾਕੂ ਦੀ ਗਰਦ ਨੂੰ ਦੇਹ 'ਤੇ ਝੱਲਦੀਆਂ ਹਨ ਤੇ ਫਿਰ ਮਾਵਾਂ (ਬੀੜੀ ਬਣਾਉਣ ਦੇ ਕੰਮ ਵਿੱਚ) ਦੀ ਮਦਦ ਕਰਨ ਨਾਲ਼ ਸਿੱਧਿਆਂ ਤੰਬਾਕੂ ਦੇ ਸੰਪਰਕ ਵਿੱਚ ਆਉਣ ਨਾਲ਼ ਉਨ੍ਹਾਂ ਦੀ ਸਿਹਤ ਲਈ ਖ਼ਤਰਾ ਬਣਿਆ ਹੁੰਦਾ ਹੈ। ਮਾਝਪਾਰਾ ਮੁਹੱਲੇ ਵਿਖੇ ਰਹਿੰਦਿਆਂ ਤਨੂਜਾ ਨੇ 10 ਸਾਲ ਦੀ ਹੋਣ ਤੋਂ ਪਹਿਲਾਂ ਹੀ ਬੀੜੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਕਹਿੰਦੀ ਹਨ,''ਮੈਂ ਪੱਤੇ ਦੇ ਸਿਰਿਆਂ ਨੂੰ ਮੋੜ ਕੇ ਬੀੜੀਆਂ ਨੂੰ ਬੰਨ੍ਹਣ ਦੇ ਕੰਮ ਵਿੱਚ ਮਾਂ ਦੀ ਮਦਦ ਕਰਿਆ ਕਰਦੀ,'' ਗੱਲ ਤੋਰਦਿਆਂ ਅੱਗੇ ਕਹਿੰਦੀ ਹਨ,''ਸਾਡੇ ਸਮਾਜ ਵਿੱਚ ਕਿਹਾ ਜਾਂਦਾ ਹੈ ਕਿ 'ਜਿੰਨ੍ਹਾ ਕੁੜੀਆਂ ਨੂੰ ਬੀੜੀਆਂ ਲਪੇਟਣੀਆਂ ਨਹੀਂ ਆਉਂਦੀਆਂ, ਉਨ੍ਹਾਂ ਨੂੰ ਪਤੀ ਨਹੀਂ ਲੱਭਦੇ'।''

12 ਸਾਲ ਦੀ ਉਮਰੇ ਉਨ੍ਹਾਂ ਦਾ ਵਿਆਹ ਰਫ਼ੀਕੁਲ ਇਸਲਾਮ ਨਾਲ਼ ਹੋਇਆ ਤੇ ਉਨ੍ਹਾਂ ਨੇ ਚਾਰ ਧੀਆਂ ਤੇ ਇੱਕ ਪੁੱਤ ਨੂੰ ਜਨਮ ਦਿੱਤਾ। NFHS-5 ਮੁਤਾਬਕ ਜ਼ਿਲ੍ਹੇ ਦੀਆਂ 55 ਫ਼ੀਸਦੀ ਔਰਤਾਂ ਦਾ 18 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਹੋ ਜਾਂਦਾ ਹੈ। ਯੂਨੀਸੈਫ ਕਹਿੰਦਾ ਹੈ ਕਿ ਛੋਟੀ ਉਮਰੇ ਵਿਆਹ ਹੋਣ ਤੇ ਬੱਚੇ ਪੈਦਾ ਕਰਨ ਦੇ ਨਾਲ਼ ਜੇਕਰ ਪੋਸ਼ਣ ਦੀ ਸਥਿਤੀ ਵੀ ਮਾੜੀ ਹੋਵੇਗੀ ਤਾਂ ਅਗਲੀ ਪੀੜ੍ਹੀ ਵੀ ਇਸ ਅਸਰ ਤੋਂ ਸੱਖਣੀ ਨਹੀਂ ਰਹੇਗੀ।

''ਔਰਤ ਦੀ ਪ੍ਰਜਨਨ ਤੇ ਯੌਨ (ਜਿਣਸੀ) ਤੰਦਰੁਸਤੀ ਅੰਦਰੂਨੀ ਰੂਪ ਨਾਲ਼ ਔਰਤਾਂ ਦੀ ਆਮ ਸਿਹਤ ਭਾਵ ਸਰੀਰਕ ਤੇ ਮਾਨਸਿਕ ਸਿਹਤ ਨਾਲ਼ ਜੁੜੀ ਹੁੰਦੀ ਹੈ। ਤੁਸੀਂ ਇਨ੍ਹਾਂ ਨੂੰ ਇੱਕ ਦੂਜੇ ਤੋਂ ਨਿਖੇੜ ਨਹੀਂ ਸਕਦੇ,'' ਹਾਸ਼ੀ ਚੈਟਰਜੀ ਕਹਿੰਦੀ ਹਨ, ਜੋ ਸਿਹਤ ਨਿਗਰਾਨ ਹਨ। ਉਹ ਬੇਲਡਾਂਗਾ - I ਬਲਾਕ ਵਿੱਚ ਮਿਰਜ਼ਾਪੁਰ ਪੰਚਾਇਤ ਦੀ ਇੰਚਾਰਜ ਹਨ ਅਤੇ ਇਹ ਯਕੀਨੀ ਬਣਾਉਂਦੀ ਹਨ ਕਿ ਵੱਖ-ਵੱਖ ਸਿਹਤ ਯੋਜਨਾਵਾਂ ਲੋੜਵੰਦ ਲੋਕਾਂ ਤੱਕ ਪਹੁੰਚਦੀਆਂ ਰਹਿਣ।

Julekha Khatun is in Class 9 and rolls beedis to support her studies.
PHOTO • Smita Khator
Ahsan Ali is a trusted medical advisor to women workers in Mathpara
PHOTO • Smita Khator

ਖੱਬੇ ਹੱਥ: ਜੁਲੇਖਾ ਖਾਤੂਨ 9ਵੀਂ ਜਮਾਤ ਵਿੱਚ ਪੜ੍ਹਦੀ ਹੈ ਤੇ ਆਪਣੀ ਪੜ੍ਹਾਈ ਦਾ ਖਰਚਾ ਕੱਢਣ ਲਈ ਬੀੜੀਆਂ ਲਪੇਟਦੀ ਹਨ। ਸੱਜੇ ਹੱਥ:ਅਹਿਸਾਨ ਅਲੀ ਮਾਠਪਾਰਾ ਦੀਆਂ ਔਰਤ ਮਜ਼ਦੂਰਾਂ ਦੇ ਭਰੋਸੇਯੋਗ ਸਲਾਹਕਾਰ ਹਨ

ਤਨੂਜਾ ਦੀ ਮਾਂ ਨੇ ਤਾਉਮਰ ਬੀੜੀਆਂ ਲਪੇਟਦਿਆਂ ਗੁਜ਼ਾਰ ਦਿੱਤੀ। ਆਪਣੀ 60 ਸਾਲਾਂ ਤੋਂ ਵੱਧ ਉਮਰ ਦੀ ਮਾਂ ਬਾਰੇ ਉਹ ਕਹਿੰਦੀ ਹਨ ਕਿ ਮਾਂ ਦੀ ਸਿਹਤ ਇੰਨੀ ਖ਼ਰਾਬ ਹੋ ਚੁੱਕੀ ਹੈ ਕਿ ਉਹ ਸਹੀ ਤਰੀਕੇ ਨਾਲ਼ ਤੁਰ ਤੱਕ ਨਹੀਂ ਸਕਦੀ। ''ਉਹਦੀ ਕਮਰ ਪੂਰੀ ਤਰ੍ਹਾਂ ਨੁਕਸਾਨੀ ਗਈ ਆ ਤੇ ਉਹਨੇ ਬਿਸਤਰਾ ਫੜ੍ਹ ਲਿਆ ਏ,'' ਉਹ ਕਹਿੰਦੀ ਹਨ ਤੇ ਮਜ਼ਬੂਰੀ ਭਰੀ ਅਵਾਜ਼ ਵਿੱਚ ਅੱਗੇ ਕਿਹਾ,''ਮੇਰਾ ਵੀ ਇਹੀ ਹਾਲ ਹੋਣ ਵਾਲ਼ਾ ਏ।''

ਇਸ ਉਦਯੋਗ ਨਾਲ਼ ਜੁੜੇ ਤਕਰੀਬਨ ਸਾਰੇ ਹੀ ਮਜ਼ਦੂਰ ਘੱਟ ਆਮਦਨੀ ਵਾਲ਼ੇ ਪਰਿਵਾਰਾਂ ਨਾਲ਼ ਤਾਅਲੁੱਕ ਰੱਖਦੇ ਹਨ ਤੇ ਹੋਰ ਕੋਈ ਕੰਮ ਨਹੀਂ ਜਾਣਦੇ। ਜੇਕਰ ਔਰਤਾਂ ਨੇ ਬੀੜੀ ਲਪੇਟਣ ਦਾ ਕੰਮ ਨਾ ਜਾਰੀ ਰੱਖਿਆ ਹੁੰਦਾ ਤਾਂ ਉਹ ਤੇ ਉਨ੍ਹਾਂ ਦਾ ਪਰਿਵਾਰ ਭੁੱਖੇ ਮਰ ਗਏ ਹੁੰਦੇ। ਜਦੋਂ ਤਨੂਜਾ ਦੇ ਪਤੀ ਬਹੁਤ ਬੀਮਾਰ ਹੋ ਗਏ ਤੇ ਕੰਮ 'ਤੇ ਜਾਣ ਯੋਗ ਨਾ ਰਹੇ ਤਾਂ ਬੀੜੀ ਲਪੇਟਣ ਦੇ ਇਸੇ ਕੰਮ ਨੇ ਹੀ ਛੇ ਮੈਂਬਰੀ ਪਰਿਵਾਰ ਦਾ ਢਿੱਡ ਭਰਿਆ। ਉਨ੍ਹਾਂ ਨੇ ਆਪਣੇ ਨਵਜਾਤ ਬੱਚੇ-ਚੌਥੀ ਬੇਟੀ- ਨੂੰ ਗੋਦੀ ਵਿੱਚ ਪਾਈ ਬੀੜੀਆਂ ਲਪੇਟਣ ਦਾ ਕੰਮ ਜਾਰੀ ਰੱਖਿਆ। ਇਹ ਪਰਿਵਾਰ ਦੀ ਕੰਗਾਲੀ ਹੀ ਹੁੰਦੀ ਹੈ ਜਿਹਦੇ ਕਾਰਨ ਇੱਕ ਛੋਟਾ ਬੱਚਾ ਤੰਬਾਕੂ ਦੀ ਧੂੜ ਦੇ ਸਿੱਧਿਆਂ ਸੰਪਰਕ 'ਚ ਆਉਣ ਲੱਗਦਾ ਹੈ।

''ਇੱਕ ਸਮਾਂ ਸੀ ਜਦੋਂ ਮੈਂ ਦਿਹਾੜੀ ਦੀਆਂ 1,000-1,200 ਬੀੜੀਆਂ ਬਣਾ ਲਿਆ ਕਰਦੀ,'' ਤਨੂਜਾ ਕਹਿੰਦੀ ਹਨ। ਹੁਣ ਆਪਣੀ ਮਾੜੀ ਸਿਹਤ ਕਾਰਨ ਉਹ ਜਿਵੇਂ ਕਿਵੇਂ ਦਿਹਾੜੀ ਦੀਆਂ 500-700 ਬੀੜੀਆਂ ਹੀ ਲਪੇਟ ਪਾਉਂਦੀ ਹਨ। ਇਸ ਤਰ੍ਹਾਂ ਉਹਨਾਂ ਨੂੰ ਮਹੀਨੇ ਦੇ ਕਰੀਬ 3000 ਰੁਪਏ ਬਣਦੇ ਹਨ ਤੇ ਇਸ ਟੀਚੇ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਦੀ ਸਿਹਤ ਨੂੰ ਮੁੱਲ ਚੁਕਾਉਣਾ ਪੈਂਦਾ ਹੈ।

ਮੁਰਸ਼ਿਦਾ ਖਾਤੂਨ ਡੇਬਕੁੰਦਾ ਐਸ.ਏ.ਆਰ.ਐਮ (SARM) ਗਰਲਜ਼ ਹਾਈ ਮਦਰੱਸੇ ਦੀ ਮੁੱਖ ਅਧਿਆਪਕਾ ਹਨ। ਉਹ ਕਹਿੰਦੀ ਹਨ ਕਿ ਬੇਲਡਾਂਗਾ- I ਬਲਾਕ ਵਿੱਚ ਉਨ੍ਹਾਂ ਦੇ ਮਦਰੱਸੇ ਦੀਆਂ 80 ਫ਼ੀਸਦ ਤੋਂ ਵੱਧ ਕੁੜੀਆਂ ਅਜਿਹੇ ਹੀ ਪਰਿਵਾਰਾਂ ਤੋਂ ਆਉਂਦੀਆਂ ਹਨ ਤੇ ਮਿੱਥੇ ਟੀਚੇ (ਬੀੜੀਆਂ ਲਪੇਟਣ) ਨੂੰ ਪੂਰਾ ਕਰਨ ਵਿੱਚ ਆਪੋ-ਆਪਣੀਆਂ ਮਾਵਾਂ ਦੀ ਮਦਦ ਕਰਦੀਆਂ ਹਨ। ਉਹ ਕਹਿੰਦੀ ਹਨ ਕਿ ਸਕੂਲ ਅੰਦਰ ਮਿਲ਼ਣ ਵਾਲ਼ਾ ਮਿਡ-ਡੇਅ ਮੀਲ਼- ਚੌਲ਼, ਦਾਲ ਤੇ ਸਬਜ਼ੀ- ਬਹੁਤੀ ਵਾਰ ਇਨ੍ਹਾਂ ਛੋਟੀਆਂ ਬੱਚੀਆਂ ਦੇ ਦਿਨ ਦਾ ਪਹਿਲਾ ਭੋਜਨ ਹੁੰਦਾ ਹੈ। ''ਘਰਾਂ 'ਚ ਪੁਰਸ਼ ਮੈਂਬਰਾਂ ਦੇ ਨਾ ਹੋਣ ਕਾਰਨ, ਅਕਸਰ ਸਵੇਰ ਵੇਲ਼ੇ ਕੁਝ ਨਹੀਂ ਪਕਾਇਆ ਜਾਂਦਾ,'' ਉਹ ਗੱਲ ਜਾਰੀ ਰੱਖਦਿਆਂ ਕਹਿੰਦੀ ਹਨ।

ਮੁਰਸ਼ਿਦਾਬਾਦ ਜ਼ਿਲ੍ਹੇ ਦਾ ਬਹੁਤਾ ਹਿੱਸਾ ਪੇਂਡੂ ਇਲਾਕਾ ਹੈ - ਇਸ ਦੀ 80 ਪ੍ਰਤੀਸ਼ਤ ਅਬਾਦੀ ਇਸ ਦੇ 2,166 ਪਿੰਡਾਂ ਵਿੱਚ ਰਹਿੰਦੀ ਹੈ ਅਤੇ ਇੱਥੇ ਸਾਖਰਤਾ ਦਰ 66 ਪ੍ਰਤੀਸ਼ਤ ਹੈ, ਜੋ ਕਿ ਰਾਜ ਦੀ ਔਸਤ ਸਾਖਰਤਾ ਦਰ 76 ਪ੍ਰਤੀਸ਼ਤ (ਜਨਗਣਨਾ 2011) ਤੋਂ ਘੱਟ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਉਦਯੋਗ ਵਿੱਚ ਔਰਤਾਂ ਨੂੰ ਦੋ ਕਾਰਨਾਂ ਕਰਕੇ ਤਰਜੀਹ ਦਿੱਤੀ ਜਾਂਦੀ ਹੈ ਇੱਕ ਤਾਂ ਉਹ ਘਰੋਂ ਕੰਮ ਕਰ ਲੈਂਦੀਆਂ ਹਨ ਤੇ ਦੂਜਾ ਉਨ੍ਹਾਂ ਦੀਆਂ ਉਂਗਲਾਂ ਵੱਧ ਫੁਰਤੀ ਨਾਲ਼ ਕੰਮ ਕਰ ਸਕਦੀਆਂ ਹਨ।

*****

ਇੱਕ ਪਲ ਵੀ ਬਰਬਾਦ ਕੀਤੇ ਬਗ਼ੈਰ, ਸ਼ਾਹੀਨੂਰ ਬੀਬੀ ਗੱਲਾਂ ਕਰਨ ਦੇ ਨਾਲ਼ ਨਾਲ਼ ਪਿਆਜ਼, ਮਿਰਚਾਂ ਕੱਟਦੀ ਤੇ ਘੁਘਣੀ ਵਾਸਤੇ ਮਸਾਲਾ ਤਿਆਰ ਕਰੀ ਜਾਂਦੀ ਹਨ। ਬੇਲਡਾਂਗਾ- I ਬਲਾਕ ਦੇ ਹਰੇਕਨਗਰ ਇਲਾਕੇ ਦੀ ਇਹ ਔਰਤ ਜੋ ਕਦੇ ਬੀੜੀਆਂ ਬਣਾਉਂਦੀ ਸੀ, ਹੁਣ ਛੋਲਿਆਂ (ਪੀਲ਼ੇ) ਤੋਂ ਬਣਨ ਵਾਲ਼ੀਆਂ ਘੁਘਣੀਆਂ ਵੇਚਦੀ ਹਨ ਤੇ ਪੈਸੇ ਕਮਾਉਂਦੀ ਹਨ।

Shahinur Bibi holds up her X-ray showing her lung ailments.
PHOTO • Smita Khator
PHOTO • Smita Khator

ਖੱਬੇ ਹੱਥ: ਸ਼ਾਹੀਨੂਰ ਬੀਬੀ ਨੇ ਆਪਣੇ ਫ਼ੇਫੜੇ ਦੀ ਬੀਮਾਰੀ ਦਰਸਾਉਂਦਾ ਐਕਸ-ਰੇਅ ਫੜ੍ਹਿਆ ਹੈ। ਸੱਜੇ ਹੱਥ: ਬੇਲਡਾਂਗਾ ਗ੍ਰਾਮੀਣ ਹਸਪਤਾਲ ਦਾ ਟੀਬੀ ਯੂਨਿਟ, ਜਿੱਥੇ ਲੋਕ ਜਾਣਕਾਰੀ ਲੈਣ ਤੇ ਡਾਕਟਰ ਦੀ ਸਲਾਹ ਲੈਣ ਆਉਂਦੇ ਹਨ

''ਬੀਮਾਰ ਪੈਣਾ ਬੀੜੀ ਬਣਾਉਣ ਵਾਲ਼ਿਆਂ ਦੀ ਕਿਸਮਤ 'ਚ ਲਿਖਿਆ ਏ,'' 45 ਸਾਲ ਸ਼ਾਹੀਨੂਰ ਦਾ ਕਹਿਣਾ ਹੈ। ਕੁਝ ਕੁ ਮਹੀਨੇ ਪਹਿਲਾਂ, ਆਪਣੀ ਬੈਠਣ-ਮੁਦਰਾ ਤੇ ਸਾਹ ਲੈਣ ਸਬੰਧੀ ਬੀਮਾਰੀਆਂ ਨਾਲ਼ ਜੂਝਦਿਆਂ ਉਹ ਜਾਂਚ ਕਰਵਾਉਣ ਲਈ ਬੇਲਡਾਂਗਾ ਗ੍ਰਾਮੀਣ ਹਸਪਤਾਲ ਗਈ ਤੇ ਨਿੱਜੀ ਕਲੀਨਿਕ ਤੋਂ ਛਾਤੀ ਦਾ ਐਕਸ-ਰੇਅ ਵੀ ਕਰਵਾਇਆ। ਪਰ ਹੁਣ ਉਹ ਦੋਬਾਰਾ ਹਸਪਤਾਲ ਜਾਣ ਦੇ ਸਮਰੱਥ ਨਹੀਂ ਰਹੀ ਕਿਉਂਕਿ ਉਨ੍ਹਾਂ ਦੇ ਪਤੀ ਬੀਮਾਰ ਹਨ। ਆਪਣੇ ਘੁਘੁਣੀ ਵੇਚਣ ਦੇ ਕੰਮ ਨੂੰ ਲੈ ਕੇ ਉਹ ਕਹਿੰਦੀ ਹਨ,''ਮੇਰੀਆਂ ਦੋਵੇਂ ਨੂੰਹਾਂ ਹੁਣ ਮੈਨੂੰ ਬੀੜੀ ਲਪੇਟਣ ਦਾ ਕੰਮ ਨਹੀਂ ਕਰਨ ਦਿੰਦੀਆਂ। ਇਹ ਕੰਮ ਹੁਣ ਉਹ ਖ਼ੁਦ ਕਰਦੀਆਂ ਨੇ ਪਰ ਅਸੀਂ ਬਾਮੁਸ਼ਕਲ ਹੀ ਓਨੀ ਕਮਾਈ ਨਾਲ਼ ਗੁਜ਼ਾਰਾ ਕਰ ਸਕਦੇ ਆਂ।''

ਡਾ. ਸੋਲਮੈਨ ਮੰਡਲ ਨੇ ਆਪਣੇ ਇਲਾਕੇ (ਕਾਰਜ ਖੇਤਰ) ਵਿੱਚ ਹਰ ਮਹੀਨੇ 20-25 ਮਰੀਜ਼ਾਂ ਅੰਦਰ ਟੀਬੀ ਦੀ ਪੁਸ਼ਟੀ ਹੋਣ ਦਾ ਸਿਲਸਿਲਾ ਦੇਖਿਆ ਹੈ। ਬੇਲਡਾਂਗਾ- I ਦੇ ਬਲਾਕ ਮੈਡੀਕਲ ਅਫਸਰ (ਬੀਐਮਓ), ਮੰਡਲ ਕਹਿੰਦੇ ਹਨ,''ਨਿਰੰਤਰ ਜ਼ਹਿਰੀਲੀ ਗਰਦ ਦੇ ਸੰਪਰਕ ਵਿੱਚ ਆਉਂਦੇ ਰਹਿਣ ਕਾਰਨ ਬੀੜੀ ਲਪੇਟਣ ਵਾਲ਼ੇ ਮਜ਼ਦੂਰਾਂ ਅੰਦਰ ਟੀਬੀ ਹੋਣ ਦਾ ਵੱਧ ਖ਼ਤਰਾ ਬਣਿਆ ਰਹਿੰਦਾ ਹੈ। ਇਸ ਬੀਮਾਰੀ ਨਾਲ਼ ਬਾਰ-ਬਾਰ ਖੰਘ ਆਉਂਦੀ ਹੈ ਜਿਸ ਕਾਰਨ ਹੌਲ਼ੀ-ਹੌਲ਼ੀ ਫ਼ੇਫੜੇ ਕਮਜ਼ੋਰ ਪੈਣ ਲੱਗਦੇ ਹਨ।''

ਸੜਕੋਂ ਪਾਰ ਦਾਰਜੀਪਾਰਾ ਮੁਹੱਲੇ ਵਿਖੇ ਰਹਿੰਦੀ ਸਾਇਰਾਬੇਵਾ ਵੀ ਲਗਾਤਾਰ ਆਉਂਦੀ ਖੰਘ ਤੇ ਜ਼ੁਕਾਮ ਨਾਲ਼ ਦੋ ਹੱਥ ਹੁੰਦੀ ਰਹਿੰਦੀ ਹਨ। ਇਨ੍ਹਾਂ ਦੋਵਾਂ ਬੀਮਾਰੀਆਂ ਤੋਂ ਛੁੱਟ ਇਹ 60 ਸਾਲਾ ਮਜ਼ਦੂਰ 15 ਸਾਲਾਂ ਤੋਂ ਮਧੂਮੇਹ ਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ਼ ਜੂਝਦੀ ਰਹੀ ਹੈ। ਪੰਜ ਦਹਾਕਿਆਂ ਤੋਂ ਬੀੜੀ ਵਲ੍ਹਟਦੇ ਰਹਿਣ ਕਾਰਨ ਉਨ੍ਹਾਂ ਦੇ ਹੱਥ ਦੀਆਂ ਲਕੀਰਾਂ ਤੇ ਨਹੂੰਆਂ 'ਚ ਤੰਬਾਕੂ ਦੀ ਧੂੜ ਫਸੀ ਪਈ ਹੈ।

ਡਾ. ਸੋਲਮੈਨ ਮੰਡਲ ਅੱਗੇ ਕਹਿੰਦੇ ਹਨ, '' ਮੋਸਲਾ (ਬਰੀਕ ਪੀਸਿਆ ਤੰਬਾਕੂ) ਐਲਰਜੀ ਦਾ ਆਮ ਕਾਰਨ ਬਣਦਾ ਹੈ। ਬੀੜੀ ਲਪੇਟਣ ਦੌਰਾਨ ਤੰਬਾਕੂ ਦੇ ਉੱਡਣ ਵਾਲ਼ੇ ਬਰੀਕ ਕਣ ਸਾਹ ਰਾਹੀਂ ਚਲੇ ਜਾਂਦੇ ਹਨ।'' ਪੱਛਮੀ ਬੰਗਾਲ ਅੰਦਰ ਦਮੇ ਤੋਂ ਪੀੜਤ ਔਰਤਾਂ ਦੀ ਗਿਣਤੀ ਪੁਰਸ਼ਾਂ ਮੁਕਾਬਲੇ ਦੋਗੁਣੀ ਹੈ- ਪ੍ਰਤੀ 100,000 ਮਗਰ 4,386 ਔਰਤਾਂ (NFHS-5)।

ਬੀਐੱਮਓ ਇਹ ਵੀ ਧਿਆਨ ਦਵਾਉਂਦੇ ਹਨ ਕਿ ''ਇਹ ਜਾਣਦੇ ਹੋਏ ਵੀ ਕਿ ਤੰਬਾਕੂ ਦੀ ਉੱਡਦੀ ਧੂੜ ਤੇ ਟੀਬੀ ਵਿਚਾਲੇ ਸਿੱਧਾ ਸਬੰਧ ਹੈ ਇਹਦੇ ਬਾਵਜੂਦ ਵੀ ਸਾਡੇ ਕੋਲ਼ ਟੀਬੀ ਵਾਸਤੇ ਵਿਸ਼ੇਸ਼ ਸਕਰੀਨਿੰਗ ਦਾ ਕੋਈ ਬੰਦੋਬਸਤ ਨਹੀਂ ਹੈ।'' ਇਹ ਕਮੀ ਵੀ ਖ਼ਾਸ ਕਰਕੇ ਅਜਿਹੇ ਜ਼ਿਲ੍ਹੇ ਵਿੱਚ ਹੈ ਜਿੱਥੇ ਬੀੜੀ ਮਜ਼ਦੂਰਾਂ ਦੀ ਗਿਣਤੀ ਸਭ ਤੋਂ ਵੱਧ ਹੈ। ਸਾਇਰਾ ਨੂੰ ਖੰਘ ਦੇ ਨਾਲ਼ ਲਹੂ ਵੀ ਆ ਰਿਹਾ ਹੈ ਜੋ ਟੀਬੀ ਦਾ ਸਭ ਤੋਂ ਪਹਿਲਾ ਲੱਛਣ ਹੈ। ''ਮੈਂ ਬੇਲਡਾਂਗਾ ਗ੍ਰਾਮੀਣ ਹਸਪਤਾਲ ਗਈ। ਉਨ੍ਹਾਂ ਨੇ ਕੁਝ ਟੈਸਟ ਕੀਤੇ ਤੇ ਖਾਣ ਨੂੰ ਕੁਝ ਗੋਲ਼ੀਆਂ ਦਿੱਤੀਆਂ,'' ਉਹ ਕਹਿੰਦੀ ਹਨ। ਉਨ੍ਹਾਂ ਨੇ ਸਾਇਰਾ ਨੂੰ ਆਪਣੀ ਬਲ਼ਗਮ ਜਾਂਚ ਕਰਵਾਉਣ ਲਈ ਤੇ ਤੰਬਾਕੂ ਦੀ ਧੂੜ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਪਰ ਕਿਸੇ ਵੀ ਕਿਸਮ ਦੇ ਰੱਖਿਆਤਮਕ ਉਪਕਰਣ ਪ੍ਰਦਾਨ ਨਹੀਂ ਕੀਤੇ ਗਏ।

ਦਰਅਸਲ ਇਸ ਜ਼ਿਲ੍ਹੇ ਦੇ ਜਿਹੜੇ ਵੀ ਬੀੜੀ ਮਜ਼ਦੂਰਾਂ ਨਾਲ਼ ਪਾਰੀ (PARI) ਨੇ ਮੁਲਾਕਾਤ ਕੀਤੀ, ਉਨ੍ਹਾਂ ਵਿੱਚੋਂ ਕੋਈ ਵੀ ਨਾ ਤਾਂ ਮਾਸਕ ਦੀ ਵਰਤੋਂ ਕਰਦਾ ਹੈ ਤੇ ਨਾ ਹੀ ਦਸਤਾਨਿਆਂ ਦੀ ਵਰਤੋਂ। ਇਸ ਰੁਜ਼ਗਾਰ ਵਿੱਚ ਨਾ ਤਾਂ ਉਨ੍ਹਾਂ ਦਾ ਕੋਈ ਦਸਤਾਵੇਜ਼ੀਕਰਨ ਹੀ ਹੋਇਆ ਸੀ ਤੇ ਨਾ ਸਮਾਜਕ ਸੁਰੱਖਿਆ ਨਾਲ਼ ਜੁੜੇ ਲਾਭ, ਮਿਆਰੀ ਕਿਰਤ ਉਜਰਤਾਂ, ਭਲਾਈ, ਸੁਰੱਖਿਆ ਜਾਂ ਸਿਹਤ-ਸੰਭਾਲ ਸਬੰਧੀ ਕੋਈ ਪ੍ਰਬੰਧ ਹੀ ਹੋਏ ਸਨ। ਬੀੜੀ ਕੰਪਨੀਆਂ ਅੱਗੇ ਮਹਾਜਨਾਂ (ਦਲਾਲਾਂ/ਵਿਚੌਲਿਆਂ) ਨੂੰ ਕੰਮ ਦਿੰਦੀਆਂ ਹਨ ਤੇ ਖ਼ੁਦ ਕਿਸੇ ਵੀ ਜ਼ਿੰਮੇਦਾਰੀ ਤੋਂ ਪੱਲਾ ਝਾੜ ਲੈਂਦੀਆਂ ਹਨ।

ਮਹਾਜਨ ਬਣਿਆਂ ਮਾਲ਼ ਖਰੀਦਦੇ ਹਨ ਪਰ ਦਰਪੇਸ਼ ਆਉਂਦੀ ਕਿਸੇ ਸਮੱਸਿਆ ਵੱਲ ਉੱਕਾ ਧਿਆਨ ਨਹੀਂ ਦਿੰਦੇ।

Saira Bewa and her daughter-in-law Rehana Bibi (in pink) rolling beedis. After five decades spent rolling, Saira suffers from many occupation-related health issues
PHOTO • Smita Khator
Saira Bewa and her daughter-in-law Rehana Bibi (in pink) rolling beedis. After five decades spent rolling, Saira suffers from many occupation-related health issues
PHOTO • Smita Khator

ਸਾਇਰਾਬੇਵਾ ਤੇ ਉਨ੍ਹਾਂ ਦੀ ਨੂੰਹ ਰੇਹਾਨਾ ਬੀਬੀ ( ਗੁਲਾਬੀ ਕੱਪੜੇ ਪਾਈ ) ਬੀੜੀਆਂ ਲਪੇਟਦੀਆਂ ਹੋਈਆਂ। ਬੀੜੀ ਲਪੇਟਣ ਦੇ ਕੰਮ ਵਿੱਚ ਪੰਜ ਦਹਾਕੇ ਖਪਾਉਣ ਤੋਂ ਬਾਅਦ , ਸਾਇਰਾ ਕਿੱਤੇ ਨਾਲ਼ ਜੁੜੀਆਂ ਕਈ ਸਿਹਤ ਸਮੱਸਿਆਵਾਂ ਤੋਂ ਪੀੜਤ ਹਨ

Selina Khatun with her mother Tanjila Bibi rolling beedis in their home in Darjipara. Tanjila's husband abandoned the family; her son is a migrant labourer in Odisha. The 18-year-old Selina had to drop out of school during lockdown because of kidney complications. She is holding up the scans (right)
PHOTO • Smita Khator
Selina Khatun with her mother Tanjila Bibi rolling beedis in their home in Darjipara. Tanjila's husband abandoned the family; her son is a migrant labourer in Odisha. The 18-year-old Selina had to drop out of school during lockdown because of kidney complications. She is holding up the scans (right)
PHOTO • Smita Khator

ਦਾਰਜੀਪਾਰਾ ਵਿਖੇ ਆਪਣੇ ਘਰ ਅੰਦਰ ਸੇਲਿਨਾ ਖ਼ਾਤੂਨ ਆਪਣੀ ਮਾਂ ਤਨਜਿਲਾ ਬੀਬੀ ਦੇ ਨਾਲ਼ ਬੀੜੀਆਂ ਲਪੇਟਣ ਵਿੱਚ ਮਸ਼ਰੂਫ਼। ਤਨਜਿਲਾ ਦੇ ਪਤੀ ਪਰਿਵਾਰ ਨਾਲ਼ੋਂ ਅੱਡ ਰਹਿੰਦੇ ਹਨ ਤੇ ਉਨ੍ਹਾਂ ਦਾ ਬੇਟਾ ਓੜੀਸਾ ਵਿਖੇ ਪ੍ਰਵਾਸੀ ਮਜ਼ਦੂਰ ਹੈ। ਤਾਲਾਬੰਦੀ ਦੌਰਾਨ 18 ਸਾਲਾ ਸੇਲਿਨਾ ਨੂੰ ਹੋਈਆਂ ਗੁਰਦੇ ਦੀਆਂ ਸਮੱਸਿਆਵਾਂ ਕਾਰਨ ਪਹਿਲਾਂ ਸਕੂਲ ਛੱਡਣਾ ਪਿਆ ਤੇ ਹੁਣ ਸਕੈਨ ਕਰਾਉਣ ਦੇ ਕੰਮ ਨੂੰ ਟਾਲ਼ਣਾ ਪੈ ਰਿਹਾ ਹੈ ( ਸੱਜੇ )

ਮੁਰਸ਼ਿਦਾਬਾਦ ਦੀ ਕਰੀਬ ਦੋ ਤਿਹਾਈ ਵਸੋਂ ਮੁਸਲਿਮ ਹੈ ਅਤੇ ਜ਼ਿਆਦਾਤਰ ਬੀੜੀ ਮਜ਼ਦੂਰ ਔਰਤਾਂ ਵੀ ਮੁਸਲਿਮ ਹੀ ਹਨ। ਰਫੀਕੁਲ ਹਸਨ ਤਿੰਨ ਦਹਾਕਿਆਂ ਤੋਂ ਬੀੜੀ ਮਜ਼ਦੂਰਾਂ ਨਾਲ਼ ਕੰਮ ਕਰਦੇ ਰਹੇ ਹਨ। ''ਬੀੜੀ ਉਦਯੋਗ ਹਮੇਸ਼ਾ ਸਭ ਤੋਂ ਸਸਤੀ ਕਿਰਤ ਸ਼ਕਤੀ ਦੀ ਲੁੱਟ ਦੇ ਸਿਰ 'ਤੇ ਪ੍ਰਫੁੱਲਤ ਹੋਇਆ ਹੈ ਤੇ ਇਹ ਸਸਤੀ ਕਿਰਤ ਸ਼ਕਤੀ ਜ਼ਿਆਦਾਤਰ ਆਦਿਵਾਸੀ ਅਤੇ ਮੁਸਲਿਮ ਕੁੜੀਆਂ ਅਤੇ ਔਰਤਾਂ ਦੀ ਹੀ ਹੁੰਦੀ ਹੈ,'' ਬੇਲਡਾਂਗਾ ਦੇ ਸੈਂਟਰ ਫ਼ਾਰ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਬਲਾਕ ਸਕੱਤਰ ਕਹਿੰਦੇ ਹਨ।

ਪੱਛਮੀ ਬੰਗਾਲ ਦਾ ਕਿਰਤ ਵਿਭਾਗ ਰਿਕਾਰਡ ਵਿੱਚ ਮੰਨਦਾ ਹੈ ਕਿ, ਬੀੜੀ ਮਜ਼ਦੂਰ ਗ਼ੈਰ-ਰਸਮੀ ਸੈਕਟਰ ਵਿੱਚੋਂ ਸਭ ਤੋਂ ਕਮਜ਼ੋਰ ਮਜ਼ਦੂਰਾਂ ਵਿੱਚ ਆਉਂਦੇ ਹਨ। ਵਿਭਾਗ ਵੱਲੋਂ ਤੈਅ ਘੱਟੋਘੱਟ 267.44 ਰੁਪਏ ਦੀ ਉਜਰਤ ਵੀ ਉਨ੍ਹਾਂ ਬੀੜੀ ਮਜ਼ਦੂਰਾਂ ਨੂੰ ਨਹੀਂ ਮਿਲ਼ਦੀ, ਜੋ ਹਰ 1,000 ਬੀੜੀਆਂ ਲਪੇਟਣ  ਬਦਲੇ ਮਹਿਜ਼ 150 ਰੁਪਏ ਕਮਾਉਂਦੇ ਹਨ। ਇਹ ਪੈਸੇ ਤਾਂ ਕੋਡ ਆਨ ਵੇਜਜ਼ , 2019 ਦੁਆਰਾ ਨਿਰਧਾਰਤ ਘੱਟੋਘੱਟ 178 ਰੁਪਏ ਦੀ ਰਾਸ਼ਟਰੀ ਉਜਰਤ ਨਾਲ਼ੋਂ ਵੀ ਘੱਟ ਹੈ।

ਸੀਟੂ ਨਾਲ਼ ਸਬੰਧਤ ਮੁਰਸ਼ਿਦਾਬਾਦ ਜ਼ਿਲ੍ਹਾ ਬੀੜੀ ਮਜ਼ਦੂਰ ਅਤੇ ਪੈਕਰਸ ਯੂਨੀਅਨ ਨਾਲ਼ ਕੰਮ ਕਰਨ ਵਾਲ਼ੀ ਸੈਦਾ ਬੇਵਾ ਦੱਸਦੀ ਹਨ,''ਹਰ ਕੋਈ ਜਾਣਦਾ ਹੈ ਕਿ ਇੱਕੋ ਜਿਹੇ ਕੰਮ ਕਰਨ ਬਦਲੇ ਵੀ  ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਘੱਟ ਉਜਰਤ ਮਿਲ਼ਦੀ ਹੈ। ਮਹਾਜਨ ਸਾਨੂੰ ਇਹ ਕਹਿੰਦਿਆਂ ਧਮਕਾਉਂਦੇ ਹਨ 'ਜੇ ਤੁਹਾਨੂੰ ਨਹੀਂ ਪਸੰਦ ਤਾਂ ਸਾਡੇ ਨਾਲ਼ ਕੰਮ ਨਾ ਕਰੋ','' 55 ਸਾਲਾ ਸੈਦਾ ਕਹਿੰਦੀ ਹਨ, ਜੋ ਚਾਹੁੰਦੀ ਹਨ ਕਿ ਰਾਜ ਅੰਦਰ ਬੀੜੀ ਮਜ਼ਦੂਰਾਂ ਲਈ ਵਿਸ਼ੇਸ਼ ਯੋਜਨਾਵਾਂ ਹੋਣ।

ਉਜਰਤਾਂ ਨੂੰ ਲੈ ਕੇ ਉਨ੍ਹਾਂ ਲਈ ਕੰਮ ਕਰਨ ਵਾਲ਼ਾ ਕੋਈ ਸਮੂਹ ਤਾਂ ਕੀ ਹੋਣਾ, ਉਲਟਾ ਮਹਾਜਨਾਂ ਵੱਲੋਂ ਦਿੱਤੇ ਘਟੀਆ ਕੱਚੇ ਮਾਲ਼ ਕਾਰਨ ਫਾਈਨਲ ਜਾਂਚ ਵੇਲ਼ੇ ਕਈ ਉਤਪਾਦ ਰੱਦ ਕਰ ਦਿੱਤੇ ਜਾਂਦੇ ਹਨ। '' ਮਹਾਜਨ ਰੱਦ ਕੀਤੀਆਂ ਬੀੜੀਆਂ ਰੱਖ ਵੀ ਲੈਂਦੇ ਹਨ ਤੇ ਉਨ੍ਹਾਂ ਬਦਲੇ ਪੈਸੇ ਵੀ ਨਹੀਂ ਦਿੰਦੇ,'' ਉਹ ਉਸ ਵਧੀਕੀ ਵੱਲ ਧਿਆਨ ਦਵਾਉਂਦਿਆਂ ਕਹਿੰਦੀ ਹਨ।

ਨਿਗੂਣੀਆਂ ਉਜਰਤਾਂ ਤੇ ਉੱਤੋਂ ਸੁਰੱਖਿਆ ਦਾ ਕੋਈ ਉਪਕਰਣ ਨਾ ਹੋਣ ਕਾਰਨ ਤਨੂਜਾ ਜਿਹੇ ਦਿਹਾੜੀ-ਧੱਪੇ ਵਾਲ਼ੇ ਮਜ਼ਦੂਰ ਆਰਥਿਕ ਰੂਪ ਨਾਲ਼ ਬੇਯਕੀਨੀ ਭਰਿਆ ਜੀਵਨ ਜਿਊਂਦੇ ਹਨ। ਇਸ ਪਤੀ-ਪਤਨੀ ਸਿਰ ਆਪਣੀ ਛੋਟੀ ਧੀ ਦੇ ਵਿਆਹ ਵੇਲ਼ੇ ਚੁੱਕਿਆ 35,000 ਰੁਪਏ ਦਾ ਕਰਜਾ ਬੋਲਦਾ ਹੈ। ਹਰ ਵਿਆਹ ਲਈ ਚੁੱਕੇ ਕਰਜਿਆਂ ਤੇ ਫਿਰ ਤਿਲ-ਤਿਲ ਮਰ ਕੇ ਕਿਸ਼ਤਾਂ ਭਰਦਿਆਂ ਲੰਘਣ ਵਾਲ਼ੇ ਜੀਵਨ ਦਾ ਹਵਾਲਾ ਦਿੰਦਿਆਂ ਉਹ ਕਹਿੰਦੀ ਹਨ,''ਸਾਡੀਆਂ ਹਯਾਤੀਆਂ ਤਾਂ ਕਰਜਾ ਚੁੱਕਣ ਤੇ ਫਿਰ ਲਾਹੁਣ ਦੇ ਜਿਲ੍ਹਣ ਵਿੱਚ ਫਸੀਆਂ ਹੋਈਆਂ ਨੇ।''

A mahajan settling accounts in Tanuja Bibi’s yard; Tanuja (in a yellow saree) waits in the queue.
PHOTO • Smita Khator
Saida Bewa at the door of the home of  beedi workers in Majhpara mohalla, Beldanga where she is speaking to them about their health
PHOTO • Smita Khator

ਖੱਬੇ ਹੱਥ: ਤਨੂਜਾ ਬੀਬੀ ਦੇ ਵਿਹੜੇ ਵਿੱਚ ਬੈਠਾ ਇੱਕ ਮਹਾਜਨ ਹਿਸਾਬ-ਕਿਤਾਬ ਦੇਖਦੇ ਹੋਇਆ ਜਦੋਂ ਕਿ ਤਨੂਜਾ (ਪੀਲ਼ੀ ਸਾੜੀ ਪਾਈ) ਕਤਾਰ ਵਿੱਚ ਉਡੀਕ ਕਰਦੀ ਹੋਈ। ਸੱਜੇ ਹੱਥ: ਸੈਦਾ ਬੇਵਾ, ਬੇਲਡਾਂਗਾ ਦੇ ਮਾਝਪਾਰਾਮੋਹੱਲਾ ਵਿਖੇ ਬੀੜੀ ਮਜ਼ਦੂਰਾਂ ਦੇ ਘਰ ਦੇ ਬੂਹੇ  'ਤੇ ਖੜ੍ਹੀ ਹਨ ਜਿੱਥੇ ਉਹ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਗੱਲ ਕਰ ਰਹੀ ਹਨ

ਵਿਆਹ ਤੋਂ ਬਾਅਦ ਤਨੂਜਾ ਤੇ ਰਫੀਕੁਲ ਮਾਪਿਆਂ (ਰਫੀਕੁਲ ਦੇ) ਨਾਲ਼ ਰਹਿੰਦੇ ਰਹੇ ਪਰ ਜਿਵੇਂ ਜਿਵੇਂ ਬੱਚੇ ਪੈਦਾ ਹੋਣ ਲੱਗੇ, ਇਨ੍ਹਾਂ ਦੋਵਾਂ ਨੇ ਪੈਸਾ ਉਧਾਰ ਲਿਆ ਤੇ ਜ਼ਮੀਨ ਖਰੀਦੀ ਤੇ ਇੱਕ ਕਮਰੇ ਦਾ ਕੱਚਾ ਢਾਰਾ ਬਣਾ ਲਿਆ। ''ਉਦੋਂ ਅਸੀਂ ਦੋਵੇਂ ਹੀ ਜੁਆਨ ਸਾਂ ਤੇ ਅਸੀਂ ਸੋਚਿਆ ਕਿ ਸਖ਼ਤ ਮਿਹਨਤ ਕਰਕੇ ਅਸੀਂ ਕਰਜਾ ਲਾਹ ਹੀ ਲਵਾਂਗੇ। ਪਰ ਸਾਡੀ ਸੋਚ ਨੂੰ ਬੂਰ ਨਾ ਪਿਆ। ਅਸੀਂ ਇੱਕ ਤੋਂ ਬਾਅਦ ਦੂਜੀ ਲੋੜ ਲਈ ਕਰਜਾ ਲੈਂਦੇ ਰਹੇ ਤੇ ਅੱਜ ਸਾਡੀ ਹਾਲਤ ਦੇਖੋ, ਅਜੇ ਵੀ ਅਸੀਂ ਘਰ ਪੂਰਾ ਕਰਨ ਦੇ ਸਮਰੱਥ ਨਹੀਂ ਹੋਏ।'' ਭਾਵੇਂ ਕਿ ਉਹ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਘਰ ਲੈਣ ਦੇ ਲਾਭਪਾਤਰੀ (ਯੋਗ) ਹਨ, ਪਰ ਇਸ ਬੇਜ਼ਮੀਨੇ ਜੋੜੇ ਨੂੰ ਅਜੇ ਤੱਕ ਘਰ ਨਹੀਂ ਮਿਲ਼ਿਆ।

ਰਫੀਕੁਲ ਹੁਣ ਗ੍ਰਾਮ ਪੰਚਾਇਤ ਵੱਲੋਂ ਚਲਾਏ ਜਾ ਰਹੇ ਡੇਂਗੂ ਖਾਤਮੇ ਦੇ ਪ੍ਰੋਗਰਾਮ ਵਿੱਚ ਠੇਕੇ 'ਤੇ ਸਫ਼ਾਈ ਕਰਮੀ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦੀ ਮਹੀਨੇਵਰ ਤਨਖ਼ਾਹ 5,000 ਰੁਪਏ ਹੈ ਜੋ ਕਦੇ ਸਮੇਂ-ਸਿਰ ਨਹੀਂ ਮਿਲ਼ਦੀ: ''ਤਨਖ਼ਾਹ ਮਿਲ਼ਣ ਵਿੱਚ ਹੁੰਦੀ ਦੇਰੀ ਕਾਰਨ ਬੜੀ ਪਰੇਸ਼ਾਨੀ ਹੁੰਦੀ ਹੈ। ਕਈ ਵਾਰ ਤਾਂ ਉਹਨੂੰ ਛੇ ਮਹੀਨਿਆਂ ਤੱਕ ਇੱਕ ਪੈਸਾ ਤੱਕ ਨਹੀਂ ਮਿਲ਼ਦਾ,'' ਤਨੂਜਾ ਕਹਿੰਦੀ ਹਨ ਅਤੇ ਦੱਸਦੀ ਹਨ ਕਿ ਰਾਸ਼ਨ ਦੀ ਦੁਕਾਨ 'ਤੇ 15,000 ਰੁਪਏ ਦੀ ਉਧਾਰੀ ਚੱਲ ਰਹੀ ਹੈ।

ਬੀੜੀ ਮਜ਼ਦੂਰਾਂ ਨੂੰ ਨਾ ਜਣੇਪੇ ਦੀ ਛੁੱਟੀ ਮਿਲ਼ਦੀ ਹੈ ਤੇ ਨਾ ਹੀ ਬੀਮਾਰੀ ਦੀ; ਗਰਭਅਵਸਥਾ ਦਾ ਸਮਾਂ ਤੇ ਪ੍ਰਸਵ ਦਾ ਸਮਾਂ ਬੀੜੀ ਲਪੇਟਦਿਆਂ ਹੀ ਕੱਟਣਾ ਪੈਂਦਾ ਹੈ। ਜਨਨੀ ਸੁਰਕਸ਼ਾ ਯੋਜਨਾ, ਸੰਗਠਿਤ ਬਾਲ ਵਿਕਾਸ ਯੋਜਨਾ (ਆਈਸੀਡੀਐੱਸ) ਅਤੇ ਮਿਡ-ਡੇਅ ਮੀਲ (ਦੁਪਹਿਰ ਦੇ ਮੁਫਤ ਖਾਣੇ) ਵਰਗੇ ਪ੍ਰੋਗਰਾਮਾਂ ਨੇ ਜੁਆਨ ਔਰਤਾਂ ਦੀ ਮਦਦ ਕੀਤੀ ਹੈ। ''ਪਰ ਬਜ਼ੁਰਗ ਔਰਤ ਮਜ਼ਦੂਰਾਂ ਦੀ ਸਿਹਤ 'ਤੇ ਪੈਣ ਵਾਲ਼ੇ ਅਸਰਾਤਾਂ ਨੂੰ ਕਿਸੇ ਖਾਤੇ ਨਹੀਂ ਰੱਖਿਆ ਜਾਂਦਾ,'' ਉਹ ਗੱਲ ਜੋੜਦਿਆਂ ਕਹਿੰਦੀ ਹਨ। ਬੇਲਡਾਂਗਾ ਨਗਰ ਨਗਰਪਾਲਿਕਾ ਦੇ 14 ਵਾਰਡਾਂ ਵਿੱਚੋਂ ਇੱਕ ਵਾਰਡ ਦੀ ਇੰਚਾਰਜ, ਯਾਸਮੀਨ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਉਨ੍ਹਾਂ ਦੀ ਭੂਮਿਕਾ ਤੇ ਕਰਤਵ ਜਣੇਪੇ ਤੇ ਬਾਲ਼ ਸੰਭਾਲ਼ ਤੱਕ ਹੀ ਸੀਮਤ ਹਨ, ਜਿਸ ਕਾਰਨ ਉਹ ਬਹੁਤਾ ਕੁਝ (ਬਜ਼ੁਰਗ ਔਰਤਾਂ ਲਈ) ਨਹੀਂ ਕਰ ਪਾਉਂਦੀ।

ਉਦਯੋਗ ਤੇ ਰਾਜ ਦੋਵਾਂ ਦੀ ਅਣਗਹਿਲੀ ਦਾ ਸ਼ਿਕਾਰ ਇਨ੍ਹਾਂ ਔਰਤ ਬੀੜੀ ਮਜ਼ਦੂਰਾਂ ਸਾਵੇਂ ਡਾਵਾਂਡੋਲ ਤੇ ਹਨ੍ਹੇਰਮਈ ਭਵਿੱਖ ਹੈ। ਹਾਲਤ ਇਹ ਹੈ ਕਿ ਜਦੋਂ ਤਨੂਜਾ ਨੂੰ ਕੰਮ ਤੋਂ ਹੋਣ ਵਾਲ਼ੇ ਫ਼ਾਇਦਿਆਂ ਬਾਰੇ ਪੁੱਛਿਆ ਗਿਆ ਤਾਂ ਉਹ ਭੜਕ ਗਈ। ''ਕੋਈ ਬਾਬੂ (ਠੇਕੇਦਾਰ) ਕਦੇ ਸਾਡੀ ਸੁੱਧ ਲੈਣ ਨਹੀਂ ਆਉਂਦਾ। ਬੜਾ ਚਿਰ ਪਹਿਲਾਂ ਬੀਡੀਓ ਦੇ ਦਫ਼ਤਰ ਵੱਲੋਂ ਕਿਹਾ ਗਿਆ ਸੀ ਕਿ ਡਾਕਟਰ ਸਾਡਾ ਨਿਰੀਖਣ ਕਰਨਗੇ। ਅਸੀਂ ਡਾਕਟਰਾਂ ਕੋਲ਼ ਗਏ ਤੇ ਉਨ੍ਹਾਂ ਨੇ ਸਾਨੂੰ ਮੋਟੀਆਂ-ਮੋਟੀਆਂ ਬੇਕਾਰ ਜਿਹੀਆਂ ਗੋਲ਼ੀਆਂ ਫੜ੍ਹਾ ਦਿੱਤੀਆਂ ਜਿਨ੍ਹਾਂ ਨੇ ਮਾਸਾ ਅਸਰ ਨਹੀਂ ਕੀਤਾ,'' ਉਹ ਚੇਤੇ ਕਰਦੀ ਹਨ। ਔਰਤਾਂ ਦੀ ਜਾਂਚ ਲਈ ਦੋਬਾਰਾ ਕਦੇ ਕੋਈ ਨਹੀਂ ਮੁੜਿਆ।

ਤਨੂਜਾ ਨੂੰ ਇਹ ਵੀ ਖ਼ਦਸ਼ਾ ਹੈ ਕਿ ਉਹ ਗੋਲ਼ੀਆਂ ਇਨਸਾਨਾਂ ਲਈ ਸਨ ਵੀ ਜਾਂ ਨਹੀਂ। ''ਮੈਨੂੰ ਜਾਪਦੈ ਉਹ ਗੋਲ਼ੀਆਂ ਸਨ ਹੀ ਗਾਵਾਂ ਵਾਸਤੇ।''

ਪਾਰੀ (PARI) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ 'ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ 'ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।

ਤਰਜਮਾ: ਕਮਲਜੀਤ ਕੌਰ

Smita Khator

ਸਮਿਤਾ ਖਟੋਰ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ (ਪਾਰੀ) ਦੇ ਭਾਰਤੀ ਭਾਸ਼ਾਵਾਂ ਦੇ ਪ੍ਰੋਗਰਾਮ ਪਾਰੀਭਾਸ਼ਾ ਭਾਸ਼ਾ ਦੀ ਮੁੱਖ ਅਨੁਵਾਦ ਸੰਪਾਦਕ ਹਨ। ਅਨੁਵਾਦ, ਭਾਸ਼ਾ ਅਤੇ ਪੁਰਾਲੇਖ ਉਨ੍ਹਾਂ ਦਾ ਕਾਰਜ ਖੇਤਰ ਰਹੇ ਹਨ। ਉਹ ਔਰਤਾਂ ਦੇ ਮੁੱਦਿਆਂ ਅਤੇ ਮਜ਼ਦੂਰੀ 'ਤੇ ਲਿਖਦੀ ਹਨ।

Other stories by Smita Khator
Illustration : Labani Jangi

ਲਾਬਨੀ ਜਾਂਗੀ 2020 ਤੋਂ ਪਾਰੀ ਦੀ ਫੈਲੋ ਹਨ, ਉਹ ਵੈਸਟ ਬੰਗਾਲ ਦੇ ਨਾਦਿਆ ਜਿਲ੍ਹਾ ਤੋਂ ਹਨ ਅਤੇ ਸਵੈ-ਸਿੱਖਿਅਤ ਪੇਂਟਰ ਵੀ ਹਨ। ਉਹ ਸੈਂਟਰ ਫਾਰ ਸਟੱਡੀਜ ਇਨ ਸੋਸ਼ਲ ਸਾਇੰਸ, ਕੋਲਕਾਤਾ ਵਿੱਚ ਮਜ਼ਦੂਰ ਪ੍ਰਵਾਸ 'ਤੇ ਪੀਐੱਚਡੀ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹਨ।

Other stories by Labani Jangi
Editor : Priti David

ਪ੍ਰੀਤੀ ਡੇਵਿਡ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਇਕ ਪੱਤਰਕਾਰ ਅਤੇ ਪਾਰੀ ਵਿਖੇ ਐਜੁਕੇਸ਼ਨ ਦੇ ਸੰਪਾਦਕ ਹਨ। ਉਹ ਪੇਂਡੂ ਮੁੱਦਿਆਂ ਨੂੰ ਕਲਾਸਰੂਮ ਅਤੇ ਪਾਠਕ੍ਰਮ ਵਿੱਚ ਲਿਆਉਣ ਲਈ ਸਿੱਖਿਅਕਾਂ ਨਾਲ ਅਤੇ ਸਮਕਾਲੀ ਮੁੱਦਿਆਂ ਨੂੰ ਦਸਤਾਵੇਜਾ ਦੇ ਰੂਪ ’ਚ ਦਰਸਾਉਣ ਲਈ ਨੌਜਵਾਨਾਂ ਨਾਲ ਕੰਮ ਕਰਦੀ ਹਨ ।

Other stories by Priti David
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur